ਅਮਰੀਕ ਸਿੰਘ ਮੁਕਤਸਰ
ਸਰਕਾਰਾਂ ਸਿੱਖ ਆਗੂਆਂ ਨੂੰ ਲਾਰਿਆਂ ਦੀਆਂ ਫੁੱਲੀਆਂ ਖਵਾ ਕੇ ਉਲਝਾਈ ਰੱਖਣਾ ਚਾਹੁੰਦੀਆਂ ਹਨ, ਸਸੋਦੀਆ ਰਾਮਪੁਰ ਖੇੜੇ ਬਾਬਾ ਸੇਵਾ ਸਿੰਘ ਨੂੰ ਉਹੋ ਫੁੱਲੀਆਂ ਖਵਾ ਕੇ ਆਇਆ। ਪਿਛਲੇ ਦਿਨੀਂ ਰਾਮਪੁਰ ਖੇੜੇ ਦੇ ਡੇਰੇਦਾਰ ਬਾਬਾ ਸੇਵਾ ਸਿੰਘ ਦੀ ਆਮ ਆਦਮੀ ਪੰਜਾਬ ਦੇ ਇੰਚਾਰਜ ਮਨੀਸ਼ ਸਸੋਦੀਆ ਨਾਲ ਤਸਵੀਰਾਂ ਛਪੀਆਂ ਹਨ। ਇਹ ਖਬਰ ਵੀ ਛਪੀ ਕਿ ਬਾਬਾ ਸੇਵਾ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਇਸ ਬਾਰੇ ਸ਼ੋਸਲ ਮੀਡੀਏ ਉੱਪਰ ਵੱਖ-ਵੱਖ ਲੋਕਾਂ ਦੀਆਂ ਟਿੱਪਣੀਆਂ ਪੜ੍ਹਨ-ਸੁਣਨ ਵਿੱਚ ਵੀ ਮਿਲੀਆਂ, ਜੋ ਕੇਵਲ ਸ਼ਖਸੀ ਆਲੋਚਨਾ ਤਕ ਸੀਮਿਤ ਸਨ; ਪਰ ਅਜਿਹੀਆਂ ਮੁਲਾਕਾਤਾਂ ਦੇ ਗੁੱਝੇ ਭੇਦਾਂ ਬਾਰੇ ਜੋ ਵਿਸ਼ਲੇਸ਼ਣ ਲੋੜੀਂਦਾ ਸੀ, ਉਸ ਦੀ ਅਣਹੋਂਦ ਹੀ ਰਹੀ।
ਸੱਤਾ ਦੀ ਮੰਡੀ ਵਿੱਚ ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਅਤੇ ਭਾਜਪਾ ਦਰਮਿਆਨ ਇੱਟ-ਕੁੱਤੇ ਜਿਹੀ ਸਿਆਸੀ ਖਿੱਚ-ਧੂਹ ਹੋਣ ਦੇ ਬਾਵਜੂਦ ਵਿਚਾਰਧਾਰਕ ਤੌਰ ’ਤੇ ਸੱਤਾ ਦੇ ਕੇਂਦਰੀਕਰਨ ਅਤੇ ਹਿੰਦੂ ਰਾਸ਼ਟਰਵਾਦ ਦੇ ਮੁੱਦੇ ਉੱਪਰ ਕੋਈ ਵਖਰੇਵਾਂ ਨਹੀਂ ਹੈ। ਦੋਹਾਂ ਪਾਰਟੀਆਂ ਦੀ ਪੰਥ ਅਤੇ ਪੰਜਾਬ ਪ੍ਰਤੀ ਸਾਮ, ਦਾਮ, ਦੰਡ ਵਾਲੀ ਮੰਨੂਵਾਦੀ ਸੋਚ ਅਤੇ ‘ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ’ ਵਾਲੀ ਦੋਗਲੀ ਨੀਤੀ ਵਿੱਚ ਰੱਤੀ ਭਰ ਅੰਤਰ ਨਹੀਂ ਹੈ। ਇਸ ਕਰਕੇ ਦੋਹਾਂ ਪਾਰਟੀਆਂ ਵੱਲੋਂ ਸਿੱਖਾਂ ਦੀ ਜਥੇਬੰਦਕ ਤਾਕਤ ਵਿੱਚ ਫੁੱਟ ਪਾਉਣ ਲਈ ਸਟੇਟ ਦੀਆਂ ਗੁਪਤਚਰ ਏਜੰਸੀਆਂ ਦੀਆਂ ਸ਼ਾਜਿਸਾਂ ਅਤੇ ਪੰਥਕ ਜਜ਼ਬੇ ਨੂੰ ਦਬਾਉਣ ਲਈ ਪੁਲਿਸ ਜਬਰ ਨੂੰ ਵਰਤਣ ਦੇ ਮਾਮਲੇ ਵਿੱਚ ਗੂੜ੍ਹੀ ਸਾਂਝ ਹੈ। ਕਾਂਗਰਸ ਪਾਰਟੀ ਵੀ ਜਿੱਥੇ ਅਜਿਹੀਆਂ ਨੀਤੀਆਂ ਦੀ ਜਨਮਦਾਤਾ ਹੈ, ਉੱਥੇ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰਵਾਦ ਤੇ ਸਿੱਖਾਂ ਪ੍ਰਤੀ ਸਰਕਾਰੀ ਸਾਜਿਸ਼ਾਂ ਦਾ ਹਮੇਸ਼ਾ ਸਮਰਥਨ ਕਰਦੀ ਹੈ। ਸਿੱਖਾਂ ਪ੍ਰਤੀ ਸਰਕਾਰ ਦੀਆਂ ਜਾਬਰ ਅਤੇ ਸਾਜਿਸ਼ੀ ਨੀਤੀਆਂ ਪੰਜਾਬ ਦੇ ਬਹੁਗਿਣਤੀ ਹਿੰਦੂ ਭਾਈਚਾਰੇ ਦੀ ਮਾਨਸਿਕ ਖੁਰਾਕ ਹਨ। ਇਸ ਮਾਹੌਲ ਵਿੱਚ ਰਵਾਇਤੀ ਅਕਾਲੀ ਆਗੂ ਸਭ ਕੁਝ ਜਾਣਦੇ-ਬੁੱਝਦੇ ਹੋਏ ਆਪਣੇ ਨਿੱਜੀ ਰਾਜਸੀ ਸਵਾਰਥਾਂ ਖਾਤਰ ਅਤੇ ਹਿੰਦੂ ਵੋਟਾਂ ਦੀ ਮੁਥਾਜੀ ਕਾਰਨ ਹਮੇਸ਼ਾ ਸਰਕਾਰੀ ਨੀਤੀਆਂ ਦੇ ਹੱਕ ਵਿੱਚ ਭੁਗਤ ਜਾਂਦੇ ਹਨ। ਬਦਕਿਸਮਤੀ ਵੱਸ ਖੱਬੇ ਪੱਖੀ ਅਤੇ ਅੰਬੇਦਕਰਵਾਦੀ ਆਪੋ-ਆਪਣੀ ਵਿਚਾਰਧਾਰਕ ਖੜੋਤ ਕਾਰਨ ਸਿੱਖ ਮਾਮਲਿਆਂ ਦੇ ਸਬੰਧ ਵਿੱਚ ਹਮੇਸ਼ਾ ਸਟੇਟ ਨੀਤੀਆਂ ਦੇ ਪੱਖ ਵਿੱਚ ਭੁਗਤਦੇ ਆਏ ਹਨ।
ਉਪਰ ਬਿਆਨੇ ਸਿਆਸੀ ਦ੍ਰਿਸ਼ ਤੋਂ ਬਾਅਦ ਬਾਕੀ ਬਚਿਆ ਪੰਥਕ ਜਜ਼ਬਾ ਜਥੇਬੰਦਕ ਤੌਰ ’ਤੇ ਖਿੰਡਾਅ ਅਤੇ ਸਿਆਸੀ ਸੋਝੀ ਪੱਖੋਂ ਬੌਧਿਕ ਕੰਗਾਲੀ ਦਾ ਸ਼ਿਕਾਰ ਹੈ। ਇਹ ਸਥਿਤੀ ਲੰਬੇ ਸਮੇਂ ਤੋਂ ਬਣੀ ਹੋਈ ਹੈ। ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਸਨ ਤਾਂ ਹੁਕਮਰਾਨ ਅਤੇ ਸਟੇਟ ਏਜੰਸੀਆਂ ਪੰਜਾਬ ਦੇ ਬਾਗੀ ਜਜ਼ਬੇ ਪ੍ਰਤੀ ਜ਼ਿਆਦਾ ਫਿਕਰਮੰਦ ਨਹੀਂ ਸਨ। ਸਿੱਖਾਂ ਨੂੰ ਸਿੱਖ ਚਿਹਰੇ ਰਾਹੀਂ ਨੁਕਸਾਨ ਪਹੁੰਚਾਉਣ ਦੀ ਸਟੇਟ ਨੀਤੀ ਬਾਦਲ ਦੀ ਅਗਵਾਈ ਵਿੱਚ ਬਹੁਤ ਸਫਲ ਰਹੀ। ਬਾਦਲ ਦੀ ਪਕੜ ਟੁੱਟਦੇ ਹੀ ਸਿੱਖ ਜਜ਼ਬੇ ਵਿਚਲੇ ਉਭਾਰ ਅਤੇ ਅੰਗੜਾਈਆਂ ਨੇ ਸਟੇਟ ਏਜੰਸੀਆਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਹੋ ਕਾਰਨ ਹੈ ਕਿ ਸਟੇਟ ਏਜੰਸੀਆਂ ਦੀ ਪੰਥਕ ਮਾਮਲਿਆਂ ਵਿੱਚ ਸ਼ਾਜਿਸੀ ਦਖਲਅੰਦਾਜ਼ੀ ਅਤੇ ਜਾਬਰ ਨੀਤੀਆਂ ਨੇ ਬਹੁਤ ਤੇਜ਼ੀ ਫੜੀ ਹੋਈ ਹੈ। ਸਟੇਟ ਸਿੱਖਾਂ ਵਿਚਲੇ ਆਪਣੇ ਏਜੰਟਾਂ ਰਾਹੀ ਕੋਸ਼ਿਸ਼ ਕਰ ਰਹੀ ਹੈ ਕਿ ਪੰਥਕ ਜਜ਼ਬੇ ਨੂੰ ਇੱਕ ਪਲੈਟਫਾਰਮ ਉੱਪਰ ਕਿਸੇ ਇਮਾਨਦਾਰ ਅਤੇ ਜੁਅਰਤਮੰਦ ਆਗੂ ਦੀ ਅਗਵਾਈ ਵਿੱਚ ਇਕੱਠੇ ਹੋਣ ਤੋਂ ਰੋਕਿਆ ਜਾਵੇ। ਇਸ ਕੋਸ਼ਿਸ ਤਹਿਤ ਪੰਜਾਬ ਅਤੇ ਭਾਰਤ ਸਰਕਾਰ ਕੁਝ ਵੱਖੋ-ਵੱਖਰੀਆਂ ਤੇ ਕੁਝ ਸਾਂਝੀਆਂ ਸਾਜਿਸ਼ਾਂ ਉਪਰ ਕੰਮ ਕਰ ਰਹੇ ਹਨ।
ਹੁਣ ਆਪਾਂ ਫਿਰ ਇਸ ਪੋਸਟ ਦੇ ਆਰੰਭਕ ਮੁੱਦੇ ਬਾਬਾ ਸੇਵਾ ਸਿੰਘ ਦੀਆਂ ਰਾਜਸੀ ਮਿਲਣੀਆਂ ਤੇ ਇਸ ਪਿਛਲੇ ਸੱਤਾਧਾਰੀਆਂ ਦੇ ਇਰਾਦੇ ਵੱਲ ਮੁੜਦੇ ਹਾਂ। ਆਮ ਆਦਮੀ ਪਾਰਟੀ ਜਾਣਦੀ ਹੈ ਕਿ ਪੰਜਾਬ ਵਿੱਚ ਉਸਦੀ ਸਫਲਤਾ ਦਾ ਕਾਰਨ ਪੰਥਕ ਰਾਜਨੀਤੀ ਦਾ ਹਾਸ਼ੀਏ ਉਪਰ ਚੱਲੇ ਜਾਣਾ ਸੀ ਅਤੇ ਜੇਕਰ ਫਿਰ ਪੰਥਕ ਰਾਜਨੀਤੀ ਮਜਬੂਤ ਹੁੰਦੀ ਹੈ ਤਾਂ ਉਹ ਹਾਸ਼ੀਏ ਉੱਪਰ ਚਲੇ ਜਾਣਗੇ। ਇੱਥੋਂ ਆਮ ਆਦਮੀ ਦਾ ਸ਼ਾਮ, ਦਾਮ, ਦੰਡ ਦਾ ਮੰਤਰ ਸ਼ੁਰੂ ਹੁੰਦਾ ਹੈ। ਪੰਥਕ ਰਾਜਨੀਤੀ ਮਜਬੂਤ ਤਾਂ ਹੁੰਦੀ ਸੀ ਜੇ ਬਾਦਲਾਂ ਨੂੰ ਛੱਡ ਕੇ ਬਾਕੀ ਸਾਰੇ ਧੜੇ ਅਤੇ ਸ਼ਖਸੀਅਤਾਂ ਕਿਸੇ ਯੋਗ ਅਗਵਾਈ ਵਿੱਚ ਇੱਕਠੇ ਹੋਣ।
ਜੇ ਅੰਮ੍ਰਿਤਪਾਲ ਸਿੰਘ ਰਾਹੀਂ ਪੰਥਕ ਰਾਜਨੀਤੀ ਦੀ ਸੁਰਜੀਤੀ ਦੀ ਆਸ ਜਾਗੀ ਤਾਂ ਸਰਕਾਰ ਨੇ ਜਬਰ ਦਾ ਰਸਤਾ ਅਖਤਿਆਰ ਕਰਕੇ ਉਹ ਰਾਹ ਰੋਕਣ ਦੀ ਕੋਸ਼ਿਸ਼ ਕੀਤੀ। ਅੰਮ੍ਰਿਤਪਾਲ ਸਿੰਘ ਨੂੰ ਉਸ ਦੀ ਆਮਦ ਦੇ ਆਰੰਭ ਵਿੱਚ ਆਮ ਆਦਮੀ ਪਾਰਟੀ ਨੇ ਉਸ ਨੂੰ ਆਪਣੇ ਸੂਤਰਾਂ ਰਾਹੀ ਕਿਹਾ ਕਿ ਉਹ ਆਪਣੀਆਂ ਸਰਗਰਮੀਆਂ ਨੂੰ ਧਰਮ ਦੇ ਖੇਤਰ ਤੱਕ ਸੀਮਿਤ ਰੱਖੇ ਤਾਂ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਉਸ ਦੀ ਮਦਦ ਕਰੇਗੀ। ਜਦੋਂ ਉਹ ਪੰਜਾਬ ਸਰਕਾਰ ਦੇ ਲਾਰੇ ਵਿੱਚ ਨਾ ਆਇਆ ਤਾਂ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਭਾਰਤ ਸਰਕਾਰ ਦੀ ਰਾਏ ਮੰਨ ਕੇ ਜਬਰ ਦਾ ਰਸਤਾ ਚੁਣ ਲਿਆ।
ਜਿਵੇਂ ਕਿ ਆਪਾਂ ਪਹਿਲਾਂ ਵਿਚਾਰਿਆ ਕਿ ਸਿੱਖ ਮਾਮਲਿਆਂ ਬਾਰੇ ਕੇਂਦਰ ਅਤੇ ਪੰਜਾਬ ਸਰਕਾਰਾਂ ਕੁਝ ਮਾਮਲਿਆਂ ਵਿੱਚ ਇੱਕੋ ਚੈਪਟਰ ਉੱਪਰ ਹਨ, ਪਰ ਕੁਝ ਮਾਮਲਿਆਂ ਵਿੱਚ ਵੱਖੋ-ਵੱਖਰੀਆਂ ਸ਼ਾਜਿਸਾਂ ਤੇ ਨੀਤੀ ਅਪਨਾਉਂਦੀਆਂ ਹਨ। ਕੇਂਦਰ ਸਰਕਾਰ ਪੰਥਕ ਸਿਆਸਤ ਨੂੰ ਪ੍ਰਕਾਸ਼ ਸਿੰਘ ਬਾਦਲ ਜਿਹੇ ਕਿਸੇ ਹਿੰਦੂ ਰਾਸ਼ਟਰਵਾਦ ਦੇ ਹਮਾਇਤੀ ਆਗੂ ਦੀ ਅਗਵਾਈ ਵਿੱਚ ਜਥੇਬੰਦ ਹੋਣਾ ਲੋਚਦੀ ਹੈ; ਪਰ ਪੰਜਾਬ ਸਰਕਾਰ ਨੂੰ ਪੰਥਕ ਸਿਆਸਤ ਦੀ ਕਿਸੇ ਵੀ ਵੰਨਗੀ ਦੀ ਸਫਲਤਾ ਪ੍ਰਵਾਨ ਨਹੀਂ। ਇਸ ਕਰਕੇ ਪੰਜਾਬ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਪੰਥਕ ਸਿਆਸਤ ਵਿੱਚ ਮਜਬੂਤੀ ਅਤੇ ਏਕਤਾ ਦੇ ਹਰੇਕ ਰਸਤੇ ਨੂੰ ਰੋਕਣ ਲਈ ਸੱਤਾ ਦੀ ਤਾਕਤ ਦੀ ਹਰੇਕ ਦੁਰਵਰਤੋਂ ਦੀ ਹਾਮੀ ਹੈ। ਇਸੇ ਨੀਤੀ ਤਹਿਤ ਪੰਜਾਬ ਸਰਕਾਰ ਪੰਥਕ ਹਲਕਿਆਂ ਦੇ ਉਨ੍ਹਾਂ ਸਾਰੇ ਚਿਹਰਿਆਂ ਉੱਪਰ ਨਜ਼ਰ ਰੱਖਦੀ ਹੈ, ਜੋ ਪੰਥਕ ਰਾਜਨੀਤੀ ਵਿੱਚ ਏਕੇ ਜਾਂ ਮਜਬੂਤੀ ਦੇ ਸੂਤਰਧਾਰ ਬਣ ਸਕਦੇ ਹਨ। ਪੰਜਾਬ ਸਰਕਾਰ ਬਹੁਤ ਸਾਰੀਆਂ ਸ਼ਖਸੀਅਤਾਂ ਨੂੰ ਇਸ ਲਾਰੇ ਵਿੱਚ ਉਲਝਾਉਣ ਵਿੱਚ ਸਫਲ ਹੈ ਕਿ ਜੇਕਰ ਉਹ ਸਰਕਾਰ ਲਈ ਕੋਈ ਸਿਆਸੀ ਪ੍ਰੇਸ਼ਾਨੀ ਨਾ ਬਨਣ ਤਾਂ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਉਨ੍ਹਾਂ ਦੀ ਮਦਦ ਕਰੇਗੀ। ਅਜਿਹੇ ਆਗੂਆਂ ਦੀ ਲੜੀ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਰਾਗੀ ਬਲਦੇਵ ਸਿੰਘ ਵਡਾਲੇ ਤੋਂ ਬਿਨਾਂ ਹੋਰ ਚਿਹਰੇ ਵੀ ਹੋ ਸਕਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਇੱਕੋ ਲਾਰੇ ਤਹਿਤ ਕਈ ਸਿੱਖ ਆਗੂਆਂ ਨੂੰ ਮੂਰਖ ਬਣਾਉਣ ਵਿੱਚ ਸਫਲ ਹੈ। ਮਨੀਸ਼ ਸਸੋਦੀਆ ਇਹੋ ਫੁੱਲੀਆਂ ਖਵਾਉਣ ਲਈ ਰਾਮਪੁਰ ਖੇੜੇ ਗਿਆ ਸੀ। ਆਮ ਲੋਕਾਂ ਨੂੰ ਭਾਵੇਂ ਮਨੀਸ਼ ਸਸੋਦੀਏ ਦੀ ਇਸ ਫੇਰੀ ਤੋਂ ਇਸ ਸਾਂਝ ਦਾ ਭੇਤ ਪਤਾ ਲੱਗਾ, ਪਰ ਅੰਦਰਖਾਤੇ ਇਹ ਪੁਰਾਣੀ ਸਾਂਝ ਹੈ, ਅਜਿਹੀਆਂ ਸਾਂਝਾਂ ਦੀ ਸ਼ੁਰੂਆਤ ਅਕਸਰ ਸਰਕਾਰੀ ਗੁਪਤਚਰ ਏਜੰਸੀਆ ਦੇ ਅਫਸਰ ਕਰਦੇ ਹੁੰਦੇ ਹਨ, ਸਿਆਸੀ ਆਗੂ ਤਾਂ ਅਜਿਹੇ ਗੁਪਤ ਸੌਦਿਆਂ ਉੱਪਰ ਮੋਹਰ ਲਾਉਣ ਲਈ ਮਿਲਣੀਆਂ ਕਰਦੇ ਹਨ।
