ਗਰੀਨਲੈਂਡ `ਤੇ ਕਬਜ਼ੇ ਦੇ ਐਲਾਨ ਨਾਲ ਯੂਰਪ ਨਾਰਾਜ਼

ਖਬਰਾਂ ਵਿਚਾਰ-ਵਟਾਂਦਰਾ

*ਵੱਖ-ਵੱਖ ਮੁਲਕਾਂ `ਤੇ ਕਬਜ਼ਾ ਕਰਨ ਦੀ ਅਮਰੀਕੀ ਤਲਬ ਵਧੀ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਵੱਲੋਂ ਨਾਟੋ ਨੂੰ ਪਿੱਠ ਵਿਖਾਉਣ ਅਤੇ ਸੰਯੁਕਤ ਰਾਸ਼ਟਰ ਦੇ ਲਗਪਗ ਸਾਰੇ ਸੰਗਠਨਾਂ ਦੋਂ ਬਾਹਰ ਆ ਜਾਣ ਅਤੇ ਦੇਸ਼ ਦੇ ਅੰਦਰ ਲੋਕ ਭਲਾਈ ਦੀਆਂ ਸਕੀਮਾਂ `ਤੇ ਮੁੱਠੀ ਘੁੱਟਣ ਨਾਲ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੌਮੀ/ਕੌਮਾਂਤਰੀ ਲੋਕਪ੍ਰਿਅਤਾ ਕਾਫੀ ਘਟੀ ਹੈ। ਪਰ ਉਹ ਇਸ ਘਾਪੇ ਨੂੰ ਲਾਗੇ-ਚਾਗੇ ਦੇ ਛੋਟੇ ਜਾਂ ਕਮਜ਼ੋਰ ਮੁਲਕਾਂ `ਤੇ ਕਬਜ਼ਾ ਕਰਕੇ ਪੂਰਾ ਕਰਨਾ ਚਾਹੁੰਦੇ ਹਨ। ਨਵੇਂ ਦੌਰ ਵਿੱਚ ਵੈਨੇਜ਼ੂਏਲਾ ਅਮਰੀਕਾ ਦਾ ਟੈਸਟ ਕੇਸ ਸੀ।

ਇਸ ਵਿੱਚ ਨਿਕੋਲਸ ਮਦੂਰੋ ਨੂੰ ਗ੍ਰਿਫਤਾਰ ਕਰਨ ਦੀ ਨਾਟਕੀ ਘਟਨਾ ਨਾਲ ਅਮਰੀਕਾ ਅਤੇ ਇਜ਼ਰਾਇਲ ਨੇ ਮੁੜ ਦੁਨੀਆਂ `ਤੇ ਧਾਂਕ ਜਮਾਉਣ ਦਾ ਯਤਨ ਕੀਤਾ। ਵੈਨੇਜ਼ੂਏਲਾ `ਤੇ ਹਮਲੇ ਤੋਂ ਪਹਿਲਾਂ ਇਜ਼ਰਾਇਲ ਤੇ ਅਮਰੀਕਾ ਦੇ ਰਾਸ਼ਟਰਪਤੀਆਂ ਵਿਚਕਾਰ ਹੋਈ ਗੱਲਬਾਤ ਵਿੱਚ ਲਗਦਾ ਤਹਿ ਇਹ ਹੋਇਆ ਸੀ ਕਿ ਇਜ਼ਰਾਇਲ ਵੈਨੇਜ਼ੂਏਲਾ ਨੂੰ ਹਥਿਆਉਣ ਲਈ ਅਮਰੀਕਾ ਦੀ ਮਦਦ ਕਰੇਗਾ ਅਤੇ ਅਮਰੀਕਾ ਇਰਾਨ `ਤੇ ਹਮਲਾ ਕਰਨ ਵਿੱਚ ਇਜ਼ਰਾਇਲ ਨਾਲ ਖੜ੍ਹਾ ਹੋਵੇਗਾ। ਇਸ ਮੀਟਿੰਗ ਦੇ ਨਾਲ ਹੀ ਇਰਾਨ ਵਿੱਚ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਸਨ। ਮੋਸਾਦ ਦੇ ਏਜੰਟਾਂ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਹਿੰਸਕ ਕਰਨ, ਪੈਸੇ ਧੇਲੇ ਵੰਡਣ, ਹਥਿਆਰਾਂ ਅਤੇ ਹੋਰ ਸਾਜ਼ੋ-ਸਮਾਨ ਸਮੇਤ ਬਹੁਤ ਕੁਝ ਮੁਹੱਈਆ ਕਰਨ ਦਾ ਯਤਨ ਕੀਤਾ। ਇਸ ਮਦਦ ਬਾਰੇ ਮੋਸਾਦ ਦੇ ਏਜੰਟਾਂ ਨੇ ਸ਼ੱਰ੍ਹੇਆਮ ਪੋਸਟਾਂ ਪਾਈਆਂ। ਇਰਾਨ ਦੇ ਵਿਦੇਸ਼ ਮੰਤਰੀ ਨੇ ਇਸ ਬਾਰੇ ਸਾਫ ਕਿਹਾ ਕਿ ਇਨ੍ਹਾਂ ਕਾਰਵਾਈਆਂ ਵਿੱਚ ਮੋਸਾਦ ਦੇ ਹੱਥ ਹੋਣ ਸੰਬੰਧੀ ਸਾਡੇ ਕੋਲ ਵੀਡੀਓ ਸਬੂਤ ਹਨ। ਇਨ੍ਹਾਂ ਵੀਡੀਓਜ਼ ਵਿੱਚ ਮੋਸਾਦ ਅਤੇ ਹੋਰ ਏਜੰਸੀਆਂ ਦੇ ਏਜੰਟ ਮੁਜ਼ਾਹਰਾਕਾਰੀਆਂ ਨਾਲ ਪੈਸੇ ਅਤੇ ਹਿੰਸਕ ਕਾਰਵਾਈ ਬਾਰੇ ਗੱਲਬਾਤ ਕਰਦੇ ਸਾਫ ਸੁਣੇ ਜਾ ਸਕਦੇ ਹਨ। ਇਰਾਨ ਨੇ ਇਸ ਵਾਰ ਮੁਜ਼ਾਹਰਾਕਾਰੀਆਂ ਵਿਰੁਧ ਇਕਸਾਰ ਨੀਤੀ ਨਹੀਂ ਅਪਣਾਈ ਸਗੋਂ ਹਿੰਸਾ ਅਤੇ ਸਾੜ-ਫੂਕ ਕਰਨ ਵਾਲੇ ਤੱਤਾਂ ਨੂੰ ਅਸਲ ਆਰਥਕ ਸਰੋਕਾਰ ਰੱਖਣ ਵਾਲੇ ਲੋਕਾਂ ਤੋਂ ਵੱਖ ਕਰ ਕੇ ਵੇਖਿਆ। ਇਨ੍ਹਾਂ ਮਸਲਿਆਂ ਦੇ ਹੱਲ ਦਾ ਵਿਸ਼ਵਾਸ ਵੀ ਦਿਵਾਇਆ। ਇਸ ਤੋਂ ਬਾਅਦ ਇਰਾਨ ਦੇ ਧਾਰਮਿਕ-ਰਾਜਨੀਤਿਕ ਰਹਿਬਰ ਅਯਾਤੁਲਾ ਅਲੀ ਖ਼ਾਮੇਨੇਈ ਵੱਲੋਂ ਦਿੱਤੇ ਗਏ ਰੈਲੀ ਦੇ ਸੱਦੇ ਦੌਰਾਨ ਜਿਸ ਤਰ੍ਹਾਂ ਲੋਕ ਇਕੱਠੇ ਹੋਏ, ਉਸ ਤੋਂ ਸਾਫ ਪਤਾ ਲੱਗਿਆ ਕਿ ਇਰਾਨ ਦੇ ਲੋਕ ਕੀ ਚਾਹੁੰਦੇ ਹਨ! ਆਰਥਕ ਔਕੜਾਂ ਦੇ ਬਾਵਜੂਦ ਇਰਾਨ ਦੇ ਲੋਕ ਹਾਲੇ ਵੀ ਮੌਜੂਦਾ ਪ੍ਰਸ਼ਾਸਨ ਨਾਲ ਖੜ੍ਹੇ ਹਨ। ਇਸ ਦਾ ਪ੍ਰਭਾਵ ਅਮਰੀਕਾ ਅਤੇ ਇਜ਼ਰਾਇਲ `ਤੇ ਵੀ ਪਿਆ ਵਿਖਾਈ ਦਿੰਦਾ ਹੈ।
ਇਸੇ ਕਰਕੇ ਅਮਰੀਕਾ ਵੱਲੋਂ ਵੱਡੀ ਤਿਆਰੀ ਦੇ ਬਾਵਜੂਦ ਇਰਾਨ `ਤੇ ਹਮਲਾ ਜਾਂ ਸਰਕਾਰ ਦੇ ਤਬਾਦਲੇ ਦਾ ਯਤਨ ਹਾਲ ਦੀ ਘੜੀ ਟਲ ਗਿਆ ਲਗਦਾ ਹੈ। ਖੁਦ ਅਮਰੀਕੀ ਫੌਜ ਵੀ ਰਾਸ਼ਟਰਪਤੀ ਨੂੰ ਇਰਾਨ `ਤੇ ਹਾਲ ਦੀ ਘੜੀ ਨਾ ਹਮਲਾ ਕਰਨ ਦੀ ਸਲਾਹ ਦੇ ਰਹੀ ਹੈ। ਵੈਨੇਜ਼ੂਏਲਾ ਵਿੱਚ ਕਾਰਵਾਈ ਤੋਂ ਬਾਅਦ ਅਮਰੀਕਾ-ਇਜ਼ਰਾਇਲ ਤੇਜ਼ੀ ਨਾਲ ਇਰਾਨ ਵੱਲ ਚੜ੍ਹੇ ਸਨ; ਪਰ ਇਰਾਨ ਵਿੱਚ ਦੰਗੇ ਭੜਕਾ ਕੇ ਉਹ ਅਯਾਤੁਲਾ ਅਲੀ ਖ਼ਾਮੇਨੇਈ ਨੂੰ ਗੱਦੀਉਂ ਉਤਾਰਨ ਦਾ ਆਪਣਾ ਸੁਪਨਾ ਪੂਰਾ ਨਹੀਂ ਕਰ ਸਕੇ। ਹੁਣ ਅਜਿਹਾ ਨੇੜ ਭਵਿੱਖ ਵਿੱਚ ਹੁੰਦਾ ਵੀ ਵਿਖਾਈ ਨਹੀਂ ਦੇ ਰਿਹਾ। ਇਸ ਦਾ ਕਾਰਨ ਇਹ ਹੈ ਕਿ ਰੂਸ ਅਤੇ ਚੀਨ ਇਰਾਨ ਦੇ ਬਹੁਤ ਨੇੜੇ ਆ ਗਏ ਹਨ। ਵੈਨੇਜ਼ੂਏਲਾ ਦੇ ਹੱਥੋਂ ਨਿਕਲਣ ਦੇ ਬਾਅਦ ਇਹ ਦੋਨੋ ਮੁਲਕ ਨਹੀਂ ਸਨ ਚਾਹੁੰਦੇ ਕਿ ਸਸਤੇ ਤੇਲ ਦਾ ਵੱਡਾ ਸੋਮਾ ਉਨ੍ਹਾਂ ਦੇ ਹੱਥੋਂ ਨਿਕਲ ਜਾਵੇ। ਇਸ ਤੋਂ ਇਲਾਵਾ ਰਾਜਨੀਤਿਕ ਮਹੱਤਵ ਅਤੇ ਜਿਓ-ਪੁਲਿਟੀਕਲ ਸਥਿਤੀ ਵੀ ਉਨ੍ਹਾਂ ਨੂੰ ਇਸ ਪਾਸੇ ਵੱਲ ਤੁਰਨ ਲਈ ਮਜਬੂਰ ਕਰ ਰਹੀ ਸੀ। ਅਮਰੀਕਾ ਵੱਲੋਂ ਰੂਸ ਦਾ ਤੇਲ ਟੈਂਕਰ ਕਬਜ਼ੇ ਵਿੱਚ ਲੈਣ ਨੇ ਉਪਰੋਕਤ ਮੁਲਕਾਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਆਉਣ ਲਈ ਮਜਬੂਰ ਕੀਤਾ। ਏਸ਼ੀਆ ਵਿੱਚ ਆਪਣੀ ਭੂਗੋਲਿਕ ਸਥਿਤੀ ਅਤੇ ਵੱਡੀ ਆਬਾਦੀ ਕਰਕੇ ਭਾਰਤ ਅਮਰੀਕਾ-ਇਜ਼ਰਾਇਲ, ਯੂਰਪ ਅਤੇ ਚੀਨ-ਰੂਸ ਲਈ ਵੀ ਇਕ ਮਹੱਤਵਪੂਰਣ ਦੇਸ਼ ਬਣ ਗਿਆ ਹੈ। ਭਾਰਤ ਨੇ ਵੈਨੇਜ਼ੂਏਲਾ ਦੇ ਮਾਮਲੇ ਵਿੱਚ ਆਪਣਾ ਕੋਈ ਸਰੋਕਾਰ ਨਹੀਂ ਪ੍ਰਗਟਾਇਆ; ਪਰ ਟਰੰਪ ਨੇ ਉਪਰੋਕਤ ਕਾਰਵਾਈ ਤੋਂ ਬਾਅਦ ਭਾਰਤ ਬਾਰੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ “ਮੋਦੀ ਨੂੰ ਪਤਾ ਹੈ ਕਿ ਮੈਂ ਖੁਸ਼ ਨਹੀਂ ਹਾਂ।” ਕਿਸੇ ਮੁਲਕ ਨੂੰ ਵਿਸ਼ਵ ਰਾਜਨੀਤੀ ਵਿੱਚ ਪ੍ਰਸੰਗਿਕ ਰਹਿਣ ਲਈ ਹਰ ਮਹੱਤਵਪੂਰਨ ਘਟਨਾ ਬਾਰੇ ਆਪਣਾ ਪੱਖ ਜ਼ਰੂਰ ਰੱਖਣਾ ਪੈਂਦਾ ਹੈ। ਹਰ ਘਟਨਾ `ਤੇ ਚੁੱਪ ਵੱਟ ਕੇ ਨਹੀਂ ਸਾਰਿਆ ਜਾ ਸਕਦਾ। ਹੁਣ ਜਦੋਂ ਟਰੰਪ ਕਿਊਬਾ ਅਤੇ ਇਰਾਨ ਨੂੰ ਕੁੱਟਣ ਦੇ ਐਲਾਨਾਂ ਨਾਲ ਗਰੀਨਲੈਂਡ `ਤੇ ਕਬਜ਼ਾ ਕਰਨ ਦੇ ਐਲਾਨ ਕਰਨ ਲੱਗਾ ਹੈ ਤਾਂ ਯੂਰਪ ਨੂੰ ਵੀ ਤਕਲੀਫ ਹੋਣ ਲੱਗੀ ਹੈ। ਅਮਰੀਕਾ ਅਤੇ ਇਜ਼ਰਾਇਲ ਦੇ ਇਰਾਨ `ਤੇ ਹਮਲੇ ਦਾ ਭਾਵੇਂ ਸਾਰੇ ਯੂਰਪੀਨ ਮੁਲਕ ਸਮਰਥਨ ਕਰ ਰਹੇ ਸਨ, ਪਰ ਗਰੀਨਲੈਂਡ ਦਾ ਨਾਂ ਲੈਣ `ਤੇ ਟਰੰਪ ਨਾਲ ਔਖੇ ਹੋਣ ਲੱਗੇ। ਯੂਰਪ ਨੂੰ ਸ਼ਾਇਦ ਹਾਲੇ ਤੱਕ ਭਲੇਖਾ ਹੈ ਕਿ ਅਮਰੀਕਾ ਆਪਣੇ ਆਲੇ-ਦੁਆਲੇ ਦੇ ਮੁਲਕਾਂ ਨੂੰ ਵੱਢ ਮਾਰਨ ਲੱਗਿਆਂ ਯੂਰਪ ਦਾ ਖਿਆਲ ਰੱਖੇਗਾ, ਜਦਕਿ ਟਰੰਪ ਲਈ ਅਮਰੀਕਾ ਫਸਟ ਹੈ। ਅਮਰੀਕਾ ਦੀ ਗਰੀਨਲੈਂਡ ਪ੍ਰਤੀ ਪਹੁੰਚ ਉਸ ਨੂੰ ਯੂਰਪ ਤੋਂ ਵੀ ਪਾਸੇ ਧੱਕ ਰਹੀ ਹੈ। ਗਰੀਨਲੈਂਡ ਉੱਤਰੀ ਆਰਕਟਿਕ ਖੇਤਰ ਨਾਲ ਲਗਦਾ ਬੇਹੱਦ ਥੋੜ੍ਹੀ ਆਬਾਦੀ ਵਾਲਾ ਮੁਲਕ ਹੈ। ਇਹ ਡੈਨਮਾਰਕ ਦੇ ਅਧੀਨ ਇੱਕ ਸਵੈਸਾਸ਼ਤ ਖੁਦਮੁਖਤਾਰ ਖੇਤਰ ਹੈ। ਇੱਥੋਂ ਦੇ ਲੋਕ ਸਵੈਸਾਸ਼ਨ ਦੇ ਅਧੀਨ ਅਮਨ-ਅਮਾਨ ਨਾਲ ਰਹਿ ਰਹੇ ਹਨ, ਪਰ ਅਮਰੀਕਾ ਨੂੰ ਇਸ ਧਰਤੀ ਹੇਠ ਛਿਪੇ ਮਿਨਰਲਜ਼ ਅਤੇ ਬਹੁਤ ਹੀ ਦੁਰਲੱਭ ਧਾਤਾਂ ਦਾ ਖਜ਼ਾਨਾ ਦਿਸਦਾ ਹੈ। ਇਹ ਧਾਤਾਂ ਮੁਬਾਈਲਾਂ, ਕੰਪਿਊਟਰਾਂ, ਇਲਕਟ੍ਰਿਕ ਕਾਰਾਂ ਅਤੇ ਹੋਰ ਆਧੁਨਿਕ ਸਾਜ਼ੋ-ਸਮਾਨ ਬਣਾਉਣ ਲਈ ਬੇਹਦ ਜ਼ਰੂਰੀ ਹਨ। ਇਨ੍ਹਾਂ ਦੁਰਲਭ ਧਾਤਾਂ ਲਈ ਅਮਰੀਕਾ ਨੂੰ ਚੀਨ `ਤੇ ਨਿਰਭਰ ਹੋਣਾ ਪੈਂਦਾ ਹੈ। ਪਹਿਲਾਂ ਜੇਲੰਸਕੀ ਨਾਲ ਇਨ੍ਹਾਂ ਧਾਤਾਂ ਬਦਲੇ ਫੌਜੀ ਮੱਦਦ ਦਾ ਸੌਦਾ ਮਾਰਨ ਦਾ ਯਤਨ ਵੀ ਟਰੰਪ ਨੇ ਕੀਤਾ ਸੀ।
ਇਨ੍ਹਾਂ ਪ੍ਰਸਥਿਤੀਆਂ ਦੇ ਦਰਮਿਆਨ ਹੀ ਜਰਮਨੀ ਦੇ ਚਾਂਸਲਰ ਫਰੈਡਰਿਕ ਮੇਰਜ ਭਾਰਤ ਦੇ ਦੌਰੇ `ਤੇ ਆਏ। ਫਰੈਡਰਿਕ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਮੁਲਕਾਂ ਨੂੰ ਕੁਦਰਤੀ ਭਾਈਵਾਲ ਕਿਹਾ। ਉਨ੍ਹਾਂ ਨੇ ਭਾਰਤ ਅਤੇ ਯੂਰਪ ਦਰਮਿਆਨ ਫਰੀ ਟਰੇਡ ਸਮਝੌਤੇ ਦੀ ਗੱਲਬਾਤ ਵੀ ਕੀਤੀ, ਜਿਹੜਾ ਇਸ ਮਹੀਨੇ ਦੇ ਅਖੀਰ ਵਿੱਚ ਸਹੀਬੱਧ ਕੀਤਾ ਜਾਣਾ ਹੈ। ਯਾਦ ਰਹੇ, ਜਰਮਨੀ ਦੀਆਂ 2000 ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ। ਦੋਹਾਂ ਧਿਰਾਂ ਵੱਲੋਂ ਇਸ ਦੌਰਾਨ 19 ਸਮਝੌਤੇ ਕੀਤੇ ਗਏ। ਫੌਜੀ ਸਾਜ਼ੋ-ਸਮਾਨ ਬਣਾਉਣ ਵਾਲੀ ਸਨਅਤ ਵਿੱਚ ਸਹਿਯੋਗ ਵਧਾਉਣ ਲਈ ਦੋਹਾਂ ਧਿਰਾਂ ਨੇ ਸਹਿਮਤੀ ਜ਼ਾਹਰ ਕੀਤੀ। ਇਸ ਤੋਂ ਇਲਾਵਾ ਫੌਜੀ ਸਾਜ਼ੋ-ਸਮਾਨ ਦੀ ਟਰੇਡ ਵਿੱਚ ਨਿਯਮਾਂ ਅਤੇ ਕਾਗਜ਼ੀ ਕਾਰਵਾਈ ਨੂੰ ਸੌਖਾ ਕਰਨ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰੈਡਰਿਕ ਦਾ ਧੰਨਵਾਦ ਕੀਤਾ। ਭਾਵੇਂ ਕਿ ਡੋਨਾਲਡ ਟਰੰਪ ਵੱਲੋਂ ਭਾਰਤ `ਤੇ 500 ਫੀਸਦੀ ਟੈਰਿਫ ਲਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਭਾਰਤ ਵਿੱਚ ਆਏ ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਕਿਹਾ ਕਿ ਸਾਡੇ ਲਈ ਭਾਰਤ ਤੋਂ ਜ਼ਿਆਦਾ ਜ਼ਰੂਰੀ ਭਾਈਵਾਲ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੀ ਭਾਈਵਾਲੀ ਸਾਂਝੇ ਹਿੱਤਾਂ ਕਾਰਨ ਹੀ ਨਹੀਂ ਹੈ, ਸਗੋਂ ਇਹ ਰਿਸ਼ਤੇ ਬੇਹੱਦ ਉਚਤਮ ਪੱਧਰ `ਤੇ ਸਜੇ ਹੋਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁਲਕਾਂ ਦੇ ਇੱਕ ਸੰਗਠਨ ‘ਪੈਕਸ ਸਿਲਿਕਾ’ ਦਾ ਭਾਰਤ ਨੂੰ ਮੈਂਬਰ ਬਣਾਇਆ ਜਾਵੇਗਾ। ਗੋਰ ਨੇ ਕਿਹਾ ਕਿ ਅਸਲ ਦੋਸਤ ਅਸਹਿਮਤ ਹੋ ਸਕਦੇ ਹਨ, ਪਰ ਅੰਤ ਨੂੰ ਉਹ ਆਪਣੇ ਮਸਲੇ ਸੁਲਝਾਅ ਲੈਂਦੇ ਹਨ। ਭਾਰਤ ਨਾਲ ਦੋਸਤੀ ਦੀ ਇਹ ਦੌੜ ਸ਼ਾਇਦ ਇਰਾਨ ਨੂੰ ਢਾਹ ਲੈਣ ਵਿੱਚ ਅਸਫਲਤਾ ਕਾਰਨ ਲੱਗੀ ਹੈ।
___________________________________
ਨਾਟੋ ਦੀ ਹੋਂਦ ਖ਼ਤਰੇ ਵਿੱਚ!
ਗਰੀਨਲੈਂਡ ਉੱਤੇ ਕਬਜ਼ਾ ਕਰਨ ਦੀ ਯੋਜਨਾ ਨਾ ਸਿਰਫ਼ ਡੈਨਮਾਰਕ ਨਾਲ ਝਗੜੇ ਨੂੰ ਜਨਮ ਦੇਵੇਗੀ ਸਗੋਂ ਨਾਟੋ ਵਰਗੇ ਵਿਸ਼ਵ ਸੁਰੱਖਿਆ ਸੰਗਠਨ ਨੂੰ ਵੀ ਖ਼ਤਰੇ ਵਿੱਚ ਪਾ ਦੇਵੇਗੀ। ਬ੍ਰਿਟੇਨ ਦੇ ਅਖ਼ਬਾਰ ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਨੇ ਜੁਆਇੰਟ ਸਪੈਸ਼ਲ ਓਪਰੇਸ਼ਨਜ਼ ਕਮਾਂਡ (ਜੇ.ਐੱਸ.ਓ.ਸੀ.) ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਇਹ ਕਮਾਂਡ ਅਮਰੀਕੀ ਫੌਜ ਦਾ ਇੱਕ ਗੁਪਤ ਵਿਭਾਗ ਹੈ, ਜੋ ਡੈਲਟਾ ਫੋਰਸ ਅਤੇ ਨੇਵੀ ਸੀਲ ਟੀਮ-6 ਵਰਗੀਆਂ ਐਲੀਟ ਇਕਾਈਆਂ ਨੂੰ ਚਲਾਉਂਦਾ ਹੈ; ਪਰ ਅਮਰੀਕੀ ਜਨਰਲਾਂ ਨੂੰ ਲੱਗਦਾ ਹੈ ਕਿ ਇਹ ਕਾਨੂੰਨੀ ਤੌਰ ’ਤੇ ਗਲਤ ਹੈ।
ਜੇਕਰ ਅਮਰੀਕਾ ਨੇ ਗਰੀਨਲੈਂਡ ਉੱਤੇ ਹਮਲਾ ਕੀਤਾ ਤਾਂ ਨਾਟੋ ਲਈ ਗੰਭੀਰ ਸੰਕਟ ਪੈਦਾ ਹੋ ਜਾਵੇਗਾ। ਗਰੀਨਲੈਂਡ ਡੈਨਮਾਰਕ ਦਾ ਹਿੱਸਾ ਹੈ, ਜੋ ਨਾਟੋ ਦਾ ਮੈਂਬਰ ਹੈ। ਇਹ ਹਮਲਾ ਯੂਰਪੀ ਆਗੂਆਂ ਨਾਲ ਸਿੱਧਾ ਟਕਰਾਅ ਪੈਦਾ ਕਰੇਗਾ ਅਤੇ ਨਾਟੋ ਗਠਜੋੜ ਨੂੰ ਤੋੜਨ ਦਾ ਕਾਰਨ ਬਣੇਗਾ। ਯੂਰਪੀ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਟਰੰਪ ਦੇ ਆਲੇ-ਦੁਆਲੇ ਦਾ ਕੱਟੜਪੰਥੀ ਐੱਮ.ਏ.ਜੀ.ਏ. (ਮੇਕ ਅਮਰੀਕਾ ਗ੍ਰੇਟ ਅਗੇਨ) ਗਰੁੱਪ ਨਾਟੋ ਨੂੰ ਅੰਦਰੋਂ ਖ਼ਤਮ ਕਰਨਾ ਚਾਹੁੰਦਾ ਹੈ। ਕਿਉਂਕਿ ਅਮਰੀਕੀ ਸੰਸਦ ਨਾਟੋ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦੇਵੇਗੀ, ਇਸ ਲਈ ਗਰੀਨਲੈਂਡ ਉੱਤੇ ਕਬਜ਼ਾ ਕਰ ਕੇ ਯੂਰਪ ਨੂੰ ਨਾਟੋ ਛੱਡਣ ਲਈ ਮਜਬੂਰ ਕੀਤਾ ਜਾ ਸਕਦਾ ਹੈ।
ਟਰੰਪ ਨਾਟੋ ਨੂੰ ਅਮਰੀਕਾ ਲਈ ਬਹੁਤ ਪੁਰਾਣਾ ਬੋਝ ਮੰਨਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਨਾਟੋ ਵਿੱਚ ਸਭ ਤੋਂ ਵੱਧ ਪੈਸਾ ਅਤੇ ਸਾਧਨ ਖਰਚਦਾ ਹੈ, ਜਦਕਿ ਯੂਰਪੀ ਦੇਸ਼ ਆਪਣੀ ਜੀ.ਡੀ.ਪੀ. ਦਾ 2 ਫ਼ੀਸਦੀ ਵੀ ਰੱਖਿਆ ਉੱਤੇ ਖਰਚ ਨਹੀਂ ਕਰਦੇ। ਨਾਟੋ ਦੇ ਅੰਕੜਿਆਂ ਮੁਤਾਬਕ 2025 ਵਿੱਚ ਅਮਰੀਕਾ ਨੇ ਆਪਣੀ ਜੀ.ਡੀ.ਪੀ. ਦੇ 3.38 ਫ਼ੀਸਦੀ (ਲਗਭਗ 980 ਅਰਬ ਡਾਲਰ) ਰੱਖਿਆ ਉੱਤੇ ਖਰਚ ਕੀਤੇ, ਜਦਕਿ ਯੂਰਪ ਅਤੇ ਕੈਨੇਡਾ ਨੇ ਕੁੱਲ 512 ਅਰਬ ਡਾਲਰ ਖਰਚੇ। ਸਿਰਫ਼ 23 ਨਾਟੋ ਮੈਂਬਰਾਂ ਵਿੱਚੋਂ 11 ਨੇ 2 ਫ਼ੀਸਦੀ ਦਾ ਟੀਚਾ ਪੂਰਾ ਕੀਤਾ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਨਾਟੋ ਸਾਥੀਆਂ ਤੋਂ ਵਧੇਰੇ ਭੁਗਤਾਨ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜੇ ਨਾ ਮੰਨੇ ਤਾਂ ਅਮਰੀਕਾ ਉਨ੍ਹਾਂ ਦੀ ਰੱਖਿਆ ਨਹੀਂ ਕਰੇਗਾ। 2024 ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਰੂਸ ਨੂੰ ਅਜਿਹੇ ਨਾਟੋ ਦੇਸ਼ਾਂ ਉੱਤੇ ਜੋ ਖਰਚ ਨਹੀਂ ਕਰਦੇ, ਜੋ ਵੀ ਕਰਨਾ ਹੋਵੇ ਉਹ ਕਰਨ ਦੀ ਇਜਾਜ਼ਤ ਦੇਣਗੇ। ਟਰੰਪ ਦਾ ਮੁੱਖ ਮੰਤਵ ਉਨ੍ਹਾਂ ਦੀ “ਅਮਰੀਕਾ ਫਸਟ” ਨੀਤੀ ਨੂੰ ਲਾਗੂ ਕਰਨਾ ਹੈ, ਜਿਸ ਵਿੱਚ ਅਮਰੀਕੀ ਟੈਕਸ ਪੈਸੇ ਨੂੰ ਵਿਦੇਸ਼ੀ ਰੱਖਿਆ ਉੱਤੇ ਘੱਟ ਖਰਚ ਕਰਨਾ ਅਤੇ ਯੂਰਪ ਨੂੰ ਆਪਣੀ ਰੱਖਿਆ ਖੁਦ ਕਰਨ ਲਈ ਮਜਬੂਰ ਕਰਨਾ ਸ਼ਾਮਲ ਹੈ।
ਕੁਝ ਵਿਸ਼ਲੇਸ਼ਕਾਂ ਨੂੰ ਲੱਗਦਾ ਹੈ ਕਿ ਟਰੰਪ ਨਾਟੋ ਨੂੰ ਕਮਜ਼ੋਰ ਕਰ ਕੇ ਰੂਸ ਨਾਲ ਵਧੀਆ ਸੰਬੰਧ ਬਣਾਉਣਾ ਚਾਹੁੰਦੇ ਹਨ। ਟਰੰਪ ਦੇ ਪੁਰਾਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਨੇ ਕਿਹਾ ਸੀ ਕਿ ਟਰੰਪ ਨਾਟੋ ਤੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨਗੇ। ਪਰ ਵਿਸ਼ਲੇਸ਼ਕ ਚੇਤਾਵਨੀ ਦਿੰਦੇ ਹਨ ਕਿ ਇਸ ਨਾਲ ਅਮਰੀਕਾ ਇਕੱਲਾ ਪੈ ਜਾਵੇਗਾ, ਯੂਰਪ ਰੂਸ ਦੇ ਪ੍ਰਭਾਵ ਵਿੱਚ ਆ ਜਾਵੇਗਾ ਅਤੇ ਵਿਸ਼ਵ ਸੁਰੱਖਿਆ ਕਮਜ਼ੋਰ ਹੋ ਜਾਵੇਗੀ।
ਟਰੰਪ ਦੀ ਇਹ ਦਿਲਚਸਪੀ ਘਰੇਲੂ ਰਾਜਨੀਤੀ ਨਾਲ ਵੀ ਜੁੜੀ ਹੋ ਸਕਦੀ ਹੈ। ਇਸ ਸਾਲ ਦੇ ਅੰਤ ਵਿੱਚ ਅਮਰੀਕਾ ਵਿੱਚ ਮਿਡ-ਟਰਮ ਚੋਣਾਂ ਹੋਣ ਵਾਲੀਆਂ ਹਨ। ਰਿਪਬਲਿਕਨ ਪਾਰਟੀ ਨੂੰ ਸੰਸਦ ਵਿੱਚ ਬਹੁਮਤ ਗੁਆਉਣ ਦਾ ਡਰ ਹੈ। ਇਸ ਲਈ ਟਰੰਪ ਆਰਥਿਕ ਸੰਕਟਾਂ- ਜਿਵੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇੱਕ ਵੱਡਾ ਵਿਦੇਸ਼ੀ ਕਦਮ ਚੁੱਕਣਾ ਚਾਹੁੰਦੇ ਹਨ। ਇੱਕ ਰਾਜਨੀਤਿਕ ਵਿਸ਼ਲੇਸ਼ਕ ਨੇ ਕਿਹਾ ਹੈ ਕਿ ਇਹ ਯੋਜਨਾ ਅਮਰੀਕੀ ਫੌਜ ਵਿੱਚ ਵੀ ਵੰਡ ਪੈਦਾ ਕਰ ਰਹੀ ਹੈ। ਜੇ.ਐੱਸ.ਓ.ਸੀ. 1980 ਵਿੱਚ ਬਣੀ ਸੀ, ਜਦੋਂ ਈਰਾਨ ਵਿੱਚ ਅਮਰੀਕੀ ਦੂਤਾਂ ਨੂੰ ਛੁਡਾਉਣ ਵਾਲੀ ਓਪਰੇਸ਼ਨ ਈਗਲ ਗਲਾਊ ਨਾਕਾਮ ਰਹੀ ਸੀ। ਇਹ ਕਮਾਂਡ ਗੁਪਤ ਕਾਰਵਾਈਆਂ ਲਈ ਜਾਣੀ ਜਾਂਦੀ ਹੈ, ਜਿਵੇਂ ਓਸਾਮਾ ਬਿਨ ਲਾਦੇਨ ਨੂੰ ਮਾਰਨ ਵਾਲੀ ਓਪਰੇਸ਼ਨ ਨੇਪਚੂਨ ਸਪੇਅਰ ਸੀ; ਪਰ ਅਜਿਹੀ ਵੱਡੀ ਕਾਰਵਾਈ ਲਈ ਇਹ ਤਿਆਰ ਨਹੀਂ ਹੈ।
ਗਰੀਨਲੈਂਡ ਆਰਕਟਿਕ ਖੇਤਰ ਵਿੱਚ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ। ਇਹ ਡੈਨਮਾਰਕ ਦੀ ਆਟੋਨੋਮਸ ਟੈਰੀਟਰੀ ਹੈ, ਜਿੱਥੇ ਆਰਕਟਿਕ ਬਰਫ਼ ਪਿਘਲਣ ਨਾਲ ਨਵੇਂ ਸਮੁੰਦਰੀ ਰਸਤੇ ਅਤੇ ਵੱਡੇ ਸਰੋਤ ਖੁੱਲ੍ਹ ਰਹੇ ਹਨ। ਗਰੀਨਲੈਂਡ ਵਿੱਚ ਰੇਅਰ ਅਰਥ ਐਲੀਮੈਂਟਸ (ਜਿਵੇਂ ਨਿਓਡੀਮੀਅਮ ਅਤੇ ਡਿਸਪ੍ਰੋਸੀਅਮ), ਤੇਲ, ਗੈਸ ਅਤੇ ਯੂਰੇਨੀਅਮ ਵਰਗੇ ਵੱਡੇ ਖਜ਼ਾਨੇ ਹਨ। ਇਨ੍ਹਾਂ ਨੂੰ ਇਲੈਕਟ੍ਰੌਨਿਕਸ, ਬੈਟਰੀਆਂ ਅਤੇ ਹਥਿਆਰ ਬਣਾਉਣ ਵਿੱਚ ਵਰਤਿਆ ਜਾਂਦਾ ਹੈ।

Leave a Reply

Your email address will not be published. Required fields are marked *