ਛੋਟੇ ਮੁਲਕਾਂ `ਤੇ ਕਬਜ਼ੇ ਦੀ ਦੌੜ ਤੇਜ਼ ਹੋਈ

ਸਿਆਸੀ ਹਲਚਲ ਖਬਰਾਂ

*ਮੁਸ਼ਕਲ ਹੋਵੇਗੀ ਇਰਾਨ ਖਿਲਾਫ ਸਿੱਧੀ ਜੰਗ
*ਸਰਕਾਰ ਦੇ ਹੱਕ `ਚ ਪ੍ਰਦਰਸ਼ਨ ਹੋਣ ਲੱਗੇ ਇਰਾਨ ਵਿੱਚ
ਜਸਵੀਰ ਸਿੰਘ ਸ਼ੀਰੀ
ਇਰਾਨ ਦੇ ਇਰਾਕ ਨਾਲ ਲਗਦੇ ਬਾਰਡਰ ਦੇ ਦੋਹੀਂ ਪਾਸੀਂ ਫੌਜੀ ਕਾਰਵਾਈ ਲਈ ਤਿਆਰੀ ਦੀ ਹਿਲਜੁਲ ਵਿਖਾਈ ਦੇ ਰਹੀ ਹੈ। ਇਰਾਨ ਜਾਂ ਅਮਰੀਕਾ ਕੋਈ ਵੀ ਝੁਕਣ ਲਈ ਤਿਆਰ ਨਹੀਂ, ਜਦਕਿ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਲੇਸ਼ ਨੂੰੰ ਹਵਾ ਦੇਣ ਦਾ ਯਤਨ ਕਰ ਰਿਹਾ ਹੈ। ਲਗਦਾ ਇਉਂ ਹੈ ਕਿ ਇਰਾਨ ਨਾਲ ਵੱਡੀ ਖਾਰ ਅਸਲ ਵਿੱਚ ਇਜ਼ਰਾਇਲ ਦੀ ਹੈ। ਪਰ ਬੰਦੂਕ ਟਰੰਪ ਦੇ ਮੋਢੇ `ਤੇ ਰੱਖ ਕੇ ਚਲਾਈ ਜਾ ਰਹੀ ਹੈ।

ਛੇ ਮਹੀਨੇ ਪਹਿਲਾਂ ਇਜ਼ਰਾਇਲ ਅਤੇ ਅਮਰੀਕਾ ਵਿਚਕਾਰ ਹੋਈ ਜੰਗ ਵਿੱਚ ਇਜ਼ਰਾਇਲ ਨੂੰ ਪਤਾ ਲੱਗ ਗਿਆ ਸੀ ਕਿ ਉਹ ਇਰਾਨ ਨਾਲ ਸਿੱਧੀ ਲੜਾਈ ਨਹੀਂ ਲੜ ਸਕਦਾ, ਇਸ ਲਈ ਅਮਰੀਕਾ ਨੂੰ ਇਰਾਨ ਵਿਰੁੱਧ ਜੰਗ ਲਈ ਤਿਆਰ ਕਰ ਲਿਆ ਗਿਆ। ਵੈਨੇਜ਼ੂਏਲਾ ਵਾਲੇ ਕੇਸ ਵਿੱਚ ਇਜ਼ਰਾਇਲ ਦੀ ਖੁਫੀਆ ਏਜੰਸੀ ਮੋਸਾਦ ਨੇ ਅਮਰੀਕਾ ਦਾ ਸਾਥ ਦੇ ਦਿੱਤਾ। ਵੈਨੇਜ਼ੂਏਲਾ ਵਿੱਚ ਮਦੂਰੋ ਨੂੰ ਫੜਨ ਲਈ ਜਿਸ ਕਿਸਮ ਦਾ ਉਪਰੇਸ਼ਨ ਕੀਤਾ, ਉਸ `ਤੇ ਮੋਸਾਦ ਦੀ ਛਾਪ ਸਾਫ ਵਿਖਾਈ ਦਿੰਦੀ ਹੈ। ਮਦੂਰੋ ਨੂੰ ਫੜਨ ਦੇ ਉਪਰੇਸ਼ਨ ਦੀ ਮੁਕੰਮਲ ਪਲਾਨ ਮੋਸਾਦ ਵੱਲੋਂ ਉਲੀਕੀ ਜਾਪਦੀ ਹੈ, ਜਦਕਿ ਇਸ ਨੂੰ ਅਮਲ ਵਿੱਚ ਅਮਰੀਕਾ ਦੀ ਡੈਲਟਾ ਫੋਰਸ ਨੇ ਲਿਆਂਦਾ ਹੈ। ਇਰਾਨ ਦਾ ਕੇਸ ਵੱਖਰਾ ਹੈ। ਇੱਥੇ ਜੰਗ ਛੇੜਨਾ ਅਤੇ ਉਸ ਨੂੰ ਤੋੜ ਤੱਕ ਜਾਰੀ ਰੱਖਣਾ ਅਮਰੀਕਾ ਲਈ ਆਸਾਨ ਨਹੀਂ। ਬੀਤੇ ਕੁਝ ਹੀ ਸਮੇਂ ਵਿੱਚ ਇਰਾਨ ਨੇ ਆਪਣੇ ਆਪ ਨੂੰ ਫੌਜੀ ਤੌਰ `ਤੇ ਕਾਫੀ ਮਜਬੂਤ ਕੀਤਾ ਹੈ। ਵਿਗਿਆਨ ਅਤੇ ਤਕਨੀਕ ਦੇ ਮਾਮਲੇ ਵਿੱਚ ਇਰਾਨੀ ਵਧੇਰੇ ਹੁਸ਼ਿਆਰ ਹੋਏ ਹਨ। ਪਰ ਅਮਰੀਕਾ ਅਤੇ ਯੂਰਪ ਵੱਲੋਂ ਲਗਾਈਆਂ ਗਈਆਂ ਆਰਥਕ ਪਾਬੰਦੀਆਂ ਕਾਰਨ ਉਸ ਦੀ ਵਿੱਤੀ ਹਾਲਤ ਪਤਲੀ ਹੋ ਗਈ, ਸਿੱਕੇ ਦੇ ਫੈਲਾਅ ਕਾਰਨ ਇਰਾਨੀ ਕਰੰਸੀ ਦਾ ਮੁਲ ਬਹੁਤ ਜ਼ਿਆਦਾ ਘਟ ਗਿਆ ਹੈ। ਇਸ ਹਾਲਤ ਨੂੰ ਵੇਖਦਿਆਂ ਇਰਾਨ ਨੇ ਪ੍ਰਦਰਸ਼ਨਕਾਰੀਆਂ ਖਿਲਾਫ ਦੂਹਰੀ ਨੀਤੀ ਅਪਣਾਈ ਹੈ। ਇਰਾਨ ਸਰਕਾਰ ਦੇ ਨੁਮਾਇੰਦਿਆਂ ਨੇ ਬੀਤੇ ਦਿਨਾਂ ਵਿੱਚ ਵਾਰ-ਵਾਰ ਐਲਾਨ ਕੀਤਾ ਹੈ ਕਿ ਲੋਕਾਂ ਦੇ ਆਰਥਕ ਮਸਲੇ ਜਾਇਜ਼ ਹਨ ਅਤੇ ਉਨ੍ਹਾਂ ਨੂੰ ਸਾਂਤੀ ਪੂਰਨ ਪ੍ਰਦਰਸ਼ਨ ਕਰਨ ਦਾ ਹੱਕ ਹੈ। ਨਾਲ ਹੀ ਇਰਾਨ ਦੇ ਸਰਬਉੱਚ ਆਗੂ ਅਯਾਤੁਲਾ ਅਲੀ ਖ਼ਾਮੇਨੇਈ ਨੇ ਆਖ ਦਿੱਤਾ ਕਿ ਹਿੰਸਕ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਇਰਾਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਹੋਰ ਮੁਲਕ ਦੇ ਰਾਸ਼ਟਰਪਤੀ ਦੇ ਕਹਿਣ `ਤੇ ਆਪਣੇ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ।
ਕਰੰਸੀ ਅਤੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸ ਗੁੰਝਲਦਾਰ ਹਾਲਤ ਵਿੱਚ ਅਸਲ ਸਥਿਤੀ ਇਹ ਹੈ ਕਿ ਸਰਕਾਰ ਵਿਰੁੱਧ ਹੋਏ ਪ੍ਰਦਰਸ਼ਨਾਂ ਦੇ ਸਮਾਨੰਤਰ ਇਰਾਨ ਸਰਕਾਰ ਦੇ ਹੱਕ ਵਿੱਚ ਵੀ ਵੱਡੇ ਪ੍ਰਦਰਸ਼ਨ ਹੋਣ ਲੱਗੇ ਹਨ। ਇਸ ਦਰਮਿਆਨ 1979 ਵਿੱਚ ਇਸਲਾਮਿਕ ਕ੍ਰਾਂਤੀ ਵੇਲੇ ਗੱਦੀ ਤੋਂ ਲਾਹੇ ਸ਼ਾਹ ਪਰਿਵਾਰ ਦਾ ਫਰਜੰਦ ਰਜ਼ਾ ਪਹਿਲਵੀ ਇਰਾਨੀ ਫੌਜ ਨੂੰ ਬਾਗੀ ਹੋਣ ਦੇ ਸੱਦੇ ਦੇ ਰਿਹਾ ਹੈ; ਪਰ ਅਜਿਹਾ ਵਾਪਰਦਾ ਵਿਖਾਈ ਨਹੀਂ ਦੇ ਰਿਹਾ। ਇਹੋ ਇਰਾਨ ਦੀ ਸਭ ਤੋਂ ਵੱਡੀ ਮਜਬੂਤੀ ਹੈ। ਪ੍ਰਦਰਸ਼ਨਾਂ ਦੇ ਬਾਵਜੂਦ ਸਾਰੀਆਂ ਫੋਰਸਾਂ ਅਤੇ ਸਾਰਾ ਸਰਕਾਰੀ ਢਾਂਚਾ ਫਿਲਹਾਲ ਅਯਾਤੁਲਾ ਅਲੀ ਖ਼ਾਮੇਨੇਈ ਦੇ ਹੱਕ ਵਿੱਚ ਖੜ੍ਹਾ ਹੈ। ਜਿੰਨਾ ਚਿਰ ਰੂਲਿੰਗ ਛਤਰ ਵਿੱਚ ਤਰੇੜ ਨਹੀਂ ਪੈਂਦੀ, ਉਦੋਂ ਤੱਕ ਇਰਾਨ ਦੇ ਮੌਜੂਦਾ ਰਾਜ ਪ੍ਰਬੰਧ ਨੂੰ ਗਿਰਾਇਆ ਨਹੀਂ ਜਾ ਸਕਦਾ।
ਫੌਜਾਂ ਤਿਆਰੀ ਵਿੱਚ ਹਨ, ਪਰ ਕੋਈ ਵੀ ਧਿਰ ਲਿਫਣ ਲਈ ਤਿਆਰ ਨਹੀਂ ਹੈ। ਇਰਾਨ ਵਿੱਚ ਆਰਥਕ ਔਕੜਾਂ ਕਾਰਨ ਲੋਕ ਵੱਡੀ ਪੱਧਰ `ਤੇ ਪ੍ਰਦਰਸ਼ਨ ਕਰ ਰਹੇ ਹਨ, ਪਰ ਇਜ਼ਰਾਇਲੀ ਖੁਫੀਆ ਏਜੰਸੀ ਮੋਸਾਦ ਅਤੇ ਇਸ ਦੇ ਏਜੰਟ ਇਨ੍ਹਾਂ ਪ੍ਰਦਰਸ਼ਨਾਂ ਨੂੰ ਇਰਾਨ ਵਿੱਚ ਖ਼ਾਮੇਨੇਈ ਸਰਕਾਰ ਦਾ ਤਖਤਾ ਪਲਟਣ ਲਈ ਵਰਤ ਰਹੇ ਹਨ। ਇਰਾਨ ਵਿੱਚ ਹੋ ਰਹੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਮੋਸਾਦ ਵੱਲੋਂ ਹਿੰਸਾ ਭੜਕਾਉਣ ਦੇ ਵੀ ਯਤਨ ਹੋ ਰਹੇ ਹਨ। ਇਰਾਨ ਵਿੱਚ ਹਿੰਸਾ, ਤੋੜ ਫੋੜ ਅਤੇ ਅਗਜ਼ਨੀ ਵਿੱਚ 1000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ। ਇਸ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਨੇ ਆਖਿਆ ਹੈ ਕਿ ਜੇ ਇਰਾਨੀ ਸਰਕਾਰ ਵੱਲੋਂ ਪ੍ਰਦਰਸ਼ਨਕਾਰੀਆਂ `ਤੇ ਗੋਲੀ ਚਲਾਈ ਗਈ ਤਾਂ ਉਹ ਪ੍ਰਦਸ਼ਨਕਾਰੀਅਆਂ ਦੀ ਸੁਰੱਖਿਆ ਲਈ ਫੌਜੀ ਦਖਲ ਦੇਣਗੇ। ਪਰ ਖੁਸ਼ਕਿਸਮਤੀ ਇਹ ਹੈ ਕਿ ਹਾਲੇ ਤਕ ਵੀ ਦੋਨੋ ਮੁਲਕਾਂ ਵਿੱਚ ਫੌਜੀ ਕਲੇਸ਼ ਸ਼ੁਰੂ ਨਹੀਂ ਹੋਇਆ।
ਇਹ ਸਾਰਾ ਵਰਤਾਰਾ ਦਰਸਾਉਂਦਾ ਹੈ ਕਿ ਇੱਕ ਪਾਸੇ ਵੱਡੇ ਸਾਮਰਾਜਾਂ ਦੇ ਅਧੀਨ ਵਿਚਰ ਰਹੀਆਂ ਕੌਮਾਂ ਆਪਣੀ ਆਜ਼ਾਦੀ ਲਈ ਤਾਂਘ ਰਹੀਆਂ ਹਨ, ਦੂਜੇ ਪਾਸੇ ਵੱਡੇ ਮੁਲਕਾਂ ਵੱਲੋਂ ਛੋਟਿਆਂ ਜਾਂ ਫੌਜੀ ਤੌਰ `ਤੇ ਕਮਜ਼ੋਰ ਮੁਲਕਾਂ ਨੂੰ ਨੱਪਣ ਦੀ ਦੌੜ ਤੇਜ਼ ਹੋ ਰਹੀ ਹੈ। ਅਮਰੀਕਾ ਨੇ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਮਦੂਰੋ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਸਿੱਧੇ ਢੰਗ ਨਾਲ ਇਸ ਮੁਲਕ `ਤੇ ਆਪਣਾ ਕਬਜ਼ਾ ਜਮਾ ਲਿਆ ਹੈ ਅਤੇ ਗਰੀਨਲੈਂਡ ਅਤੇ ਕਿਊਬਾ ਨੂੰ ਆਪਣੇ ਅਧੀਨ ਕਰਨ ਦਾ ਸ਼ੱਰ੍ਹੇਆਮ ਐਲਾਨ ਕਰ ਰਿਹਾ ਹੈ। ਰੂਸ ਯੂਕਰੇਨ `ਤੇ ਕਬਜ਼ੇ ਲਈ ਜ਼ੋਰ ਅਜ਼ਮਾਈ ਕਰ ਰਿਹਾ ਹੈ ਅਤੇ ਚੀਨ ਤਾਇਵਾਨ `ਤੇ ਕਬਜ਼ੇ ਵਾਸਤੇ ਬੈਠਕਾਂ ਮਾਰ ਰਿਹਾ ਹੈ।
ਇਸ ਟਰੈਂਡ ਤੋਂ ਜਾਪਦਾ ਹੈ ਕਿ ਕੌਮੀ ਰਾਜਾਂ ਨੂੰ ਖਤਮ ਕਰਕੇ ਵੱਡੇ ਸਾਮਰਾਜ ਉਸਾਰਨ ਦੀ ਜ਼ਿਦ ਮੁੜ ਤੋਂ ਉਭਰਨ ਲੱਗੀ ਹੈ। ਦੁਨੀਆਂ ਵਿੱਚ ਇੱਕ ਪਾਸੇ ਯੂਰਪ ਹੈ, ਜੋ ਆਜ਼ਾਦ ਕੌਮੀ ਰਾਜਾਂ ਦਾ ਸਹਿਮਤੀ ਦੇ ਆਧਾਰ `ਤੇ ਬਣਿਆ ਸੰਘ ਹੈ; ਪਰ ਇਸ ਨੇ ਆਪਣੀ ਸੁਰੱਖਿਆ ਦੀ ਜ਼ਿਆਦਾ ਜ਼ਿੰਮੇਵਾਰੀ ਅਮਰੀਕਾ/ਨਾਟੋ `ਤੇ ਛੱਡੀ ਹੋਈ ਹੈ। ਦੂਜੇ ਪਾਸੇ ਅਮਰੀਕਾ, ਚੀਨ ਅਤੇ ਰੂਸ ਜਿਹੇ ਤਿੰਨ ਵੱਡੇ ਮੁਲਕ ਹਨ, ਜਿਨ੍ਹਾਂ ਵਿੱਚ ਰਾਜਸੀ ਸੱਤਾ ਦੀ ਤਾਸੀਰ ਤਾਂ ਭਾਵੇਂ ਵੱਖੋ-ਵੱਖਰੀ ਹੈ, ਪਰ ਆਪਣੇ ਗੁਆਂਢੀ/ਕਮਜ਼ੋਰ ਮੁਲਕਾਂ `ਤੇ ਸਿੱਧੇ ਅਸਿੱਧੇ ਕਬਜ਼ੇ ਕਰਨ ਦੀ ਰੁਚੀ ਇਨ੍ਹਾਂ ਦੀਆਂ ਹਕੂਮਤਾਂ ਵਿੱਚ ਵੀ ਪਲ਼ ਰਹੀ ਹੈ। ਆਪਣੀ ਫੌਜੀ/ਤਕਨੀਕੀ/ਭੂਗੋਲਿਕ ਤਾਕਤ ਨਾਲ ਇਹ ਮੁਲਕ ਦੁਨੀਆਂ ਨੂੰ ਆਪੋ-ਆਪਣੀ ਮੁੱਠੀ ਵਿੱਚ ਕਰਨ ਦਾ ਯਤਨ ਕਰ ਰਹੇ ਹਨ। ਯੂਰਪੀ ਯੂਨੀਅਨ ਵਿੱਚ ਭਾਵੇਂ ਜਰਮਨੀ ਅਤੇ ਫਰਾਂਸ ਜਿਹੇ ਵਿਕਸਤ/ਤਾਕਤਵਰ ਮੁਲਕ ਵੀ ਹਨ, ਜਿਹੜੇ ਦੁਨੀਆਂ ਦੇ ਸਿਆਸੀ ਦ੍ਰਿਸ਼ ਨੂੰ ਪ੍ਰਭਾਵਤ ਕਰ ਸਕਦੇ ਹਨ। ਪਰ ਫੌਜੀ ਤਾਕਤ ਪੱਖੋਂ ਇਹ ਦੋਨੋਂ ਵੀ ਇੱਕ ਢੰਗ ਨਾਲ ਅਮਰੀਕਾ `ਤੇ ਨਿਰਭਰ ਕਰਦੇ ਹਨ। ਵੱਖ-ਵੱਖ ਕੌਮਾਂ ਅਤੇ ਸੱਭਿਆਚਾਰਾਂ ਦੀ ਆਜ਼ਾਦੀ ਦੀ ਦ੍ਰਿਸ਼ਟੀ ਤੋਂ ਇਸ ਵੇਲੇ ਯੂਰਪ ਹੀ ਦੁਨੀਆਂ ਲਈ ਮਾਡਲ ਹੈ, ਪਰ ਇਹ ਦੁਖਾਂਤ (ਟਰੈਜਿਡੀ) ਵੀ ਸਾਡੇ ਸਾਹਮਣੇ ਵਾਪਰਦੀ ਵਿਖਾਈ ਦੇ ਰਹੀ ਹੈ ਕਿ ਅਕਸਰ ਅਮੀਰ ਸੱਭਿਅਤਾਵਾਂ ਜੰਗਲੀ ਕਿਸਮ ਦੇ ਜੰਗੀ ਯੋਧਿਆਂ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਰਹਿ ਜਾਂਦੀਆਂ ਹਨ।
ਮੌਜੂਦਾ ਹਾਲਤਾਂ ਵਿੱਚ ਵੈਨੇਜ਼ੂਏਲਾ ਤੋਂ ਬਾਅਦ ਅਮਰੀਕਾ ਦਾ ਅਗਲਾ ਸ਼ਿਕਾਰ ਕਿਹੜਾ ਹੋਵੇਗਾ, ਇਹਦੇ ਬਾਰੇ ਚਰਚਾਵਾਂ ਚੱਲ ਰਹੀਆਂ ਹਨ। ਅਮਰੀਕਾ ਦੀ ਫੌਜੀ ਨਕਲੋ ਹਰਕਤ ਇਰਾਨ ਨੇੜੇ ਇਰਾਕ ਵਿੱਚ ਵਿਖਾਈ ਦਿੱਤੀ ਹੈ, ਪਰ ਕਬਜ਼ਾ ਗਰੀਨ ਲੈਂਡ `ਤੇ ਕਰਨ ਦੇ ਬਿਆਨ ਦਿੱਤੇ ਜਾ ਰਹੇ ਹਨ। ਵਿੱਚ ਨੂੰ ਕਿਊਬਾ ਦਾ ਨਬੇੜਾ ਕਰਨ ਮਾਰਕੋ ਰੂਬੀਓ ਨੂੰ ਉਸ ਦਾ ਰਾਸ਼ਟਰਪਤੀ ਬਣਾਏ ਜਾਣ ਦੇ ਮਜ਼ਾਕ ਵੀ ਹੋ ਰਹੇ ਹਨ। ਡੋਨਾਲਡ ਟਰੰਪ ਆਪਣੇ ਆਪ ਨੂੰ ਵੈਨੇਜ਼ੂਏਲਾ ਦਾ ਇੰਚਾਰਜ ਅਖਵਾਉਣ ਵਿੱਚ ਮਾਣ ਮਹਿਸੂਸ ਕਰ ਰਹੇ ਹਨ।

Leave a Reply

Your email address will not be published. Required fields are marked *