*ਕੀਵੀ ਗਰੁੱਪ ਨੇ ਹਾਕਾ ਡਾਂਸ ਕੀਤਾ
*ਸਿੱਖ ਨੌਜਵਾਨਾਂ ਵਲੋਂ ਸ਼ਾਂਤੀਪੂਰਵਕ ਨਗਰ ਕੀਰਤਨ
ਪੰਜਾਬੀ ਪਰਵਾਜ਼ ਬਿਊਰੋ
ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਨੂੰ ਇੱਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਹ 20 ਦਿਨਾਂ ਵਿੱਚ ਦੂਜੀ ਵਾਰ ਹੈ, ਜਦੋਂ ਸਥਾਨਕ ਗਰੁੱਪ ਨੇ ਇਸ ਧਾਰਮਿਕ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਿਛਲੀ ਵਾਰ ਦੱਖਣੀ ਆਕਲੈਂਡ ਦੇ ਮੈਨੂਰੇਵਾ ਉਪਨਗਰ ਵਿੱਚ ਵਿਰੋਧੀਆਂ ਨੇ ਨਗਰ ਕੀਰਤਨ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਸੀ, ਪਰ ਇਸ ਵਾਰ ਟੌਰੰਗਾ ਸ਼ਹਿਰ ਵਿੱਚ ਹੋਏ ਵਿਰੋਧ ਦੇ ਬਾਵਜੂਦ ਸਿੱਖ ਨੌਜਵਾਨਾਂ ਨੇ ਸ਼ਾਂਤੀਪੂਰਵਕ ਨਗਰ ਕੀਰਤਨ ਪੂਰਾ ਕੀਤਾ। ਵਿਰੋਧ ਵਿੱਚ ਡੈਸਟੀਨੀ ਚਰਚ ਨਾਲ ਜੁੜੇ ਬ੍ਰਾਇਨ ਤਾਮਾਕੀ ਦੇ ਸਮੂਹ ਨੇ ਰਵਾਇਤੀ ਮਾਓਰੀ ਹਾਕਾ ਨਾਚ ਕੀਤਾ ਅਤੇ ਨਾਅਰੇ ਲਗਾਏ। ਇਹ ਘਟਨਾ ਨਿਊਜ਼ੀਲੈਂਡ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਤਣਾਅ ਨੂੰ ਵਧਾ ਰਹੀ ਹੈ।
ਨਗਰ ਕੀਰਤਨ ਸਿੱਖ ਧਰਮ ਦੀ ਇੱਕ ਮਹੱਤਵਪੂਰਨ ਰਸਮ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਜਾਂ ਹੋਰ ਧਾਰਮਿਕ ਮੌਕਿਆਂ ਉੱਤੇ ਕੀਤੀ ਜਾਂਦੀ ਹੈ। ਇਸ ਵਿੱਚ ਗੁਰਬਾਣੀ ਕੀਰਤਨ, ਨਗਰ ਕੀਰਤਨ ਅਤੇ ਖਾਲਸਾ ਪੰਥ ਦੇ ਨਿਸ਼ਾਨ ਸਾਹਿਬ ਵਰਗੇ ਝੰਡੇ ਲਹਿਰਾਏ ਜਾਂਦੇ ਹਨ। ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰਾ ਆਪਣੇ ਇਸ ਸੱਭਿਆਚਾਰ ਨੂੰ ਜੀਉਂਦਾ ਰੱਖਣ ਲਈ ਹਰ ਸਾਲ ਅਜਿਹੇ ਪ੍ਰਦਰਸ਼ਨ ਕਰਦਾ ਹੈ; ਪਰ ਇਸ ਵਾਰ ਟੌਰੰਗਾ ਵਿੱਚ ਜਿਵੇਂ ਹੀ ਨਗਰ ਕੀਰਤਨ ਗਲੀਆਂ ਵਿੱਚੋਂ ਲੰਘ ਰਿਹਾ ਸੀ, ਤਾਮਾਕੀ ਦੇ ਸਮਰਥਕਾਂ ਨੇ ਇੱਕ ਪਾਰਕ ਵਿੱਚ ਇਕੱਠੇ ਹੋ ਕੇ ਹਾਕਾ ਨਾਚ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਤਲਵਾਰਾਂ ਅਤੇ ਝੰਡਿਆਂ ਨੂੰ ਵੇਖ ਕੇ ਗੁੱਸੇ ਵਿੱਚ ਆ ਕੇ ਨਾਅਰੇ ਲਗਾਏ: “ਇਹ ਕਿਸ ਦੀਆਂ ਗਲੀਆਂ ਹਨ? ਇਹ ਸਾਡੀਆਂ ਗਲੀਆਂ ਹਨ। ਇੱਥੇ ਤਲਵਾਰਾਂ ਅਤੇ ਝੰਡੇ ਇੰਨੀ ਖੁੱਲ੍ਹ ਕੇ ਲਹਿਰਾਉਣ ਦੀ ਇਜਾਜ਼ਤ ਕਿਸਨੇ ਦਿੱਤੀ?” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਆਪਣੇ ਸੱਭਿਆਚਾਰ ਨੂੰ ਇਸ ਤਰ੍ਹਾਂ ਤਬਾਹ ਨਹੀਂ ਹੋਣ ਦੇਵਾਂਗੇ। ਅਸੀਂ ਕਿਸੇ ਨੂੰ ਵੀ ਆਪਣੇ ਦੇਸ਼ ਦੇ ਸੱਭਿਆਚਾਰ ਨੂੰ ਤਬਾਹ ਕਰਨ ਲਈ ਆਪਣੀਆਂ ਗਲੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।”
ਹਾਕਾ ਨਾਚ ਨਿਊਜ਼ੀਲੈਂਡ ਦੇ ਮਾਓਰੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ। ਇਹ ਇੱਕ ਰਵਾਇਤੀ ਯੁੱਧ ਨਾਚ ਜਾਂ ਚੁਣੌਤੀ ਵਾਲਾ ਨਾਚ ਹੈ, ਜੋ ਸਮੂਹਿਕ ਭਾਵਨਾ, ਏਕਤਾ ਅਤੇ ਪ੍ਰਤੀਰੋਧ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਮਾਓਰੀ ਭਾਈਚਾਰੇ ਵਿੱਚ ਹਾਕਾ ਨੂੰ ਸਵਾਗਤ ਸਮਾਰੋਹਾਂ, ਖੇਡਾਂ (ਜਿਵੇਂ ਰਗਬੀ ਵਿੱਚ ਆਲ ਬਲੈਕਸ ਦਾ ਪ੍ਰਸਿੱਧ ਹਾਕਾ), ਸੱਭਿਆਚਾਰਕ ਸਮਾਗਮਾਂ ਅਤੇ ਵਿਰੋਧ ਪ੍ਰਦਰਸ਼ਨਾਂ ਵਿੱਚ ਵਰਤਿਆ ਜਾਂਦਾ ਹੈ। ਇਸ ਵਿੱਚ ਉੱਚੀ ਆਵਾਜ਼, ਪੈਰਾਂ ਦੀ ਥਪਥਪਾਹਟ, ਹੱਥਾਂ ਦੀਆਂ ਹਰਕਤਾਂ ਅਤੇ ਭਾਵਪੂਰਨ ਚਿਹਰੇ ਹੁੰਦੇ ਹਨ; ਪਰ ਵਿਰੋਧ ਵਿੱਚ ਵਰਤੋਂ ਨਾਲ ਇਹ ਵਿਵਾਦ ਪੈਦਾ ਕਰਦਾ ਹੈ, ਕਿਉਂਕਿ ਮਾਓਰੀ ਭਾਈਚਾਰਾ ਮੰਨਦਾ ਹੈ ਕਿ ਹਾਕਾ ਨੂੰ ਸਹੀ ਸੰਦਰਭ ਅਤੇ ਸਨਮਾਨ ਨਾਲ ਕਰਨਾ ਚਾਹੀਦਾ ਹੈ। ਹਾਲ ਹੀ ਵਿੱਚ, ਨਵੰਬਰ 2024 ਵਿੱਚ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਮਾਓਰੀ ਸੰਸਦ ਮੈਂਬਰਾਂ ਨੇ ਟ੍ਰੀਟੀ ਆਫ਼ ਵੇਟੰਗੀ ਬਿੱਲ ਵਿਰੁੱਧ ਹਾਕਾ ਕੀਤਾ ਸੀ, ਜੋ ਵਾਇਰਲ ਹੋ ਗਿਆ ਅਤੇ ਮਾਓਰੀ ਅਧਿਕਾਰਾਂ ਲਈ ਇੱਕ ਪ੍ਰਤੀਕ ਬਣ ਗਿਆ। ਇਸ ਤਰ੍ਹਾਂ ਦੇ ਵਿਰੋਧ ਵਿੱਚ ਹਾਕਾ ਨੂੰ ਵਰਤਣ ਨਾਲ ਬਹੁ-ਸੱਭਿਆਚਾਰਕ ਸਮਾਜ ਵਿੱਚ ਤਣਾਅ ਵਧਦਾ ਹੈ।
ਇਸ ਵਿਰੋਧ ਨੂੰ ਲੀਡ ਕਰਨ ਵਾਲਾ ਬ੍ਰਾਇਨ ਤਾਮਾਕੀ ਨਿਊਜ਼ੀਲੈਂਡ ਦਾ ਇੱਕ ਵਿਵਾਦਿਤ ਧਾਰਮਿਕ ਨੇਤਾ ਹੈ। ਉਹ ਡੈਸਟੀਨੀ ਚਰਚ ਦਾ ਸੰਸਥਾਪਕ ਹੈ, ਜੋ ਇੱਕ ਫੰਡਾਮੈਂਟਲਿਸਟ ਈਸਾਈ ਸੰਗਠਨ ਹੈ ਅਤੇ ਅਕਸਰ ਇਸ ਨੂੰ ‘ਕਲਟ’ ਵੀ ਕਿਹਾ ਜਾਂਦਾ ਹੈ। ਤਾਮਾਕੀ ਨੇ ਆਪਣੇ ਚਰਚ ਨੂੰ ਸਾਲ 2000 ਵਿੱਚ ਸਥਾਪਿਤ ਕੀਤਾ ਸੀ ਅਤੇ ਇਹ ਆਕਲੈਂਡ ਵਿੱਚ ਵੱਡਾ ਚਰਚ ਹੈ। ਉਹ ਅਕਸਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਸਾਹਮਣੇ ਆਉਂਦੇ ਹਨ– ਚਾਹੇ ਉਹ ਐਲ.ਐਲ.ਜੀ.ਬੀ.ਟੀ.ਕਿਊ. ਕਮਿਊਨਿਟੀ ਵਿਰੁੱਧ ਹੋਵੇ, ਵੈਕਸੀਨੇਸ਼ਨ ਅਤੇ ਲਾਕਡਾਊਨ ਵਿਰੁੱਧ ਹੋਵੇ ਜਾਂ ਇਮੀਗ੍ਰੇਸ਼ਨ ਵਿਰੁੱਧ। 2016 ਵਿੱਚ ਉਨ੍ਹਾਂ ਨੇ ਭੁਚਾਲ ਨੂੰ ‘ਹੋਮੋਸੈਕਸ਼ੁਅਲਿਟੀ’ ਨਾਲ ਜੋੜ ਕੇ ਵਿਵਾਦ ਪੈਦਾ ਕੀਤਾ ਸੀ। 2021 ਵਿੱਚ ਕੋਵਿਡ ਲਾਕਡਾਊਨ ਵਿਰੁੱਧ ਉਨ੍ਹਾਂ ਨੇ ਵੱਡੇ ਪ੍ਰਦਰਸ਼ਨ ਕੀਤੇ ਅਤੇ ਜ਼ੁਰਮਾਨਾ ਵੀ ਭੁਗਤਿਆ। ਸਾਲ 2024 ਵਿੱਚ ਉਨ੍ਹਾਂ ਦੇ ਇੱਕ ਚੇਲੇ ਨੂੰ ਯੂਥ ਗਰੁੱਪ ਵਿੱਚ ਲੜਕੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਤਾਮਾਕੀ ਨੂੰ ਅਕਸਰ ਨਸਲਵਾਦੀ ਅਤੇ ਵਿਦੇਸ਼ੀਆਂ ਵਿਰੁੱਧ ਬੋਲਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪਹਿਲਾਂ ਮੁਸਲਿਮਾਂ ਅਤੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ। ਉਹ ਕਹਿੰਦੇ ਹਨ ਕਿ ਇਹ ਨਿਊਜ਼ੀਲੈਂਡ ਦੀ ‘ਈਸਾਈ ਪਛਾਣ’ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਦਾ ‘ਟਰੂ ਪੈਟ੍ਰਿਅਟਸ’ ਗਰੁੱਪ ਇਸ ਵਿਰੋਧ ਵਿੱਚ ਅੱਗੇ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਸਿੱਖ ਭਾਈਚਾਰਾ ਬਹੁਤ ਪੁਰਾਣਾ ਅਤੇ ਮਜਬੂਤ ਹੈ। 1840 ਦੇ ਦਹਾਕੇ ਵਿੱਚ ਇੱਥੇ ਪਹਿਲੇ ਸਿੱਖ ਵਪਾਰੀ ਆਏ ਸਨ, ਜਦੋਂ ਵੇਟੰਗੀ ਟ੍ਰੀਟੀ ਹੋਈ ਸੀ। 1964 ਵਿੱਚ ਨਿਊਜ਼ੀਲੈਂਡ ਸਿੱਖ ਸੁਸਾਇਟੀ ਬਣੀ, ਜੋ ਧਾਰਮਿਕ ਸਿੱਖਿਆ ਅਤੇ ਸਮਾਗਮਾਂ ਲਈ ਕੰਮ ਕਰਦੀ ਹੈ। 2013 ਵਿੱਚ ਸਿੱਖਾਂ ਦੀ ਗਿਣਤੀ 19 ਹਜ਼ਾਰ ਸੀ, ਜੋ 2023 ਤੱਕ ਵਧ ਕੇ 53,406 ਹੋ ਗਈ– ਯਾਨੀ ਕੁੱਲ ਆਬਾਦੀ ਦਾ 1.1 ਫ਼ੀਸਦੀ। ਆਕਲੈਂਡ ਅਤੇ ਵੈਲਿੰਗਟਨ ਵਿੱਚ ਜ਼ਿਆਦਾਤਰ ਸਿੱਖ ਰਹਿੰਦੇ ਹਨ, ਜੋ ਪੰਜਾਬ ਤੋਂ ਵਿਦਿਆਰਥੀਆਂ ਅਤੇ ਮਾਹਿਰ ਕਾਮਿਆਂ ਵਜੋਂ ਆਏ ਹਨ। ਉਹ ਨੌਕਰੀਆਂ, ਵਪਾਰ ਅਤੇ ਖੇਤੀਬਾੜੀ ਵਿੱਚ ਯੋਗਦਾਨ ਪਾਉਂਦੇ ਹਨ। 2019 ਦੇ ਕ੍ਰਾਈਸਟਚਰਚ ਮਸਜਿਦ ਹਮਲੇ ਤੋਂ ਬਾਅਦ ਸਿੱਖ ਭਾਈਚਾਰੇ ਨੇ ਮਾਓਰੀ ਅਤੇ ਹੋਰ ਭਾਈਚਾਰਿਆਂ ਨਾਲ ਏਕਤਾ ਦਿਖਾਈ; ਪਰ ਅਜਿਹੇ ਵਿਰੋਧ ਨਾਲ ਉਨ੍ਹਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਊਜ਼ੀਲੈਂਡ ਸਿੱਖ ਯੂਥ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, “ਅਸੀਂ ਵੀ ਕੀਵੀ ਹਾਂ। ਇਹ ਨਾਲੰਦਾ ਨਹੀਂ, ਨਿਊਜ਼ੀਲੈਂਡ ਹੈ ਅਤੇ ਅਸੀਂ ਇਸ ਨੂੰ ਆਪਣਾ ਘਰ ਮੰਨਦੇ ਹਾਂ।”
ਪਿਛਲੀ ਘਟਨਾ ਲਗਭਗ 20 ਦਸੰਬਰ 2025 ਨੂੰ ਦੱਖਣੀ ਆਕਲੈਂਡ ਵਿੱਚ ਵਾਪਰੀ ਸੀ। ਨਾਨਕਸਰ ਸਿੱਖ ਗੁਰਦੁਆਰੇ ਵੱਲੋਂ ਆਯੋਜਿਤ ਨਗਰ ਕੀਰਤਨ ਨੂੰ ਟਰੂ ਪੈਟ੍ਰਿਅਟਸ ਗਰੁੱਪ ਨੇ ਹਾਕਾ ਡਾਂਸ ਨਾਲ ਰੋਕਿਆ। ਉਨ੍ਹਾਂ ਨੇ ਬੈਨਰ ਲਹਿਰਾਏ ਜਿਨ੍ਹਾਂ ਉੱਤੇ ਲਿਖਿਆ ਸੀ, “ਇਹ ਨਿਊਜ਼ੀਲੈਂਡ ਹੈ, ਭਾਰਤ ਨਹੀਂ” ਅਤੇ “ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦਿਓ, ਇਹ ਸਾਡੀ ਧਰਤੀ ਹੈ।” ਪ੍ਰਦਰਸ਼ਨਕਾਰੀਆਂ ਨੇ ਰਸਤਾ ਬੰਦ ਕਰ ਦਿੱਤਾ, ਪਰ ਪੁਲਿਸ ਨੇ ਦਖਲ ਦੇ ਕੇ ਰਸਤਾ ਖੋਲਿ੍ਹਆ ਅਤੇ ਸਿੱਖਾਂ ਨੂੰ ਅੱਗੇ ਵਧਣ ਦਿੱਤਾ। ਸਿੱਖਾਂ ਨੇ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ” ਦੇ ਨਾਅਰੇ ਲਗਾਏ ਅਤੇ ਸ਼ਾਂਤੀ ਬਣਾਈ ਰੱਖੀ। ਇਸ ਘਟਨਾ ਵਿੱਚ ਕੋਈ ਹਿੰਸਾ ਨਹੀਂ ਹੋਈ, ਪਰ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਏ।
ਵਿਰੋਧੀਆਂ ਨੇ ਇੱਕ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਵਿੱਚ 31 ਜਨਵਰੀ 2026 ਨੂੰ ਆਕਲੈਂਡ ਹਾਰਬਰ ਬ੍ਰਿਜ ਉੱਤੇ ਵੱਡਾ ਵਿਰੋਧ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੇੜਲੇ ਭਵਿੱਖ ਵਿੱਚ ਬਾਹਰੀ ਭਾਈਚਾਰਿਆਂ ਨੂੰ ਵਾਪਸ ਭੇਜੇ ਅਤੇ ਨਿਊਜ਼ੀਲੈਂਡ ਨੂੰ ਈਸਾਈ ਨੀਂਹਾਂ ਉੱਤੇ ਫਿਰ ਖੜ੍ਹਾ ਕਰੇ। ਉਨ੍ਹਾਂ ਨੇ ਸਰਕਾਰ ਉੱਤੇ ਰਾਸ਼ਟਰੀ ਪਛਾਣ ਦੀ ਰੱਖਿਆ ਵਿੱਚ ਅਸਫਲਤਾ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਨਾ ਕੀਤਾ ਤਾਂ ਵੱਡਾ ਅੰਦੋਲਨ ਹੋਵੇਗਾ।
ਇਸ ਘਟਨਾ ਨਾਲ ਨਿਊਜ਼ੀਲੈਂਡ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਚਰਚਾ ਛਿੜ ਗਈ ਹੈ। ਆਕਲੈਂਡ ਇੱਕ ਬਹੁ-ਸੱਭਿਆਚਾਰਕ ਸ਼ਹਿਰ ਹੈ, ਜਿੱਥੇ ਮਾਓਰੀ, ਪਾਕੇਹਾ (ਯੂਰਪੀਅਨ), ਏਸ਼ੀਅਨ ਅਤੇ ਪੈਸਿਫਿਕ ਆਈਲੈਂਡਰ ਭਾਈਚਾਰੇ ਰਹਿੰਦੇ ਹਨ। ਨਿਊਜ਼ੀਲੈਂਡ ਦੀ ਜਨਸੰਖਿਆ ਵਿੱਚ ਏਸ਼ੀਅਨ ਭਾਈਚਾਰਾ 15 ਫ਼ੀਸਦੀ ਤੱਕ ਪਹੁੰਚ ਗਿਆ ਹੈ; ਪਰ ਅਜਿਹੇ ਵਿਰੋਧ ਨਾਲ ਨਸਲਵਾਦ ਵਧ ਰਿਹਾ ਹੈ। ਨੌਜਵਾਨ ਮਾਓਰੀ ਸੰਸਦ ਮੈਂਬਰ ਹਾਨਾ-ਰਾਵਿਤੀ ਮਾਈਪੀ-ਕਲਾਰਕ ਨੇ ਇਸ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਹ 2023 ਵਿੱਚ ਨਿਊਜ਼ੀਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਐੱਮ.ਪੀ. ਬਣੀ ਅਤੇ ਆਪਣੇ ਪਹਿਲੇ ਭਾਸ਼ਣ ਵਿੱਚ ਹਾਕਾ ਕੀਤਾ ਸੀ, ਜੋ ਵਾਇਰਲ ਹੋ ਗਿਆ। ਉਹ ਮਾਓਰੀ ਭਾਸ਼ਾ ਅਤੇ ਜ਼ਮੀਨ ਦੇ ਅਧਿਕਾਰਾਂ ਲਈ ਲੜਦੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹਾਕਾ ਏਕਤਾ ਦਾ ਪ੍ਰਤੀਕ ਹੈ, ਨਾ ਕਿ ਵਿਰੋਧ ਦਾ ਹਥਿਆਰ। ਪੁਲਿਸ ਨੇ ਇਸ ਵਾਰ ਵੀ ਸੁਰੱਖਿਆ ਯਕੀਨੀ ਬਣਾਈ ਅਤੇ ਕਿਹਾ ਕਿ ਅਜਿਹੇ ਪ੍ਰਦਰਸ਼ਨਾਂ ਵਿੱਚ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ।
ਇਹ ਘਟਨਾਵਾਂ ਨਿਊਜ਼ੀਲੈਂਡ ਦੇ ਬਹੁ-ਸੱਭਿਆਚਾਰਕ ਰੂਪ ਨੂੰ ਚੁਣੌਤੀ ਦੇ ਰਹੀਆਂ ਹਨ। ਸਰਕਾਰ ਨੂੰ ਅਜਿਹੇ ਵਿਰੋਧਾਂ ਨੂੰ ਨਿਯੰਤ੍ਰਿਤ ਕਰਨ ਲਈ ਕਾਨੂੰਨੀ ਕਦਮ ਚੁੱਕਣੇ ਪੈਣਗੇ। ਸਿੱਖ ਭਾਈਚਾਰੇ ਨੇ ਏਕਤਾ ਦਿਖਾਈ ਹੈ ਅਤੇ ਕਿਹਾ ਹੈ ਕਿ ਉਹ ਨਿਊਜ਼ੀਲੈਂਡ ਨੂੰ ਆਪਣਾ ਘਰ ਮੰਨਦੇ ਹਨ ਅਤੇ ਸ਼ਾਂਤੀ ਨਾਲ ਰਹਿਣਗੇ। ਭਵਿੱਖ ਵਿੱਚ ਅਜਿਹੇ ਵਿਰੋਧ ਵਧਣ ਨਾਲ ਸਮਾਜ ਵਿੱਚ ਵੰਡ ਪੈਦਾ ਹੋ ਸਕਦੀ ਹੈ, ਇਸ ਲਈ ਸੰਵਾਦ ਅਤੇ ਸਿੱਖਿਆ ਦੀ ਲੋੜ ਹੈ।
