ਸ਼ੋਰ, ਖ਼ਲਾਅ ਅਤੇ ਭਟਕਣ ਤੋਂ ਸਕੂਨ ਦੀ ਤਲਾਸ਼ ਤੱਕ

ਅਧਿਆਤਮਕ ਰੰਗ

ਡਾ. ਅਰਵਿੰਦਰ ਸਿੰਘ ਭੱਲਾ*
ਫੋਨ:+91-9463062603
ਸ਼ਿਸ਼ ਨੇ ਆਪਣੇ ਗੁਰੂਦੇਵ ਅੱਗੇ ਆਪਣੀ ਮਨੋ ਅਵਸਥਾ ਨੂੰ ਬਿਆਨ ਕਰਦਿਆਂ ਕਿਹਾ ਕਿ ਹੁਣ ਜਦੋਂ ਉਹ ਲੋਕਾਂ ਨੂੰ ਗਿਰਗਿਟ ਦੀ ਤਰ੍ਹਾਂ ਰੰਗ ਬਦਲਦਿਆਂ ਦੇਖਦਾ ਹੈ ਤਾਂ ਉਸ ਨੂੰ ਕੋਈ ਹੈਰਤ ਨਹੀਂ ਹੁੰਦੀ ਹੈ, ਉਸ ਨੂੰ ਰੋਜ਼ਮੱਰ੍ਹਾ ਦੇ ਜੀਵਨ ਵਿੱਚ ਰਿਸ਼ਤਿਆਂ ਦੀ ਹੁੰਦੀ ਬੇਹੁਰਮਤੀ ਵੀ ਅਚੰਭਿਤ ਨਹੀਂ ਕਰਦੀ ਹੈ ਅਤੇ ਆਪਣੇ ਜੀਵਨ ਵਿੱਚ ਹਰ ਪੜਾਅ ਉਤੇ ਲੋਕਾਂ ਵਲੋਂ ਅਪਣਾਏ ਜਾਂਦੇ ਦੋਹਰੇ ਮਾਪਦੰਡ ਦੇਖ ਕੇ ਵੀ ਉਸ ਨੂੰ ਕੋਈ ਹੈਰਾਨੀ ਨਹੀਂ ਹੁੰਦੀ ਹੈ।

ਹਰ ਰੋਜ਼ ਲੋਕਾਂ ਦੀਆਂ ਆਪਹੁਦਰੀਆਂ ਅਤੇ ਜੱਗੋਂ ਤੇਰ੍ਹਵੀਂਆਂ ਦੇਖ ਕੇ ਵੀ ਹੁਣ ਉਸ ਨੇ ਚਕ੍ਰਿਤ ਹੋਣਾ ਛੱਡ ਦਿੱਤਾ ਹੈ। ਉਸ ਨੇ ਕਿਹਾ, ਉਹ ਦੇਖਦਾ ਹੈ ਕਿ ਕਿਵੇਂ ਲੋਕ ਅਕਸਰ ਆਪਣਾ ਸਕੂਨ ਅਤੇ ਸਹਿਜ ਗਵਾ ਕੇ ਸਫ਼ਲਤਾ ਦੀਆਂ ਪਉੜੀਆਂ ਚੜ੍ਹਨ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ। ਰੂਹਾਨੀ ਅਤੇ ਦੁਨਿਆਵੀ ਪੱਧਰ ਉੱਪਰ ਉਹ ਸੁਰਖੁਰੂ ਹੋਣ ਦੀ ਬਜਾਏ ਮਹਿਜ਼ ਫੋਕੀ ਸ਼ੋਹਰਤ ਹਾਸਲ ਕਰਨ ਲਈ ਕਿੰਨਾ ਛਟਪਟਾਉਂਦੇ ਹਨ। ਰਿਸ਼ਤਿਆਂ ਦੇ ਨਿੱਘ ਨੂੰ ਮਾਨਣ ਦੀ ਬਜਾਏ ਉਹ ਕਿਵੇਂ ਕਾਮਯਾਬੀ ਦੇ ਸਿਖ਼ਰ ਉੱਪਰ ਇਕੱਲ ਦਾ ਸੰਤਾਪ ਭੋਗਣ ਨੂੰ ਤਰਜੀਹ ਦਿੰਦੇ ਹਨ। ਉਹ ਇਹ ਵੀ ਅਕਸਰ ਦੇਖਦਾ ਹੈ ਕਿ ਲੋਕ ਸਰਲ ਤੇ ਸੁਖਾਲਾ ਜੀਵਨ ਗੁਜ਼ਾਰਨ ਦੀ ਬਜਾਏ ਆਪਣੇ ਹੱਥੀਂ ਖੁਦ ਆਪਣੇ ਲਈ ਬੇਇੰਤਹਾ ਦੁਸ਼ਵਾਰੀਆਂ ਪੈਦਾ ਕਰਕੇ ਕਿੰਨੀ ਆਸਾਨੀ ਨਾਲ ਬੇਝਿਜਕ ਹੋ ਕੇ ਉਹ ਦੂਸਰਿਆਂ ਦੇ ਸਿਰ ਦੋਸ਼ ਮੜ੍ਹ ਦਿੰਦੇ ਹਨ।
ਸ਼ਿਸ਼ ਨੇ ਇਹ ਵੀ ਕਿਹਾ, ਉਸ ਨੂੰ ਹੁਣ ਕਈ ਵਾਰ ਇਉਂ ਵੀ ਜਾਪਦਾ ਹੈ ਕਿ ਕਿਸੇ ਹਨੇਰ-ਘੁੱਪ ਬੰਦ ਗਲੀ ਵੱਲ ਸਭ ਨੂੰ ਪਛਾੜ ਕੇ ਅੱਗੇ ਵਧਣ ਦੀ ਅੰਨ੍ਹੀ ਦੌੜ ਵਿੱਚ ਸ਼ਾਮਿਲ ਲੋਕ ਜਿਵੇਂ ਸਿਰਿਉਂ ਹੀ ਇਸ ਸੱਚ ਤੋਂ ਨਾਵਾਕਿਫ ਹਨ। ਜਿਹੜੇ ਲੋਕ ਉਨ੍ਹਾਂ ਤੋਂ ਪਹਿਲਾਂ ਹੀ ਇਸ ਬੰਦ ਗਲੀ ਦੇ ਦੂਸਰੇ ਸਿਰੇ ਉਤੇ ਖੜ੍ਹੇ ਹਨ, ਉਹ ਵੀ ਆਪਣੇ ਨਸੀਬਾਂ ਅਤੇ ਅਮਲਾਂ ਨੂੰ ਕੋਸ ਰਹੇ ਹਨ। ਸ਼ਿਸ਼ ਨੇ ਕਿਹਾ ਕਿ ਜਦੋਂ ਜ਼ਹਾਲਤ, ਗਰੂਰ ਅਤੇ ਲਾਲਚ ਇਨਸਾਨ ਦੇ ਸਿਰ ਚੜ੍ਹ ਬੋਲਦਾ ਹੈ ਤਾਂ ਫਿਰ ਇਨਸਾਨ ਨੂੰ ਨਾ ਤਾਂ ਆਪਣੇ ਜ਼ਮੀਰ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਨਾ ਉਸ ਕੋਲ ਠੀਕ-ਗਲਤ ਵਿੱਚ ਅੰਤਰ ਕਰਨ ਦੀ ਕੋਈ ਸਲਾਹੀਅਤ ਹੁੰਦੀ ਹੈ। ਸ਼ਿਸ਼ ਨੇ ਗੁਰੂਦੇਵ ਅੱਗੇ ਇਹ ਵੀ ਅਰਜ਼ੋਈ ਕੀਤੀ ਕਿ ਉਹ ਉਸ ਦੀ ਜ਼ਿੰਦਗੀ ਵਿੱਚ ਆਸਾਨੀਆਂ ਪੈਦਾ ਕਰਨ ਦੇ ਨਾਲ-ਨਾਲ ਜ਼ਿੰਦਗੀ ਦੀਆਂ ਇਨ੍ਹਾਂ ਪੇਚੀਦਗੀਆਂ ਨੂੰ ਸਮਝਣ ਵਿੱਚ ਮਦਦ ਕਰਨ ਦੀ ਕਿਰਪਾਲਤਾ ਕਰਨ।
ਗੁਰੂਦੇਵ ਨੇ ਆਪਣੇ ਸ਼ਿਸ਼ ਦੀ ਮਨੋਦਸ਼ਾ ਨੂੰ ਸਮਝਦਿਆਂ ਫ਼ੁਰਮਾਇਆ ਕਿ ਦਰਅਸਲ ਮਨੁੱਖ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਜਿਵੇਂ-ਕਿਵੇਂ ਉਹ ਸਭ ਕੁਝ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ, ਜਿਸ ਦੀ ਤਮੰਨਾ ਉਸ ਨੇ ਕਿਸੇ ਸਮੇਂ ਕੀਤੀ ਹੁੰਦੀ ਹੈ ਜਾਂ ਜਿਸ ਦੀ ਕਸ਼ਿਸ਼ ਉਸ ਨੂੰ ਬੇਆਰਾਮ ਕਰੀ ਰੱਖਦੀ ਹੈ। ਦਰਅਸਲ ਸਧਾਰਨ ਮਨੁੱਖ ਦੇ ਆਮ ਤੌਰ ਉੱਪਰ ਸਤਹੀ ਪੱਧਰ ਦੇ ਸਰੋਕਾਰ ਹੁੰਦੇ ਹਨ। ਉਹ ਆਮ ਤੌਰ ਉੱਪਰ ਦੂਰ ਅੰਦੇਸ਼ ਨਹੀਂ ਹੁੰਦਾ ਹੈ। ਉਹ ਆਪਣੇ ਅਮਲਾਂ ਦੇ ਫ਼ਲਸਰੂਪ ਸੰਭਾਵਿਤ ਨਕਾਰਾਤਮਕ ਸਿੱਟਿਆਂ ਬਾਰੇ ਸੋਚਣ ਦੀ ਬਜਾਏ ਆਪਣੇ ਲਈ ਸਮੇਂ ਤੋਂ ਪਹਿਲਾਂ ਅਤੇ ਆਪਣੀ ਔਕਾਤ ਤੋਂ ਬਹੁਤ ਜ਼ਿਆਦਾ ਪ੍ਰਾਪਤ ਕਰਨ ਦੀ ਖਾਹਿਸ਼ ਰੱਖਦਾ ਹੈ। ਉਹ ਵਕਤੀ ਜਿਹੇ ਲਾਭ ਹਾਸਲ ਕਰਨ, ਆਪਣੇ ਸੌੜੇ ਹਿੱਤਾਂ ਦੀ ਰਾਖੀ ਕਰਨ ਅਤੇ ਹਰ ਹੀਲੇ ਮੁਕਾਬਲੇ ਦੀ ਦੌੜ ਵਿੱਚ ਦੂਸਰਿਆਂ ਨੂੰ ਪਛਾੜਨ ਦੀ ਲਾਲਸਾ ਤਹਿਤ ਅਣ-ਉਚਿਤ ਤੌਰ-ਤਰੀਕਿਆਂ ਦੇ ਇਸਤੇਮਾਲ ਕਰਨ ਵਿੱਚ ਰੰਚਕ ਮਾਤਰ ਵੀ ਗੁਰੇਜ਼ ਨਹੀਂ ਕਰਦਾ ਹੈ।
ਸਿੱਟੇ ਵਜੋਂ ਉਸ ਅੰਦਰ ਇੱਕ ਅਜ਼ੀਬ ਜਿਹੀ ਕਿਸਮ ਦੀ ਭਟਕਣ ਅਤੇ ਖ਼ਲਾਅ ਪੈਦਾ ਹੁੰਦਾ ਹੈ, ਉਹ ਰਫਤਾ-ਰਫਤਾ ਆਪਣੇ ਅਧੂਰੇਪਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਹਰ ਬੀਤਦੇ ਪਲ ਨਾਲ ਹੋਰ ਵਧੇਰੇ ਵਿਆਕੁਲ, ਅਸ਼ਾਂਤ ਅਤੇ ਲੋਭੀ ਹੋ ਜਾਂਦਾ ਹੈ। ਜਿੰਨਾ ਜ਼ਿਆਦਾ ਉਹ ਦੁਨਿਆਵੀ ਵਸਤਾਂ ਦੀ ਖਾਹਿਸ਼ ਰੱਖਦਾ ਹੈ, ਜਿੰਨਾ ਜ਼ਿਆਦਾ ਉਹ ਛਿਣ ਭਰ ਦੀਆਂ ਖੁਸ਼ੀਆਂ ਨੂੰ ਮਾਨਣਾ ਚਾਹੁੰਦਾ ਹੈ, ਜਿੰਨਾ ਜ਼ਿਆਦਾ ਉਹ ਝੂਠੇ ਰੰਗ-ਤਮਾਸ਼ਿਆਂ, ਦੌਲਤ, ਸ਼ੋਹਰਤ ਅਤੇ ਤਾਕਤ ਦਾ ਸੁੱਖ ਭੋਗਣ ਦੀ ਪ੍ਰਵਿਰਤੀ ਰੱਖਦਾ ਹੈ, ਉਨਾ ਹੀ ਜ਼ਿਆਦਾ ਉਹ ਆਪਣੀ ਦੇਹ ਅਤੇ ਰੂਹ ਨੂੰ ਤਕਲੀਫ਼ ਪਹੁੰਚਾਉਂਦਾ ਹੈ। ਇੱਕ ਪੜਾਅ ਉਤੇ ਪਹੁੰਚ ਕੇ ਉਸ ਦੀਆਂ ਖਾਹਿਸ਼ਾਂ ਹੀ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਹਨ, ਉਸ ਦੀਆਂ ਬੇਲਗਾਮ ਲਾਲਸਾਵਾਂ ਉਸ ਲਈ ਸਿਰ ਦਰਦ ਬਣ ਜਾਂਦੀਆਂ ਹਨ ਅਤੇ ਉਚੇ ਅਹੁਦਿਆਂ ਤੇ ਰੁਤਬਿਆਂ ਨੂੰ ਹਾਸਲ ਕਰਨ ਅਤੇ ਆਪਣੀ ਤਾਕਤ ਦੇ ਘੇਰੇ ਨੂੰ ਵਸੀਹ ਕਰਨ ਦਾ ਉਸ ਦਾ ਜਨੂੰਨ ਅੰਤ ਵਿੱਚ ਉਸ ਦੇ ਨਿਘਾਰ ਦਾ ਕਾਰਨ ਬਣਦਾ ਹੈ।
ਗੁਰੂਦੇਵ ਨੇ ਇਹ ਵੀ ਫ਼ੁਰਮਾਇਆ ਕਿ ਸਾਨੂੰ ਇਸ ਗੱਲ ਦਾ ਹਮੇਸ਼ਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮਾਨਵੀ ਕਦਰਾਂ-ਕੀਮਤਾਂ ਹੀ ਸਾਡੇ ਸਮਾਜ ਅਤੇ ਮਨੁੱਖੀ ਰਿਸ਼ਤਿਆਂ ਦੀ ਬੁਨਿਆਦ ਹਨ। ਅਜੋਕੇ ਸਮੇਂ ਵਿੱਚ ਆਪਸੀ ਪਿਆਰ, ਸਤਿਕਾਰ, ਸਹਿਣਸ਼ੀਲਤਾ, ਸ਼ਿਸ਼ਟਾਚਾਰ, ਸਹਿਚਾਰ, ਪਰਸਪਰ ਸਹਿਯੋਗ, ਭਾਈਚਾਰਕ ਸਾਂਝ, ਸ਼ਰਮ-ਲਿਹਾਜ਼, ਸੰਜਮ, ਇੱਕ ਦੂਸਰੇ ਦਾ ਏਹਤਰਾਮ, ਗੁਫ਼ਤਗੂ ਵਿੱਚ ਨਫਾਸਤ ਆਦਿ ਹੁਣ ਮਨੁੱਖ ਦੀ ਜੀਵਨ ਸ਼ੈਲੀ ਵਿੱਚੋਂ ਮਨਫੀ ਹੁੰਦੀ ਜਾ ਰਹੀ ਹੈ। ਇਸ ਸਭ ਦੇ ਨਤੀਜੇ ਵਜੋਂ ਝੂਠ, ਛਲ-ਫ਼ਰੇਬ, ਈਰਖਾ, ਵੈਰ-ਵਿਰੋਧ, ਮੁਨਾਫਕਤ, ਨਫ਼ਰਤ, ਲਾਲਚ, ਅਸਹਿਣਸ਼ੀਲਤਾ ਆਦਿ ਨੇ ਸਾਡੇ ਅੰਦਰ ਬੇਹਿਸਾਬ ਸ਼ੋਰ, ਸ਼ੰਕੇ, ਦੁਬਿਧਾਵਾਂ, ਬੇਚੈਨੀ, ਫਤੂਰ ਅਤੇ ਮਾਨਸਿਕ ਤਣਾਓ ਪੈਦਾ ਕੀਤਾ ਹੈ। ਇਨਸਾਨ ਆਪਣੀ ਤਰਜ਼-ਏ-ਜ਼ਿੰਦਗੀ ਅਤੇ ਨੁਕਤਾ-ਏ-ਨਿਗਾਹ ਉੱਪਰ ਗੌਰ ਕਰਨ ਦੀ ਬਜਾਏ ਆਪਣੇ ਹੀ ਜ਼ਾਵੀਏ ਨੂੰ ਦਰੁਸਤ ਠਹਿਰਾਉਣ ਦੀ ਕੋਸ਼ਿਸ਼ ਵਿੱਚ ਇੱਕ ਤੋਂ ਬਾਅਦ ਇੱਕ ਗਲਤੀ ਕਰਦਾ ਰਹਿੰਦਾ ਹੈ। ਉਹ ਚਿੰਤਨ ਘੱਟ ਅਤੇ ਚਿੰਤਾ ਵਧੇਰੇ ਕਰਨ ਦੀ ਆਪਣੀ ਆਦਤ ਦੇ ਹੱਥੋਂ ਮਜਬੂਰ ਜਿਉਂਦੇ ਜੀਅ ਜੰਨਤ ਦੇ ਸੁਪਨੇ ਦੇਖਦਾ ਹੋਇਆ ਹਰ ਪਲ ਦੋਜ਼ਖ਼ ਦੀ ਅੱਗ ਵਿੱਚ ਖੁਦ ਨੂੰ ਸਾੜਦਾ ਰਹਿੰਦਾ ਹੈ।
ਗੁਰੂਦੇਵ ਨੇ ਆਪਣੇ ਸ਼ਿਸ਼ ਨੂੰ ਹਦਾਇਤ ਕਰਦਿਆਂ ਫ਼ੁਰਮਾਇਆ ਕਿ ਹੋ ਸਕੇ ਤਾਂ ਪਹਿਲਾਂ ਆਪਣੇ ਆਪ ਉੱਤੇ ਰਹਿਮ ਕਰੋ, ਖੁਦ ਨੂੰ ਇਖ਼ਲਾਕ ਦੇ ਪੈਮਾਨਿਆਂ ਤੋਂ ਇੰਨਾ ਨਾ ਡਿੱਗਣ ਦਿਉ ਕਿ ਤੁਸੀਂ ਆਪਣੀਆਂ ਨਜ਼ਰਾਂ ਤੋਂ ਹੀ ਸਦਾ ਲਈ ਨਾ ਗਿਰ ਜਾਵੋ, ਦੂਸਰਿਆਂ ਦੇ ਐਬ ਗਿਣਨ ਦੀ ਆਦਤ ਨੂੰ ਛੱਡ ਕੇ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਸਿੱਖੋ, ਮਰਿਆਦਾਵਾਂ ਦਾ ਸਤਿਕਾਰ ਕਰੋ, ਆਪਣੇ ਔਗੁਣਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਦੂਰ ਕਰੋ, ਸਰਲ, ਸਾਦਾ ਅਤੇ ਸਹਿਜ ਭਰਪੂਰ ਜੀਵਨ ਜਿਊਣ ਦੀ ਕਲਾ ਨੂੰ ਸਿੱਖਣ ਵਿੱਚ ਮੁਹਾਰਤ ਹਾਸਲ ਕਰੋ। ਗੁਰੂਦੇਵ ਨੇ ਅਖ਼ੀਰ ਵਿੱਚ ਫ਼ੁਰਮਾਇਆ ਕਿ ਪੁਰਸਕੂਨ ਅਤੇ ਸਿਹਤਮੰਦ ਜੀਵਨ ਹੀ ਪਰਮਾਤਮਾ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਇਸ ਬਖਸ਼ਿਸ਼ ਨੂੰ ਆਪਣੀ ਝੋਲੀ ਵਿੱਚ ਪਵਾਉਣ ਲਈ ਸਰਲ, ਸਾਦਾ, ਸਹਿਜ ਭਰਪੂਰ ਅਤੇ ਨਿਰਛਲ ਜੀਵਨ ਗੁਜ਼ਾਰਨ ਦਾ ਹੁਨਰ ਸਿੱਖੋ।
(*ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ, ਹਰਿਆਣਾ)

Leave a Reply

Your email address will not be published. Required fields are marked *