ਅਮਰੀਕਾ ਵੱਲੋਂ ਇਰਾਨ ਦੀ ਮੁਕੰਮਲ ਫੌਜੀ ਘੇਰਾਬੰਦੀ

ਖਬਰਾਂ ਵਿਚਾਰ-ਵਟਾਂਦਰਾ

*ਸਮੁੰਦਰੀ ਬੇੜੇ, ਲੜਾਕੂ ਜਾਹਾਜ਼, ਟੌਮਹੌਕ ਮਿਜ਼ਾਈਲਾਂ ਤੇ ਤੀਹ ਹਜ਼ਾਰ ਫੌਜੀ ਤਾਇਨਾਤ
*ਇਰਾਨ ਵੱਲੋਂ ਵੀ ਵੱਡੇ ਹਮਲੇ ਨੂੰ ਡੱਕਣ ਦੀ ਤਿਆਰੀ
ਜਸਵੀਰ ਸਿੰਘ ਮਾਂਗਟ
ਅਮਰੀਕਾ ਵੱਲੋਂ ਭਾਵੇਂ ਇਰਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਗਿਆ ਹੈ, ਪਰ ਅਮਰੀਕੀ ਸਮੁੰਦਰੀ ਜੰਗੀ ਬੇੜੇ ਇਰਾਨ ਦੇ ਲਾਗੇ ਖਿਸਕ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਇਬਰਾਹਿਮ ਲਿੰਕ ਬੰਗਾਲ ਦੀ ਖਾੜੀ ਵਿੱਚ ਪਹੁੰਚ ਚੁੱਕਾ ਹੈ। ਰੂਜ਼ਵੈਲਟ ਵੀ ਇਰਾਨ ਵੱਲ ਅਗਰਸਰ ਹੈ। ਇਨ੍ਹਾਂ ਯੁੱਧ ਪੋਤਾਂ (ਨਵੀਂ ਹਲਚਲ/ਯੋਜਨਾਬੰਦੀ) ਦੇ ਨਾਲ ਇਨ੍ਹਾਂ ਦੀ ਰਾਖੀ ਲਈ ਤਾਇਨਾਤ ਪਣਡੁੱਬੀਆਂ ਹਨ, ਜਿਨ੍ਹਾਂ ‘ਤੇ ਟੌਮਹੌਕ ਮਿਜ਼ਾਈਲਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਕੈਰੀਅਰ ਗਰੁੱਪ ਇੱਕ ਵੱਡਾ ਕਾਫਲਾ ਬਣਦਾ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ‘ਅਰਮਾਡਾ’ ਅਤੇ ਫਲੋਟਿਲਾ ਕਿਹਾ ਹੈ।

ਅਮਰੀਕੀ ਰਾਸ਼ਟਰਪਤੀ ਦਾ ਆਖਣਾ ਹੈ ਕਿ ਬੀਤੇ ਹਫਤੇ ਇਰਾਨ ਨੇ ਫੜੇ ਗਏ ਮੋਸਾਦ ਦੇ ਏਜੰਟਾਂ ਅਤੇ ਪ੍ਰਦਰਸ਼ਨਕਾਰੀਆਂ ਦੀਆਂ 800 ਫਾਂਸੀਆਂ ਰੋਕ ਦਿੱਤੀਆਂ ਹਨ; “ਅਸੀਂ ਉਨ੍ਹਾਂ ‘ਤੇ ਨੇੜਿਉਂ ਨਜ਼ਰ ਰੱਖ ਰਹੇ ਹਾਂ, ਵੇਖਦੇ ਹਾਂ ਕੀ ਹੁੰਦਾ ਹੈ।” ਸ਼ਾਇਦ ਹਮਲੇ ਦੀ ਲੋੜ ਨਾ ਪਵੇ। ਪਰ ਇਸ ਦੇ ਬਾਵਜੂਦ ਇਰਾਨ ਨੇ ਪੂਰੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਉਸ ਦੇ ਫੌਜੀ ਸੂਤਰਾਂ ਦਾ ਆਖਣਾ ਹੈ ਕਿ ਜੇ ਜੰਗ ਛਿੜਦੀ ਹੈ ਤਾਂ ਇਸ ਦੇ ਪਹਿਲੇ ਅੱਧੇ ਘੰਟੇ ਵਿੱਚ 3000 ਮਿਜ਼ਾਈਲਾਂ ਦਾਗੀਆਂ ਜਾਣਗੀਆਂ। ਇਰਾਨ ਨੇ ਫਤਹਿ-2 ਮਿਜ਼ਾਈਲਾਂ ਵੀ ਤਾਇਨਾਤ ਕੀਤੀਆਂ ਹਨ। ਇਹ ਹਾਈਪਰਸੋਨਿਕ ਮਿਜ਼ਾਈਲਾਂ ਹਨ, ਜਿਹੜੀਆਂ ਕਿਸੇ ਵੀ ਨਿਸ਼ਾਨੇ ‘ਤੇ ਸਟੀਕ ਹਮਲਾ ਕਰ ਸਕਦੀਆਂ ਹਨ। ਅਮਰੀਕਾ ਵੱਲੋਂ 500 ਹਮਲਾਵਰ ਜਹਾਜ਼ ਵੱਖ-ਵੱਖ ਥਾਵਾਂ ‘ਤੇ ਤਿਆਰ ਰੱਖੇ ਗਏ ਹਨ। ਜੌਰਡਨ ਵਿਚਲਾ ਅਮਰੀਕਾ ਦਾ ਫੌਜੀ ਬੇਸ ਇਸ ਜੰਗ ਲਈ ਮੁੱਖ ਅੱਡਾ ਬਣੇਗਾ।
ਅਮਰੀਕੀ ਲੜਾਕੇ ਜੈਟ ਐਫ-16 ਅਤੇ ਐਫ-35 ਮੌਜੂਦ ਤਿਆਰ-ਬਰ-ਤਿਆਰ ਰੱਖੇ ਗਏ ਹਨ। ਇੱਥੋਂ ਤੱਕ ਕਿ ਜਹਾਜ਼ਾਂ ਵਿੱਚ ਤੇਲ ਭਰਨ ਵਾਲੇ ਟੈਂਕਰ ਅਤੇ ਆਸਮਾਨ ਵਿੱਚ ਲੜਾਕੇ ਜਹਾਜ਼ਾਂ ਵਿੱਚ ਤੇਲ ਭਰਨ ਵਾਲੇ ਫਿਊਲ ਟੈਂਕਰ ਨੁਮਾ ਜਹਾਜ਼ ਤਿਆਰ ਖੜ੍ਹੇ ਹਨ। ਮੱਧ ਏਸ਼ੀਆ ਬਾਰੇ ਫੌਜੀ ਮਾਹਿਰਾਂ ਦਾ ਆਖਣਾ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਇਹ ਸੱਭ ਤੋਂ ਵੱਡੀ ਫੌਜੀ ਤਿਆਰੀ ਹੈ। ਇਰਾਨ ਦੀ ਕੀਤੀ ਗਈ ਇਸ ਘੇਰਾਬੰਦੀ ਵਿੱਚ ਅਮਰੀਕੀ ਸੈਨਾ ਦੇ ਤਿੰਨੋ ਵਿੰਗ ਸਰਗਰਮ ਕੀਤੇ ਗਏ ਹਨ। ਸਮੁੰਦਰੀ, ਹਵਾਈ ਅਤੇ ਥਲ ਸੈਨਾ ਇਰਾਨ ‘ਤੇ ਹਮਲੇ ਲਈ ਪੱਬਾਂ ਭਾਰ ਵਿਖਾਈ ਦਿੰਦੀ ਹੈ। ਥਲ ਸੈਨਾ ਦੇ 30,000 ਫੌਜੀਆਂ ਨੂੰ ਇਰਾਨ ‘ਤੇ ਹਮਲਾ ਕਰਨ ਲਈ ਤਿਆਰ ਰੱਖਿਆ ਗਿਆ ਹੈ। ਅਮਰੀਕਾ ਦੇ ਲੜਾਕੂ ਹਵਾਈ ਜਹਾਜ਼ ਜਾਰਡਨ, ਕਤਰ, ਯੂ.ਏ.ਈ. ਕੁਵੈਤ ਆਦਿ ਵਿੱਚ ਮੌਜੂਦ ਫੌਜੀ ਅਡਿੱਆਂ ‘ਤੇ ਵੀ ਮੌਜੂਦ ਹਨ। ਪਰ ਇਨ੍ਹਾਂ ਮੁਲਕਾਂ ਨੇ ਉਂਝ ਆਪਣੇ ਏਅਰ ਬੇਸ ਅਮਰੀਕਾ ਨੂੰ ਨਾ ਵਰਤਣ ਲਈ ਕਿਹਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਡੀਗੋਗਾਰਸ਼ੀਆ ਸਮੇਤ ਕਈ ਹੋਰ ਲੁਕਵੇਂ ਹਵਾਈ ਅੱਡਿਆਂ ‘ਤੇ ਵੀ ਅਮਰੀਕੀ ਲੜਾਕੇ ਜਾਹਾਜ਼ ਮੌਜੂਦ ਹਨ। ਲੰਘੇ ਹਫਤੇ ਸ਼ਨੀਵਾਰ ਅਤੇ ਐਤਵਾਰ ਦੀ ਅੱਧੀ ਰਾਤ ਨੂੰ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ਦਾ ਰਡਾਰ ਸਿਸਟਮ ਜਾਮ ਕਰ ਦਿੱਤਾ ਗਿਆ ਸੀ ਅਤੇ ਇਸ ਦਰਮਿਆਨ ਇਰਾਨ ਨੇ ਆਪਣੇ ਹਵਾਈ ਖੇਤਰ ਨੂੰ ਖਾਲੀ ਕਰਵਾ ਲਿਆ ਸੀ।
ਦੂਜੇ ਪਾਸੇ ਇਰਾਨੀ ਫੌਜ ਦੇ ਮੁਖੀ ਨੇ ਕਿਹਾ ਕਿ ਇਰਾਨ ਦੁਸ਼ਮਣ ਦੇ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਤਿਆਰ ਹੈ। ਇਰਾਨ ਨੇ ਆਪਣੇ ਬਾਰਡਰਾਂ, ਪ੍ਰਮਾਣੂ ਟਿਕਾਣਿਆਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੁਆਲੇ ਆਪਣੀਆਂ ਮਿਜ਼ਾਈਲਾਂ ਤਾਣ ਰੱਖੀਆਂ ਹਨ। ਪਿਛਲੇ ਹਫਤੇ ਇਰਾਨ ਵਿੱਚ ਵੱਡੀ ਫੌਜੀ ਨਕਲੋ ਹਰਕਤ ਵੇਖਣ ਨੂੰ ਮਿਲੀ ਸੀ। ਇਰਾਨ ਨੇ ਆਪਣੀਆਂ ਅੰਡਰਗਰਾਊਂਡ ਮਿਜ਼ਾਈਲ ਫੈਕਟਰੀਆਂ ਵਿੱਚੋਂ ਮਿਜ਼ਾਈਲਾਂ ਦਾ ਇੱਕ ਵੱਡਾ ਲਸ਼ਕਰ ਕੱਢਿਆ ਅਤੇ ਸੰਵੇਦਨਸ਼ੀਲ ਟਿਕਾਣਿਆਂ ਵੱਲ ਭੇਜ ਦਿੱਤਾ। ਇਸ ਤੋਂ ਇਲਾਵਾ ਇਰਾਨ ਵੱਲੋਂ ਆਪਣੇ ਸ਼ਹਿਰਾਂ ਦੇ ਇਰਦ-ਗਿਰਦ ਅਤੇ ਸਰਹੱਦਾਂ ‘ਤੇ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਤਾਇਨਾਤ ਕੀਤੀਆਂ ਹਨ। ਇਸ ਤੱਥ ਦੀ ਵੀ ਪੁਸ਼ਟੀ ਹੋਈ ਹੈ ਕਿ ਇਰਾਨ ਨੇ ਰੂਸ ਤੋਂ ਪ੍ਰਾਪਤ ਕੀਤਾ ਐਸ-400 ਸੁਰੱਖਿਆ ਸਿਸਟਮ ਤਾਇਨਾਤ ਕਰ ਦਿੱਤਾ ਹੈ। ਬੀਤੇ ਹਫਤੇ ਚੀਨ ਦੇ 16 ਮਾਲ ਵਾਹਕ ਜਹਾਜ਼ ਇਰਾਨ ਵਿੱਚ ਉਤਰੇ ਸਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਵੀ ਚੀਨ ਵੱਲੋਂ ਇਰਾਨ ਨੂੰ ਆਪਣਾ ਮਿਜ਼ਾਈਲ ਸੁਰੱਖਿਆ ਸਿਸਟਮ ਅਤੇ ਹੋਰ ਫੌਜੀ ਸਾਜ਼ੋ ਸਮਾਨ ਦਿੱਤਾ ਗਿਆ ਹੈ। ਇਰਾਨ ਦੇ ਨੀਮ ਫੌਜੀ ਦਸਤੇ ਇਰਾਨ ਰੈਵਲਿਊਸ਼ਨਰੀ ਗਾਰਡਜ਼ ਨੇ ਕਿਹਾ ਕਿ ਉਹ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਜੰਗ ਲਈ ਵਧੇਰੇ ਤਿਆਰ ਹਨ। ਉਨ੍ਹਾਂ ਕਿਹਾ, “ਸਾਡੀਆਂ ਉਂਗਲਾਂ ਹਥਿਆਰਾਂ ਦੇ ਘੋੜਿਆਂ ‘ਤੇ ਹਨ।” ਇਰਾਨ ਦੀ ਸੁਪਰੀਮ ਸੁਰੱਖਿਆ ਕੌਂਸਲ ਦੇ ਨਜ਼ਦੀਕ ਸਮਝੇ ਜਾਂਦੇ ਚੈਨਲ ਟੈਲੀਗਰਾਮ ‘ਤੇ ਇੱਕ ਇੰਟਰਵਿਊ ਵਿੱਚ ਆਈ.ਆਰ. ਜੀ.ਸੀ ਦੇ ਕਮਾਂਡਰ ਮੁਹੰਮਦ ਪਾਕਪੋਰ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਇਲ ਨੂੰ ਕਿਸੇ ਗਲਤ ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ।
ਯਾਦ ਰਹੇ, ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ 28 ਦਸੰਬਰ ਤੋਂ ਬਾਅਦ ਮੁੜ ਵਧਣ ਲੱਗਾ ਸੀ ਜਦੋਂ ਇਰਾਨੀ ਕਰੰਸੀ ਰਿਆਲ ਦੀ ਬਦਹਾਲੀ ਅਤੇ ਆਰਥਕ ਤੰਗੀ ਕਾਰਨ ਇਸ ਦੇਸ਼ ਵਿੱਚ ਪ੍ਰਦਰਸ਼ਨ ਸ਼ੁਰੂ ਹੋਏ ਸਨ। ਇਹ ਪ੍ਰਦਰਸ਼ਨ ਇੱਕ-ਦੋ ਦਿਨ ਵਿੱਚ ਹੀ ਪੂਰੇ ਇਰਾਨ ਦੇ ਸ਼ਹਿਰਾਂ ਵਿੱਚ ਫੈਲ ਗਏ ਤੇ ਹਿੰਸਕ ਹੋ ਗਏ ਸਨ। ਇਸ ਹਿੰਸਾ ਵਿੱਚ ਸੁਰੱਖਿਆ ਕਰਮਚਾਰੀਆਂ ਸਮੇਤ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਕਿਹਾ ਸੀ ਕਿ ਜੇ ਇਰਾਨ ਸਰਕਾਰ ਨੇ ਇਰਾਨੀ ਪ੍ਰਦਸ਼ਨਕਾਰੀਆਂ ‘ਤੇ ਗੋਲੀ ਚਲਾਈ ਤਾਂ ਉਹ ਪ੍ਰਦਰਸ਼ਨਕਾਰੀਆਂ ਦੀ ਮੱਦਦ ‘ਤੇ ਆਉਣਗੇ। ਇਸ ਤੋਂ ਇਲਾਵਾ ਅਮਰੀਕੀ ਅਤੇ ਇਜ਼ਰਾਇਲੀ ਅਧਿਕਾਰੀ ਇਹ ਸਵੀਕਾਰ ਵੀ ਕਰ ਰਹੇ ਸਨ ਕਿ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਟਰੰਪ ਨੇ ਕਿਹਾ ਸੀ, “ਪ੍ਰਦਰਸ਼ਨ ਜਾਰੀ ਰੱਖੋ ਮੱਦਦ ਆ ਰਹੀ ਹੈ।”
ਮੋਸਾਦ ਦੇ ਇੱਕ ਸਾਬਕਾ ਅਫਸਰ ਨੇ ਤਾਂ ਸ਼ੱਰੇਆਮ ਐਕਸ ‘ਤੇ ਲਿਖ ਦਿੱਤਾ ਸੀ ਕਿ ਮੋਸਾਦ ਦੇ ਏਜੰਟ ਪ੍ਰਦਰਸ਼ਨਕਾਰੀਆਂ ਦੀ ਮਦਦ ਕਰ ਰਹੇ ਹਨ। ਪਰ ਇਰਾਨ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਸਮਝਦਾਰੀ ਨਾਲ ਨਜਿੱਠਿਆ। ਆਰਥਕ ਤੰਗੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਰੋਸ ਨੂੰ ਜਾਇਜ਼ ਮੰਨਦਿਆਂ ਉਨ੍ਹਾਂ ਖਿਲਾਫ ਢਿੱਲ ਵਰਤੀ ਜਦੋਂ ਕਿ ਹਿੰਸਾ ਕਰਨ ਵਾਲੇ ਪਰਦਰਸ਼ਨਕਾਰੀਆਂ ਵਿਰੁੱਧ ਸਖਤ ਰਵੱਈਆ ਅਪਣਾਇਆ। ਇਸ ਨਾਲ ਇਰਾਨ ਦੇ ਆਮ ਲੋਕ ਤੇਜ਼ੀ ਨਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਹਟ ਕੇ ਸਰਕਾਰ ਦੇ ਹੱਕ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨਾਂ ਵੱਲ ਪਰਤੇ। ਇਸ ਸਾਰੇ ਘਟਨਾਕ੍ਰਮ ਨੇ ਅਮਰੀਕਾ ਅਤੇ ਇਜ਼ਰਾਇਲ ਨੂੰ ਇਰਾਨ ‘ਤੇ ਹਮਲਾ ਕਰਨ ਤੋਂ ਰੋਕੀ ਰੱਖਿਆ। ਅਮਰੀਕਾ ਤੇ ਇਜ਼ਰਾਇਲ ਇਰਾਨ ਵਿੱਚ ਅੰਦਰੂਨੀ ਅਫਰਾ-ਤਫਰੀ ਫੈਲਾਅ ਕੇ ਹਮਲਾ ਕਰਨਾ ਚਾਹੁੰਦੇ ਸਨ। ਇਹ ਵੀ ਜਾਪਦਾ ਹੈ ਕਿ ਅਮਰੀਕਾ ਇਰਾਨ ਨਾਲ ਲੰਮੀ ਲੜਾਈ ਵਿੱਚ ਉਲਝਣ ਲਈ ਤਿਆਰ ਨਹੀਂ ਹੈ। ਅਸਲ ਵਿੱਚ ਉਹ ਵੈਨੇਜ਼ੂਏਲਾ ਵਾਂਗ ਇੱਕ ਤੇਜ਼ ਅਤੇ ਥੋੜ੍ਹਚਿਰੇ ਫੌਜੀ ਉਪਰੇਸ਼ਨ ਰਾਹੀ ਆਇਤੁਲਾ ਖਾਮੇਨੀ ਨੂੰ ਗੱਦੀ ਤੋਂ ਪਾਸੇ ਕਰਨਾ ਚਾਹੁੰਦੇ ਹਨ। ਵੀਅਤਨਾਮ ਤੋਂ ਲੈ ਕੇ ਅਫਗਾਨਿਸਤਾਨ ਤੱਕ ਲੰਮੀਆਂ ਜੰਗਾਂ ਦੇ ਤਜਰਬੇ ਅਮਰੀਕਾ ਲਈ ਮਾੜੇ ਹੀ ਸਾਬਤ ਹੋਏ ਹਨ। ਇਸ ਹਾਲਾਤ ‘ਤੇ ਟਿੱਪਣੀ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਾਡੀ ਨੇਵੀ, ਹਵਾਈ ਸੈਨਾ ਅਤੇ ਜ਼ਮੀਨੀ ਫੌਜੀ ਦਸਤੇ ਇਰਾਨ ਵੱਲ ਵਧ ਰਹੇ ਹਨ; “ਪਰ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਵਰਤਣ ਦੀ ਲੋੜ ਹੀ ਨਾ ਪਏ।”
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਬੀਤੇ ਹਫਤੇ ਜਾਰੀ ਕੀਤੀ ਗਈ ਨਵੀਂ ਸੁਰੱਖਿਆ ਨੀਤੀ ਵਿੱਚ ਆਪਣੇ ਹੋਮਲੈਂਡ ਦੀ ਰਾਖੀ ਨੂੰ ਪਹਿਲ ਦਿੱਤੀ ਗਈ ਹੈ। ਇਸ ਨੀਤੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਮੁੱਖ ਤੌਰ ‘ਤੇ ਆਪਣੀ ਖੁਦ ਦੀ ਸੁਰੱਖਿਆ ‘ਤੇ ਵਿਸੇLਸ਼ ਤੌਰ ‘ਤੇ ਧਿਆਨ ਕੇਂਦਰਤ ਰੱਖੇਗਾ, ਜਦਕਿ ਅਮਰੀਕਾ ਦੇ ਭਾਈਵਾਲ ਮੁਲਕ ਆਪਣੀ ਸੁਰੱਖਿਆ ਮੁੱਖ ਤੌਰ ‘ਤੇ ਆਪ ਵੇਖਣਗੇ ਅਤੇ ਅਮਰੀਕੀ ਸੁਰੱਖਿਆ ਸੈਕਟਰ ਵੱਲੋਂ ਉਨ੍ਹਾਂ ਦੀ ਇੱਕ ਸੀਮਤ ਮਦਦ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੱਛਮੀ ਅਰਧ ਗੋਲੇ (ਵੈਸਟਰਨ ਹੈਮੀਸਫੀਅਰ) ਵਿੱਚ ਅਮਰੀਕਾ ਨੇ ਆਪਣਾ ਪ੍ਰਭਾਵ ਕਾਇਮ ਰੱਖਣ ਅਤੇ ਵਧਾਉਣ ਦੀ ਗੱਲ ਕੀਤੀ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਕਾਰਜਕਾਲ ਵੇਲੇ ਅਪਣਾਈ ਗਈ ਅਮਰੀਕੀ ਸੁਰੱਖਿਆ ਰਣਨੀਤੀ ਵਿੱਚ ਚੀਨ ਨੂੰ ਲੰਮੇ ਦਾਅ ਤੋਂ ਅਤੇ ਰੂਸ ਨੂੰ ਤਤਕਾਲੀ ਸਮੇਂ ਵਿੱਚ ਅਮਰੀਕਾ ਦੀ ਸੁਰੱਖਿਆ ਲਈ ਗੰਭੀਰ ਖਤਰਾ ਮੰਨਿਆ ਗਿਆ ਸੀ। ਨਾਟੋ ਦੇ ਪੂਰਬੀ ਯੂਰਪੀ ਖੇਤਰਾਂ ਨੂੰ ਪ੍ਰਭਾਵਤ ਕਰਨ ਵਾਲੇ ਰੂਸ ਬਾਰੇ ਨਵੀਂ ਨੀਤੀ ਵਿੱਚ ਕਿਹਾ ਗਿਆ ਹੈ ਕਿ ਇਹ ਖਤਰਾ ਲਗਾਤਾਰਤਾ ਵਾਲਾ ਪਰ ਨਿਯਮਤ (ਮੈਨੇਜ) ਕਰਨ ਯੋਗ ਹੈ। ਜਦਕਿ ਇਸ ਨਵੀਂ ਸੁਰੱਖਿਆ ਨੀਤੀ ਵਿੱਚ ਚੀਨ ਨਾਲ ਅਦਬਪੂਰਣ ਰਿਸ਼ਤੇ ਰੱਖਣ ਦੀ ਗੱਲ ਕਹੀ ਗਈ ਹੈ। ਨਵੀਂ ਅਤੇ ਪੁਰਾਣੀ ਸੁਰੱਖਿਆ ਨੀਤੀ ਵਿੱਚ ਹੋਮਲੈਂਡ ਦੀ ਸੁਰੱਖਿਆ ‘ਤੇ ਬਰਾਬਰ ਧਿਆਨ ਦਿੱਤਾ ਗਿਆ ਹੈ; ਪਰ ਅਮਰੀਕੀ ਸੁਰੱਖਿਆ ਲਈ ਮਹਿਸੂਸੇ ਜਾ ਰਹੇ ਪ੍ਰਤੱਖ ਖਤਰਿਆਂ ਬਾਰੇ ਮੱਤਭੇਦ ਮੌਜੂਦ ਹਨ।
ਅਮਰੀਕਾ ਦੇ ਨਜ਼ਦੀਕੀ ਭਾਈਵਾਲ ਤਾਈਵਾਨ ਦਾ ਇਸ ਨਵੇਂ ਦਸਤਾਵੇਜ਼ ਵਿੱਚ ਕੋਈ ਜ਼ਿਕਰ ਨਹੀਂ ਹੈ, ਜਿਸ ਨੂੰ ਚੀਨ ਤੋਂ ਇੱਕ ਪ੍ਰਤੱਖ ਖ਼ਤਰਾ ਮੌਜੂਦ ਹੈ। ਨਵੀਂ ਜਾਰੀ ਕੀਤੀ ਗਈ ਸੁਰੱਖਿਆ ਨੀਤੀ ਵਿੱਚ ਸਰਹੱਦਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪਹਿਲੀਆਂ ਸਰਕਾਰਾਂ ਦੀ ਆਲੋਚਨਾ ਕੀਤੀ ਗਈ ਹੈ, ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਰਾਹੀਂ ਬੇਸ਼ੁਮਾਰ ਪਰਵਾਸੀਆਂ ਨੂੰ ਆਉਣ ਦਿੱਤਾ। ਲਾਤੀਨੀ ਅਮਰੀਕਾ ਨੂੰ ਇਸ ਨੀਤੀ ਵਿੱਚ ਆਪਣੇ ਸਿਖਰਲੇ ਏਜੰਡੇ ‘ਤੇ ਰੱਖਿਆ ਗਿਆ ਹੈ। ਸਪਸ਼ਟ ਹੈ ਕਿ ਅਮਰੀਕਾ ਇਰਾਨ ਵਿੱਚ ਜਾਂ ਤੇ ਇੱਕ ਵੈਨੇਜ਼ੂਏਲਾ ਵਾਂਗ ਸੀਮਤ ਜਿਹੀ ਕਾਰਵਾਈ ਕਰਨੀ ਚਾਹੁੰਦਾ ਹੈ ਅਤੇ ਜਾਂ ਫਿਰ ਇਰਾਨ ‘ਤੇ ਪ੍ਰਮਾਣੂ ਸਮਝੌਤੇ ਲਈ ਦਬਾਅ ਪਾਉਣ ਵਾਸਤੇ ਇਰਾਨ ਦੀ ਘੇਰਾਬੰਦੀ ਕਰ ਰਿਹਾ ਹੈ। ਉਂਝ ਇੱਡੀ ਵੱਡੀ ਫੌਜੀ ਨਕਲੋ ਹਰਕਤ ਬਿਨਾ ਕਾਰਨ ਤੋਂ ਨਹੀਂ ਹੋ ਸਕਦੀ।

Leave a Reply

Your email address will not be published. Required fields are marked *