ਪੀ.ਸੀ.ਐਸ. ਦੇ ਸਾਲਾਨਾ ਡਰਾਇੰਗ ਮੁਕਾਬਲੇ
ਪੰਜਾਬੀ ਪਰਵਾਜ਼ ਬਿਊਰੋ
ਸ਼ਿਕਾਗੋ: ਕਲਾ ਰਾਹੀਂ ਇਤਿਹਾਸ ਨੂੰ ਸੰਭਾਲਣ ਦੇ ਨਜ਼ਰੀਏ ਤੋਂ ਪੰਜਾਬੀ ਸੱਭਿਆਚਾਰਕ ਸੁਸਾਇਟੀ (ਪੀ.ਸੀ.ਐਸ.) ਸ਼ਿਕਾਗੋ ਵੱਲੋਂ ਕਰਵਾਏ ਗਏ ਦੂਜੇ ਸਾਲਾਨਾ ਡਰਾਇੰਗ ਮੁਕਾਬਲੇ ਦਾ ਉਪਰਾਲਾ ਸ਼ਲਾਘਾਯੋਗ ਤਾਂ ਸੀ ਹੀ, ਸਗੋਂ ਬੱਚਿਆਂ ਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦਾ ਵੀ ਖਾਸ ਉਦਮ ਸੀ। ਲੰਘੇ ਦਿਨੀਂ ਸ਼ਾਮਬਰਗ ਦੇ ਨੈਸ਼ਨਲ ਇੰਡੀਆ ਹੱਬ ਵਿੱਚ ਕਰਵਾਏ ਗਏ ਇਹ ਕਲਾ ਤੇ ਰੰਗਾਂ ਦੇ ਮੁਕਾਬਲੇ ਇਸ ਲਈ ਵੀ ਦਿਲਚਸਪ ਸਨ ਕਿ ਠੰਡ ਹੋਣ ਦੇ ਬਾਵਜੂਦ ਵੱਖ-ਵੱਖ ਵਰਗਾਂ ਦੇ ਬੱਚਿਆਂ ਵੱਲੋਂ ਇਨ੍ਹਾਂ ਵਿੱਚ ਸ਼ਮੂਲੀਅਤ ਕਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।
ਪੀ.ਸੀ.ਐਸ. ਸ਼ਿਕਾਗੋ ਦੀ ਟੀਮ ਵੀ ਇਸ ਦੂਜੇ ਸਾਲਾਨਾ ਯੁਵਾ ਕਲਾ ਮੁਕਾਬਲੇ ਦੀ ਮੇਜ਼ਬਾਨੀ ਕਰਦੀ ਮਾਣ ਮਹਿਸੂਸ ਕਰ ਰਹੀ ਸੀ। ਪੀ.ਸੀ.ਐਸ. ਅਨੁਸਾਰ ਬੱਚਿਆਂ ਅਤੇ ਨੌਜਵਾਨਾਂ ਵਿੱਚ ਪੰਜਾਬੀ ਵਿਰਾਸਤ ਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਹ ਸਮਾਗਮ ਪੀ.ਸੀ.ਐਸ.-2026 ਦੇ ਪ੍ਰਧਾਨ ਬਿਕਰਮ ਸੋਹੀ ਦੀ ਪ੍ਰੇਰਨਾਦਾਇਕ ਅਗਵਾਈ ਹੇਠ ਕਰਵਾਇਆ ਗਿਆ ਅਤੇ ਪੀ.ਸੀ.ਐਸ. ਦੇ ਬਾਕੀ ਨਵੇਂ-ਪੁਰਾਣੇ ਅਹੁਦੇਦਾਰਾਂ ਨੇ ਇਸ ਸਮਾਗਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ।
ਇਸ ਸਾਲ ਦੇ ਮੁਕਾਬਲੇ ਵਿੱਚ ਤਿੰਨ ਵਿਦਿਅਕ ਪੱਧਰਾਂ- ਐਲੀਮੈਂਟਰੀ ਸਕੂਲ, ਮਿਡਲ ਸਕੂਲ ਅਤੇ ਹਾਈ ਸਕੂਲ (ਟੈਂਪਲੇਟ ਸ਼੍ਰੇਣੀ ਤੇ ਫ੍ਰੀ ਹੈਂਡ ਸ਼੍ਰੇਣੀ) ਵਿੱਚ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲੀ। 30 ਤੋਂ ਵੱਧ ਬੱਚਿਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਅਤੇ ਇਤਿਹਾਸਕ ਸਮਝ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਲਈ ਵਿਸ਼ਾ 1799-1849 ਦੇ ਵਿਚਕਾਰ ਪੰਜਾਬ `ਤੇ ਕੇਂਦ੍ਰਿਤ ਸੀ, ਜੋ ਕਿ ਸ਼ੁਕਰਚੱਕੀਆ ਮਿਸਲ ਦੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਸਾਮਰਾਜ ਦੇ ਯੁੱਗ ਨੂੰ ਉਜਾਗਰ ਕਰਦਾ ਸੀ। ਜਦੋਂ ਬੱਚੇ ਹਾਲ ਵਿੱਚ ਬੈਠੇ ਆਪੋ-ਆਪਣੀ ਸਮਝ ਮੁਤਾਬਕ ਚਿੱਤਰ ਵਾਹ ਰਹੇ ਸਨ ਤੇ ਚਿੱਤਰਾਂ ਵਿੱਚ ਰੰਗ ਭਰ ਰਹੇ ਸਨ ਤਾਂ ਇਉਂ ਲੱਗ ਰਿਹਾ ਸੀ ਕਿ ਉਹ ਇਸ ਲਈ ਤਿਆਰੀ ਕਰ ਕੇ ਆਏ ਹਨ। ਇਸ ਮੌਕੇ ਮੌਜੂਦ ਮਾਪਿਆਂ ਅਤੇ ਹੋਰ ਪਤਵੰਤਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਬੱਚੇ ਆਪਣੇ ਭਾਈਚਾਰੇ ਨਾਲ ਜੁੜੇ ਰਹਿੰਦੇ ਹਨ ਅਤੇ ਵਿਰਸੇ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਮੁਕਾਬਲਿਆਂ ਲਈ ਪੰਜਾਬ ਦੇ ਸਮਾਂ ਕਾਲ 1799-1849 ਸਬੰਧੀ ਨੈੱਟ `ਤੇ ਇਤਿਹਾਸਿਕ ਫੋਲਾ-ਫਾਲੀ ਕਰਦੇ ਸਮੇਂ ਬੱਚੇ ਅਨੁਭਵ ਲੈਂਦੇ ਰਹੇ।
ਇਹ ਸਮਾਗਮ ਪਰਮਵੀਰ ਕੌਰ (ਲੀਡ ਈਵੈਂਟ ਪਲੈਨਰ ਅਤੇ ਬੀ.ਓ.ਡੀ.), ਗੁਰਪ੍ਰੀਤ ਸਿੱਧੂ (ਕਾਰਜਕਾਰੀ ਸਕੱਤਰ ਪੀ.ਸੀ.ਐਸ.), ਗੁਰਲਾਲ ਸਿੰਘ ਭੱਠਲ (ਵਾਈਸ ਪ੍ਰੈਜ਼ੀਡੈਂਟ), ਅਮਿਤਪਾਲ ਸਿੰਘ ਗਿੱਲ (ਆਈ.ਟੀ. ਡਾਇਰੈਕਟਰ), ਤੇਜਵੀਰ ਸੂਦਨ (ਪੀ.ਸੀ.ਐਸ. ਬੀ.ਓ.ਡੀ.) ਅਤੇ ਕੇਵਿਨ ਅਟਵਾਲ (ਪੀ.ਸੀ.ਐਸ. ਬੀ.ਓ.ਡੀ.) ਦੇ ਸਮਰਪਿਤ ਯਤਨਾਂ ਸਦਕਾ ਸੰਭਵ ਹੋਇਆ।
ਪ੍ਰੋਗਰਾਮ ਦੀ ਪ੍ਰਧਾਨਗੀ ਵਿਸ਼ੇਸ਼ ਮਹਿਮਾਨ ਪ੍ਰਿਮਲ ਕੌਰ, ਜੋ ਪੀ.ਸੀ.ਐਸ.-2026 ਲਈ ਚੇਅਰਵੁਮਨ ਵੀ ਹਨ ਅਤੇ ਇਲੀਨਾਏ ਸਟੇਟ ਸੈਨੇਟਰ ਕਰੀਨਾ ਵਿਲਾ ਨੇ ਕੀਤੀ। ਉਨ੍ਹਾਂ ਨੇ ਮਿਹਨਤੀ ਪਰਵਾਸੀਆਂ ਦੇ ਮੁੱਲਾਂ ਅਤੇ ਏਕਤਾ ਤੇ ਆਦਰਸ਼ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ `ਤੇ ਇੱਕ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤਾ। ਤਕਰੀਰ ਤੋਂ ਬਾਅਦ ਕੁਝ ਬੱਚਿਆਂ ਨੇ ਸੈਨੇਟਰ ਕਰੀਨਾ ਵਿਲਾ ਅਤੇ ਚੇਅਰਵੁਮਨ ਪ੍ਰਿਮਲ ਕੌਰ ਨਾਲ ਤਸਵੀਰਾਂ ਵੀ ਖਿਚਵਾਈਆਂ। ਇਸ ਮੌਕੇ ਦੋ ਬੱਚੀਆਂ- ਅਸੀਸ ਕੌਰ ਅਤੇ ਖੇਮ ਕੌਰ ਸੋਹੀ ਨੇ ਕਰੀਨਾ ਵਿਲਾ ਦੀ ਤਕਰੀਰ ਤੋਂ ਪ੍ਰਭਾਵਿਤ ਹੁੰਦਿਆਂ ਉਸ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਸੈਨੇਟਰ ਕਰੀਨਾ ਵਿਲਾ ਨੇ ਪੱਛਮੀ ਸ਼ਿਕਾਗੋ ਜ਼ਿਲ੍ਹਾ 33 ਸਿੱਖਿਆ ਬੋਰਡ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਹ ਇਲੀਨਾਏ ਸਟੇਟ ਦੇ ਕੰਪਟਰੋਲਰ ਲਈ ਵੀ ਚੋਣ ਲੜ ਰਹੀ ਹੈ।
ਮੁਕਾਬਲਿਆਂ ਦੌਰਾਨ ਵੱਖ-ਵੱਖ ਸ਼੍ਰੇਣੀਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਪ੍ਰਸ਼ੰਸਾ ਵਜੋਂ ਅਤੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮਾਨਤਾ ਦੇਣ ਵਜੋਂ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਐਲੀਮੈਂਟਰੀ ਸਕੂਲ (ਟੈਂਪਲੇਟ ਸ਼੍ਰੇਣੀ) ਵਿੱਚ ਪਹਿਲਾ ਸਥਾਨ ਖੇਮ ਕੌਰ ਸੋਹੀ (ਸਕੋਰ: 41), ਦੂਜਾ ਸਥਾਨ ਅਯਾਨ ਸਿੰਘ (ਸਕੋਰ: 40.7) ਅਤੇ ਤੀਜਾ ਸਥਾਨ ਸਿਦਕ ਮਾਂਗਟ (ਸਕੋਰ: 37.7) ਦੇ ਪ੍ਰਾਪਤ ਕੀਤਾ। ਐਲੀਮੈਂਟਰੀ ਸਕੂਲ (ਫ੍ਰੀ ਹੈਂਡ ਸ਼੍ਰੇਣੀ) ਵਿੱਚ ਬਾਣੀ ਗਿੱਲ (ਸਕੋਰ: 37) ਪਹਿਲਾ, ਪ੍ਰਭਦੀਪ ਸਿੰਘ ਮਾਕਨ (ਸਕੋਰ: 34.7) ਦੂਜਾ ਅਤੇ ਏਕਮ ਸਿੰਘ (ਸਕੋਰ: 31.7) ਤੀਜਾ ਸਥਾਨ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ।
ਇਸ ਤੋਂ ਇਲਾਵਾ ਮਿਡਲ ਸਕੂਲ ਸ਼੍ਰੇਣੀ ਵਿੱਚ ਪਹਿਲਾ ਸਥਾਨ ਰਮਣੀਕ ਗਿੱਲ (ਸਕੋਰ: 43), ਦੂਜਾ ਸਥਾਨ ਅਨਮੋਲਦੀਪ ਸਿੰਘ ਮਾਕਨ (ਸਕੋਰ: 42.3) ਅਤੇ ਤੀਜਾ ਸਥਾਨ ਮੋਹਕਮ ਸਿੰਘ ਸੋਹੀ (ਸਕੋਰ: 39.7) ਨੂੰ ਪ੍ਰਾਪਤ ਹੋਇਆ। ਜਦੋਂ ਕਿ ਹਾਈ ਸਕੂਲ ਸ਼੍ਰੇਣੀ ਵਿੱਚ ਪਹਿਲੇ ਸਥਾਨ `ਤੇ ਅਵਨੀ ਕੌਰ (ਸਕੋਰ: 36.7), ਦੂਜੇ ਸਥਾਨ `ਤੇ ਕੀਰਤ ਗਿੱਲ (ਸਕੋਰ: 33.7) ਅਤੇ ਤੀਜੇ ਸਥਾਨ `ਤੇ ਸਹਜ ਸਿੱਧੂ (ਸਕੋਰ: 33.3) ਰਹੀਆਂ। ਜੱਜਾਂ ਦੀ ਭੂਮਿਕਾ ਕਰਨ ਸੋਹੀ ਤੇ ਹੋਰਨਾਂ ਨੇ ਨਿਭਾਈ। ਸਟੇਜ ਦੀ ਕਾਰਵਾਈ ਗੁਰਲਾਲ ਸਿੰਘ ਭੱਠਲ, ਅਮਿਤਪਾਲ ਸਿੰਘ ਗਿੱਲ, ਪਰਮਵੀਰ ਕੌਰ ਤੇ ਰਾਜਿੰਦਰਬੀਰ ਸਿੰਘ ਮਾਗੋ ਨੇ ਸੰਭਾਲੀ।
ਸੰਸਥਾ ਅਨੁਸਾਰ ਇਹ ਮੁਕਾਬਲਾ ਇੱਕ ਵਾਰ ਫਿਰ ਪੀ.ਸੀ.ਐਸ. ਦੀ ਪੰਜਾਬੀ ਇਤਿਹਾਸ ਨੂੰ ਸਾਂਭਣ, ਸੱਭਿਆਚਾਰਕ ਪਛਾਣ ਦਾ ਜਸ਼ਨ ਮਨਾਉਣ ਅਤੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਵਿੱਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਮਾਗਮ ਦੇ ਅਖੀਰ ਵਿੱਚ ਬੱਚਿਆਂ, ਮਾਪਿਆਂ, ਪ੍ਰਬੰਧਕਾਂ ਅਤੇ ਵਾਲੰਟੀਅਰਾਂ ਲਈ ਪੀਜ਼ੇ ਅਤੇ ਕੱਪ-ਕੇਕਜ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
