ਕੀ ਦੇਸ਼ ਅਸਹਿਜ ਸੱਚ ਸੁਣਨ ਤੋਂ ਡਰਨ ਲੱਗ ਪਿਆ ਹੈ?

ਵਿਚਾਰ-ਵਟਾਂਦਰਾ

ਏ.ਆਰ. ਰਹਿਮਾਨ ਦੀ ਟਿੱਪਣੀ ’ਤੇ ਵਿਵਾਦ
ਮਨੋਜ ਕੁਮਾਰ ਝਾਅ*
ਜਦੋਂ ਕਿਸੇ ਕਲਾਕਾਰ, ਲੇਖਕ ਜਾਂ ਆਮ ਨਾਗਰਿਕ ਨੂੰ ਸਿਰਫ਼ ਸ਼ੀਸ਼ਾ ਦਿਖਾਉਣ ਲਈ ਸਜ਼ਾ ਦਿੱਤੀ ਜਾਣ ਲੱਗੇ ਤਾਂ ਸਮੱਸਿਆ ਸ਼ੀਸ਼ੇ ਵਿੱਚ ਨਹੀਂ ਹੁੰਦੀ। ਦਰਾਰਾਂ ਤਾਂ ਪਹਿਲਾਂ ਤੋਂ ਹੀ ਮੌਜੂਦ ਹੁੰਦੀਆਂ ਹਨ। ਬਦਲਾਅ ਇਹ ਆਇਆ ਹੈ ਕਿ ਸਾਨੂੰ ਉਹ ਦਰਾਰਾਂ ਨਾ ਵੇਖਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ-ਟੁੱਟਣ ਨੂੰ ਨਕਾਰਨਾ ਅਤੇ ਸੱਚ ਕਹਿਣ ਨੂੰ ਗ਼ੱਦਾਰੀ ਸਮਝਣਾ।

ਏ.ਆਰ. ਰਹਿਮਾਨ ਨੇ ਇਨ੍ਹੀਂ ਦਿਨੀਂ ਬਾਲੀਵੁੱਡ ’ਤੇ ਫ਼ਿਰਕੂ ਪ੍ਰਭਾਵ ਬਾਰੇ ਗੱਲ ਕੀਤੀ ਸੀ। ਏ.ਆਰ. ਰਹਿਮਾਨ ਨੇ ਵੀ ਸਿਰਫ਼ ਉਹੀ ਗੱਲ ਕਹੀ ਜੋ ਅੱਜ ਦੇਸ਼ ਵਿੱਚ ਲੱਖਾਂ ਲੋਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਉੱਤੇ ਹੋਇਆ ਹਮਲਾ ਇਹ ਦੱਸਦਾ ਹੈ ਕਿ ਸਾਨੂੰ ਝੂਠ ਨਹੀਂ, ਸੱਚ ਅਸਹਿਜ ਕਰਦਾ ਹੈ।
ਮੁੰਬਈ ਫ਼ਿਲਮ ਉਦਯੋਗ ਵਿੱਚ ਵੱਧ ਰਹੇ ਧਾਰਮਿਕ ਧਰੁਵੀਕਰਨ ਬਾਰੇ ਏ.ਆਰ. ਰਹਮਾਨ ਦੀ ਟਿੱਪਣੀ ਦਰਅਸਲ ਕੌਮੀ ਆਤਮ-ਚਿੰਤਨ ਦਾ ਮੌਕਾ ਬਣ ਸਕਦੀ ਸੀ। ਉਹ ਨਾ ਉਕਸਾਉਣ ਵਾਲੀ ਸੀ, ਨਾ ਕਿਸੇ ਖ਼ਾਸ ਪੱਖ ਦੀ। ਇਹ ਇੱਕ ਐਸੇ ਕਲਾਕਾਰ ਦੀ ਸ਼ਾਂਤ ਅਤੇ ਸੋਚ-ਵਿਚਾਰ ਭਰੀ ਗੱਲ ਸੀ, ਜਿਸਦਾ ਪੂਰਾ ਜੀਵਨ ਕੰਮ ਧਰਮ, ਭਾਸ਼ਾ ਅਤੇ ਰਾਸ਼ਟਰ ਦੀਆਂ ਹੱਦਾਂ ਤੋਂ ਉੱਪਰ ਉਠਦਾ ਰਿਹਾ ਹੈ। ਪਰ ਇਸਦੇ ਬਦਲੇ, ਪ੍ਰਤੀਕਿਰਿਆ ਤੁਰੰਤ ਅਤੇ ਜ਼ਹਿਰੀਲੀ ਸੀ। ਸੋਸ਼ਲ ਮੀਡੀਆ `ਤੇ ਟ੍ਰੋਲਾਂ ਨੇ ਝੁੰਡ ਬਣਾ ਕੇ ਉਨ੍ਹਾਂ ਉੱਤੇ ਹਮਲੇ ਕੀਤੇ, ਉਨ੍ਹਾਂ ਨੂੰ ਪੱਖਪਾਤੀ ਅਤੇ ‘ਦੇਸ਼ਦ੍ਰੋਹੀ’ ਤੱਕ ਕਹਿ ਦਿੱਤਾ। ਜਿਵੇਂ ਸਮੱਸਿਆ ਦਾ ਨਾਮ ਲੈਣਾ ਹੀ ਅਪਰਾਧ ਬਣ ਗਿਆ ਹੋਵੇ।
ਕੁਝ ਹਮਲੇ ਸਿੱਧੀ ਗਾਲੀ-ਗਲੌਚ ਦੇ ਰੂਪ ਵਿੱਚ ਸਨ ਤੇ ਕੁਝ ਉਨ੍ਹਾਂ ਲੋਕਾਂ ਵੱਲੋਂ ਆਏ ਜੋ ਆਪਣੇ ਆਪ ਨੂੰ ‘ਉਦਾਰ’ ਕਹਿੰਦੇ ਹਨ ਪਰ ਉਨ੍ਹਾਂ ਦੀ ਮਿੱਠੀ ਬੋਲੀ ਵਿੱਚ ਵੀ ਕੁੜਤਣ ਛੁਪੀ ਹੋਈ ਸੀ। ਅਣਜਾਣੇ ਵਿੱਚ ਹੀ, ਇਨ੍ਹਾਂ ਸਾਰੀਆਂ ਪ੍ਰਤੀਕਿਰਿਆਵਾਂ ਨੇ ਰਹਿਮਾਨ ਦੇ ਉਸੇ ਫ਼ਿਕਰ ਨੂੰ ਸੱਚ ਸਾਬਤ ਕਰ ਦਿੱਤਾ, ਜਿਸ ਵੱਲ ਉਹ ਧਿਆਨ ਦਿਵਾ ਰਹੇ ਸਨ।
ਇਹ ਮਾਮਲਾ ਰਹਿਮਾਨ ਦੀ ‘ਰਾਜਨੀਤੀ’ ਨਹੀਂ, ਸਗੋਂ ਸਾਡੀ ਸੁਣਨ ਦੀ ਸਮਰੱਥਾ ਦੇ ਘਟਣ ਦਾ ਸਬੂਤ ਹੈ। ਅੱਜ ਦੇ ਸਮੇਂ ਵਿੱਚ-ਜਦੋਂ ਪਛਾਣ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ, ਸੱਚ ਆਪ ਹੀ ਬਗਾਵਤ ਜਿਹਾ ਲੱਗਣ ਲੱਗ ਪਿਆ ਹੈ। ਧਰੁਵੀਕਰਨ ਸਿਰਫ਼ ਉੱਪਰੋਂ ਨਹੀਂ ਥੋਪਿਆ ਜਾਂਦਾ; ਇਸਨੂੰ ਹੇਠਾਂ ਤੋਂ ਵੀ ਪ੍ਰਵਾਨਗੀ ਮਿਲਦੀ ਹੈ। ਗੁੱਸੇ ਦੀ ਅਰਥਵਿਵਸਥਾ, ਸੋਸ਼ਲ ਮੀਡੀਆ ਦੇ ਐਲਗੋਰਿਦਮ ਅਤੇ ਇੱਕ ਐਸਾ ਜਨਤਕ ਵਾਤਾਵਰਨ- ਜਿੱਥੇ ਹਕੀਕਤ ਨਾਲੋਂ ਤਮਾਸ਼ੇ ਨੂੰ ਵੱਧ ਤਰਜੀਹ ਮਿਲਦੀ ਹੈ-ਇਸਨੂੰ ਹੋਰ ਮਜਬੂਤ ਕਰਦੇ ਹਨ।
ਰਹਿਮਾਨ ਦਾ ਸੰਗੀਤ ਸਾਨੂੰ ਸਾਲਾਂ ਤੋਂ ਇਹ ਸਿਖਾਉਂਦਾ ਆਇਆ ਹੈ ਕਿ ਸਾਂਝ ਦਾ ਮਤਲਬ ਇੱਕੋ ਜਿਹਾ ਹੋਣਾ ਨਹੀਂ ਹੁੰਦਾ। ਸਾਂਝ ਦਾ ਅਰਥ ਹੈ ਵੱਖ-ਵੱਖ ਆਵਾਜ਼ਾਂ ਦਾ ਇੱਕ-ਦੂਜੇ ਨਾਲ ਗੂੰਜਣਾ। ਐਸੇ ਕਲਾਕਾਰ ਨੂੰ ਨਿਸ਼ਾਨਾ ਬਣਾਉਣਾ ਇਹ ਮੰਨਣਾ ਹੈ ਕਿ ਇੱਕ ਸਮਾਜ ਵਜੋਂ ਸਾਡੇ ਅੰਦਰ ਨਫ਼ਰਤ ਕਿੰਨੀ ਡੂੰਘੀ ਬੈਠ ਚੁੱਕੀ ਹੈ। ਜੋ ਸਮਾਜ ਆਪਣੇ ਆਪ ਵਿੱਚ ਸੁਰੱਖਿਅਤ ਹੁੰਦਾ ਹੈ, ਉਹ ਆਪਣੇ ਪ੍ਰਤੀਬਿੰਬ ਤੋਂ ਨਹੀਂ ਡਰਦਾ। ਅਸਲ ਬੇਈਮਾਨੀ ਸਮੱਸਿਆ ਨੂੰ ਨਾ ਕਹਿਣ ਵਿੱਚ ਨਹੀਂ, ਸਗੋਂ ਉਸਦੇ ਮੌਜੂਦ ਹੋਣ ਤੋਂ ਇਨਕਾਰ ਕਰਨ ਵਿੱਚ ਹੈ-ਅਤੇ ਚੁੱਪੀ ਨੂੰ ਏਕਤਾ ਤੇ ਸ਼ਾਂਤੀ ਸਮਝ ਲੈਣ ਵਿੱਚ ਹੈ।
ਜਦੋਂ ਮਿਲਜੁਲ ਕੇ ਰਹਿਣ ਦੀ ਅਪੀਲ ਨੂੰ ਵੈਰ ਸਮਝਿਆ ਜਾਣ ਲੱਗੇ, ਜਦੋਂ ਵੰਨ-ਸੁਵੰਨਤਾ ਦੀ ਯਾਦ ਦਿਵਾਉਣਾ ਹਮਲਾ ਮੰਨਿਆ ਜਾਣ ਲੱਗੇ, ਤਾਂ ਇਹ ਸਾਫ਼ ਇਸ਼ਾਰਾ ਹੁੰਦਾ ਹੈ ਕਿ ਅਸਹਿਣਸ਼ੀਲਤਾ ਸਾਡੀ ਜਨਤਕ ਸੋਚ ਵਿੱਚ ਕਿੰਨੀ ਡੂੰਘੀ ਵਸ ਚੁੱਕੀ ਹੈ। ਅੱਜ ਵੰਡ ਪੈਦਾ ਕਰਨ ਵਾਲੀਆਂ ਗੱਲਾਂ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ, ਵੱਧ ਤਾੜੀਆਂ ਮਿਲਦੀਆਂ ਹਨ ਅਤੇ ਏਕਤਾ ਦੀਆਂ ਗੱਲਾਂ ਨਾਲੋਂ ਵੱਧ ਭਾਵਨਾਤਮਕ ਤਾਕਤ ਖਿੱਚਦੀਆਂ ਹਨ।
ਨਫ਼ਰਤ ਹੁਣ ਪ੍ਰਦਰਸ਼ਨ ਬਣ ਗਈ ਹੈ। ਗੁੱਸਾ ਪਛਾਣ ਦਾ ਬੈਜ ਹੈ। ਸੰਜਮ ਕਾਇਰਤਾ ਲੱਗਦਾ ਹੈ, ਨਜ਼ਾਕਤ ਸ਼ੱਕੀ ਅਤੇ ਹਮਦਰਦੀ ਲਗਭਗ ਖ਼ਤਰਨਾਕ। ਰਹਿਮਾਨ ਦੇ ਸ਼ਬਦ ਕੋਈ ਐਲਾਨਨਾਮਾ ਨਹੀਂ ਸਨ; ਉਹ ਇੱਕ ਡੂੰਘੀ ਤੜਪ ਵਰਗੇ ਸਨ-ਉਸ ਦੇਸ਼ ਅਤੇ ਉਸ ਸਮਾਜ ਬਾਰੇ, ਜਿਸਨੂੰ ਉਹ ਪਿਆਰ ਕਰਦੇ ਹਨ ਅਤੇ ਜੋ ਬਦਲ ਰਿਹਾ ਹੈ। ਇਸ ਤਰ੍ਹਾਂ ਦੀ ਗੱਲ `ਤੇ ਵੀ ਜਦੋਂ ਗਾਲ੍ਹਾਂ ਦੀ ਬਾਰਿਸ਼ ਹੋਵੇ, ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਅਸਹਿਜ ਸੱਚ ਸੁਣਨ ਤੋਂ ਕਿੰਨੇ ਹਿਚਕਿਚਾਉਂਦੇ ਹਾਂ।
ਇੱਥੇ ਗੱਲ ਸਿਰਫ਼ ਸੋਸ਼ਲ ਮੀਡੀਆ ਤੱਕ ਸੀਮਿਤ ਨਹੀਂ। ਇਹ ਇੱਕ ਵੱਡੇ ਸੱਭਿਆਚਾਰਕ ਬਦਲਾਅ ਦਾ ਸ਼ੀਸ਼ਾ ਹੈ, ਜਿੱਥੇ ਪਛਾਣ ਨੂੰ ਸਖ਼ਤ ਹਥਿਆਰ ਬਣਾਇਆ ਜਾ ਰਿਹਾ ਹੈ ਅਤੇ ਵੱਖਰੇਪਨ ਨੂੰ ਖ਼ਤਰਾ ਸਮਝਿਆ ਜਾ ਰਿਹਾ ਹੈ। ਸਿਨੇਮਾ-ਜੋ ਕਦੇ ਭਾਰਤ ਦੀ ਸਭ ਤੋਂ ਵਧੇਰੇ ਵੰਨ-ਸੁਵੰਨੀ ਕਲਾ ਸੀ-ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਮੁੰਬਈ ਫ਼ਿਲਮ ਉਦਯੋਗ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਇਲਾਕਿਆਂ ਦੇ ਲੋਕਾਂ ਦੀ ਸਾਂਝ ਨਾਲ ਖੜਾ ਹੋਇਆ। ਉਸਦੀ ਖੂਬਸੂਰਤੀ ਇਸੀ ਮਿਲਾਪ ਵਿੱਚ ਸੀ।
ਰਹਿਮਾਨ ਉਸੀ ਵਿਰਾਸਤ ਦਾ ਪ੍ਰਤੀਕ ਹਨ। ਵੰਦੇ ਮਾਤਰਮ ਤੋਂ ਜੈ ਹੋ ਤੱਕ, ਸੂਫ਼ੀ ਰੰਗ ਤੋਂ ਲੈ ਕੇ ਆਧੁਨਿਕ ਤਜਰਬਿਆਂ ਤੱਕ, ਉਨ੍ਹਾਂ ਦਾ ਸੰਗੀਤ ਵੱਖ-ਵੱਖ ਸੱਭਿਆਚਾਰਾਂ ਨੂੰ ਇੱਕ ਸਾਂਝੀ ਮਨੁੱਖੀ ਭਾਵਨਾ ਵਿੱਚ ਜੋੜਦਾ ਹੈ। ਉਹ ਕਦੇ ਨਹੀਂ ਪੁੱਛਦਾ ਕਿ ਤੁਸੀਂ ਕੌਣ ਹੋ; ਉਹ ਤੁਹਾਨੂੰ ਮਨੁੱਖ ਮੰਨ ਕੇ ਚੱਲਦਾ ਹੈ।
ਪਰ ਰਹਿਮਾਨ `ਤੇ ਹਮਲਾ ਇੱਕ ਵੱਡੇ ਰੁਝਾਨ ਦਾ ਹਿੱਸਾ ਹੈ। ਜੋ ਵੀ ਕਲਾਕਾਰ, ਲੇਖਕ, ਪੱਤਰਕਾਰ ਜਾਂ ਅਧਿਆਪਕ ਵੰਨ-ਸੁਵੰਨਤਾ ਦੀ ਗੱਲ ਕਰਦਾ ਹੈ ਜਾਂ ਧਰੁਵੀ ਕਰਨ ਤੋਂ ਚੇਤਾਵਨੀ ਦਿੰਦਾ ਹੈ, ਉਸਨੂੰ ਤੇਜ਼ੀ ਨਾਲ ‘ਰਾਸ਼ਟਰ-ਵਿਰੋਧੀ’ ਕਰਾਰ ਦਿੱਤਾ ਜਾਂਦਾ ਹੈ। ਭਾਸ਼ਾ ਬਦਲ ਜਾਂਦੀ ਹੈ, ਪਰ ਨੀਅਤ ਇੱਕੋ ਰਹਿੰਦੀ ਹੈ-ਉਸ ਹਰ ਕਹਾਣੀ ਨੂੰ ਗ਼ੈਰ-ਕਾਨੂੰਨੀ ਬਣਾਉਣਾ ਜੋ ਰਾਸ਼ਟਰ ਦੀ ਇੱਕੋ ਜਿਹੀ ਤਸਵੀਰ ਨੂੰ ਚੁਣੌਤੀ ਦੇਵੇ।
ਅਸੀਂ ਭੁੱਲ ਰਹੇ ਹਾਂ ਕਿ ਭਾਰਤ ਦੀ ਅਸਲੀ ਤਾਕਤ ਕਦੇ ਵੀ ਇੱਕਰੂਪਤਾ ਵਿੱਚ ਨਹੀਂ ਰਹੀ, ਸਗੋਂ ਵਿਰੋਧਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਵਿੱਚ ਰਹੀ ਹੈ। ਇੱਥੇ ਧਰਮ-ਨਿਰਪੇਖਤਾ ਦਾ ਅਰਥ ਧਰਮ ਨੂੰ ਮਿਟਾਉਣਾ ਨਹੀਂ ਸੀ, ਸਗੋਂ ਇਹ ਯਕੀਨੀ ਬਣਾਉਣਾ ਸੀ ਕਿ ਕੋਈ ਇੱਕ ਧਰਮ ਸਭ `ਤੇ ਹਾਵੀ ਨਾ ਹੋਵੇ। ਵੰਨ-ਸੁਵੰਨਤਾ ਸਾਡੀ ਮਜਬੂਰੀ ਨਹੀਂ, ਸਾਡੀ ਨੀਂਹ ਸੀ।
ਅੱਜ ਉਸ ਨੈਤਿਕ ਸੋਚ ਦਾ ਘਿਸਣਾ ਸਾਫ਼ ਦਿੱਸ ਰਿਹਾ ਹੈ। ਰਾਜਨੀਤੀ ਨੇ ਸਮਝ ਲਿਆ ਹੈ ਕਿ ਡਰ, ਆਸ ਨਾਲੋਂ ਵੱਧ ਤੇਜ਼ੀ ਨਾਲ ਸਮਰਥਨ ਇਕੱਠਾ ਕਰਦਾ ਹੈ। ਐਲਗੋਰਿਦਮ ਗੁੱਸੇ ਨੂੰ ਵਧਾਉਂਦੇ ਹਨ। ਟੀ.ਵੀ. ਬਹਿਸਾਂ ਉੱਚੀ ਆਵਾਜ਼ ਨੂੰ ਇਨਾਮ ਦਿੰਦੀਆਂ ਹਨ। ਇਸ ਮਾਹੌਲ ਵਿੱਚ ਸਾਂਝ ਫਿੱਕੀ ਅਤੇ ਜਟਿਲਤਾ ਥਕਾਉਣ ਵਾਲੀ ਲੱਗਦੀ ਹੈ।
ਸਵਾਲ ਇਹ ਨਹੀਂ ਕਿ ਰਹਿਮਾਨ ਸਹੀ ਹਨ ਜਾਂ ਗਲਤ। ਸਵਾਲ ਇਹ ਹੈ ਕਿ ਕੀ ਅਸੀਂ ਸੱਚ ਸੁਣਨ ਦੀ ਹਿੰਮਤ ਰੱਖਦੇ ਹਾਂ? ਸਮੱਸਿਆ ਦਾ ਹੱਲ ਚੁੱਪ ਕਰਵਾਉਣ ਵਿੱਚ ਨਹੀਂ, ਸਗੋਂ ਅਸਹਿਜ ਸੱਚ ਦਾ ਸਾਹਮਣਾ ਕਰਨ ਵਿੱਚ ਹੈ। ਗੁੱਸੇ ਦੀ ਥਾਂ ਕਰੁਣਾ, ਬਹਿਸ ਦੀ ਥਾਂ ਸੁਣਨ ਅਤੇ ਵੰਡ ਦੀ ਥਾਂ ਸਾਂਝ-ਸ਼ਾਇਦ ਇਹੀ ਅਸਲੀ ਦੇਸ਼ਭਗਤੀ ਹੈ।
(*ਲੇਖਕ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਹਨ।)

Leave a Reply

Your email address will not be published. Required fields are marked *