ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਫਰੀ ਟਰੇਡ ਸਮਝੌਤੇ ‘ਤੇ ਸਹਿਮਤੀ ਬਣੀ

ਖਬਰਾਂ ਗੂੰਜਦਾ ਮੈਦਾਨ

*ਕੁਝ ਕਾਨੂੰਨੀ ਅੜਿੱਕਿਆਂ ਕਾਰਨ 6 ਮਹੀਨੇ ਬਾਅਦ ਹੋਣਗੇ ਦਸਤਖਤ
*ਯੂਰਪ ਦਾ ਨੱਬੇ ਫੀਸਦੀ ਮਾਲ ਹੋਵੇਗਾ ਆਯਾਤ ਸ਼ੁਲਕ ਤੋਂ ਮੁਕਤ
ਪੰਜਾਬੀ ਪਰਵਾਜ਼ ਬਿਊਰੋ
ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਕਰ ਮੁਕਤ ਵਪਾਰ ਸਮਝੌਤਾ ਲਗਪਗ ਸਿਰੇ ਚੜ੍ਹ ਗਿਆ ਦੱਸਿਆ ਜਾਂਦਾ ਹੈ; ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਇਸ ‘ਤੇ ਦਸਤਖਤ 6 ਕੁ ਮਹੀਨੇ ਬਾਅਦ ਕੀਤੇ ਜਾਣਗੇ, ਕਿਉਂਕਿ ਇਸ ਸੰਬੰਧ ਵਿੱਚ ਕਈ ਕਾਨੂੰਨੀ ਪ੍ਰਬੰਧ/ਉਪਬੰਧ ਕਰਨੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸਾਰੇ ਸਮਝੌਤਿਆਂ ਦੀ ਮਾਂ ਹੈ ਅਤੇ ਗਲੋਬਲ ਡਬਲ ਇੰਜਨ ਸਾਬਤ ਹੋਵੇਗਾ।

ਉਸ ਵਕਤ ਜਦੋਂ ਅਮਰੀਕਾ ਵੱਲੋਂ ਭਾਰਤੀ ਵਸਤਾਂ ਦੀ ਬਰਾਮਦ ‘ਤੇ 50% ਟੈਕਸ ਲਗਾਇਆ ਹੋਇਆ ਤਾਂ ਹਿੰਦੋਸਤਾਨੀ ਕਾਰੋਬਾਰੀ ਖੇਤਰ ਲਈ ਇਹ ਸਮਝੌਤਾ ਰਾਹਤ ਬਣ ਕੇ ਬਹੁੜੇਗਾ। ਇਸ ਸਮਝੌਤੇ ਤਹਿਤ ਭਾਰਤ ਵੱਲ ਦਰਾਮਦ ਹੋਣ ਵਾਲੀਆਂ ਬਹੁਤ ਸਾਰੀਆਂ ਵਸਤਾਂ ‘ਤੇ ਜ਼ੀਰੋ ਫੀਸਦੀ ਟੈਕਸ ਲੱਗੇਗਾ। ਦੋਹਾਂ ਮੁਲਕਾਂ ਵੱਲੋਂ ਕੁੱਲ ਦਰਾਮਦ-ਬਰਾਮਦ ਦੀਆਂ ਤਕਰੀਬਨ 90 ਫੀਸਦੀ ਵਸਤਾਂ ਨੂੰ ਕਰ ਮੁਕਤ ਕੀਤੇ ਜਾਣ ‘ਤੇ ਸਹਿਮਤੀ ਹੋਈ ਹੈ। ਇਸ ਸੰਬੰਧ ਵਿੱਚ ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਅੱਜ ਕਿਹਾ ਕਿ ਦੋਹਾਂ ਮੁਲਕਾਂ ਵਿਚਕਾਰ ਇਹ ਕਰ ਮੁਕਤ ਵਪਾਰ ਸਮਝੌਤਾ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦਾ ਆਖਣਾ ਹੈ ਕਿ ਯੂਰਪੀਅਨ ਯੂਨੀਅਨ ਨਾਲ ਸੰਬੰਧਤ ਮੁਲਕਾਂ ਨੂੰ ਇਸ ਸਮਝੌਤੇ ਦੇ ਸਿੱਟੇ ਵਜੋਂ 4 ਬਿਲੀਅਨ ਯੂਰੋ ਦੀ ਬੱਚਤ ਹੋਵੇਗੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਰਪੀਅਨ ਯੂਨੀਅਨ ਨਾਲ ਲੰਮੇ ਸਮੇਂ ਤੋਂ ਵਿਚਾਰ ਅਧੀਨ ਪਿਆ ਕਰ ਮੁਕਤ ਵਪਾਰ ਸਮਝੌਤਾ (ਫਰੀ ਟਰੇਡ ਐਗਰੀਮੈਂਟ) ਸਿਰੇ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਦੁਵੱਲੇ ਕਾਰੋਬਾਰੀ ਰਿਸ਼ਤਿਆਂ ਵਿੱਚ ਇਹ ਸਮਝੌਤਾ ਬੇਹੱਦ ਲਾਭਕਾਰੀ ਸਾਬਤ ਹੋਵੇਗਾ। ਇੱਕ ਯੂਰਪੀਅਨ ਅੰਕੜਾ ਸ਼ੀਟ ਅਨੁਸਾਰ ਇਸ ਸਮਝੌਤੇ ਨਾਲ ਯੂਰਪ ਅਤੇ ਭਾਰਤ ਵਿਚਕਾਰ ਵਪਾਰ ਦੁਗਣਾ ਹੋ ਜਾਵੇਗਾ। ਇਸ ਨਾਲ ਭਾਰਤ ਵਿੱਚ ਸੇਵਾਵਾਂ ਦੇ ਖੇਤਰ ਤੱਕ ਪਹੁੰਚ ਵਿਸ਼ਾਲ ਹੋਵੇਗੀ; ਖਾਸ ਕਰਕੇ ਵਿੱਤੀ ਅਤੇ ਸਮੁੰਦਰੀ ਆਵਾਜਾਈ ਦੇ ਖੇਤਰ ਵਿਚ। ਇਸ ਨਾਲ ਵਪਾਰ ਦੇ ਨਵੇਂ ਖੇਤਰ ਵੀ ਖੁਲ੍ਹਣਗੇ ਅਤੇ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਸ ਸਮਝੌਤੇ ਦੇ ਤਹਿਤ ਬਹੁਤ ਸਾਰੀਆਂ ਯੂਰਪੀਨ ਵਸਤਾਂ ਦੇ ਭਾਰਤ ਵੱਲ ਆਯਾਤ ‘ਤੇ ਜ਼ੀਰੋ ਫੀਸਦੀ ਟੈਕਸ ਲੱਗੇਗਾ। ਇਨ੍ਹਾਂ ਵਸਤਾਂ ਵਿੱਚ ਇਲੈਕਟਰੌਨਿਕ ਸਾਜ਼ੋ-ਸਮਾਨ, ਹਵਾਈ ਜਹਾਜ਼ ਅਤੇ ਸਪੇਸ ਵਾਹਨ, ਅੱਖਾਂ ਦੇ ਇਲਾਜ ਵਾਲੀਆਂ ਵਸਤਾਂ, ਮੈਡੀਕਲ ਅਤੇ ਸਰਜੀਕਲ ਸਾਜ਼ੋ-ਸਮਾਨ ਪਲਾਸਟਿਕ, ਵੱਖ-ਵੱਖ ਕਿਸਮ ਦੇ ਮੋਤੀ, ਕੀਮਤੀ ਪੱਥਰ, ਧਾਤਾਂ, ਵੱਖ-ਵੱਖ ਕਿਸਮ ਦੇ ਰਸਾਇਣ, ਗੱਡੀਆਂ, ਲੋਹਾ, ਸਟੀਲ ਅਤੇ ਦਵਾਈਆਂ ਸ਼ਾਮਲ ਹਨ। ਕਾਰਾਂ `ਤੇ ਆਯਾਤ ਕਰ ਕਿਸ਼ਤਾਂ ਵਿੱਚ ਘੱਟ ਕੀਤਾ ਜਾਵੇਗਾ। ਅੱਜਕਲ੍ਹ ਇਹ 110 ਫੀਸਦੀ ਹੈ। ਹੌਲੀ-ਹੌਲੀ ਇਸ ਨੂੰ ਘਟਾ ਕੇ 10 ਫੀਸਦੀ ਕਰ ਦਿੱਤਾ ਜਾਵੇਗਾ। ਸ਼ਰਾਬ ‘ਤੇ ਆਯਾਤ ਟੈਕਸ 150 ਫੀਸਦੀ ਤੋਂ ਘਟਾ ਕੇ 20 ਫੀਸਦੀ ਕੀਤਾ ਜਾਵੇਗਾ। ਮੌਜੂਦਾ ਦੌਰ ਵਿੱਚ ਬਰੈਡ, ਬਿਸਕੁਟ ਅਤੇ ਚੌਕਲੇਟ ਵਗੈਰਾ ‘ਤੇ ਆਯਾਤ ਟੈਕਸ 50 ਫੀਸਦੀ ਹੈ। ਆਉਂਦੇ ਸਮੇਂ ਵਿੱਚ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਜੈਤੂਨ ਦੇ ਤੇਲ, ਮਾਰਜਰਾਈਨ ਅਤੇ ਹੋਰ ਹਰਬਲ-ਵੈਜੀਟੇਬਲ ਤੇਲਾਂ ‘ਤੇ ਆਯਾਤ ਕਰ 45 ਫੀਸਦੀ ਹੋਵੇਗਾ। ਫਲਾਂ ਦੇ ਜੂਸਾਂ ਅਤੇ ਬਿਨਾ ਅਲਕੋਹਲ ਦੇ ਬੀਅਰ ‘ਤੇ ਜੀਰੋ ਫੀਸਦੀ ਟੈਕਸ ਲੱਗੇਗਾ। ਭਾਰਤ ਅਤੇ ਯੂਰਪ ਦਰਮਿਆਨ ਹੋਏ ਇਸ ਸਮਝੌਤੇ, ਜਿਸ ਨੂੰ ਸਾਰੇ ਸਮਝੌਤਿਆਂ ਦੀ ਮਾਂ ਕਿਹਾ ਜਾ ਰਿਹਾ ਹੈ, ਟੈਕਸ ਵਿੱਚ ਰਾਹਤ ਖਪਤਕਾਰੀ ਵਸਤਾਂ ਤੋਂ ਅਗਾਂਹ ਵੀ ਜਾਵੇਗੀ। ਅੱਗੇ ਜਾ ਕੇ ਭਾਰਤ ਵੱਲੋਂ ਯੂਰਪੀ ਵਾਹਨਾਂ ‘ਤੇ ਵੀ ਟੈਕਸ ਘਟਾ ਦਿੱਤਾ ਜਾਵੇਗਾ। ਉਂਝ ਖੇਤੀ ਅਤੇ ਡੇਅਰੀ ਜਿਹੇ ਸੰਵੇਦਨਸ਼ੀਲ ਖੇਤਰਾਂ ਨੂੰ ਘਰੇਲੂ ਹਿੱਤਾਂ ਦੇ ਤਹਿਤ ਟੈਕਸ ਮੁਕਤ ਨਹੀਂ ਕੀਤਾ ਗਿਆ ਹੈ।
ਆਈ.ਟੀ. ਤੇ ਪ੍ਰੋਫੈਸ਼ਨਲ ਸੇਵਾਵਾਂ ਅਤੇ ਹੁਨਰਮੰਦ ਕਾਮਿਆਂ ਦੀ ਯੂਰਪੀਅਨ ਮੰਡੀ ਤੱਕ ਪਹੁੰਚ ਵਧਾਉਣ ਲਈ ਨਿਯਮਾਂ ਵਿੱਚ ਢਿੱਲ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਭਾਰਤੀ ਕੰਪਨੀਆਂ ਵੱਲੋਂ ਆਯਾਤ ਕੀਤੀ ਜਾਣ ਵਾਲੀ ਮਸ਼ੀਨਰੀ, ਸੂਖਮ ਅਤੇ ਦੁਰਲਭ ਔਜ਼ਾਰਾਂ ‘ਤੇ ਟੈਕਸ ਮੁਕਤੀ ਭਾਰਤੀ ਕੰਪਨੀਆਂ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਵਧਾਏਗੀ। ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੋਂ ਪਹਿਲਾਂ ਕੁਝ ਰੈਗੂਲੇਟਰੀ ਨਿਯਮਾਂ ਅਤੇ ਗੈਰ-ਟੈਰਿਫ ਅੜਿੱਕਿਆਂ ਨੂੰ ਵੀ ਦੂਰ ਕੀਤਾ ਜਾਣਾ ਹੈ ਅਤੇ ਇਨ੍ਹਾਂ ਉੱਤੇ ਹਾਲੇ ਵੀ ਵਿਚਾਰ ਚਰਚਾ ਚੱਲ ਰਹੀ ਹੈ।
ਭਾਰਤ ਅਤੇ ਯੂਰਪ ਵਿਚਕਾਰ ਹੋਏ ਇਸ ਸਮਝੌਤੇ ਨੂੰ ‘ਮਦਰ ਆਫ ਆਲ ਡੀਲਜ਼’ ਦਾ ਨਾਂ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਭਾਰਤ ਦੇ 140 ਕਰੋੜ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਸੇ ਤਰ੍ਹਾਂ ਯੂਰਪ ਦੇ ਲੱਖਾਂ ਲੋਕ ਇਸ ਤੋਂ ਲਾਭ ਲੈਣਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਯੂਰਪ ਦੁਨੀਆਂ ਦੀ ਜੀ.ਡੀ.ਪੀ. ਵਿੱਚ 25 ਫੀਸਦੀ ਹਿੱਸਾ ਪਾਉਂਦੇ ਹਨ ਅਤੇ ਦੋਹਾਂ ਵਿਚਕਾਰ ਕਾਰੋਬਾਰ ਗਲੋਬਲ ਵਪਾਰ ਦਾ ਇੱਕ ਤਿਹਾਈ ਬਣਦਾ ਹੈ।
ਸਮਝੌਤੇ ਨੂੰ ਇਤਿਹਾਸਕ ਆਖਦਿਆਂ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸ਼ੁਲਾ ਵੋਨ ਡੀਅਰ ਨੇ ਕਿਹਾ ਕਿ ਅਸੀਂ ਭਾਰਤ ਅਤੇ ਯੂਰਪ ਦੇ ਦੋ ਅਰਬ ਲੋਕਾਂ ਲਈ ਇੱਕ ਕਰ ਮੁਕਤ ਜੋਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹਾਲੇ ਸ਼ੁਰੂਆਤ ਹੈ, ਅਸੀਂ ਰਣਨੀਤਿਕ ਪੱਧਰ ‘ਤੇ ਭਾਈਵਾਲੀ ਲਈ ਤਕੜੇ ਹੋ ਕੇ ਅੱਗੇ ਵਧਾਂਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟ ਕੀਤਾ ਕਿ ਭਾਰਤ ਦੇ ਚਮੜੇ, ਟੈਕਸਟਾਈਲ, ਹੀਰੇ ਅਤੇ ਗਹਿਣਿਆਂ ਦੇ ਖੇਤਰ ਨੂੰ ਵਿਸ਼ੇਸ਼ ਤੌਰ ‘ਤੇ ਲਾਭ ਹੋਏਗਾ। ਇਹ ਸਮਝੌਤੇ ‘ਤੇ ਰਸਮੀ ਤੌਰ ‘ਤੇ ਦਸਤਖਤ ਕਾਨੂੰਨੀ ਸੋਧ ਸੁਧਾਈ ਹੋਣ ਪਿੱਛੋਂ 6 ਮਹੀਨੇ ਬਾਅਦ ਕੀਤੇ ਜਾਣਗੇ।

ਸਮਝੌਤੇ ਦਾ ਬਰਾਮਦਕਾਰਾਂ ਵੱਲੋਂ ਸਵਾਗਤ
ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਦਾ ਬਰਾਮਦਕਾਰਾਂ ਨੇ ਭਰਵਾਂ ਸਵਾਗਤ ਕੀਤਾ ਹੈ। ਚਮੜਾ, ਕੱਪੜਾ ਅਤੇ ਇੰਜੀਨੀਅਰਿੰਗ ਸੈਕਟਰ ਦੇ ਆਗੂਆਂ ਮੁਤਾਬਕ ਯੂਰਪੀਅਨ ਐਸੋਸੀਏਸ਼ਨ ਵੱਲੋਂ ਦਰਾਮਦ ਡਿਊਟੀ ’ਚ ਦਿੱਤੀ ਗਈ ਛੋਟ ਨਾਲ ਭਾਰਤ ਦੀ ਬਰਾਮਦ ਨੂੰ ਵੱਡਾ ਹੁਲਾਰਾ ਮਿਲੇਗਾ। ਚਮੜਾ ਉਦਯੋਗ ਦੇ ਨੁਮਾਇੰਦੇ ਅਕੀਲ ਪਾਨਾਰੂਨਾ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਉਨ੍ਹਾਂ ਲਈ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ ਇਹ ਸਮਝੌਤਾ 2030 ਤੱਕ ਇਸ ਖੇਤਰ ਦੀ ਬਰਾਮਦ ਨੂੰ 6 ਅਰਬ ਡਾਲਰ ਤੱਕ ਲਿਜਾ ਸਕਦਾ ਹੈ। ਅਪੈਰਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਏ. ਸ਼ਕਤੀਵੇਲ ਨੇ ਕਿਹਾ ਕਿ ਜ਼ੀਰੋ ਡਿਊਟੀ ਮਿਲਣ ਨਾਲ ਭਾਰਤ ਹੁਣ ਬੰਗਲਾਦੇਸ਼ ਤੇ ਵੀਅਤਨਾਮ ਵਰਗੇ ਮੁਕਾਬਲੇਬਾਜ਼ਾਂ ਨੂੰ ਟੱਕਰ ਦੇ ਸਕੇਗਾ ਅਤੇ ਕੱਪੜਾ ਬਰਾਮਦ 20-25 ਫੀਸਦੀ ਸਾਲਾਨਾ ਵਧੇਗੀ।

ਲਗਜ਼ਰੀ ਕਾਰਾਂ ਹੋਣਗੀਆਂ ਸਸਤੀਆਂ
ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਹੋਏ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਭਾਰਤੀ ਬਾਜ਼ਾਰ ’ਚ ਬੀ.ਐੱਮ.ਡਬਲਿਊ., ਮਰਸਿਡੀਜ਼, ਲੈਂਬੋਰਗਿਨੀ, ਪੋਰਸ਼ ਅਤੇ ਔਡੀ ਵਰਗੀਆਂ ਪ੍ਰੀਮੀਅਮ ਲਗਜ਼ਰੀ ਕਾਰਾਂ ਸਸਤੀਆਂ ਹੋ ਜਾਣਗੀਆਂ। ਸਮਝੌਤੇ ਤਹਿਤ ਭਾਰਤ ਯੂਰਪੀਅਨ ਕਾਰਾਂ ਨੂੰ ਕੋਟਾ ਆਧਾਰਿਤ ਦਰਾਮਦ ਡਿਊਟੀ ’ਚ ਰਿਆਇਤ ਦੇਵੇਗਾ; ਹਾਲਾਂਕਿ ਇਹ ਲਾਭ 25 ਲੱਖ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਨੂੰ ਹੀ ਮਿਲੇਗਾ। ਸਮਝੌਤੇ ਅਨੁਸਾਰ ਭਾਰਤ ਚੁਣੀਆਂ ਗਈਆਂ ਕਾਰਾਂ ’ਤੇ ਡਿਊਟੀ ਘਟਾ ਕੇ 10 ਫੀਸਦੀ ਤੱਕ ਕਰ ਦੇਵੇਗਾ। ਫਿਲਹਾਲ ਭਾਰਤ ਵਿੱਚ ਇਨ੍ਹਾਂ ਗੱਡੀਆਂ ’ਤੇ 66 ਤੋਂ 125 ਫੀਸਦੀ ਤੱਕ ਡਿਊਟੀ ਲੱਗਦੀ ਹੈ। ਇਸ ਬਦਲੇ ਯੂਰਪੀਅਨ ਯੂਨੀਅਨ ਭਾਰਤੀ ਆਟੋਮੋਬਾਈਲਜ਼ ਨੂੰ ਪੂਰੀ ਤਰ੍ਹਾਂ ਡਿਊਟੀ-ਮੁਕਤ ਪਹੁੰਚ ਦੇਵੇਗਾ। ਇਲੈਕਟ੍ਰਿਕ ਵਾਹਨਾਂ ਲਈ ਡਿਊਟੀ ’ਚ ਛੋਟ ਸਮਝੌਤਾ ਲਾਗੂ ਹੋਣ ਦੇ ਪੰਜਵੇਂ ਸਾਲ ਤੋਂ ਸ਼ੁਰੂ ਹੋਵੇਗੀ ਤਾਂ ਜੋ ਘਰੇਲੂ ਈ.ਵੀ. ਉਦਯੋਗ ਦਾ ਵਿਕਾਸ ਹੋ ਸਕੇ।

Leave a Reply

Your email address will not be published. Required fields are marked *