ਆਸ਼ੁਤੋਸ਼ ਕੁਮਾਰ ਠਾਕੁਰ
ਕੁਝ ਪੱਤਰਕਾਰ ਘਟਨਾਵਾਂ ਦਰਜ ਕਰਦੇ ਹਨ, ਪਰ ਕੁਝ ਐਸੇ ਵੀ ਹੁੰਦੇ ਹਨ ਜੋ ਪੂਰੀਆਂ ਪੀੜ੍ਹੀਆਂ ਨੂੰ ਘੜਦੇ ਹਨ। ਮਾਰਕ ਟੱਲੀ ਨਿਸ਼ਚਤ ਤੌਰ ’ਤੇ ਦੂਜੇ ਕਿਸਮ ਦੇ ਪੱਤਰਕਾਰ ਸਨ। ਜਦੋਂ ਇਹ ਖ਼ਬਰ ਆਈ ਕਿ ਦਿੱਲੀ ਵਿੱਚ 90 ਸਾਲ ਦੀ ਉਮਰ ਵਿੱਚ ਸਰ ਮਾਰਕ ਟੱਲੀ ਨਹੀਂ ਰਹੇ, ਤਾਂ ਇਹ ਸਿਰਫ਼ ਇੱਕ ਵਿਅਕਤੀ ਦੇ ਚਲੇ ਜਾਣ ਦੀ ਖ਼ਬਰ ਨਹੀਂ ਸੀ, ਸਗੋਂ ਇੱਕ ਆਵਾਜ਼ ਦੇ ਬੁੱਝ ਜਾਣ ਵਰਗਾ ਅਹਿਸਾਸ ਸੀ।
ਉਹ ਗੰਭੀਰ, ਠਹਿਰੀ ਹੋਈ, ਹੌਲੀ-ਹੌਲੀ ਟਟੋਲਦੀ ਆਵਾਜ਼-ਜੋ ਕਦੇ ਬੀ.ਬੀ.ਸੀ. ਹਿੰਦੀ ਸੇਵਾ ਤੋਂ ਉੱਭਰਦੀ ਸੀ-ਅਣਗਿਣਤ ਭਾਰਤੀ ਘਰਾਂ ਤੱਕ ਪਹੁੰਚਦੀ ਸੀ। ਮੇਰੇ ਘਰ ਤੱਕ ਵੀ। ਜਿਨ੍ਹਾਂ ਲੋਕਾਂ ਨੇ ਟ੍ਰਾਂਜ਼ਿਸਟਰ ’ਤੇ ਰਾਜਨੀਤੀ ਨੂੰ ਸਮਝਿਆ, ਉਨ੍ਹਾਂ ਲਈ ਮਾਰਕ ਟੱਲੀ ਸਿਰਫ਼ ਰਿਪੋਰਟਰ ਨਹੀਂ ਸਨ, ਸਗੋਂ ਉਲਝਣਾਂ ਵਿੱਚ ਸਾਥ ਦੇਣ ਵਾਲੇ ਅਤੇ ਦਿਸ਼ਾ ਦਿਖਾਉਣ ਵਾਲੇ ਸਨ। ਉਨ੍ਹਾਂ ਦੀ ਮੌਤ ਪੱਤਰਕਾਰਤਾ ਦੇ ਇੱਕ ਖਾਸ ਲਹਿਜ਼ੇ ਦੇ ਅੰਤ ਵਰਗੀ ਲੱਗਦੀ ਹੈ-ਸਿਰਫ਼ ਬ੍ਰਿਟਿਸ਼ ਨਹੀਂ, ਸਗੋਂ ਨੈਤਿਕ ਲਹਿਜ਼ੇ ਦੇ ਅੰਤ ਵਾਂਗ।
ਆਵਾਜ਼ ਦੇ ਸਹਾਰੇ ਦੇਸ਼ ਨੂੰ ਸਮਝਣਾ
ਮੈਂ ਉਨ੍ਹਾਂ ਨੂੰ ਪਹਿਲੀ ਵਾਰ ਅਖ਼ਬਾਰ ਵਿੱਚ ਨਹੀਂ, ਆਵਾਜ਼ ਵਿੱਚ ਜਾਣਿਆ। ਇਹ ਇੱਕ ਰਸਮ ਵਰਗਾ ਹੁੰਦਾ ਸੀ। ਸ਼ਾਮ ਢਲ ਰਹੀ ਹੁੰਦੀ। ਰੇਡੀਓ ਠੀਕ ਤਰ੍ਹਾਂ ਟਿਊਨ ਕੀਤਾ ਜਾਂਦਾ। ਪਹਿਚਾਣ ਦੀ ਧੁਨ ਅਤੇ ਫਿਰ ਉਹ ਆਵਾਜ਼-ਸ਼ਾਂਤ, ਹੌਲੀ ਜਿਹੀ ਵਿਦੇਸ਼ੀ, ਪਰ ਫਿਰ ਵੀ ਬਿਲਕੁਲ ਆਪਣੀ।
ਉਹ ਦਿਨ ਸਨ ਜਦੋਂ “ਬ੍ਰੇਕਿੰਗ ਨਿਊਜ਼” ਦਾ ਡਰ ਨਹੀਂ ਸੀ ਅਤੇ ਟੀ.ਵੀ. ਚਰਚਾਵਾਂ ਤਮਾਸ਼ਾ ਨਹੀਂ ਬਣੀਆਂ ਸਨ। ਖ਼ਬਰ ਇੱਕ ਕਹਾਣੀ ਵਾਂਗ ਆਉਂਦੀ ਸੀ। ਮਾਰਕ ਟੱਲੀ ਦੀਆਂ ਰਿਪੋਰਟਾਂ ਦਰਸ਼ਕ ’ਤੇ ਹਮਲਾ ਨਹੀਂ ਕਰਦੀਆਂ ਸਨ। ਉਹ ਨਤੀਜਿਆਂ ਤੋਂ ਸ਼ੁਰੂ ਨਹੀਂ ਕਰਦੇ ਸਨ, ਉਹ ਲੋਕਾਂ ਤੋਂ ਸ਼ੁਰੂ ਕਰਦੇ ਸਨ।
ਅੱਜ ਜਦੋਂ ਮੀਡੀਆ ਫ਼ੈਸਲਿਆਂ ਦਾ ਭੁੱਖਾ ਹੈ, ਉਨ੍ਹਾਂ ਨੇ ਵਰਣਨ ਦੀ ਸਾਧਨਾ ਕੀਤੀ। ਘਟਨਾਵਾਂ ਨੂੰ ਹੌਲੀ-ਹੌਲੀ ਭਾਸ਼ਾ ਵਿੱਚ ਖੁਲ੍ਹਣ ਦਿੱਤਾ ਅਤੇ ਸੁਣਨ ਵਾਲੇ ’ਤੇ ਭਰੋਸਾ ਕੀਤਾ ਕਿ ਉਹ ਖੁਦ ਅਰਥ ਤੱਕ ਪਹੁੰਚ ਜਾਵੇਗਾ। ਇਹੀ ਉਨ੍ਹਾਂ ਦਾ ਪਹਿਲਾ ਪਾਠ ਸੀ-ਪੱਤਰਕਾਰਤਾ ਮਨਵਾਉਣ ਦੀ ਕਲਾ ਨਹੀਂ, ਧਿਆਨ ਦੀ ਪ੍ਰਕਿਰਿਆ ਹੈ।
ਘੱਟ ਵਿਦੇਸ਼ੀ, ਵੱਧ ਮਨੁੱਖ
1935 ਵਿੱਚ ਕੋਲਕਾਤਾ ਵਿੱਚ ਜਨਮੇ ਮਾਰਕ ਟੱਲੀ ਨੇ ਕੁਝ ਪੜ੍ਹਾਈ ਭਾਰਤ ਵਿੱਚ ਕੀਤੀ ਅਤੇ ਫਿਰ ਇੰਗਲੈਂਡ ਵਿੱਚ। ਉਹ ਆਪਣੇ ਨਾਲ ਬਸਤੀਵਾਦੀ ਬਚਪਨ ਦੀ ਜਟਿਲ ਵਿਰਾਸਤ ਅਤੇ ਉੱਤਰ-ਬਸਤੀਵਾਦ ਜਿਗਿਆਸਾ ਲੈ ਕੇ ਆਏ। ਸੱਠ ਦੇ ਦਹਾਕੇ ਵਿੱਚ ਨੌਜਵਾਨ ਪੱਤਰਕਾਰ ਬਣ ਕੇ ਭਾਰਤ ਵਾਪਸ ਆਏ ਅਤੇ ਇੱਥੇ ਹੀ ਰਹਿ ਗਏ-ਅਸਥਾਈ ਮਹਿਮਾਨ ਵਾਂਗ ਨਹੀਂ, ਸਗੋਂ ਇੱਕ ਐਸੇ ਗਵਾਹ ਵਾਂਗ ਜੋ ਦੇਸ਼ ਦੇ ਨਾਲ-ਨਾਲ ਚੱਲਦਾ ਹੈ।
ਤਿੰਨ ਦਹਾਕਿਆਂ ਤੱਕ ਦਿੱਲੀ ਵਿੱਚ ਅਤੇ ਵੀਹ ਤੋਂ ਵੱਧ ਸਾਲ ਬੀ.ਬੀ.ਸੀ. ਦੇ ਬਿਊਰੋ ਚੀਫ਼ ਵਜੋਂ ਉਨ੍ਹਾਂ ਨੇ ਉਹ ਕੀਤਾ ਜੋ ਬਹੁਤ ਘੱਟ ਵਿਦੇਸ਼ੀ ਪੱਤਰਕਾਰ ਕਰ ਸਕੇ। ਉਨ੍ਹਾਂ ਨੇ “ਵਿਦੇਸ਼ੀ” ਬਣੇ ਰਹਿਣ ਤੋਂ ਇਨਕਾਰ ਕਰ ਦਿੱਤਾ। ਇਹ ਇਨਕਾਰ ਵਿਚਾਰਧਾਰਕ ਨਹੀਂ, ਸਗੋਂ ਨੈਤਿਕ ਸੀ।
ਉਨ੍ਹਾਂ ਨੇ ਹਿੰਦੀ ਸਿੱਖੀ-ਸਿਰਫ਼ ਇੰਟਰਵਿਊ ਕਰਨ ਲਈ ਨਹੀਂ, ਸਗੋਂ ਖ਼ਾਮੋਸ਼ੀਆਂ ਵਿੱਚ ਰਹਿਣ ਲਈ। ਮਹਾਨਗਰਾਂ ਤੋਂ ਬਾਹਰ ਗਏ। ਕਸਬਿਆਂ, ਪਿੰਡਾਂ, ਥਾਣਿਆਂ ਅਤੇ ਅਦਾਲਤਾਂ ਦੇ ਕਮਰਿਆਂ ਤੱਕ ਪਹੁੰਚੇ। ਉਹ ਸੁਣਦੇ ਰਹੇ, ਉਡੀਕ ਕਰਦੇ ਰਹੇ ਅਤੇ ਹੌਲੀ-ਹੌਲੀ ਲਿਖਦੇ ਰਹੇ। “ਗ੍ਰਾਊਂਡ ਰਿਪੋਰਟਿੰਗ” ਨਾਅਰਾ ਬਣਨ ਤੋਂ ਕਈ ਸਾਲ ਪਹਿਲਾਂ, ਮਾਰਕ ਟੱਲੀ ਇਸਨੂੰ ਨੈਤਿਕ ਜੀਵਨ-ਸ਼ੈਲੀ ਵਾਂਗ ਜੀ ਰਹੇ ਸਨ।
ਬੀ.ਬੀ.ਸੀ. ਦੇ ਸਾਲ ਅਤੇ ਸੰਜਮ ਦੀ ਕਲਾ
ਬੀ.ਬੀ.ਸੀ. ਵਿੱਚ ਉਨ੍ਹਾਂ ਦੇ ਸਾਲ ਆਧੁਨਿਕ ਭਾਰਤ ਦੇ ਨਿਰਣਾਇਕ ਦਹਾਕਿਆਂ ਨਾਲ ਜੁੜੇ ਰਹੇ-1971 ਦੀ ਜੰਗ, ਐਮਰਜੈਂਸੀ, ਭੋਪਾਲ ਗੈਸ ਕਾਂਡ, ਆਪ੍ਰੇਸ਼ਨ ਬਲੂ ਸਟਾਰ, ਇੰਦਰਾ ਅਤੇ ਰਾਜੀਵ ਗਾਂਧੀ ਦੀ ਹੱਤਿਆ, ਬਾਬਰੀ ਮਸਜਿਦ ਦਾ ਢਾਹਿਆ ਜਾਣਾ ਅਤੇ ਉਸ ਤੋਂ ਬਾਅਦ ਦੀ ਫ਼ਿਰਕੂ ਹਿੰਸਾ।
ਪਰ ਉਨ੍ਹਾਂ ਦੀ ਪੱਤਰਕਾਰਤਾ ਨੂੰ ਖਾਸ ਬਣਾਉਂਦਾ ਸੀ ਉਨ੍ਹਾਂ ਦਾ ਸੁਭਾਅ। ਉਹ ਸੌਖੀਆਂ ਨੈਤਿਕਤਾਵਾਂ ’ਤੇ ਭਰੋਸਾ ਨਹੀਂ ਕਰਦੇ ਸਨ। ਵੱਡੇ ਸਿਧਾਂਤਾਂ ਦੇ ਲਾਲਚ ਤੋਂ ਬਚਦੇ ਸਨ। ਜਿੱਥੇ ਹੋਰ ਲੋਕ ਹੀਰੋ ਅਤੇ ਖਲਨਾਇਕ ਲੱਭਦੇ ਸਨ, ਉੱਥੇ ਉਹ ਢਾਂਚੇ, ਆਦਤਾਂ, ਇਤਿਹਾਸ ਅਤੇ ਆਮ ਜ਼ਿੰਦਗੀ ’ਤੇ ਸੱਤਾ ਦੇ ਹੌਲੇ ਪ੍ਰਭਾਵ ਨੂੰ ਸਮਝਦੇ ਸਨ।
ਉਹ ਉਸ ਪੀੜ੍ਹੀ ਦੇ ਸਨ, ਜਿਸ ਲਈ ਪੱਤਰਕਾਰ ਦਾ ਪਹਿਲਾ ਫਰਜ਼ ਦਿਲਚਸਪ ਹੋਣਾ ਨਹੀਂ, ਸਹੀ ਹੋਣਾ ਸੀ।
ਸ਼ੱਕ ਸਿਖਾਉਣ ਵਾਲਾ ਅਧਿਆਪਕ
ਉਨ੍ਹਾਂ ਨੂੰ ਸੁਣਦੇ ਹੋਏ ਮੈਂ ਉਹ ਸਿੱਖਿਆ ਜੋ ਕੋਈ ਸਿਲੇਬਸ ਨਹੀਂ ਸਿਖਾ ਸਕਦਾ। ਉਹ ਕਦੇ ਆਵਾਜ਼ ਉੱਚੀ ਨਹੀਂ ਕਰਦੇ ਸਨ। ਸਰਲੀਕਰਨ ਤੋਂ ਬਚਦੇ ਸਨ। ਵਿਰੋਧਾਂ ਨੂੰ ਜੀਊਂਦਾ ਰਹਿਣ ਦਿੰਦੇ ਸਨ। ਰਾਵਾਂ ਦੀ ਆਦਤ ਵਾਲੇ ਇਸ ਯੁੱਗ ਵਿੱਚ ਉਨ੍ਹਾਂ ਨੇ ਵਰਣਨ ਦੀ ਸਾਧਨਾ ਕੀਤੀ। ਉਨ੍ਹਾਂ ਵਿੱਚ ਪੁਰਾਣੀ ਉਦਾਰ ਸੋਚ ਦੀ ਛਾਂ ਸੀ-ਸੱਤਾ ਤੋਂ ਸਾਵਧਾਨ, ਨਾਅਰਿਆਂ ਤੋਂ ਸੰਕੋਚੀ ਅਤੇ ਉਤਸ਼ਾਹ ਤੋਂ ਦੂਰ। ਨਾਲ ਹੀ ਡੂੰਘੀ ਕਰੁਣਾ ਵੀ ਸੀ। ਸ਼ਾਇਦ ਦੋ ਸੱਭਿਆਚਾਰਾਂ ਦੇ ਵਿਚਕਾਰ ਰਹਿਣ ਵਾਲੇ ਮਨੁੱਖ ਦੀ।
ਅੰਤ ਨਹੀਂ, ਇੱਕ ਮਿਆਰ
ਮੇਰੇ ਲਈ ਮਾਰਕ ਟੱਲੀ ਦੀ ਸਭ ਤੋਂ ਵੱਡੀ ਵਿਰਾਸਤ ਕੋਈ ਇੱਕ ਰਿਪੋਰਟ ਨਹੀਂ, ਸਗੋਂ ਇੱਕ ਆਦਤ ਹੈ-ਸੁਣਨ ਦੀ ਆਦਤ, ਦੇਖਣ ਦੀ ਆਦਤ ਅਤੇ ਨਤੀਜੇ ਤੋਂ ਪਹਿਲਾਂ ਠਹਿਰਨ ਦੀ ਆਦਤ। ਅੱਜ ਜਦੋਂ ਪੱਤਰਕਾਰਤਾ ਅਕਸਰ ਅਦਾਕਾਰੀ ਬਣ ਰਹੀ ਹੈ, ਮਾਰਕ ਟੱਲੀ ਯਾਦ ਦਿਵਾਉਂਦੇ ਹਨ ਕਿ ਇਹ ਕਦੇ ਲੋਕ ਸੇਵਾ ਸੀ।
ਮਾਰਕ ਟੱਲੀ ਚਲੇ ਗਏ ਹਨ, ਪਰ ਧੀਰਜ, ਕਰੁਣਾ ਅਤੇ ਧਿਆਨ ਦੀ ਜੋ ਪ੍ਰਣਾਲੀ ਉਹ ਛੱਡ ਗਏ ਹਨ, ਉਹ ਅੱਜ ਵੀ ਸਾਡੇ ਸਭ ਲਈ ਇੱਕ ਕਸੌਟੀ ਹੈ। ਸ਼ਾਇਦ ਇਹੀ ਉਨ੍ਹਾਂ ਲਈ ਸਭ ਤੋਂ ਸੱਚੀ ਸ਼ਰਧਾਂਜਲੀ ਹੈ-ਉਪਲਬਧੀਆਂ ਦੀ ਸੂਚੀ ਨਹੀਂ, ਸਗੋਂ ਸੁਣਨ ਦੀ ਯਾਦ।
(ਆਸ਼ੁਤੋਸ਼ ਕੁਮਾਰ ਠਾਕੁਰ ਇੱਕ ਮੈਨੇਜਮੈਂਟ ਪ੍ਰੋਫੈਸ਼ਨਲ ਹਨ ਅਤੇ ਸਾਹਿਤ ਤੇ ਕਲਾ ਬਾਰੇ ਲਗਾਤਾਰ ਲਿਖਦੇ ਹਨ।)
