ਸਪਰਿੰਗਫੀਲਡ, ਇਲੀਨਾਏ: ਰਾਜ ਦੇ ਅੰਦਰ ਪੰਜਾਬੀ ਬੋਲਣ ਵਾਲੇ ਵਸਨੀਕਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਇੱਕ ਮਹੱਤਵਪੂਰਨ ਮਾਨਤਾ ਵਿੱਚ ਗਵਰਨਰ ਜੇ.ਬੀ. ਪ੍ਰਿਟਜ਼ਕਰ ਨੇ ਅਧਿਕਾਰਤ ਤੌਰ `ਤੇ ਫਰਵਰੀ 2026 ਨੂੰ ਇਲੀਨਾਏ ਵਿੱਚ ‘ਪੰਜਾਬੀ ਭਾਸ਼ਾ ਮਹੀਨਾ’ ਵਜੋਂ ਘੋਸ਼ਿਤ ਕੀਤਾ ਹੈ। ਇਹ ਐਲਾਨਨਾਮਾ ਪੰਜਾਬੀ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ ਅਤੇ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨਾਲ ਮੇਲ ਖਾਂਦਾ ਹੈ, ਜੋ ਕਿ 21 ਫਰਵਰੀ ਨੂੰ ਵਿਸ਼ਵ ਪੱਧਰ `ਤੇ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ ਪ੍ਰਵਾਨਿਤ ਇਹ ਦਿਨ ਸਾਰੀਆਂ ਭਾਸ਼ਾਵਾਂ ਦੀ ਸੰਭਾਲ ਅਤੇ ਸੁਰੱਖਿਆ ਦੀ ਵਕਾਲਤ ਕਰਦੇ ਹੋਏ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ।
ਪੰਜਾਬੀ ਭਾਸ਼ਾ ਦੁਨੀਆ ਵਿੱਚ ਨੌਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਜੋ ਕਿ 7ਵੀਂ ਸਦੀ ਦੇ ਆਸ-ਪਾਸ ਦੱਖਣੀ ਏਸ਼ੀਆ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡੇ ਹੋਏ ਪੰਜਾਬ ਖੇਤਰ ਵਿੱਚ ਉਤਪੰਨ ਹੋਈ ਸੀ। ਅੱਜ ਦੁਨੀਆ ਭਰ ਵਿੱਚ 113 ਮਿਲੀਅਨ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ। ਪੰਜਾਬ ਖੇਤਰ ਵਿੱਚ ਸਿੱਖ, ਹਿੰਦੂ, ਮੁਸਲਿਮ ਅਤੇ ਈਸਾਈ ਭਾਈਚਾਰੇ ਦੇ ਲੋਕ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਵਰਤਦੇ ਹਨ। ਇੱਥੋਂ ਤੱਕ ਕੇ ਭਾਰਤ ਦੀਆਂ ਹੋਰਨਾਂ ਸਟੇਟਾਂ ਤੋਂ ਪੰਜਾਬ ਵਿੱਚ ਆ ਵਸੇ ਲੋਕ ਵੀ ਪੰਜਾਬੀ ਬੋਲਣ ਲੱਗੇ ਹਨ। ਪੰਜਾਬੀ ਭਾਰਤ, ਪਾਕਿਸਤਾਨ, ਯੂਨਾਈਟਿਡ ਕਿੰਗਡਮ ਤੇ ਕੈਨੇਡਾ ਵਿੱਚ ਇੱਕ ਅਧਿਕਾਰਤ ਭਾਸ਼ਾ ਵਜੋਂ ਦਰਜਾ ਰੱਖਦੀ ਹੈ ਅਤੇ ਮਲੇਸ਼ੀਆ, ਪੂਰਬੀ ਅਫ਼ਰੀਕੀ ਦੇਸ਼ਾਂ, ਸੰਯੁਕਤ ਅਰਬ ਅਮੀਰਾਤ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਵੀ ਪੰਜਾਬੀ ਬੋਲਦੇ ਭਾਈਚਾਰੇ ਮਿਲ ਸਕਦੇ ਹਨ।
ਸੰਯੁਕਤ ਰਾਜ ਅਮਰੀਕਾ ਦੇ ਅੰਦਰ 750,000 ਤੋਂ ਵੱਧ ਪੰਜਾਬੀ ਬੋਲਣ ਵਾਲੇ ਅਮਰੀਕੀ ਹਨ, ਜਿਨ੍ਹਾਂ ਵਿੱਚੋਂ 50,000 ਤੋਂ ਵੱਧ ਇਲੀਨਾਏ ਸਟੇਟ ਵਿੱਚ ਰਹਿੰਦੇ ਹਨ।
ਸ਼ਿਕਾਗੋ ਦੀ ਪੰਜਾਬੀ ਸੱਭਿਆਚਾਰਕ ਸੁਸਾਇਟੀ (ਪੀ.ਸੀ.ਐਸ.) ਦੀ ਚੇਅਰਵੁਮੈਨ ਡਾ. ਪ੍ਰਿਮਲ ਕੌਰ ਨੇ ਪੰਜਾਬੀਆਂ ਦੇ ਮਾਣਮੱਤੇ, ਸਾਹਸੀ ਅਤੇ ਪ੍ਰਾਹੁਣਚਾਰੀ ਵਾਲੇ ਸੁਭਾਅ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਭਾਈਚਾਰਾ ਆਪਣੀ ਬਹਾਦਰੀ ਤੇ ਮੌਜ-ਮਸਤੀ ਦੇ ਪਿਆਰ ਲਈ ਅਤੇ ਦੁਨੀਆ ਨੂੰ ਸੁਆਦੀ ਪੰਜਾਬੀ ਪਕਵਾਨਾਂ ਨਾਲ ਜਾਣੂ ਕਰਵਾਉਣ ਲਈ ਜਾਣਿਆ ਜਾਂਦਾ ਹੈ।
ਪੰਜਾਬੀ ਭਾਸ਼ਾ ਮਹੀਨੇ ਨੂੰ ਮਨਾਉਣ ਲਈ ਮੈਟਰੋਸਿਟੀ ਸ਼ਿਕਾਗੋ ਖੇਤਰ ਵਿੱਚ ਕਈ ਗਤੀਵਿਧੀਆਂ ਅਤੇ ਸਮਾਗਮ ਤੈਅ ਕੀਤੇ ਗਏ ਹਨ। ਪੀ.ਸੀ.ਐਸ. ਸ਼ਿਕਾਗੋ ਦੇ ਪ੍ਰਧਾਨ ਬਿਕਰਮ ਸਿੰਘ ਸੋਹੀ ਅਨੁਸਾਰ ਇੱਕ ਮੁੱਖ ਆਕਰਸ਼ਣ ‘ਰੰਗਲਾ ਪੰਜਾਬ’ ਸਮਾਗਮ ਹੈ, ਜੋ ਕਿ 25 ਅਪ੍ਰੈਲ 2026 ਨੂੰ ਸ਼ਿਕਾਗੋ ਦੇ ਕੋਪਰਨਿਕਸ ਸੈਂਟਰ ਦੇ ਗੇਟਵੇ ਥੀਏਟਰ ਵਿੱਚ ਹੋਵੇਗਾ।
ਪੀ.ਸੀ.ਐਸ. ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਰਾਜਿੰਦਰ ਸਿੰਘ ਮਾਗੋ ਨੇ ਪੰਜਾਬੀ ਬੋਲਣ ਵਾਲੇ ਇਲੀਨਾਏ ਵਾਸੀਆਂ ਦੀ ਆਪਣੀ ਅਮੀਰ ਭਾਸ਼ਾ, ਸਾਹਿਤ, ਕਲਾ, ਸੰਗੀਤ, ਨਾਚ, ਸੱਭਿਆਚਾਰ, ਫਿਲਮਾਂ, ਤਿਉਹਾਰਾਂ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਸ਼ਾਲ ਅਮਰੀਕੀ ਭਾਈਚਾਰੇ ਨਾਲ ਸਾਂਝਾ ਕਰਨ ਦੀ ਮਜਬੂਤ ਵਚਨਬੱਧਤਾ `ਤੇ ਜ਼ੋਰ ਦਿੱਤਾ। ਬ੍ਰਿਟਿਸ਼ ਭਾਰਤੀ ਫੌਜ ਵਿੱਚ ਪੰਜਾਬੀਆਂ ਨੂੰ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਹੈ, ਕਿਸੇ ਵੀ ਹੋਰ ਗੈਰ-ਬ੍ਰਿਟਿਸ਼ ਭਾਈਚਾਰੇ ਨਾਲੋਂ ਸਹਿਯੋਗੀਆਂ ਲਈ ਲੜਾਈ ਵਿੱਚ ਬਹਾਦਰੀ ਲਈ ਵਧੇਰੇ ਚੋਟੀ ਦੇ ਤਗਮੇ ਪ੍ਰਾਪਤ ਕੀਤੇ ਹਨ।
ਪੰਜਾਬੀ ਅਮਰੀਕੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣਤਾ ਪ੍ਰਾਪਤ ਕੀਤੀ ਹੈ। ਕੈਲੀਫੋਰਨੀਆ ਤੋਂ ਪਹਿਲੇ ਏਸ਼ੀਆਈ ਅਮਰੀਕੀ ਕਾਂਗਰਸਮੈਨ ਦਲੀਪ ਸਿੰਘ ਸੌਂਦ ਇੱਕ ਸਿੱਖ ਪੰਜਾਬੀ ਸਨ। ਹੋਰ ਪ੍ਰਮੁੱਖ ਪੰਜਾਬੀ ਅਮਰੀਕੀਆਂ ਵਿੱਚ ਦਵਾਈ ਵਿੱਚ ਨੋਬਲ ਪੁਰਸਕਾਰ ਜੇਤੂ ਡਾ. ਹਰਗੋਬਿੰਦ ਖੁਰਾਨਾ, ਲੁਈਸਿਆਨਾ ਦੇ ਸਾਬਕਾ ਗਵਰਨਰ ਬੌਬੀ ਜਿੰਦਲ, ਦੱਖਣੀ ਕੈਰੋਲੀਨਾ ਦੇ ਸਾਬਕਾ ਗਵਰਨਰ ਨਿੱਕੀ ਹੇਲੀ, ਅਮਰੀਕੀ ਕਾਂਗਰਸਮੈਨ ਰੋ ਖੰਨਾ, ਨਾਸਾ ਦੇ ਪੁਲਾੜ ਯਾਤਰੀ ਕਲਪਨਾ ਚਾਵਲਾ, ਫਾਈਬਰ-ਆਪਟਿਕਸ ਦੇ ਪਿਤਾਮਾ ਨਰਿੰਦਰ ਸਿੰਘ ਕਪਾਨੀ, ਸਨ ਮਾਈਕ੍ਰੋਸਿਸਟਮ ਦੇ ਸਹਿ-ਸੰਸਥਾਪਕ ਵਿਨੋਦ ਖੋਸਲਾ, ਹਾਟਮੇਲ ਦੇ ਸਹਿ-ਸੰਸਥਾਪਕ ਸਬੀਰ ਭਾਟੀਆ, ਪੈਂਟੀਅਮ ਚਿੱਪ ਦੇ ਖੋਜੀ ਵਿਨੋਦ ਧਾਮ ਅਤੇ ਮਾਸਟਰਕਾਰਡ ਦੇ ਸਾਬਕਾ ਸੀ.ਈ.ਓ. ਅਤੇ ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਅਜੈ ਬੰਗਾ ਸ਼ਾਮਲ ਹਨ। ਦੱਖਣੀ ਕੈਲੀਫੋਰਨੀਆ ਵਿੱਚ ਬਹੁਤ ਸਾਰੇ ਸਫਲ ਕਿਸਾਨ ਵੀ ਹਨ ਜੋ ਬਦਾਮ, ਸੌਗੀ ਅਤੇ ਆੜੂ ਵਰਗੀਆਂ ਕਈ ਕਿਸਮਾਂ ਦੀਆਂ ਫਸਲਾਂ ਉਗਾਉਂਦੇ ਹਨ।
ਪੰਜਾਬੀਆਂ ਨੇ ਅੰਤਰਰਾਸ਼ਟਰੀ ਪੱਧਰ `ਤੇ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕੈਨੇਡਾ ਵਿੱਚ ਪ੍ਰਸਿੱਧ ਸ਼ਖਸੀਅਤਾਂ ਵਿੱਚ ਸਾਬਕਾ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਸਾਬਕਾ ਰਾਸ਼ਟਰੀ ਰੱਖਿਆ ਮੰਤਰੀ ਅਤੇ ਮੌਜੂਦਾ ਵਿਦੇਸ਼ ਮੰਤਰੀ ਅਨੀਤਾ ਆਨੰਦ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਾਬਕਾ ਨੇਤਾ ਜਗਮੀਤ ਸਿੰਘ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਗਵਰਨਰ ਉੱਜਲ ਦੋਸਾਂਝ ਸ਼ਾਮਲ ਹਨ। ਨਿਊਜ਼ੀਲੈਂਡ ਵਿੱਚ ਕੰਵਲਜੀਤ ਸਿੰਘ ਬਖਸ਼ੀ ਸੰਸਦ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ। ਭਾਰਤ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਇੰਦਰ ਕੁਮਾਰ ਗੁਜਰਾਲ ਅਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਪੰਜਾਬੀ ਮੂਲ ਦੇ ਸਨ। ਯੂਨਾਈਟਿਡ ਕਿੰਗਡਮ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੀ ਪੰਜਾਬੀ ਵਿਰਾਸਤ ਦੇ ਹਨ।
