ਐਪਸਟੀਨ ਫ਼ਾਈਲਾਂ: ਸੱਤਾ, ਸੈਕਸ ਅਪਰਾਧ, ਸਾਜ਼ਿਸ਼ਾਂ ਅਤੇ ਦੁਨੀਆਵੀ ਸਿਆਸਤ ਦਾ ਖ਼ੌਫ਼ਨਾਕ ਜਾਲ਼

ਖਬਰਾਂ ਵਿਚਾਰ-ਵਟਾਂਦਰਾ

*ਛੇ ਸਾਲ ਬਾਅਦ ਵੀ ਜੇਫ਼ਰੀ ਐਪਸਟੀਨ ਕਿਉਂ ਹਿਲਾ ਰਿਹਾ ਹੈ ਵ੍ਹਾਈਟ ਹਾਊਸ ਤੋਂ ਦੁਨੀਆ ਭਰ ਦੀ ਸਿਆਸਤ?
ਪੰਜਾਬੀ ਪਰਵਾਜ਼ ਬਿਊਰੋ
ਅਮਰੀਕੀ ਯੌਨ ਅਪਰਾਧੀ ਅਤੇ ਮਨੁੱਖੀ ਤਸਕਰੀ ਦੇ ਦੋਸ਼ੀ ਜੇਫ਼ਰੀ ਐਪਸਟੀਨ ਦੀ ਮੌਤ ਨੂੰ ਛੇ ਸਾਲ ਹੋ ਚੁੱਕੇ ਹਨ, ਪਰ ਉਸਦਾ ਨਾਮ, ਉਸਦਾ ਪਰਛਾਵਾਂ ਅਤੇ ਉਸ ਨਾਲ ਜੁੜੀਆਂ ਫ਼ਾਈਲਾਂ ਅਜੇ ਵੀ ਦੁਨੀਆ ਭਰ ਦੀ ਸਿਆਸਤ ਤੇ ਸੱਤਾ ਦੇ ਸਭ ਤੋਂ ਉੱਚੇ ਕੇਂਦਰਾਂ ਵਿੱਚ ਭੂਚਾਲ ਪੈਦਾ ਕਰ ਰਹੀਆਂ ਹਨ। ਹਾਲ ਹੀ ਵਿੱਚ ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ‘ਐਪਸਟੀਨ ਫ਼ਾਈਲਾਂ’ ਨੇ ਇੱਕ ਵਾਰ ਫਿਰ ਇਹ ਸਵਾਲ ਕੇਂਦਰ ਵਿੱਚ ਲੈ ਆਂਦਾ ਹੈ ਕਿ ਕੀ ਇਹ ਮਾਮਲਾ ਸਿਰਫ਼ ਇੱਕ ਅਪਰਾਧੀ ਤੱਕ ਸੀਮਤ ਸੀ ਜਾਂ ਫਿਰ ਇਸ ਦੇ ਪਿੱਛੇ ਸੱਤਾ, ਪੈਸੇ ਅਤੇ ਸਿਆਸਤ ਦਾ ਕੋਈ ਕੌਮਾਂਤਰੀ ਜਾਲ਼ ਕੰਮ ਕਰ ਰਿਹਾ ਸੀ!

ਐਪਸਟੀਨ ਕੋਈ ਆਮ ਅਪਰਾਧੀ ਨਹੀਂ ਸੀ। ਉਹ ਅਰਬਪਤੀ ਸੀ, ਅਮਰੀਕੀ ਅਤੇ ਯੂਰਪੀ ਐਲੀਟ ਦਾ ਹਿੱਸਾ ਸੀ, ਰਾਸ਼ਟਰਪਤੀਆਂ, ਸ਼ਾਹੀ ਘਰਾਣਿਆਂ, ਉਦਯੋਗਪਤੀਆਂ ਅਤੇ ਫ਼ਿਲਮ ਸਿਤਾਰਿਆਂ ਤੱਕ ਉਸਦੀ ਪਹੁੰਚ ਸੀ। ਉਸਦੀ ਜ਼ਿੰਦਗੀ ਅਤੇ ਮੌਤ- ਦੋਵੇਂ ਇਸ ਗੱਲ ਦਾ ਪ੍ਰਤੀਕ ਬਣ ਗਈਆਂ ਹਨ ਕਿ ਆਧੁਨਿਕ ਲੋਕਤੰਤਰ ਵਿੱਚ ਸੱਚ ਤੇ ਇਨਸਾਫ਼ ਕਿਵੇਂ ਅਕਸਰ ਤਾਕਤ ਅੱਗੇ ਝੁਕ ਜਾਂਦੇ ਹਨ।
ਐਪਸਟੀਨ ਫ਼ਾਈਲਾਂ ਕੀ ਹਨ?
‘ਐਪਸਟੀਨ ਫ਼ਾਈਲਾਂ’ ਅਸਲ ਵਿੱਚ ਉਹ ਹਜ਼ਾਰਾਂ ਦਸਤਾਵੇਜ਼ ਹਨ, ਜਿਨ੍ਹਾਂ ਵਿੱਚ ਈਮੇਲਾਂ, ਟੈਕਸਟ ਮੈਸੇਜ, ਫ਼ਲਾਈਟ ਲਾਗ, ਫ਼ੋਟੋਗ੍ਰਾਫ਼, ਗਵਾਹੀਆਂ ਅਤੇ ਤਫ਼ਤੀਸ਼ੀ ਰਿਕਾਰਡ ਸ਼ਾਮਲ ਹਨ। ਇਹ ਸਮੱਗਰੀ 2008 ਅਤੇ 2019 ਦੀਆਂ ਦੋ ਵੱਡੀਆਂ ਜਾਂਚਾਂ ਦੌਰਾਨ ਇਕੱਠੀ ਕੀਤੀ ਗਈ ਸੀ। 2008 ਵਿੱਚ ਫ਼ਲੋਰਿਡਾ ਵਿੱਚ ਇੱਕ ਨਾਬਾਲਿਗ ਲੜਕੀ ਨਾਲ ਯੌਨ ਦੁਰਵਿਹਾਰ ਦੇ ਮਾਮਲੇ ਵਿੱਚ ਐਪਸਟੀਨ ਦੋਸ਼ੀ ਸਾਬਤ ਹੋਇਆ, ਪਰ ਉਸਨੂੰ ਮਿਲੀ ਹੈਰਾਨੀਜਨਕ ਤੌਰ ’ਤੇ ਹਲਕੀ ਸਜ਼ਾ ਨੇ ਉਸ ਸਮੇਂ ਹੀ ਕਾਨੂੰਨੀ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਸਨ।
2019 ਵਿੱਚ ਜਦੋਂ ਉਸ ’ਤੇ ਨਾਬਾਲਿਗ ਲੜਕੀਆਂ ਦੀ ਅੰਤਰਰਾਸ਼ਟਰੀ ਤਸਕਰੀ ਅਤੇ ਯੌਨ ਸ਼ੋਸ਼ਣ ਦਾ ਵੱਡਾ ਕੇਸ ਦਰਜ ਹੋਇਆ ਤਾਂ ਦੁਨੀਆ ਨੂੰ ਲੱਗਿਆ ਕਿ ਹੁਣ ਸੱਚ ਸਾਹਮਣੇ ਆਵੇਗਾ। ਪਰ ਨਿਊ ਯਾਰਕ ਦੀ ਉੱਚ-ਸੁਰੱਖਿਆ ਜੇਲ੍ਹ ਵਿੱਚ ਟਰਾਇਲ ਤੋਂ ਪਹਿਲਾਂ ਹੀ ਐਪਸਟੀਨ ਦੀ ਮੌਤ ਹੋ ਗਈ। ਸਰਕਾਰੀ ਤੌਰ ’ਤੇ ਇਸਨੂੰ ਆਤਮਹੱਤਿਆ ਕਿਹਾ ਗਿਆ, ਪਰ ਅਸਾਧਾਰਣ ਹਾਲਾਤਾਂ-ਸੀ.ਸੀ.ਟੀ.ਵੀ. ਕੈਮਰਿਆਂ ਦਾ ਖ਼ਰਾਬ ਹੋਣਾ, ਗਾਰਡਾਂ ਦੀ ਨਿਗਰਾਨੀ ਵਿੱਚ ਲਾਪਰਵਾਹੀ; ਨੇ ਲੋਕਾਂ ਦੇ ਮਨ ਵਿੱਚ ਡੂੰਘਾ ਸ਼ੱਕ ਪੈਦਾ ਕਰ ਦਿੱਤਾ।
ਡਾਟਾ ਦਾ ਪਹਾੜ ਅਤੇ ਚੋਣਵੇਂ ਖ਼ੁਲਾਸੇ
ਅਮਰੀਕੀ ਨਿਆਂ ਵਿਭਾਗ ਦੇ 2025 ਦੇ ਇੱਕ ਅੰਦਰੂਨੀ ਮੈਮੋ ਮੁਤਾਬਕ ਐਫ਼.ਬੀ.ਆਈ. ਕੋਲ ਐਪਸਟੀਨ ਮਾਮਲੇ ਨਾਲ ਜੁੜਿਆ 300 ਗੀਗਾਬਾਈਟ ਤੋਂ ਵੱਧ ਡਾਟਾ ਮੌਜੂਦ ਹੈ। ਇਹ ਡਾਟਾ ਸਿਰਫ਼ ਅਪਰਾਧ ਦੀ ਕਹਾਣੀ ਨਹੀਂ ਦੱਸਦਾ, ਸਗੋਂ ਉਸ ਸਮਾਜਿਕ ਅਤੇ ਰਾਜਨੀਤਿਕ ਢਾਂਚੇ ਨੂੰ ਵੀ ਬੇਨਕਾਬ ਕਰਦਾ ਹੈ, ਜਿਸਨੇ ਅਜਿਹੇ ਅਪਰਾਧ ਨੂੰ ਸਾਲਾਂ ਤੱਕ ਫ਼ਲਣ-ਫ਼ੈਲਣ ਦਿੱਤਾ।
ਪਰ ਸਵਾਲ ਇਹ ਹੈ ਕਿ ਜਦੋਂ ਇੰਨਾ ਵੱਡਾ ਡਾਟਾ ਮੌਜੂਦ ਹੈ ਤਾਂ ਜਨਤਕ ਤੌਰ ’ਤੇ ਸਿਰਫ਼ ਕੁਝ ਹਿੱਸੇ ਹੀ ਕਿਉਂ ਜਾਰੀ ਕੀਤੇ ਗਏ ਹਨ? ਆਲੋਚਕਾਂ ਦਾ ਕਹਿਣਾ ਹੈ ਕਿ ਇਹ ‘ਕੰਟਰੋਲਡ ਟਰਾਂਸਪਰੈਂਸੀ’ ਹੈ- ਜਿੱਥੇ ਸੱਚ ਨੂੰ ਪੂਰੀ ਤਰ੍ਹਾਂ ਨਹੀਂ, ਸਗੋਂ ਸਿਆਸੀ ਲੋੜ ਮੁਤਾਬਕ ਸਾਹਮਣੇ ਲਿਆਂਦਾ ਜਾਂਦਾ ਹੈ। ਕਾਨੂੰਨ ਪੀੜਤਾਂ ਦੀ ਪਛਾਣ ਬਚਾਉਣ ਦੀ ਗੱਲ ਕਰਦਾ ਹੈ, ਪਰ ਆਲੋਚਕ ਪੁੱਛਦੇ ਹਨ ਕਿ ਕੀ ਇਹੀ ਕਾਨੂੰਨ ਤਾਕਤਵਰ ਲੋਕਾਂ ਦੀ ਰੱਖਿਆ ਦਾ ਹਥਿਆਰ ਵੀ ਬਣ ਰਿਹਾ ਹੈ?
ਅਮਰੀਕੀ ਰਾਜਨੀਤੀ, ਟਰੰਪ ਅਤੇ ਦੋਹਰਾ ਦਬਾਅ
ਡੋਨਾਲਡ ਟਰੰਪ ਦਾ ਨਾਮ ਐਪਸਟੀਨ ਮਾਮਲੇ ਵਿੱਚ ਸਭ ਤੋਂ ਵੱਧ ਚਰਚਿਤ ਰਿਹਾ ਹੈ। ਇੱਕ ਪਾਸੇ ਉਨ੍ਹਾਂ ਨੇ ਫ਼ਾਈਲਾਂ ਜਨਤਕ ਕਰਨ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦਿੱਤੀ, ਦੂਜੇ ਪਾਸੇ ਉਹ ਇਹ ਦਾਅਵਾ ਵੀ ਕਰਦੇ ਰਹੇ ਕਿ ਇਹ ਸਭ ਉਨ੍ਹਾਂ ਨੂੰ ਰਾਜਨੀਤਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਹੈ। ਰਿਪਬਲਿਕਨ ਪਾਰਟੀ ਅਤੇ ‘ਮਾਗਾ’ ਅੰਦੋਲਨ ਦੇ ਦਬਾਅ ਹੇਠ ਸੰਸਦ ਨੇ ਨਿਆਂ ਵਿਭਾਗ ਨੂੰ ਫ਼ਾਈਲਾਂ ਜਾਰੀ ਕਰਨ ਲਈ ਮਜਬੂਰ ਕੀਤਾ।
ਵ੍ਹਾਈਟ ਹਾਊਸ ਨੇ ਕਈ ਰਿਪੋਰਟਾਂ ਨੂੰ ‘ਫ਼ਰਜ਼ੀ’ ਕਹਿ ਕੇ ਰੱਦ ਕੀਤਾ, ਪਰ ਅੰਤਰਰਾਸ਼ਟਰੀ ਖ਼ਬਰ ਏਜੰਸੀਆਂ ਦਾ ਕਹਿਣਾ ਹੈ ਕਿ ਕਈ ਤੱਥਾਂ ਤੋਂ ਸਿੱਧਾ ਇਨਕਾਰ ਵੀ ਨਹੀਂ ਕੀਤਾ ਗਿਆ। ਇਹ ਹਾਲਤ ਅਮਰੀਕੀ ਲੋਕਤੰਤਰ ਦੇ ਉਸ ਸੰਕਟ ਨੂੰ ਦਰਸਾਉਂਦੀ ਹੈ, ਜਿੱਥੇ ਕਾਨੂੰਨ ਅਤੇ ਰਾਜਨੀਤੀ ਆਪਸ ਵਿੱਚ ਟਕਰਾਅ ਰਹੇ ਹਨ।
ਵੱਡੇ ਨਾਮ, ਵੱਡੀ ਚੁੱਪ
ਜਨਤਕ ਹੋਈਆਂ ਫ਼ਾਈਲਾਂ ਵਿੱਚ ਬਿਲ ਕਲਿੰਟਨ, ਪ੍ਰਿੰਸ ਐਂਡਰੂ, ਮਾਈਕਲ ਜੈਕਸਨ, ਐਲਨ ਮਸਕ ਅਤੇ ਬਿਲ ਗੇਟਸ ਵਰਗੇ ਨਾਮਾਂ ਦਾ ਜ਼ਿਕਰ ਆਉਣਾ ਇਸ ਮਾਮਲੇ ਨੂੰ ਹੋਰ ਸੰਵੇਦਨਸ਼ੀਲ ਬਣਾਉਂਦਾ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਸਪਸ਼ਟ ਤੌਰ ’ਤੇ ਗ਼ਲਤ ਕੰਮਾਂ ਤੋਂ ਇਨਕਾਰ ਕੀਤਾ ਹੈ। ਕਾਨੂੰਨੀ ਮਾਹਿਰ ਇਹ ਗੱਲ ਦੋਹਰਾਉਂਦੇ ਹਨ ਕਿ ਕਿਸੇ ਦਾ ਨਾਮ ਆਉਣਾ ਅਪਰਾਧ ਦਾ ਸਬੂਤ ਨਹੀਂ ਹੁੰਦਾ, ਪਰ ਇਹ ਵੀ ਸੱਚ ਹੈ ਕਿ ਇੰਨੇ ਵੱਡੇ ਨਾਮਾਂ ਨਾਲ ਜੁੜੀ ਚੁੱਪ ਆਪਣੇ ਆਪ ਵਿੱਚ ਕਈ ਸਵਾਲ ਪੈਦਾ ਕਰਦੀ ਹੈ।
ਭਾਰਤ ਨਾਲ ਜੁੜਿਆ ਸੰਵੇਦਨਸ਼ੀਲ ਪੱਖ
ਐਪਸਟੀਨ ਫ਼ਾਈਲਾਂ ਵਿੱਚ ਭਾਰਤ ਨਾਲ ਜੁੜੇ ਹਵਾਲੇ ਸਭ ਤੋਂ ਵੱਧ ਚਰਚਾ ਦਾ ਕੇਂਦਰ ਬਣੇ। ਕੁਝ ਈਮੇਲਾਂ ਤੇ ਸੁਨੇਹਿਆਂ ਵਿੱਚ ਦਾਅਵਾ ਕੀਤਾ ਗਿਆ ਕਿ 2017 ਤੋਂ 2019 ਦਰਮਿਆਨ ਐਪਸਟੀਨ ਅਤੇ ਉਦਯੋਗਪਤੀ ਅਨਿਲ ਅੰਬਾਨੀ ਵਿਚਕਾਰ ਸੰਪਰਕ ਸੀ ਤੇ ਉਨ੍ਹਾਂ ਗੱਲਾਂਬਾਤਾਂ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਅਤੇ ਕੂਟਨੀਤੀ ਦਾ ਜ਼ਿਕਰ ਆਇਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਕਿਹਾ ਕਿ ਇਹ ਇੱਕ ਦੋਸ਼ੀ ਅਪਰਾਧੀ ਦੀ ਕਲਪਨਾ ਤੋਂ ਵੱਧ ਕੁਝ ਨਹੀਂ।
ਲੋਕਤੰਤਰ, ਅਵਿਸ਼ਵਾਸ ਅਤੇ ਅਧੂਰਾ ਸੱਚ
ਐਪਸਟੀਨ ਮਾਮਲੇ ਨੇ ਦੁਨੀਆ ਭਰ ਵਿੱਚ ਲੋਕਾਂ ਦਾ ਨਿਆਂ ਪ੍ਰਣਾਲੀ ਤੋਂ ਭਰੋਸਾ ਹਿਲਾ ਦਿੱਤਾ ਹੈ। ਇਹ ਕੇਸ ਸਿਰਫ਼ ਯੌਨ ਅਪਰਾਧ ਦੀ ਕਹਾਣੀ ਨਹੀਂ, ਸਗੋਂ ਇਹ ਉਸ ਸਿਸਟਮ ਦੀ ਨੰਗੀ ਤਸਵੀਰ ਹੈ, ਜਿੱਥੇ ਤਾਕਤਵਰ ਲੋਕ ਅਕਸਰ ਕਾਨੂੰਨ ਤੋਂ ਉੱਪਰ ਨਜ਼ਰ ਆਉਂਦੇ ਹਨ। ਸਾਜ਼ਿਸ਼ੀ ਥਿਊਰੀਆਂ ਇਸੀ ਅਣਵਿਸ਼ਵਾਸ ਤੋਂ ਜਨਮ ਲੈਂਦੀਆਂ ਹਨ।
ਸਾਇਆ ਜੋ ਮਰਦਾ ਨਹੀਂ
ਜੇਫ਼ਰੀ ਐਪਸਟੀਨ ਮਰ ਗਿਆ ਹੈ, ਪਰ ਉਸਦਾ ਸਾਇਆ ਅਜੇ ਵੀ ਵ੍ਹਾਈਟ ਹਾਊਸ ਤੋਂ ਲੈ ਕੇ ਸੰਸਾਰ ਭਰ ਦੇ ‘ਵੱਡੇ ਲੋਕਾਂ’ ਤੱਕ ਮੰਡਰਾ ਰਿਹਾ ਹੈ। ਐਪਸਟੀਨ ਫ਼ਾਈਲਾਂ ਸਾਨੂੰ ਇਹ ਯਾਦ ਦਿਵਾਉਂਦੀਆਂ ਹਨ ਕਿ ਲੋਕਤੰਤਰ ਵਿੱਚ ਸੱਚ ਕਦੇ ਵੀ ਆਪਣੇ ਆਪ ਸਾਹਮਣੇ ਨਹੀਂ ਆਉਂਦਾ; ਉਸਨੂੰ ਲਗਾਤਾਰ ਪੁੱਛਗਿੱਛ, ਦਬਾਅ ਅਤੇ ਜਾਗਰੂਕਤਾ ਦੀ ਲੋੜ ਹੁੰਦੀ ਹੈ। ਸਵਾਲ ਇਹ ਨਹੀਂ ਕਿ ਐਪਸਟੀਨ ਕੌਣ ਸੀ, ਸਵਾਲ ਇਹ ਹੈ ਕਿ ਕੀ ਅਸੀਂ ਉਸ ਵਰਗੇ ਮਾਮਲਿਆਂ ਤੋਂ ਕੁਝ ਸਿੱਖਾਂਗੇ ਵੀ ਜਾਂ ਨਹੀਂ?

Leave a Reply

Your email address will not be published. Required fields are marked *