ਅੱਖੀਂ ਡਿੱਠਾ, ਕੰਨੀਂ ਸੁਣਿਆ
ਕੁਲਜੀਤ ਸਿੰਘ
ਜਿਸ ਤਰ੍ਹਾਂ ਗੁਰਦੁਆਰਾ ਪੈਲਾਟਾਈਨ ਵਿੱਚ ਚਾਹ ਨਾਲ ਮਿਲਦੇ ਪਕੌੜਿਆਂ/ਪਤੌੜਾਂ, ਬੇਸਣ ਬਰਫੀ ਤੇ ਹੋਰ ਖਾਣ-ਪਦਾਰਥਾਂ ਦਾ ਸਵਾਦ ਬਹੁਤੀ ਸੰਗਤ ਦੀ ਜ਼ੁਬਾਨ ‘ਤੇ ਹੈ, ਜਾਂ ਜਿਸ ਤਰ੍ਹਾਂ ਕਬੱਡੀ ਮੇਲਿਆਂ ਵਿੱਚ ਤਾਜ਼ਾ ਜਲੇਬੀਆਂ ਦਾ ਸਵਾਦ ਜੀਭ ਨੂੰ ਪ੍ਰਭਾਵਿਤ ਕਰਦਾ ਹੈ; ਉਸੇ ਤਰ੍ਹਾਂ ਗੁਰਦੁਆਰਾ ਪੈਲਾਟਾਈਨ ਚੋਣਾਂ ਵੀ ਇੱਕ ਤਰ੍ਹਾਂ ਦੇ ਆਹਾਰ ਵਾਂਗ ਹਨ, ਜੋ ਗੁਰਦੁਆਰਾ ਸਿਆਸਤ ਨਾਲ ਜੁੜੇ ਲੋਕਾਂ ਨੂੰ ਐਨਰਜੀ ਦਿੰਦੀਆਂ ਹਨ ਤੇ ਉਨ੍ਹਾਂ ਦੇ ਵਿਚਾਰ-ਵਟਾਂਦਰੇ ਜਾਂ ਬਹਿਸ-ਮੁਬਾਹਿਸੇ ਦਾ ਸਬੱਬ ਵੀ ਬਣਦੀਆਂ ਹਨ।
ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਸਬੰਧੀ ਮੈਦਾਨ ਭਖ ਜਾਣ ਨਾਲ ਤਰ੍ਹਾਂ ਤਰ੍ਹਾਂ ਦੇ ਸਲਾਹ-ਮਸ਼ਵਰੇ, ਕਿਆਸਅਰਾਈਆਂ, ਸਿੱਧੀਆਂ-ਅਸਿੱਧੀਆਂ ਨੋਕਾਂ-ਝੋਕਾਂ ਅਤੇ ਮਜ਼ਾਹੀਆ ਵਿਅੰਗਾਂ ਨਾਲ ਭਰਪੂਰ ਗੱਲਾਂਬਾਤਾਂ ਵਾਲਾ ਮਾਹੌਲ ਗੁਰਦੁਆਰਾ ਫਿਜ਼ਾਵਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਣਿਆ ਹੋਇਆ ਹੈ। ਗੁਰਦੁਆਰੇ ਵਿੱਚ ਸੰਗਤ ਦੀ ਆਉਣੀ-ਜਾਣੀ ਵੀ ਵਧਣ ਲੱਗੀ ਹੈ ਤੇ ਗੁਰਦੁਆਰਾ ਪ੍ਰਬੰਧਨ ‘ਤੇ ਲੁਕਵੇਂ ਏਜੰਡੇ ਤਹਿਤ ਆਪਣਾ ਦਬਦਬਾ ਬਣਾਈ ਰੱਖਣ ਦੇ ਮਨਸ਼ੇ ਨਾਲ ਨਤਮਸਤਕ ਹੋਣ ਦੀ ਨਿਰੰਤਰਤਾ ਦਾ ਬੋਲਬਾਲਾ ਵੀ ਹੋਣ ਲੱਗਾ ਹੈ; ਕਿਉਂਕਿ ਪਰਦੇਸਾਂ ਵਿੱਚ ਵੱਸਦੇ ਭਾਈਚਾਰੇ ਦੇ ਬਹੁਤੇ ਲੋਕਾਂ ਦੇ ਵਿਚਾਰ ਮੁਤਾਬਕ ਗੁਰੂਘਰ ਸਿਰਫ ਧਾਰਮਿਕ ਮਰਿਆਦਾ ਅਨੁਸਾਰ ਗੁਰਬਾਣੀ ਪੜ੍ਹਨ/ਸੁਣਨ ਜਾਂ ਕੀਰਤਨ ਸ਼੍ਰਵਣ ਕਰਨ, ਜਾਂ ਹੋਰ ਧਾਰਮਿਕ ਸਰਗਰਮੀਆਂ ਕੀਤੇ ਜਾਣ ਕਰਕੇ ਮੁਕੱਦਸ ਅਸਥਾਨ ਹੋਣ ਤੱਕ ਹੀ ਮਹਿਦੂਦ ਨਹੀਂ ਹਨ, ਸਗੋਂ ਇਹ ਭਾਈਚਾਰੇ ਲਈ ਸਮਾਜਿਕ ਤੇ ਵਿਰਾਸਤੀ ਤੌਰ ‘ਤੇ ਜੁੜੇ ਰਹਿਣ ਅਤੇ ਸਥਾਨਕ ਮੂਲ ਦੇ ਭਾਈਚਾਰਿਆਂ ਵਿੱਚ ਆਪਣੀ ਵੱਖਰੀ ਹੋਂਦ-ਬਹਾਲੀ ਦੇ ਨਜ਼ਰੀਏ ਤੋਂ ਵੀ ਵਿਸ਼ੇਸ਼ ਸਥਾਨ ਦਾ ਦਰਜਾ ਰੱਖਦੇ ਹਨ। ਖ਼ੈਰ! ਇਨ੍ਹੀਂ ਦਿਨੀਂ ਗੁਰਦੁਆਰਾ ਪੈਲਾਟਾਈਨ ਵਿੱਚ ‘ਧਾਰਮਿਕ ਸਿਆਸਤ’ ਦੇ ਰੰਗ ਦੇਖਣ ਨੂੰ ਮਿਲ ਰਹੇ ਹਨ; ਕਿਉਂਕਿ ਧੜੇਬੰਦਕ ਧਿਰਾਂ ਦੇ ਸਮਰਥਕ ਤੇ ਉਮੀਦਵਾਰ ਆਪੋ-ਆਪਣੇ ਤੌਰ ‘ਤੇ ਸਰਗਰਮ ਹਨ।
ਅਪਰੈਲ 2026 ਦੇ ਪਹਿਲੇ ਹਫਤੇ ਹੋਣ ਵਾਲੀਆਂ ਸੰਭਾਵੀ ਚੋਣਾਂ ਲਈ ਕੁਝ ਸੰਗਤ ਮੈਂਬਰਾਂ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦੇ ਇੱਕ ਮੈਂਬਰ ਦੀ ਚੋਣ ਲਈ ਛੇ ਜਣਿਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਿਨ੍ਹਾਂ ਵਿੱਚ ਸਵਰਨਜੀਤ ਸਿੰਘ, ਸਤਿੰਦਰ ਸਿੰਘ ਬਰਹਮ, ਸੁਰਿੰਦਰ ਕੌਰ ਸੰਘਾ, ਜੈਰਾਮ ਸਿੰਘ ਕਾਹਲੋਂ, ਕੰਵਰ ਹਰਿੰਦਰ ਸਿੰਘ ਅਤੇ ਰਣਜੀਤ ਸਿੰਘ ਗਿੱਲ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੁਰਿੰਦਰ ਕੌਰ ਸੰਘਾ ਤੇ ਰਣਜੀਤ ਸਿੰਘ ਗਿੱਲ ਵੱਖ-ਵੱਖ ਸਮੇਂ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਵਿੱਚ ਧਾਰਮਿਕ ਸਕੱਤਰ ਰਹਿ ਚੁੱਕੇ ਹਨ; ਜਦਕਿ ਜੈਰਾਮ ਸਿੰਘ ਕਾਹਲੋਂ ਪਿਛਲੀਆਂ ਦੋ ਵਾਰੀਆਂ ਤੋਂ ਨਿਰੰਤਰ ਪ੍ਰਧਾਨ ਹਨ। ਗੁਰਦੁਆਰਾ ਸੰਵਿਧਾਨ ਮੁਤਾਬਕ ਉਹ ਬੋਰਡ ਆਫ਼ ਟਰੱਸਟੀ ਲਈ ਇੱਕ ਵਾਰ ਹੋਰ ਚੋਣ ਨਹੀਂ ਲੜ ਸਕਦੇ, ਪਰ ਸੀ.ਆਈ.ਸੀ. ਦੇ ਮੈਂਬਰ ਬਣ ਸਕਦੇ ਹਨ।
ਬੋਰਡ ਆਫ਼ ਟਰੱਸਟੀ (ਬੀ.ਓ.ਟੀ.) ਲਈ ਸਵਰਨਜੀਤ ਸਿੰਘ, ਸਵਰਨ ਸਿੰਘ, ਤਰਲੋਚਨ ਸਿੰਘ, ਸਤਿੰਦਰ ਸਿੰਘ ਬਰਹਮ, ਪਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਮੁਲਤਾਨੀ, ਅਨੁਰੀਤ ਕੌਰ, ਮਹਾਂਬੀਰ ਸਿੰਘ ਬਰਾੜ, ਪ੍ਰਭਜੀਤ ਕੌਰ ਕਲੇਰ, ਅਮਨਦੀਪ ਸਿੰਘ, ਅਮਰਦੇਵ ਸਿੰਘ, ਸਤਨਾਮ ਸਿੰਘ ਗਿੱਲ, ਸੰਤੋਖ ਸਿੰਘ, ਸਲੇਂਦਰ ਸਿੰਘ ਹਯਾਤ ਪੁਰੀ, ਗੁਰਮੁੱਖ ਸਿੰਘ ਭੁੱਲਰ, ਅੱਛਰ ਸਿੰਘ, ਗੁਰਪ੍ਰੀਤ ਸਿੰਘ, ਕੰਵਰ ਹਰਿੰਦਰ ਸਿੰਘ, ਮੱਖਣ ਸਿੰਘ ਕਲੇਰ, ਸ਼ਿਵਇੰਦਰਜੀਤ ਸਿੰਘ, ਨਵਜੋਤ ਸਿੰਘ, ਲਖਬੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਗੁਰਕੀਰਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਤਿੰਨ ਉਮੀਦਵਾਰਾਂ ਨੇ ਸੀ.ਆਈ.ਸੀ. ਅਤੇ ਬੋਰਡ ਆਫ ਟਰੱਸਟੀ- ਦੋਹਾਂ ਲਈ ਨਾਮਜ਼ਦਗੀਆਂ ਭਰੀਆਂ ਹਨ। ਉਂਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿੱਥੀ ਤਾਰੀਕ ਤੱਕ ਉਨ੍ਹਾਂ ਨੂੰ ਇੱਕ ਪਾਸਾ ਸਪੱਸ਼ਟ ਕਰਨਾ ਹੋਵੇਗਾ।
ਦਿਲਚਸਪ ਤਾਂ ਇਹ ਵੀ ਹੈ ਕਿ ਨਾਮਜ਼ਦਗੀਆਂ ਭਰਨ ਵਾਲਿਆਂ ਵਿੱਚੋਂ ਕੁਝ ਆਪਸ ਵਿੱਚ ਰਿਸ਼ਤੇ ਪੱਖੋਂ ਸਕੇ-ਸੋਧਰੇ ਹਨ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ। ਉਂਝ ਇਹ ਕਹਿਣਾ ਕਿ ਉਹ ਵਿਚਾਰਧਾਰਕ ਤੌਰ ‘ਤੇ ਇੱਕ ਮੱਤ ਹਨ ਜਾਂ ਵੱਖ-ਵੱਖ ਨਜ਼ਰੀਏ ਤੋਂ ਚੋਣ ਲੜਨ ਦੇ ਚਾਹਵਾਨ ਹਨ, ਫ਼ਿਲਹਾਲ ਕੁਝ ਸਪਸ਼ਟ ਨਹੀਂ। ਉਂਝ ਇਨ੍ਹਾਂ ਵਿੱਚੋਂ ਕੁਝ ਨਾਮਜ਼ਦਗੀ ਪੱਤਰ ਆਉਂਦੇ ਐਤਵਾਰ ਯਾਨੀ 15 ਫ਼ਰਵਰੀ ਦੀ ਸ਼ਾਮ ਤੱਕ ਵਾਪਸ ਲੈ ਲਏ ਜਾਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਹੀ ਚੋਣਾਂ ਸਬੰਧੀ ਉਮੀਦਵਾਰਾਂ ਦੀ ਅੰਤਿਮ ਸੂਚੀ ਸਪੱਸ਼ਟ ਹੋਵੇਗੀ।
ਇੱਕ ਸੰਭਾਵਨਾ ਇਹ ਵੀ ਬਣਦੀ ਪ੍ਰਤੀਤ ਹੋ ਰਹੀ ਹੈ ਕਿ ਜੇ ਉਮੀਦਵਾਰਾਂ ਦੀ ਸੂਚੀ ਵਿੱਚ ਨਾਮ ਥੋੜ੍ਹੇ ਰਹਿ ਜਾਂਦੇ ਹਨ ਤਾਂ ਇਲੈਕਸ਼ਨ ਦੀ ਥਾਂ ਸਿਲੈਕਸ਼ਨ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ। ਉਂਝ ਇਸ ਲਈ ਚਾਰਾਜੋਈਆਂ ਹੁਣੇ ਤੋਂ ਕੀਤੇ ਜਾਣ ਦੀਆਂ ਕਨਸੋਆਂ ਵੀ ਹਨ (ਪੱਤਰਕਾਰੀ ਦੇ ਨਜ਼ਰੀਏ ਤੋਂ ਸਿਆਸਤ ਵਿੱਚ ਕਨਸੋਆਂ ਦੇ ਸੱਚ ਹੋ ਜਾਣ ਦੀ ਪੁਸ਼ਟੀ ਕੋਈ ਨਹੀਂ ਹੁੰਦੀ, ਪਰ ਜੇ ਇਹ ਸੱਚ ਵੀ ਹੁੰਦੀਆਂ ਹਨ ਤਾਂ ਉਜ਼ਰ ਵੀ ਕੋਈ ਨਹੀਂ)।
ਇੱਥੇ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇ ਬੋਰਡ ਆਫ ਟਰੱਸਟੀ ਲਈ ਹਰ ਦੋ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਇੱਕ ਸਮੇਂ ਚਾਰ ਅਤੇ ਇੱਕ ਸਮੇਂ ਪੰਜ ਬੋਰਡ ਆਫ ਟਰੱਸਟੀ ਯਾਨੀ ਮੈਂਬਰ ਚੁਣੇ ਜਾਂਦੇ ਹਨ। ਸਾਲ 2022 ਵਿੱਚ ਚੋਣਾਂ ਹੋਈਆਂ ਸਨ; ਜਦਕਿ ਕੋਵਿਡ-19 ਦੌਰਾਨ ਕਰੋਨਾ ਦੇ ਡਰੋਂ ਸਰਕਾਰੀ/ਪ੍ਰਸ਼ਾਸਕੀ ਪਾਬੰਦੀਆਂ ਦੇ ਮੱਦੇਨਜ਼ਰ ਸਾਲ 2020 ਅਤੇ ਫਿਰ ਸਾਲ 2024 ਵਿੱਚ ਚੋਣਾਂ ਨਹੀਂ ਸਨ ਹੋਈਆਂ।
ਹੁਣ ਸੰਗਤ ਦੇ ਕੁਝ ਮੈਂਬਰਾਂ ਵਿੱਚੋਂ ਇਹ ਆਵਾਜ਼ ਉਠ ਰਹੀ ਹੈ ਕਿ ਇਲੈਕਸ਼ਨ ਨਾਲੋਂ ਸਿਲੈਕਸ਼ਨ ਨੂੰ ਤਰਜੀਹ ਦੇਣ ਨਾਲ ਚੋਣਾਂ ਸਮੇਂ ਆਉਂਦੇ ਖਰਚ ਦੀ ਬੱਚਤ ਤਾਂ ਹੋਵੇਗੀ ਹੀ, ਸਗੋਂ ਇਸ ਤਰ੍ਹਾਂ ਭਾਈਚਾਰਕ ਆਪਸੀ ਇਤਫਾਕ ਵੀ ਬਣਿਆ ਰਹੇਗਾ; ਪਰ ਦੂਜਾ ਪਹਿਲੂ ਇਹ ਵੀ ਹੈ ਕਿ ਕੁਝ ਸੰਗਤ ਮੈਂਬਰ ਇਹ ਦਲੀਲ ਦੇ ਕੇ ਵੋਟਾਂ ਕਰਵਾਏ ਜਾਣ ਨੂੰ ਸਹੀ ਦੱਸ ਰਹੇ ਹਨ ਕਿ ਬੋਰਡ ਆਫ ਟਰੱਸਟੀ ਲਈ ਮੈਂਬਰ ਵੋਟਾਂ ਰਾਹੀਂ ਚੁਣ ਕੇ ਆਉਣੇ ਚਾਹੀਦੇ ਹਨ ਤਾਂ ਜੋ ਸੰਗਤ ਨੂੰ ਇਹ ਨਾ ਲੱਗੇ ਕਿ ਉਨ੍ਹਾਂ ਤੋਂ ਵੋਟ ਪਾਉਣ ਦਾ ਹੱਕ ਖੋਹ ਲਿਆ ਗਿਆ ਹੈ; ਕਿਉਂਕਿ ਗੁਰਦੁਆਰਾ ਸਾਹਿਬ ਲਈ ਸੰਗਤ ਦੀ ਮੈਂਬਰਸ਼ਿਪ ਭਰਾਏ ਜਾਣ ਦੇ ਕੁਝ ਮਕਸਦਾਂ ਵਿੱਚੋਂ ਇੱਕ ਮਕਸਦ ਨੂੰ ਵੋਟਾਂ ਦੀ ਗਿਣਤੀ ਪੱਖੋਂ ਵੀ ਦੇਖਿਆ ਜਾਂਦਾ ਹੈ। ਉਂਜ ਵੋਟ ਸਿਸਟਮ ਰਾਹੀਂ ਮੈਂਬਰ ਚੁਣੇ ਜਾਣ ਨਾਲ ਇਹ ਪੱਖ ਸਪਸ਼ਟ ਹੁੰਦਾ ਹੈ ਕਿ ਸੰਗਤ ਕਿਨ੍ਹਾਂ ਮੈਂਬਰਾਂ ਨੂੰ ਗੁਰਦੁਆਰਾ ਪ੍ਰਬੰਧ ਚਲਾਉਣ ਲਈ ਬਹੁਮਤ ਦਿੰਦੀ ਹੈ। ਜੇ ਚੋਣਾਂ ਤੋਂ ਪਹਿਲਾਂ ਸਰਬਸੰਮਤੀ ਲਈ ਸਹਿਮਤੀ ਬਣ ਕੇ ਪਰਚੀ ਸਿਸਟਮ ‘ਤੇ ਗੱਲ ਨਿਬੜਦੀ ਹੈ ਤਾਂ ਨਿਰਸੰਦੇਹ ਚੋਣਾਂ ਰੱਦ ਹੋ ਜਾਣਗੀਆਂ, ਪਰ ਜੇ ਸਹਿਮਤੀ ਨਹੀਂ ਬਣਦੀ ਤਾਂ ਚੋਣਾਂ ਕਰਵਾਏ ਜਾਣ ਲਈ ਰਾਹ ਪਹਿਲਾਂ ਹੀ ਪੱਧਰਾ ਹੈ।
ਇਸ ਤੋਂ ਇਲਾਵਾ ਗੁਰਦੁਆਰਾ ਮਾਹੌਲ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਹਲਚਲ ਵੀ ਵਧੀ ਹੈ। ਉਂਜ ਚੋਣਾਂ ਸਮੇਂ ਵਿਰੋਧਾਭਾਸੀ ਸਥਿਤੀ ਸੁਭਾਵਿਕ ਬਣ ਜਾਣੀ ਜਾਂ ਬਣਾ ਦੇਣੀ ਆਮ ਵਰਤਾਰਾ ਸਮਝਿਆ ਜਾਂਦਾ ਹੈ, ਪਰ ਕੁਝ ਗੱਲਾਂ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਾਂ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਜੁੜੀਆਂ ਧਿਰਾਂ ਵਿਚਾਲੇ ਮਤਭੇਦ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਉਭਰੇ ਹੋਏ ਹਨ ਤੇ ਗਾਹੇ-ਬਗਾਹੇ ਉਨ੍ਹਾਂ ‘ਤੇ ਦਲੀਲ-ਬਾਦਲੀਲ ਚਰਚਾ ਵੀ ਛਿੜਦੀ ਰਹੀ ਹੈ। ਇਨ੍ਹਾਂ ਚਰਚਿਆਂ ਲਈ ਵੀ ਰਾਹ ਮੋਕਲਾ ਹੋਇਆ ਹੈ ਕਿ ਜਿਹੜੇ ਸ਼ਖਸ ਗੁਰਦੁਆਰੇ ਵਿੱਚ ਸਿਆਸਤ ਨੂੰ ਪਹਿਲ ਦੇ ਕੇ ਸਿਰਫ਼ ਆਪਣੇ ਆਪ ਨੂੰ ਮੁਹਰੈਲ ਸਫ਼ਾਂ ਵਿੱਚ ਰੱਖਣ ਦੀ ਤਾਕ ਵਿੱਚ ਹਨ ਅਤੇ ਜਿਹੜੇ ਸੇਵਾ ਭਾਵਨਾ ਦੇ ਨਜ਼ਰੀਏ ਤੋਂ ਤੰਗਦਿਲ ਹਨ, ਉਨ੍ਹਾਂ ਨੂੰ ਗੁਰੂ ਦਾ ਭੈਅ ਮੰਨਣਾ ਚਾਹੀਦਾ ਹੈ।
ਕੁਝ ਗੱਲਾਂ ਉਤੇ ਮੌਜੂਦਾ ਪ੍ਰਬੰਧਕੀ ਕਮੇਟੀ ਦੇ ਕੁਝ ਨੁਮਾਇੰਦਿਆਂ ਅਤੇ ਨਿੱਜੀ ਧਿਰਾਂ ਵਿਚਾਲੇ ਆਪਸੀ ਮਤਭੇਦ ਹਨ, ਜਿਸ ਕਾਰਨ ਹਲਕੀ-ਫੁਲਕੀ ਗਹਿਮਾ-ਗਹਿਮੀ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਵਿੱਚ ਦੋ ਰਾਵਾਂ ਨਹੀਂ ਕਿ ਇਸ ਤਰ੍ਹਾਂ ਦੇ ਮਾਹੌਲ ਨੇ ਗੁਰਦੁਆਰਾ ਅਹਾਤੇ ਵਿੱਚ ਨਾਂਹਪੱਖੀ ਅਸਰ ਪੈਦਾ ਕੀਤਾ ਹੈ, ਜੋ ਕਿ ਗੁਰਬਾਣੀ ਦੇ ਆਸੇ ਤੋਂ ਉਲਟ ਚੱਲਣ ਦੀ ਪ੍ਰਵਿਰਤੀ ਨੂੰ ਉਜਾਗਰ ਕਰਦਾ ਹੈ। ਸੰਗਤ ਦੇ ਕੁਝ ਮੈਂਬਰਾਂ ਨੂੰ ਇਹ ਸਭ ਖਟਕ ਰਿਹਾ ਹੈ। ਉਂਝ ਪੈਲਾਟਾਈਨ ਗੁਰੂਘਰ ਵਿੱਚ ਸਮੇਂ ਸਮੇਂ ਉਭਰਦੀਆਂ ਰਹੀਆਂ ਵਿਚਾਰਧਾਰਕ ਤਲਖ਼ੀਆਂ ਦੇ ਇਤਿਹਾਸ ਤੋਂ ਇਸ ਨਾਲ ਲੰਮੇ ਸਮੇਂ ਤੋਂ ਜੁੜੀ ਸੰਗਤ ਭਲੀਭਾਂਤ ਜਾਣੂੰ ਹੈ। ਇਨ੍ਹਾਂ ਦਾ ਅਗਾਮੀ ਸੰਭਾਵੀ ਚੋਣਾਂ ਉਤੇ ਕੀ ਅਸਰ ਪੈਂਦਾ ਹੈ, ਇਹ ਦੇਖਣਾ ਵੀ ਦਿਲਚਸਪੀ ਭਰਿਆ ਹੋਵੇਗਾ।
ਇਸੇ ਦੌਰਾਨ ਗੁਰਦੁਆਰਾ ਕਾਰ ਸੇਵਾ ਜਥੇ ਦੇ ਇੱਕ ਸੱਜਣ ਸਤਨਾਮ ਸਿੰਘ ਔਲਖ ਨੇ ‘ਪੰਜਾਬੀ ਪਰਵਾਜ਼’ ਨੂੰ ਭੇਜੇ ਇੱਕ ਬਿਆਨ ਵਿੱਚ ਸੰਗਤ ਨੂੰ ਗੁਰਦੁਆਰਾ ਸਾਹਿਬ ਵਿਖ਼ੇ ਧਾਰਮਿਕ ਸਿਸਟਮ, ਗੁਰਮਤਿ ਸਿੱਖੀ ਪ੍ਰਚਾਰ, ਰੁੱਖਾਂ ਦੀ ਲਵਾਈ ਅਤੇ ਵਾਤਾਵਰਨ ਦੀ ਅੰਦਰੋਂ ਸਾਫ-ਸਫ਼ਾਈ ਵਿੱਚ ਦਿਨ-ਬਦਿਨ ਹੋ ਰਹੇ ਵਾਧੇ ਦੀ ਪ੍ਰਿੰਟਿੰਗ ਤੇ ਸੋਸ਼ਲ ਮੀਡੀਆ ਰਾਹੀਂ ਹੋ ਰਹੀ ਪ੍ਰਸ਼ੰਸਾ ਨੂੰ ਬਰਕਰਾਰ ਰੱਖਣ ਲਈ ਧੜੇਬਾਜ਼ੀ ਤੋਂ ਉਪਰ ਉੱਠ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਨੂੰ ਆਦਰਸ਼ ਮਿਆਰੀ ਬਣਾਉਣ ਵਾਸਤੇ ਰੋਲ ਮਾਡਲ ਟਰੱਸਟੀ ਦੀ ਇਲੈਕਸ਼ਨ ਜਾਂ ਸਿਲੈਕਸ਼ਨ ਕਰਨ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਗੁਰੂਘਰ ਵਿੱਚ ਮੈਂਬਰਸ਼ਿਪ ਫਾਰਮ ਭਰਨ ਦਾ ਸਿਲਸਿਲਾ ਵੀ ਜਾਰੀ ਹੈ ਅਤੇ ਸੰਗਤ ਦੇ ਮੈਂਬਰ ਬਣਦੀ ਫੀਸ ਜਮ੍ਹਾਂ ਕਰਵਾ ਰਹੇ ਹਨ। ਜਿਨ੍ਹਾਂ ਨੇ ਮੈਂਬਰਸ਼ਿਪ ਹਾਲੇ ਤੱਕ ਨਹੀਂ ਲਈ ਹੋਈ, ਉਨ੍ਹਾਂ ਨੂੰ ਇਸ ਦੇ ਫਾਇਦੇ ਦੱਸ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੇਤੇ ਰਹੇ, ਇਨ੍ਹੀਂ ਦਿਨੀਂ ਪਹਿਲੀ ਵਾਰ ਮੈਂਬਰਸ਼ਿਪ ਲੈਣ ਲਈ ਫਾਰਮ ਭਰਨ ਵਾਲੀ ਸੰਗਤ ਨੂੰ ਇਸ ਸਾਲ ਦੀ ਅਗਾਮੀ ਚੋਣ ਸਮੇਂ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ।
