*ਪਾਣੀ ਨਾਲ ਭਰੀਆਂ ਮਿਜ਼ਾਈਲਾਂ, ਨਾ ਖੁੱਲ੍ਹਣ ਵਾਲੇ ਸਾਈਲੋ ਅਤੇ ਸ਼ੀ ਜਿਨਪਿੰਗ ਦੀ ਸਭ ਤੋਂ ਵੱਡੀ ਫ਼ੌਜੀ ਸਫ਼ਾਈ
*ਅਮਰੀਕੀ ਖ਼ੁਫ਼ੀਆ ਰਿਪੋਰਟ ਦਾ ਹੈਰਾਨ ਕਰਨ ਵਾਲਾ ਖ਼ੁਲਾਸਾ
ਪੰਜਾਬੀ ਪਰਵਾਜ਼ ਬਿਊਰੋ
ਹੁਣੇ ਜਿਹੇ ਅਮਰੀਕੀ ਖੁਫੀਆ ਏਜੰਸੀਆਂ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਸਾਹਮਣੇ ਆਏ ਖੁਲਾਸਿਆਂ ਨੇ ਦੁਨੀਆ ਭਰ ਦੇ ਸੁਰੱਖਿਆ ਅਤੇ ਜਿਓਪਾਲੀਟਿਕ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ। ਬ੍ਰਿਟੇਨ ਦੇ ਅਖ਼ਬਾਰ ‘ਦ ਟੈਲੀਗ੍ਰਾਫ’, ‘ਬਲੂਮਬਰਗ’ ਅਤੇ ਹੋਰ ਪੱਛਮੀ ਸਰੋਤਾਂ ਮੁਤਾਬਕ ਚੀਨ ਦੀ ਸਭ ਤੋਂ ਤਾਕਤਵਰ ਮੰਨੇ ਜਾਣ ਵਾਲਾ ਫ਼ੌਜੀ ਯੂਨਿਟ-‘ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ’ ਗੰਭੀਰ ਭ੍ਰਿਸ਼ਟਾਚਾਰ ਦੀ ਲਪੇਟ ਵਿੱਚ ਹੈ। ਇਹ ਉਹੀ ਰਾਕੇਟ ਫੋਰਸ ਹੈ, ਜਿਸ ’ਤੇ ਚੀਨ ਦੇ ਨਿਊਕਲੀਅਰ ਹਥਿਆਰਾਂ ਅਤੇ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਪੂਰੀ ਜ਼ਿੰਮੇਵਾਰੀ ਹੈ।
ਫਿਊਲ ਦੀ ਥਾਂ ਪਾਣੀ: ਨਿਊਕਲੀਅਰ ਮਿਜ਼ਾਈਲਾਂ ’ਤੇ ਵੱਡਾ ਸਵਾਲ ਰਿਪੋਰਟ ਵਿੱਚ ਕੀਤੇ ਗਏ ਦਾਅਵੇ ਸਿਰਫ਼ ਕਾਗਜ਼ੀ ਜਾਂ ਪ੍ਰਸ਼ਾਸਨਿਕ ਗੜਬੜਾਂ ਤੱਕ ਸੀਮਤ ਨਹੀਂ ਹਨ, ਸਗੋਂ ਇਹ ਚੀਨ ਦੀ ਫ਼ੌਜੀ ਤਾਕਤ ਦੀ ਅਸਲ ਹਕੀਕਤ ਨੂੰ ਬੇਨਕਾਬ ਕਰਦੇ ਹਨ। ਅਮਰੀਕੀ ਇੰਟੈਲੀਜੈਂਸ ਮੁਤਾਬਕ ਪੱਛਮੀ ਚੀਨ ਵਿੱਚ ਤਾਇਨਾਤ ਕਈ ਨਿਊਕਲੀਅਰ ਮਿਜ਼ਾਈਲਾਂ ਦੇ ਅੰਦਰ ਫਿਊਲ ਦੀ ਥਾਂ ਪਾਣੀ ਭਰਿਆ ਹੋਇਆ ਮਿਲਿਆ। ਮਿਜ਼ਾਈਲ ਵਰਗੇ ਅਤਿ ਸੰਵੇਦਨਸ਼ੀਲ ਹਥਿਆਰਾਂ ਵਿੱਚ ਅਜਿਹੀ ਲਾਪਰਵਾਹੀ ਜਾਂ ਜਾਣ-ਬੁੱਝ ਕੇ ਕੀਤੀ ਗਈ ਧੋਖਾਧੜੀ ਸਿਰਫ਼ ਭ੍ਰਿਸ਼ਟਾਚਾਰ ਦੀ ਸਿਖ਼ਰਲੀ ਹੱਦ ਹੀ ਨਹੀਂ ਦਿਖਾਉਂਦੀ, ਸਗੋਂ ਇਹ ਵੀ ਸਵਾਲ ਖੜ੍ਹੇ ਕਰਦੀ ਹੈ ਕਿ ਜੰਗੀ ਹਾਲਾਤ ਵਿੱਚ ਇਹ ਹਥਿਆਰ ਅਸਲ ਵਿੱਚ ਕੰਮ ਕਰਨ ਜੋਗੇ ਵੀ ਹਨ ਜਾਂ ਨਹੀਂ!
ਨਾ ਖੁੱਲ੍ਹਣ ਵਾਲੇ ਸਾਈਲੋ ਅਤੇ ਜੰਗੀ ਤਿਆਰੀਆਂ ਦੀ ਨਾਕਾਮੀ
ਇਸ ਤੋਂ ਇਲਾਵਾ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਿਜ਼ਾਈਲ ਲਾਂਚ ਕਰਨ ਲਈ ਜ਼ਮੀਨ ਹੇਠਾਂ ਬਣਾਏ ਗਏ ਕਈ ਸਾਈਲੋ ਇੰਨੇ ਘੱਟ ਦਰਜੇ ਦੇ ਮਾਲ ਨਾਲ ਅਤੇ ਲਾਪਰਵਾਹੀ ਨਾਲ ਤਿਆਰ ਕੀਤੇ ਗਏ ਕਿ ਉਨ੍ਹਾਂ ਦੇ ਢੱਕਣ ਠੀਕ ਤਰ੍ਹਾਂ ਖੁੱਲ੍ਹ ਵੀ ਨਹੀਂ ਸਕਦੇ। ਯਾਨੀ ਜੇ ਕਦੇ ਅਚਾਨਕ ਜੰਗ ਦੀ ਸਥਿਤੀ ਬਣ ਜਾਵੇ ਤਾਂ ਮਿਜ਼ਾਈਲ ਲਾਂਚ ਕਰਨਾ ਅਸੰਭਵ ਹੋ ਸਕਦਾ ਹੈ। ਰੱਖਿਆ ਮਾਹਿਰਾਂ ਦੇ ਅਨੁਸਾਰ ਇਹ ਗਲਤੀਆਂ ਸਾਧਾਰਣ ਤਕਨੀਕੀ ਖ਼ਾਮੀਆਂ ਨਹੀਂ, ਸਗੋਂ ਲੰਮੇ ਸਮੇਂ ਤੋਂ ਚੱਲ ਰਹੀ ਪ੍ਰਣਾਲੀਗਤ ਭ੍ਰਿਸ਼ਟਾਚਾਰ ਦਾ ਨਤੀਜਾ ਹਨ, ਜਿਸ ਵਿੱਚ ਠੇਕੇਦਾਰਾਂ, ਫੌਜੀ ਅਧਿਕਾਰੀਆਂ ਅਤੇ ਰਾਜਨੀਤਿਕ ਸਰਪ੍ਰਸਤੀ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ਵਿੱਚ ਹੈ।
ਨਿਊਕਲੀਅਰ ਹਥਿਆਰਾਂ ਦੇ ਅੰਕੜੇ ਅਤੇ ਉਨ੍ਹਾਂ ਦੀ ਭਰੋਸੇਯੋਗਤਾ
ਇਹ ਖੁਲਾਸੇ 2024 ਦੌਰਾਨ ਅਮਰੀਕੀ ਇੰਟੈਲੀਜੈਂਸ ਵੱਲੋਂ ਆਪਣੇ ਸਾਥੀ ਦੇਸ਼ਾਂ ਨਾਲ ਸਾਂਝੇ ਕੀਤੇ ਗਏ ਸਨ। ਰਿਪੋਰਟਾਂ ਅਨੁਸਾਰ ਚੀਨ ਦੇ ਨਿਊਕਲੀਅਰ ਮਿਸਾਈਲ ਪ੍ਰੋਗਰਾਮ ’ਤੇ ਇਸ ਦਾ ਡੂੰਘਾ ਅਸਰ ਪਿਆ ਹੈ। ਪੱਛਮੀ ਦੇਸ਼ਾਂ ਵਿੱਚ ਕਈ ਸਾਲਾਂ ਤੋਂ ਇਹ ਮੰਨਿਆ ਜਾ ਰਿਹਾ ਸੀ ਕਿ ਚੀਨ ਤੇਜ਼ੀ ਨਾਲ ਆਪਣੇ ਨਿਊਕਲੀਅਰ ਹਥਿਆਰਾਂ ਦੀ ਗਿਣਤੀ ਅਤੇ ਗੁਣਵੱਤਾ ਵਧਾ ਰਿਹਾ ਹੈ। ਅਮਰੀਕੀ ਡਿਫੈਂਸ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ 2020 ਵਿੱਚ ਚੀਨ ਕੋਲ ਲਗਭਗ 200 ਨਿਊਕਲੀਅਰ ਵਾਰਹੈੱਡ ਸਨ, ਜੋ 2023 ਤੱਕ ਵਧ ਕੇ ਕਰੀਬ 400 ਹੋ ਗਏ। ਅਨੁਮਾਨ ਹੈ ਕਿ 2030 ਤੱਕ ਇਹ ਗਿਣਤੀ 1000 ਦੇ ਨੇੜੇ ਪਹੁੰਚ ਸਕਦੀ ਹੈ; ਪਰ ਤਾਜ਼ਾ ਖੁਲਾਸਿਆਂ ਨੇ ਇਨ੍ਹਾਂ ਅਨੁਮਾਨਾਂ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਸ਼ੀ ਜਿਨਪਿੰਗ ਦੀ ਸਖ਼ਤ ਫ਼ੌਜੀ ਸਫ਼ਾਈ
ਇਨ੍ਹਾਂ ਖੁਲਾਸਿਆਂ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੇਹੱਦ ਸਖ਼ਤ ਕਦਮ ਚੁੱਕੇ ਹਨ। ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ ਦੀ ਪੂਰੀ ਟਾਪ ਲੀਡਰਸ਼ਿਪ ਨੂੰ ਹਟਾ ਦਿੱਤਾ ਗਿਆ ਹੈ। ਕਮਾਂਡਰਾਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਕਈ ਜਨਰਲਾਂ ਨੂੰ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਗਿਆ। ਇਹ ਸਫਾਈ ਮੁਹਿੰਮ 2023 ਤੋਂ ਸ਼ੁਰੂ ਹੋ ਕੇ 2024 ਤੱਕ ਜਾਰੀ ਰਹੀ, ਜਿਸਨੂੰ ਚੀਨ ਦੇ ਰੱਖਿਆ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ‘ਸਫ਼ਾਈ’ ਮੰਨਿਆ ਜਾ ਰਿਹਾ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸ਼ੀ ਜਿਨਪਿੰਗ ਇਸ ਮੌਕੇ ਨੂੰ ਵਰਤ ਕੇ ਫੌਜ ’ਤੇ ਆਪਣੀ ਨਿੱਜੀ ਅਤੇ ਰਾਜਨੀਤਿਕ ਪਕੜ ਹੋਰ ਮਜਬੂਤ ਕਰ ਰਹੇ ਹਨ।
ਰਾਕੇਟ ਫੋਰਸ: ਸਭ ਤੋਂ ਸੰਵੇਦਨਸ਼ੀਲ ਫ਼ੌਜੀ ਇਕਾਈ ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ ਚੀਨ ਦੀ ਸਭ ਤੋਂ ਸੰਵੇਦਨਸ਼ੀਲ ਫ਼ੌਜੀ ਇਕਾਈ ਹੈ। ਇਸ ਦੀ ਸਥਾਪਨਾ 1966 ਵਿੱਚ ਹੋਈ ਸੀ ਅਤੇ 2015 ਵਿੱਚ ਇਸਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ। ਇਹ ਯੂਨਿਟ ਡੀ.ਐਫ਼-41 ਵਰਗੀਆਂ ਅੰਤਰ-ਮਹਾਂਦਵੀਪੀ ਮਿਜ਼ਾਈਲਾਂ ਅਤੇ ਡੀ.ਐਫ਼-17 ਵਰਗੀਆਂ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਲੈਸ ਹੈ। ਕਾਗਜ਼ਾਂ ’ਤੇ ਇਹ ਤਾਕਤ ਅਮਰੀਕਾ ਲਈ ਵੀ ਵੱਡੀ ਚੁਣੌਤੀ ਦੱਸੀ ਜਾਂਦੀ ਰਹੀ ਹੈ, ਪਰ ਹੁਣ ਇਹ ਸਾਫ਼ ਹੋ ਰਿਹਾ ਹੈ ਕਿ ਅੰਦਰੂਨੀ ਕਮਜ਼ੋਰੀਆਂ ਇਸ ਤਾਕਤ ਨੂੰ ਕਾਫ਼ੀ ਹੱਦ ਤੱਕ ਖੋਖਲਾ ਕਰ ਰਹੀਆਂ ਹਨ।
ਤਾਈਵਾਨ ਮਸਲਾ ਅਤੇ ਚੀਨ ਦੀ ਜੰਗੀ ਤਿਆਰੀ
ਜਿਓਪਾਲੀਟਿਕ ਮਾਹਿਰਾਂ ਅਨੁਸਾਰ ਇਸ ਭ੍ਰਿਸ਼ਟਾਚਾਰ ਦਾ ਸਿੱਧਾ ਅਸਰ ਚੀਨ ਦੀ ਜੰਗੀ ਤਿਆਰੀ ’ਤੇ ਪੈਂਦਾ ਹੈ। ਖ਼ਾਸ ਕਰ ਕੇ ਤਾਈਵਾਨ ਮਸਲੇ ’ਤੇ ਚੀਨ ਜੋ ਸਖ਼ਤ ਭਾਸ਼ਾ ਵਰਤਦਾ ਆ ਰਿਹਾ ਹੈ, ਉਸ ਪਿੱਛੇ ਹਕੀਕੀ ਤਿਆਰੀ ਕਿੰਨੀ ਹੈ; ਇਸ ’ਤੇ ਹੁਣ ਗੰਭੀਰ ਸਵਾਲ ਉੱਠ ਰਹੇ ਹਨ। ਬਹੁਤ ਸਾਰੇ ਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਚੀਨ ਕਿਸੇ ਵੱਡੇ ਯੁੱਧ ਦੀ ਸ਼ੁਰੂਆਤ ਕਰਨ ਦੀ ਸਥਿਤੀ ਵਿੱਚ ਨਹੀਂ, ਕਿਉਂਕਿ ਪਹਿਲਾਂ ਉਸਨੂੰ ਆਪਣੀ ਫ਼ੌਜ ਅੰਦਰਲੇ ਭ੍ਰਿਸ਼ਟਾਚਾਰ ਨੂੰ ਰੋਕਣਾ ਪਵੇਗਾ।
ਕਾਗਜ਼ੀ ਤਾਕਤ ਦੇ ਪਿੱਛੇ ਲੁਕੀ ਕੌੜੀ ਹਕੀਕਤ
ਸੋ, ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਅਮਰੀਕੀ ਖ਼ੁਫ਼ੀਆ ਰਿਪੋਰਟ ਨੇ ਚੀਨ ਦੀ ਫ਼ੌਜੀ ਸ਼ਾਨੋ-ਸ਼ੌਕਤ ਦੇ ਪਿੱਛੇ ਲੁਕੀ ਕੌੜੀ ਹਕੀਕਤ ਨੂੰ ਸਾਹਮਣੇ ਲਿਆ ਦਿੱਤਾ ਹੈ। ਨਿਊਕਲੀਅਰ ਹਥਿਆਰ ਸਿਰਫ਼ ਡਰ ਪੈਦਾ ਕਰਨ ਦਾ ਸਾਧਨ ਨਹੀਂ ਹੁੰਦੇ, ਉਨ੍ਹਾਂ ਦੀ ਭਰੋਸੇਯੋਗਤਾ ਅਤੇ ਤਕਨੀਕੀ ਤਿਆਰੀ ਹੀ ਅਸਲ ਤਾਕਤ ਹੁੰਦੀ ਹੈ। ਚੀਨ ਲਈ ਇਹ ਮਾਮਲਾ ਇੱਕ ਚੇਤਾਵਨੀ ਵਾਂਗ ਹੈ ਕਿ ਜੇ ਭ੍ਰਿਸ਼ਟਾਚਾਰ ਨੂੰ ਕੰਟਰੋਲ ਨਾ ਕੀਤਾ ਗਿਆ, ਤਾਂ ਕਾਗਜ਼ੀ ਤਾਕਤ ਵੀ ਜੰਗ ਦੇ ਮੈਦਾਨ ਵਿੱਚ ਬੇਅਸਰ ਸਾਬਤ ਹੋ ਸਕਦੀ ਹੈ।
