*ਰਾਜਪਾਲ ਰਾਹੀਂ ਭਾਜਪਾ ਨਸ਼ੇ ਨੂੰ ਲੱਗੀ ਚੋਣ ਮੁੱਦਾ ਬਣਾਉਣ
ਜਸਵੀਰ ਸਿੰਘ ਸ਼ੀਰੀ
ਨਸ਼ੇ ਪੰਜਾਬ ਵਿੱਚ ਸਿਆਸੀ ਮੁੱਦਾ ਤਾਂ ਬਣ ਜਾਂਦੇ ਹਨ, ਪਰ ਇਹ ਖਤਮ ਨਹੀਂ ਹੁੰਦੇ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਸਰਕਾਰ ਮੌਕੇ ਕੈਮੀਕਲ ਨਸ਼ਿਆਂ, ਖਾਸ ਕਰਕੇ ਚਿੱਟੇ ਦੀ ਲੱਤ ਦਾ ਪੰਜਾਬ ਵਿੱਚ ਬੜਾ ਵੱਡਾ ਰੌਲਾ ਪਿਆ ਸੀ ਅਤੇ ਇਸ ਵਿੱਚ ਅਕਾਲੀ ਸਰਕਾਰ ਨੂੰ ਕਾਫੀ ਦੋਸ਼ੀ ਠਹਿਰਾਇਆ ਗਿਆ ਸੀ।
ਅਕਾਲੀਆਂ ਵਿੱਚੋਂ ਵੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦੇ ਜੋਟੀਦਾਰਾਂ ਬਾਰੇ ਖਾਸਾ ਰੌਲਾ ਪਿਆ ਸੀ ਕਿ ਉਨ੍ਹਾਂ ਦੀ ਛਤਰਛਾਇਆ ਹੇਠ ਡਰੱਗ ਦਾ ਇੱਕ ਵੱਡਾ ਕਾਰਟੇਲ ਚੱਲ ਰਿਹਾ ਹੈ। ਇਸ ਸੰਬੰਧ ਵਿੱਚ ਬਾਅਦ ਵਿੱਚ ਇੱਕ ਡੀ.ਐਸ.ਪੀ. ਦੀ ਗ੍ਰਿਫਤਾਰੀ ਵੀ ਹੋਈ ਸੀ, ਜਿਸ ਨੇ ਇਸ ਮਾਮਲੇ ਵਿੱਚ ਬਿਕਰਮਜੀਤ ਸਿੰਘ ਮਜੀਠੀਏ ਦਾ ਨਾਂ ਲਿਆ ਸੀ। ਉਸ ਸਮੇਂ ਮੌਜੂਦ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਸਰਕਾਰ ਬਾਰੇ ਇਹ ਗਹਿਰਾ ਪ੍ਰਭਾਵ ਬਣ ਗਿਆ ਸੀ ਕਿ ਪੰਜਾਬ ਵਿੱਚ ਫੈਲ ਰਹੇ ਨਵੇਂ ਅਤੇ ਮਾਰੂ ਨਸ਼ੇ ਇਸ ਸਰਕਾਰ ਜਾਂ ਸਰਕਾਰ ਦੇ ਮੰਤਰੀਆਂ ਵਗੈਰਾ ਦੀ ਮਿਲੀਭੁਗਤ ਨਾਲ ਵਿਕ ਰਹੇ ਹਨ।
2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਛੇ ਕੁ ਮਹੀਨੇ ਪਹਿਲਾਂ ਮੈਂ ਆਪਣੇ ਤੌਰ ‘ਤੇ ਫੈਸਲਾ ਕੀਤਾ ਕਿ ਇਸ ਮਾਮਲੇ ਨੂੰ ਰਾਜਸੀ ਮੁੱਦਾ ਬਣਾਉਣ ਲਈ ਲਗਾਤਾਰ ਮੁਹਿੰਮ ਚਲਾਈ ਜਾਵੇਗੀ ਤਾਂ ਕਿ ਇਸ ਦਾ ਰਾਜਸੀ ਮੁੱਦਾ ਬਣਨ ਅਤੇ ਇਸ ਦੇ ਹੱਲ ਦੀ ਕੋਈ ਸੰਭਾਵਨਾ ਬਣੇਗੀ। ਉਨ੍ਹਾਂ ਦਿਨ੍ਹਾਂ ਵਿੱਚ ‘ਨਿਰਮਲ ਦੇਹੀ’ ਨਾਂ ਦਾ ਇੱਕ ਮੈਗਜ਼ੀਨ ਮੈਂ ਛਾਪਦਾ ਸੀ ਅਤੇ ਅਸੀਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਚਾਰ ਅੰਕ ਕੱਢੇ ਸਨ। ਸੋਸ਼ਲ ਮੀਡੀਆ ‘ਤੇ ਇੱਕ ਬੇਰੋਕ ਅਤੇ ਜ਼ਬਰਦਸਤ ਮੁਹਿੰਮ ਛੇੜੀ ਸੀ। ਇਸ ਮੁਹਿੰਮ ਦਾ ਸਿੱਟਾ ਇਹ ਨਿਕਲਿਆ ਸੀ ਕਿ ਸਾਲ 2017 ਵਿੱਚ ਵੋਟਾਂ ਦਾ ਦਿਨ ਆਉਣ ਤੱਕ ਨਸ਼ੇ ਵੱਡਾ ਸਿਆਸੀ ਮੁੱਦਾ ਬਣ ਗਏ ਸਨ ਅਤੇ ਇਸ ਦੇ ਸਿੱਟੇ ਵਜੋਂ ਅਕਾਲੀ ਸਰਕਾਰ ਸੱਤਾ ਵਿੱਚੋਂ ਬਾਹਰ ਹੋ ਗਈ ਸੀ। ਪੰਜਾਬ ਵਿੱਚ ਕਾਂਗਰਸ ਪਾਰਟੀ ਬਹੁਮਤਿ ਹਾਸਲ ਕਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਈ ਗਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿੱਚ ਗੁਟਕਾ ਸਾਹਿਬ ਹੱਥ ਵਿੱਚ ਲੈ ਕੇ ਸਹੁੰ ਖਾਧੀ ਸੀ ਕਿ ਉਹ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਣਗੇ।
ਕੈਪਟਨ ਵਾਲੇ ਦੌਰ ਵਿੱਚ ਭਾਵੇਂ ਨਸ਼ਾ ਅਕਾਲੀ ਸੱਤਾ ਦੇ ਮੁਕਾਬਲੇ ਕੁਝ ਘਟਿਆ, ਪਰ ਕੈਪਟਨ ਦੀ ਇਸ ਦੂਜੀ ਪਾਰੀ ਦਾ ਅੰਤ ਹੋਣ ਤੱਕ ਨਸ਼ਿਆਂ ਦਾ ਮੁੱਦਾ ਜਮ੍ਹਾ ਅਣਹੱਲ ਹੋਇਆ ਪਿਆ ਸੀ ਅਤੇ ਇੱਕ ਵਾਰ ਫਿਰ ਸਿਆਸੀ ਮਸਲਾ ਬਣ ਕੇ ਸਾਹਮਣੇ ਆ ਗਿਆ ਸੀ। ਇਹ ਜ਼ਰੂਰ ਹੈ ਕਿ ਕੈਪਟਨ ਦੀਆਂ ਕੁਝ ਸੁਹਿਰਦ ਕੋਸ਼ਿਸ਼ਾਂ ਕਰਕੇ ਨਸ਼ਾ ਅਕਾਲੀ ਦੌਰ ਵਾਂਗ ਸ਼ੱਰੇਆਮ ਵਿਕਣੋਂ ਹਟ ਗਿਆ ਸੀ, ਪਰ ਅੰਦਰਖਾਤੇ ਇਹ ਸਾਰਾ ਕੁਝ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੀ ਰਿਹਾ ਸੀ। ਇੰਨਾ ਹੀ ਬਸ ਨਹੀਂ, ਹੈਰੋਇਨ ਅਤੇ ਚਿੱਟੇ ਜਿਹੇ ਨਸ਼ਿਆਂ ਤੋਂ ਇਲਾਵਾ ਆਈਸ ਨਾਂ ਦਾ ਇੱਕ ਹੋਰ ਨਸ਼ਾ ਪੰਜਾਬ ਦੀ ਫਿਜ਼ਾ ਵਿੱਚ ਪ੍ਰਵੇਸ਼ ਕਰ ਗਿਆ ਸੀ। ਕੈਪਟਨ ਸਰਕਾਰ ਨੇ ਇਸ ਮਸਲੇ ਨਾਲ ਨਜਿੱਠਣ ਲਈ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਡੀ.ਆਈ.ਜੀ. ਹਰਪ੍ਰੀਤ ਸਿੰਘ ਸਿੱਧੂ ਨੂੰ ਮੁਖੀ ਲਗਾ ਕੇ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਨ੍ਹਾਂ ਯਤਨਾਂ ਦੇ ਬਾਵਜੂਦ ਨਸ਼ੇ ਦਾ ਮਾਫੀਆ ਨਹੀਂ ਸੀ ਹਾਰਿਆ ਅਤੇ ਸਗੋਂ ਹਰਪ੍ਰੀਤ ਸਿੰਘ ਸਿੱਧੂ ਨੇ ਹੀ ਇਸ ਖਿਲਾਫ ਆਤਮ ਸਮਰਪਣ ਕਰਦਿਆਂ ਅਸਤੀਫਾ ਦੇ ਦਿੱਤਾ ਸੀ।
ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ਨਾਲ ਨਿਪਟਣ ਦੇ ਵਾਅਦੇ ਕੀਤੇ, ਪਰ ਹੋਇਆ ਇਸ ਦੇ ਉਲਟ ਅਤੇ ਨਸਿਅLਾਂ ਦਾ ਨੈਟਰਵਰਕ ਜਿਉਂ ਦਾ ਤਿਉਂ ਜਾਰੀ ਰਿਹਾ। ‘ਆਪ’ ਦੀ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਨਾਂ ਦਾ ਉਪਰੇਸ਼ਨ-2 ਚਲਾਇਆ ਜਾ ਰਿਹਾ ਹੈ। ਪੰਜਾਬ ਦੇ ਰਾਜਪਾਲ ਵੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਲੈ ਕੇ ਇਸ ਮਸਲੇ ’ਤੇ ਇੱਕ ਮਾਰਚ ਆਯੋਜਿਤ ਕਰ ਰਹੇ ਹਨ, ਪਰ ਇਸ ਦਾ ਵੀ ਹਾਲਾਂ ਤੱਕ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆਂ ਹੈ। ਹੁਣ ਹਾਲ ਇਹ ਹੈ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਦੇ ਰਾਜਪਾਲ ਖੁਦ ਹੀ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾ ਰਹੇ ਹਨ। ਥੋੜ੍ਹਾ ਜਿਹਾ ਵੀ ਧਿਆਨ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਹੋ ਮਸਲਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਕੈਸ਼ ਕਰਵਾਉਣ ਦਾ ਯਤਨ ਕਰ ਰਹੀ ਹੈ। ਇਸ ਮੁਹਿੰਮ ਤਹਿਤ ਹਜ਼ਾਰਾਂ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਬਹੁਤੇ ਨਵੇਂ ਨਸ਼ਿਆਂ ਨੂੰ ਮਾੜਾ ਮੋਟਾ ਮੂੰਹ ਮਾਰਦੇ ਸਨ। ਇਸ ਮਾਮਲੇ ਨਾਲ ਸੰਬੰਧਤ ਕਥਿਤ ਦੋਸ਼ੀਆਂ ਦੇ ਘਰ ਵੀ ਢਾਹੇ ਗਏ, ਪਰ ਇਹ ਵੇਖ ਕੇ ਕਿ ਕੋਈ ਤਾਕਤਵਰ ਅਫਸਰਸ਼ਾਹ ਜਾਂ ਸਿਆਸਤਦਾਨ ਇਸ ਮੁਹਿੰਮ ਵਿੱਚ ਨਾ ਰਗੜਿਆ ਜਾਵੇ।
ਨਸ਼ਿਆਂ ਦੇ ਮਾਮਲੇ ਵਿੱਚ ਇੱਕ ਐਸ.ਐਸ.ਪੀ. ਰਾਜਜੀਤ ਸਿੰਘ ਦੇਰ ਤੋਂ ਭਗੌੜਾ ਹੈ, ਪਰ ਉਸ ਦਾ ਘਰ ਸਹੀ ਸਲਾਮਤ ਹੈ। ਨਸ਼ਿਆਂ ਦੇ ਮਾਮਲੇ ਵਿੱਚ ਬਦਨਾਮ ਸਿਆਸੀ ਵਿਅਕਤੀਆਂ ਵਿੱਚ ਲਾ ਪਾ ਇੱਕ ਬਿਕਰਮਜੀਤ ਸਿੰਘ ਮਜੀਠੀਆ ਹੀ ਹੈ, ਜਿਸ ਨੂੰ ਹੱਥ ਪਾਇਆ ਗਿਆ ਹੈ, ਉਹ ਵੀ ਨਸ਼ਿਆਂ ਵਾਲੇ ਮਾਮਲੇ ਵਿੱਚ ਨਹੀਂ ਸਗੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ। ਉਹਦੇ ਵਿੱਚੋਂ ਵੀ ਕੁਝ ਨਿਕਲਦਾ ਨਹੀਂ ਜਾਪਦਾ ਹੈ। ਰਾਧਾ ਸੁਆਮੀ ਡੇਰਾ ਦੇ ਸਾਬਕਾ ਮੁਖੀ ਦੀ ਕਿਰਪਾ ਨਾਲ ਜੇਲ੍ਹ ਤੋਂ ਬਾਹਰ ਆਏ ਬਿਕਰਮਜੀਤ ਸਿੰਘ ਮਜੀਠੀਆ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਕੱਢ ਕੇ ਬਾਕਾਇਦਾ ਹੀਰੋ ਬਣਨ ਦਾ ਯਤਨ ਕੀਤਾ ਹੈ। ਇਹ ਬਾਕੀ ਪਾਰਟੀਆਂ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਇੱਕ ਚੁਣੌਤੀ ਹੈ। ਮਜੀਠੀਆ ਅਸਲ ਵਿੱਚ ਅਕਾਲੀ ਏਕਤਾ ਦੀ ਗੱਲ ਤੋਰ ਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਹੈ; ਜਦੋਂਕਿ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚੋਂ ਉਨ੍ਹਾਂ ਵੱਲ ਕਿਸੇ ਦੇ ਆਉਣ ਦੀ ਉਮੀਦ ਨਹੀਂ। ਪੁਨਰਸੁਰਜੀਤ ਅਕਾਲੀ ਦਲ ਨੂੰ ਦੋ ਧਾਰਾਵਾਂ ਹਾਲੇ ਕਮਜ਼ੋਰੀ ਦੀ ਹਾਲਤ ਵਿੱਚ ਰੱਖ ਰਹੀਆਂ ਹਨ।
ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸਟਾਈਲ ਅਕਾਲੀ ਦਲ ਦਾ ਇੱਕ ਧੜਾ ਪੁਨਰਸੁਰਜੀਤ ਅਕਾਲੀ ਦਲ ਨੂੰ ਭਾਜਪਾ ਵੱਲ ਖਿੱਚ ਰਿਹਾ ਹੈ, ਜਦਕਿ ਮਨਪ੍ਰੀਤ ਸਿੰਘ ਇਆਲੀ ਅਤੇ ਬੀਬੀ ਸਤਵੰਤ ਕੌਰ ਵਾਲਾ ਧੜਾ ਭਾਜਪਾ ਨਾਲ ਹੇਜ਼ ਰੱਖਣ ਵਾਲੀ ਧਾਰਾ ਤੋਂ ਅਲੱਗ ਦਿਸਣ ਦਾ ਯਤਨ ਕਰ ਰਿਹਾ ਹੈ। ਇਸ ਦੇ ਬਾਵਜੂਦ ਕਿ ਪੁਨਰਸੁਰਜੀਤ ਅਕਾਲੀ ਦਲ 2 ਦਸੰਬਰ ਦੇ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਅਨੁਸਾਰ ਹੋਂਦ ਵਿੱਚ ਆਇਆ, ਪਰ ਇਸ ਦੇ ਬਾਵਜੂਦ ਇਸ ਅਕਾਲੀ ਦਲ ਵਿੱਚ ਮੁੱਦਿਆਂ ਦੀ ਲੜਾਈ ਤੋਂ ਟਾਲਾ ਵੱਟਣ ਦਾ ਯਤਨ ਕਰ ਰਿਹਾ ਹੈ। ਪਾਣੀ ਅਤੇ ਡੈਮਾਂ ਆਦਿ ਸਮੇਤ ਅੱਜ ਪੰਜਾਬ ਤੋਂ ਤਕਰੀਬਨ ਸਾਰਾ ਕੁਝ ਖੋਹ ਲਿਆ ਗਿਆ ਹੈ ਅਤੇ ਭਾਰਤ-ਪਾਕਿ ਬਾਰਡਰ ਤੋਂ ਲੈ ਕੇ ਇੱਕ ਵੱਡੇ ਖਿੱਤੇ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੀ ਸੱਤਾ ਚਲਦੀ ਹੈ। ਬਚਦੀ ਖੁਚਦੀ ਸੱਤਾ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਹੱਥ ਨਹੀਂ ਹੈ, ਸਗੋਂ ‘ਆਪ’ ਦੀ ਕੇਂਦਰੀ ਲੀਡਰਸ਼ਿਪ ਇਸ ਦਾ ਇਸਤੇਮਾਲ ਕਰ ਰਹੀ ਹੈ।
ਅਸਲ ਵਿੱਚ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨੂੰ ਉਸ ਦੇ ਅਸਲ ਅਤੇ ਜਾਇਜ਼ ਬੁਲਾਰੇ ਤੋਂ ਬਚਾਉਣ ਦਾ ਯਤਨ ਕਰਦੀ ਹੈ। ਇਹ ਸਾਰਾ ਕੁਝ ਕੇਂਦਰ ਸਰਕਾਰ ਦੀ ਮਦਦ ਨਾਲ ਹੋ ਰਿਹਾ ਹੈ। ਪੰਜਾਬ ਦੀ ਗਿਣੀ ਮਿੱਥੀ ਬਰਬਾਦੀ ਦੇ ਇਹ ਚਿੱਠੇ ਖੁਲ੍ਹੇ ਪਏ ਹਨ। ਇਸ ਤਰ੍ਹਾਂ ਕੇਂਦਰ ਸਰਕਾਰ ਜਿਉਂਦੇ ਜਾਗਦੇ ਪੰਜਾਬ ਨੂੰ ਮਿੱਟੀ ਦਾ ਮਾਧੋ ਬਣਾ ਕੇ ਖੁਦ ਆਪਣੇ ਹੀ ਖਿਲਾਫ ਵਰਤਣ ਦਾ ਯਤਨ ਕਰ ਰਹੀ ਹੈ। ਇਹ ਸਾਰੀ ਕਸ਼ਮ-ਕਸ਼ ਸੰਕੇਤ ਦਿੰਦੀ ਹੈ ਕਿ ਪੰਜਾਬ ਕਿਧਰੇ ਆਪਣਾ ਇਨਸਾਫ ਲੈਣ ਲਈ ਮੁੜ ਕੇ ਖੜਕੇ-ਦੜਕੇ ਵਾਲੇ ਰਾਹ `ਤੇ ਨਹੀਂ ਪੈ ਜਾਏਗਾ? ਪੰਜਾਬ ਬਾਰੇ ਅਜਿਹੀਆਂ ਚਿਤਾਵਨੀਆਂ ਹੰਢੇ ਵਰਤੇ ਬੁੱਧੀਜੀਵੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਨਵਿਆਂ ਦਾ ਸਿਆਸੀ ਜੋਸ਼ ਨਜ਼ਰ ਅੰਦਾਜ਼ ਕਰ ਰਿਹਾ ਹੈ।
