*ਨੌਜਵਾਨ ਗਾਇਕ ਰੈਵ ਇੰਦਰ ਨੇ ਲਾਈ ਗਾਇਕੀ ਦੀ ਛਹਿਬਰ
*ਸ਼ਗਨਾਂ ਦੇ ਵਿਹੜੇ ਦਾ ਮਾਹੌਲ ਸਿਰਜਣ ਜਿਹੀਆਂ ਪੇਸ਼ਕਾਰੀਆਂ
*ਬਹੁ-ਗਿਣਤੀ ਹਾਜ਼ਰੀਨ ਨੇ ਸਮਾਗਮ ਮਾਣਿਆ ਤੇ ਸ਼ਲਾਘਾ ਕੀਤੀ
ਪੰਜਾਬੀ ਪਰਵਾਜ਼ ਬਿਊਰੋ
ਸ਼ਿਕਾਗੋ: ਸਥਾਨਕ ਸੰਸਥਾ ‘ਸਵੇਰਾ’ ਦਾ ਲੰਘੇ ਸ਼ਨਿਚਰਵਾਰ ਹੋਇਆ ਲੋਹੜੀ ਸਮਾਗਮ ਰੌਣਕਾਂ ਭਰਪੂਰ ਤਾਂ ਰਿਹਾ ਹੀ, ਸਗੋਂ ਇਸ ਮੌਕੇ ਗਾਇਕ ਰੈਵ ਇੰਦਰ ਵੱਲੋਂ ਨਵੇਂ-ਪੁਰਾਣੇ ਗੀਤਾਂ ਦੀ ਪੇਸ਼ਕਾਰੀ, ਗਿੱਧੇ ਦੀ ਇੱਕ ਟੀਮ ਵੱਲੋਂ ਕੋਰਿਓਗ੍ਰਾਫੀ ਤੇ ਦੂਜੀ ਵੱਲੋਂ ਗਿੱਧਾ ਆਈਟਮ ਮੌਕੇ ਸ਼ਗਨਾਂ ਦੇ ਵਿਹੜੇ ਦਾ ਮਾਹੌਲ ਸਿਰਜਣ ਜਿਹੀ ਕਲਾਕਾਰੀ, ਸਕਿੱਟ ਤੇ ਹੋਰ ਨਿੱਕ-ਸੁੱਕ ਕਾਰਨ ਇਹ ਪਰਿਵਾਰਕ ਸਮਾਗਮ ਮਨੋਰੰਜਨ ਨਾਲ ਵੀ ਲਬਾਲਬ ਰਿਹਾ।
ਉਂਜ ਇਹ ਸਮਾਗਮ ਕਿਸੇ ਦੇ ਪਰਿਵਾਰ ਲਈ ਬੱਚੇ ਦੀ ਲੋਹੜੀ ਮਨਾਏ ਜਾਣ ਕਰਕੇ ਵਿਸ਼ੇਸ਼ ਸੀ ਤੇ ਕਿਸੇ ਲਈ ਸਿਰ ਜੋੜ ਗੱਲਾਂ-ਬਾਤਾਂ ਕਰਨ ਦੇ ਮਕਸਦ ਕਰਕੇ ਖਾਸ; ਕਿਸੇ ਲਈ ਸਮਾਗਮ ਦਾ ਹਿੱਸਾ ਹੋ ਕੇ ਖੁਸ਼ੀਆਂ ਮਨਾਉਣ ਦੇ ਜ਼ਰੀਏ ਬਾਬਤ ਸੀ ਜਾਂ ਫਿਰ ਕਿਸੇ ਲਈ ਖਾਣ-ਪੀਣ ਦੇ ਚਟਕਾਰਿਆਂ ਤੇ ਚੁਰਚਰੀਆਂ ਚਰਚਾਵਾਂ ਕਰਨ ਕਰਕੇ ਅਨੰਦ ਭਰਪੂਰ ਸੀ। ਪਰ ਇੱਕ ਗੱਲ ਸਪਸ਼ਟ ਸੀ ਕਿ ਬਹੁ-ਗਿਣਤੀ ਹਾਜ਼ਰੀਨ ਨੇ ਲੋਹੜੀ ਦੇ ਇਸ ਸਮਾਗਮ ਨੂੰ ਮਾਣਿਆ ਅਤੇ ਅਜਿਹੇ ਸਮਾਗਮ ਕਰਵਾਏ ਜਾਣ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਸੰਸਥਾ ਦੀ ਮੋਹਰੀ ਬੀਬੀ ਜਸਬੀਰ ਕੌਰ ਮਾਨ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਲੋਹੜੀ ਮਨਾਏ ਜਾਣ ਦੇ ਮਨੋਰਥ ਉਤੇ ਚਾਨਣਾ ਪਾਇਆ ਅਤੇ ਭਰਵੇਂ ਸਹਿਯੋਗ ਲਈ ‘ਸਵੇਰਾ ਟੀਮ’ ਤੇ ਸਾਰੇ ਸਮਰਥਕਾਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਿੰਨੀ ਸਿੰਘ ਨੇ ਅਮਰੀਕੀ ਕੌਮੀ ਤਰਾਨਾ ਗਾਇਆ। ਸਟੇਜ `ਤੇ ਆਉਂਦਿਆਂ ਹੀ ਮੰਚ ਸੰਚਾਲਕਾ ਗੁਰਲੀਨ ਕੌਰ ਸੰਘਾ ਨੇ ਸ਼ਾਇਰੀ ਨਾਲ ਲਬਰੇਜ਼ ਆਪਣੇ ਅੰਦਾਜ਼-ਏ-ਖਾਸ ਨਾਲ ਮੰਚ ਨੂੰ ਆਪਣੇ ਪ੍ਰਭਾਵ ਹੇਠ ਲੈ ਆਂਦਾ। ਉਸ ਨੇ ਸਮਾਗਮ ਵਿੱਚ ਹਾਜ਼ਰ ਸਾਰੇ ਖਾਸ-ਖਾਸ ਮਹਿਮਾਨਾਂ ਸਮੇਤ ਕਰੀਬ-ਕਰੀਬ ਸਾਰੇ ਪਤਵੰਤੇ-ਸੱਜਣਾਂ ਤੇ ਬਣ-ਠਣ ਕੇ ਆਈਆਂ ਬੀਬੀਆਂ ਦਾ ਨਾਂ ਲੈ ਲੈ ਕੇ ਤਾਰੀਫ ਤਾਂ ਕੀਤੀ ਹੀ, ਸਗੋਂ ‘ਸਵੇਰਾ’ ਦੀ ਸਿਰਕਰਦਾ ਬੀਬੀ ਜਸਬੀਰ ਕੌਰ ਮਾਨ ਤੇ ਸੰਸਥਾ ਦੀਆਂ ਮੈਂਬਰਾਨ ਤ੍ਰੀਮਤਾਂ-ਕੁੜੀਆਂ ਦਾ ਧੰਨਵਾਦ ਵੀ ਕੀਤਾ। ਇਹ ਸਭ ਦੇਖਦਿਆਂ-ਸੁਣਦਿਆਂ ਇੱਕ ਸੱਜਣ ਨੇ ਟਿੱਪਣੀ ਕੀਤੀ ਕਿ ਸਟੇਜ ਤੋਂ ਕਿਸੇ ਨੂੰ ਸਤਿਕਾਰ ਦੇਣ ਦਾ ਢੰਗ ਮੰਚ ਸੰਚਾਲਕਾ ਨੂੰ ਖੂਬ ਆਉਂਦਾ ਹੈ; ਤਾਂ ਦੂਜੇ ਨੇ ਇਸ ਗੱਲ ਵਿੱਚ ਵਾਧਾ ਕੀਤਾ ਕਿ ਭਾਈ! ਕਿਸੇ ਦਾ ਸਤਿਕਾਰ ਕਰੋਗੇ ਤਾਂ ਅੱਗੋਂ ਵੀ ਸਤਿਕਾਰ ਹੀ ਮਿਲੇਗਾ!
ਖ਼ੈਰ! ਸਮਾਗਮ ਦੀ ਮੁੱਖ ਮੰਚ ਸੰਚਾਲਕਾ ਨੇ ਸੰਸਥਾ ਵੱਲੋਂ ਉਲੀਕੀ ਰੂਪਰੇਖਾ ਮੁਤਾਬਕ ਪ੍ਰੋਗਰਾਮ ਨੂੰ ਸੁਭਾਵਿਕ ਲਹਿਜੇ ਨਾਲ ਅੱਗੇ ਤੋਰੀ ਰੱਖਿਆ। ਹਾਂ, ਉਂਜ ਡੀ.ਜੇ. ਵਾਲੇ ਦਾ ਮਾਈਕ ਕਦੇ ਕਦੇ ਹੋਰ ਹੀ ਸੁਰ ਅਲਾਪਣ ਲੱਗ ਜਾਂਦਾ, ਜਿਸ ਨਾਲ ਗੱਲ ਦੀ ਲੈਅ ਟੁੱਟਣ ਲੱਗਦੀ; ਪਰ ਦੂਜਾ ਪਹਿਲੂ ਇਹ ਵੀ ਸੀ ਕਿ ਜਿਹੜੇ ਲੋਕ ਢਾਣੀਆਂ ਬਣਾ ਕੇ ਆਪਣੀ ਚੁੰਝ-ਚਰਚਾ ਵਿੱਚ ਮਸ਼ਰੂਫ ਸਨ, ਉਨ੍ਹਾਂ ਨੂੰ ਮਾਈਕ ਦੀ ਨਿੱਕੀ-ਮੋਟੀ ਗੁਸਤਾਖੀ ਨਾਲ ਕੋਈ ਬਹੁਤਾ ਫਰਕ ਨਾ ਪਿਆ। ਥੋੜ੍ਹੇ ਸਮੇਂ ਲਈ ਮੰਚ ਕਿਰਨਦੀਪ ਕੌਰ ਨੇ ਵੀ ਸੰਭਾਲਿਆ।
ਪਹਿਲੀ ਡਾਂਸ ਐਂਟਰੀ ‘ਗਿੱਧਾ ਧੀਆਂ ਦਾ’ ਸੀ, ਜਿਸ ਵਿੱਚ ਗੁਰਲੀਨ ਕੌਰ, ਪਰਮਲੀਨ ਕੌਰ, ਸਿਮਰ ਕੌਰ, ਰੀਯਾ ਹੁੰਜਣ ਤੇ ਸਵਰੀਨ ਕੌਰ ਸ਼ਾਮਲ ਸਨ; ਜਦਕਿ ਕੋਆਰਡੀਨੇਟਰ ਪਾਇਲ ਵਿਰਦੀ ਤੇ ਨਵਨੀਤ ਕੌਰ ਸਨ। ਗਾਇਕਾ ਮੀਨੂੰ ਸਿੰਘ ਨੇ ‘ਮੇਲੇ ਨੂੰ ਚੱਲ ਮੇਰੇ ਨਾਲ ਕੁੜੇ’ ਗੀਤ ਪੇਸ਼ ਕੀਤਾ ਅਤੇ ਲਹਿੰਦੇ ਪੰਜਾਬ ਤੋਂ ਸ਼ਾਇਰਾ ਤਾਹਿਰਾ ਰਿਦਾ ਨੇ ਦੁੱਲਾ ਭੱਟੀ ਨੂੰ ਯਾਦ ਕੀਤਾ ਤੇ ਇੰਡੀਆਨਾ ਤੋਂ ਆਈ ਕਵਿੱਤਰੀ ਰਾਕਿੰਦ ਕੌਰ ਨੇ ਕਵਿਤਾ ਪੜ੍ਹੀ। ਬਲਜੀਤ ਅਠਵਾਲ, ਕੁਲਵੰਤ ਕੌਰ ਪਰਮਾਰ ਅਤੇ ਰਿੰਪਲ ਡੋਗਰਾ ਨੇ ‘ਪੈਨਸ਼ਨ ਲੱਗ ਗਈ ਬੇਬੇ ਦੀ’ ਗੀਤ ਨਾਟਕੀ ਰੂਪ ਵਿੱਚ ਪੇਸ਼ ਕਰ ਕੇ ਰੌਣਕ ਲਾਈ।
ਇਸ ਮੌਕੇ ਮਨਦੀਪ ਕੁਮਾਰ ਅਤੇ ਰਿਤੂ ਕੌਰ ਦੀ ਲਿਖੀ ‘ਕੁਛ ਖੱਟੀ, ਕੁਛ ਮੀਠੀ’ ਸਕਿੱਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਰਜਿੰਦਰ ਬੀਰ ਸਿੰਘ ਮਾਗੋ, ਗੁਰਪ੍ਰੀਤ ਕੇ. ਸਿੰਘ, ਰੀਤੂ ਕੌਰ, ਮਨਦੀਪ ਕੁਮਾਰ, ਨਿਤੀਸ਼, ਰਾਜ ਧਾਲੀਵਾਲ ਤੇ ਰਾਜਵਿੰਦਰ ਕੌਰ ਨੇ ਅਦਾਕਾਰੀ ਕੀਤੀ। ਇਹ ਸਕਿੱਟ ਆਪਣਾ ਸੁਨੇਹਾ ਛੱਡਦੀ ਨਜ਼ਰ ਆਈ, ਪਰ ਕੁਝ ਸੱਜਣਾਂ ਦਾ ਕਹਿਣਾ ਸੀ ਕਿ ਟੀਮ ਨੂੰ ਹੋਰ ਅਭਿਆਸ ਉਤੇ ਜ਼ੋਰ ਦੇਣ ਦੀ ਲੋੜ ਹੈ।
ਸਮਾਗਮ ਦੌਰਾਨ ਪੇਸ਼ ਕੀਤਾ ਗਿਆ ਗਿੱਧਾ ਵੀ ਕਮਾਲ ਸੀ, ਜਿਸ ਵਿੱਚ ਪੰਜਾਬੀ ਸੱਭਿਆਚਾਰ ਦੇ ਕਈ ਰੰਗ ਉਘਾੜੇ ਗਏ। ਨਵੀਂ ਵਿਆਹੀ ਜੋੜੀ ਤੋਂ ਪਾਣੀ ਵਾਰਨ ਦੀ ਰਸਮ ਤੇ ਹੋਰ ਰਿਵਾਜ਼ਾਂ/ਸ਼ਗਨਾਂ ਦੀ ਝਲਕ, ਸਵਾਂਗ ਜ਼ਰੀਏ ਪਰਿਵਾਰਕ-ਸਮਾਜਿਕ ਨੋਕ-ਝੋਕ ਵਾਲੀਆਂ ਬੋਲੀਆਂ, ਪੱਖੀਆਂ ਦੀ ਝੱਲ ਅਤੇ ਗਿੱਧੇ ਦੇ ਪਿੜ ਵਿੱਚ ਲਹਿੰਗਿਆਂ-ਚੁੰਨੀਆਂ ਦੀ ਲਹਿਰ ਅਤੇ ਸਿਰ ਉਤੇ ਜਾਗੋ ਤੇ ਘੜਾ ਟਿਕਾਅ ਕੇ ਕੀਤੀ ਪੇਸ਼ਕਾਰੀ ਬੜਾ ਦਿਲਚਸਪ ਦ੍ਰਿਸ਼ ਚਿਤਰ ਰਹੀ ਸੀ। ਗਿੱਧੇ ਦੀ ਟੀਮ ਵਿੱਚ ਰਾਜਵਿੰਦਰ ਕੌਰ, ਰਿੰਪਲ ਡੋਗਰਾ, ਕਿਰਨਦੀਪ ਕੌਰ, ਦਿਲਜੋਤ ਕੌਰ, ਨਰਿੰਦਰ ਕੌਰ, ਸਰਬਜੀਤ ਕੌਰ, ਹਰਦੀਪ ਕੌਰ, ਮਨਮੀਤ ਕੌਰ, ਅਨੂਦੀਪ ਸੰਧੂ ਤੇ ਬਲਜੀਤ ਅਠਵਾਲ ਸ਼ਾਮਲ ਸਨ।
ਇਸ ਮੌਕੇ ਨਵਜੀਤ ਸਿੰਘ ਧਨੋਆ ਤੇ ਪ੍ਰਿਆ ਕੌਰ ਧਨੋਆ ਦੇ ਪੁੱਤ ਜੀਤ ਸਿੰਘ ਧਨੋਆ; ਬਲਜਿੰਦਰ ਸਿੰਘ ਬੇਦੀ ਤੇ ਜੀਵਿਕਾ ਬੇਦੀ ਦੀ ਨਵ-ਜੰਮੀ ਧੀ ਸਿਓਨਾ ਕੌਰ ਬੇਦੀ ਅਤੇ ਅਲੀਸ਼ਾ ਕੌਰ ਤੇ ਅਲਪੇਸ਼ ਸਿੰਘ ਦੇ ਪੁੱਤਰ ਰੁਦਰਾਂਸ਼ ਸਿੰਘ ਦੀ ਲੋਹੜੀ ਮਨਾਈ ਗਈ। ਮਨਮਿੰਦਰ ਸਿੰਘ ਭੱਠਲ ਅਤੇ ਪਰਮਜੀਤ ਕੌਰ ਭੱਠਲ ਦੇ ਪੁੱਤਰ ਇਰਵਿਨ ਸਿੰਘ ਭੱਠਲ ਤੇ ਨੂੰਹ ਜੇਡ ਭੱਠਲ ਦੀ ਲੋਹੜੀ ਵੀ ਮਨਾਈ ਗਈ। ਸੰਸਥਾ ਵੱਲੋਂ ਵਧਾਈ ਦਿੰਦਿਆਂ ਸਟੇਜ ਉਤੇ ਸੱਦ ਕੇ ਟੀਮ ਵੱਲੋਂ ਤਿਆਰ ਕੀਤੇ ਗਿਫਟ ਹੈਂਪਰ ਪਰਿਵਾਰਾਂ ਨੂੰ ਉਨ੍ਹਾਂ ਦੇ ਮਾਣ ਵਿੱਚ ਦਿੱਤੇ ਗਏ। ਇਸ ਤੋਂ ਇਲਾਵਾ ਸਮਾਗਮ ਦੇ ਸਪਾਂਸਰਾਂ ਤੇ ਕੁਝ ਹੋਰ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਅਖੀਰ ਵਿੱਚ ਓਹਾਇਓ ਤੋਂ ਆਏ ਨੌਜਵਾਨ ਗਾਇਕ ਰੈਵ ਇੰਦਰ ਨੇ ਆਪਣੀ ਪੇਸ਼ਕਾਰੀ ਨਾਲ ਰੰਗ ਬੰਨ੍ਹ ਦਿੱਤੇ। ਉਸ ਨੇ ਇੱਕ ਪਿੱਛੋਂ ਇੱਕ ਨੱਚਣ-ਟੱਪਣ ਵਾਲੇ ਗੀਤ ਗਾ ਕੇ ਮਾਹੌਲ ਮਘਾਈ ਰੱਖਿਆ। ਕੀ-ਬੋਰਡ `ਤੇ ਉਸ ਦਾ ਸਾਥ ਬਲਰਾਜ ਨੇ ਦਿੱਤਾ। ਜਦੋਂ ਬੀਬੀਆਂ ਡਾਂਸ ਫਲੋਰ `ਤੇ ਰੈਵ ਇੰਦਰ ਦੀ ਗਾਇਕੀ ਦੀਆਂ ਮੁਰੀਦ ਹੋਈਆਂ ਨੱਚਣ `ਚ ਵਿਅਸਥ ਸਨ ਤਾਂ ਉਨ੍ਹਾਂ ਦੇ ਬੱਚੇ, ਖਾਸ ਕਰ ਕੁੜੀਆਂ ਸਟੇਜ ਉਤੇ ਬਾਲ਼ੀ ਡਿਜ਼ੀਟਲ ਲੋਹੜੀ `ਚੋਂ ਨਿਕਲਦੀ ਫਰਜ਼ੀ ਲਾਟ ਨਾਲ ਖੇਡ ਰਹੀਆਂ ਸਨ; ਜਿਵੇਂ ਸੁਨੇਹਾ ਦੇ ਰਹੀਆਂ ਹੋਣ- ਸਾਨੂੰ ਅੱਗ ਦੀਆਂ ਲਾਟਾਂ ਕਾਬੂ ਕਰਨੀਆਂ ਆਉਂਦੀਆਂ ਨੇ! ‘ਸਵੇਰਾ’ ਸੰਸਥਾ ਕੁੜੀਆਂ ਤੇ ਔਰਤਾਂ ਲਈ ਸਰਗਰਮ ਹੋਣ ਕਾਰਨ ਲੋਹੜੀ ਸਮਾਗਮ ਵਿੱਚ ਵਧੇਰੇ ਗਿਣਤੀ ਬੀਬੀਆਂ ਦੀ ਸੀ। ਗਾਇਕੀ ਦੇ ਦੌਰ ਦੌਰਾਨ ਨੱਚਣ ਦਾ ਚਾਅ ਕੁਝ ਬੰਦਿਆਂ ਨੇ ਵੀ ਲਾਹਿਆ, ਪਰ ਧਮੱਚੜ ਪਾਉਣ ਵਿੱਚ ਝੰਡੀ ਬੀਬੀਆਂ ਦੀ ਹੀ ਰਹੀ। ਬੈਂਕੁਇਟ ਹਾਲ ਦੇ ਅੰਦਰ ਗਾਉਣ ਦੇ ਨਾਲ ਨਾਲ ਬੀਬੀਆਂ ਦੇ ਝੁਰਮਟ ਵਿੱਚ ਨੱਚਦਾ ਰੈਵ ਇੰਦਰ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ ਅਤੇ ਬਾਹਰ ਸਨੋਅ ਦੇ ਫਹਿਆਂ ਤੇ ਚੰਨ ਦੇ ਚਾਨਣ ਨਾਲ ਅੰਬਰ-ਧਰਤੀ ਸਫੈਦ ਹੋਏ ਪਏ ਸਨ।
ਇਸ ਤੋਂ ਪਹਿਲਾਂ ਬੈਂਕੁਇਟ ਹਾਲ ਦੀ ਲਾਬੀ ਵਿੱਚ ਮਹਿਮਾਨ ਤਸਵੀਰਾਂ ਖਿਚਵਾ ਕੇ ਆਪਣੇ ਐਂਟਰੀ ਰਿਬਨ ਲੈ ਕੇ ਲੋਹੜੀ ਸਮਾਗਮ ਦਾ ਹਿੱਸਾ ਬਣਦੇ ਜਾ ਰਹੇ ਸਨ। ਮਹਿਮਾਨਾਂ ਲਈ ਪਹਿਲਾਂ ਐਪਰਟਾਈਜ਼ਰ ਅਤੇ ਬਾਅਦ ਵਿੱਚ ਰਾਤਰੀ ਭੋਜ ਦਾ ਪ੍ਰਬੰਧ ਸੀ, ਜੋ ਕਿ ‘ਟੱਚ ਆਫ ਸਪਾਈਸ’ ਦੇ ਕੇ.ਕੇ. ਪੰਮਾ ਵੱਲੋਂ ਪਰੋਸਿਆ ਗਿਆ। ਇਸ ਤੋਂ ਇਲਾਵਾ ਸੰਸਥਾ ਨੇ ਮਹਿਮਾਨਾਂ ਲਈ ਮੂੰਗਫਲੀ ਤੇ ਗੱਚਕ ਦੀਆਂ ਗੁਥਲੀਆਂ ਬਣਾ ਕੇ ਟੇਬਲਾਂ ਉਤੇ ਰੱਖੀਆਂ ਹੋਈਆਂ ਸਨ। ਲੋਕ ਸਮਾਗਮ ਦੇਖਦੇ ਦੇਖਦੇ ਮੂੰਗਫਲੀ ਤੇ ਗੱਚਕ ਵੀ ਚੱਬਦੇ ਰਹੇ ਅਤੇ ਜਾਣ ਲੱਗਿਆਂ ਘਰਾਂ ਨੂੰ ਵੀ ਲੈ ਕੇ ਗਏ; ਕਿਉਂਕਿ ਸੰਸਥਾ ਦੀਆਂ ਬਜ਼ੁਰਗ ਮੈਂਬਰਾਨ- ਬੀਬੀ ਸ਼ਿੰਦਰ ਕੌਰ ਸਿੱਧੂ, ਕਿਰਪਾਲ ਕੌਰ ਲਾਲ ਤੇ ਹੋਰ ਟੀਮ ਮੈਂਬਰਾਨ ਮਹਿਮਾਨਾਂ ਨੂੰ ਜਾਣ ਸਮੇਂ ਮੂੰਗਫਲੀ ਤੇ ਗੱਚਕ ਦੇ ਤੌਰ `ਤੇ ਲੋਹੜੀ ਦਾ ਸ਼ਗਨ ਲੈ ਕੇ ਜਾਣ ਬਾਰੇ ਆਖ ਰਹੀਆਂ ਸਨ।
ਸਮਾਗਮ ਦੌਰਾਨ ਕੁਝ ਸੱਜਣ ਇਹ ਕਹਿੰਦੇ ਸੁਣੇ ਗਏ ਕਿ ‘ਸ਼ਾਬਾਸ਼ੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਸਾਡੇ ਸਭ ਦੇ ਮਿਲ ਬੈਠਣ ਦਾ ਸਬੱਬ ਬਣਾਇਆ!’ ਇਸੇ ਦੌਰਾਨ ਇੱਕ ਸੱਜਣ ਦੀ ਟਿੱਪਣੀ ਸੀ, ‘ਇੱਥੇ (ਪਰਦੇਸ ਵਿੱਚ) ਕੰਮਾਂ-ਕਾਰਾਂ ਤੇ ਹੋਰ ਰੁਝੇਵਿਆਂ ਕਾਰਨ ਕਈ ਵਾਰ ਬੰਦਾ ਆਪਣੇ ਲਈ ਹੀ ਟਾਈਮ ਨਹੀਂ ਕੱਢ ਪਾਉਂਦਾ। ਯਾਰਾਂ-ਮਿੱਤਰਾਂ ਨਾਲ ਅਜਿਹੇ ਸਮਾਗਮਾਂ ਮੌਕੇ ਹੀ ਮਿਲਣ-ਗਿਲਣ ਹੋ ਜਾਂਦਾ ਹੈ।’ ਇੱਕ ਹੋਰ ਦੀ ਟਿੱਪਣੀ ਸੀ, ‘ਊਂ ਆਪਾਂ ਪੈਸੇ ਖਰਚ ਕੇ ਕੋਈ ਵੀ ਸ਼ੈਅ ਖਰੀਦ ਸਕਦੇ ਹਾਂ, ਪਰ ਜੋ ਸਕੂਨ ਇੰਜ ਪਰਿਵਾਰ ਵਾਂਗ `ਕੱਠਿਆਂ ਬੈਠ ਕੇ ਸੁੱਖ-ਸਾਂਝ ਪੁੱਛਣ ਸਮੇਂ ਮਿਲਦਾ ਹੈ, ਉਹ ਬੇਸ਼ਕੀਮਤੀ ਹੈ।’
ਇੱਕ ਦਿਲਚਸਪ ਗੱਲ ਇਹ ਸੀ ਕਿ ਇੱਕ ਟੇਬਲ ਉਤੇ ਆਪਣਾ ਅੱਡਾ-ਪੀੜ੍ਹਾ ਜਮਾਈ ਬੈਠੇ ਇੱਕ ਵਰਤਾਵੇ ਨੇ ਜਦੋਂ ਮਾਣ ਰੱਖਦਿਆਂ ਦੂਜੇ ਸੱਜਣ ਨੂੰ ‘ਘੁੱਟ-ਘੁੱਟ ਲਾਉਣ ਦੀ’ ਸੁਲ੍ਹਾ ਮਾਰਦਿਆਂ ਗਲਾਸ ਵਿੱਚ ‘ਬਰਫ਼ ਕਿੰਨੀ ਕੁ?’ ਪਾਉਣ ਬਾਰੇ ਪੁੱਛਿਆ ਤਾਂ ਅੱਗੇ ਜਵਾਬ ਆਇਆ, ‘ਬਰਫ਼ ਤਾਂ ਭਾਵੇਂ ਇੱਕ ਛੱਡ ਕੇ ਦੋ ਡਲੀਆਂ ਪਾ ਦੇਹ, ਇਹ ਕਿਹੜਾ ਖੁਰਨ ਦੇਣੀ!’ ਤੇ ਨਾਲ ਹੀ ਹਾਸਾ ਗੂੰਜ ਉੱਠਿਆ। ਫਿਰ ਉਹ ਸੱਜਣ ਕਹਿਣ ਲੱਗਾ, ‘ਪਹਿਲਾਂ ਬਹੁਤੇ ਲੋਕ ਐਓਂ ਪੀਂਦੇ ਸੀ, ਪੈੱਗ ਪਿਆ ਨ੍ਹੀਂ ਕਿ ਗਲਾਸ ਖਾਲੀ ਹੋਇਆ ਨ੍ਹੀਂ।… ਹੁਣ ਤਾਂ ਲੋਕ ਬਹੁਤ ਸਹਿਜ `ਚ ਪੀਂਦੇ ਐ।’ ਇਹ ਸਾਰੀ ਵਰਤਾਲਾਪ ਹਾਸੇ-ਠੱਠੇ ਦਾ ਸਬੱਬ ਸੀ।
ਸੰਸਥਾ ਅਨੁਸਾਰ ਸਮਾਗਮ ਦੇ ਗ੍ਰੈਂਡ ਸਪਾਂਸਰ ਦਰਸ਼ਨ ਸਿੰਘ ਧਾਲੀਵਾਲ ਸਨ, ਜਦਕਿ ਹੋਰ ਸਪਾਂਸਰਾਂ ਵਿੱਚ ਦਵਿੰਦਰ ਸਿੰਘ ਰੰਗੀ, ਜੱਸੀ ਸਹੋਤਾ, ਕਮਲਜੀਤ ਸਹੋਤਾ, ਮੈਡੀ ਸਿੰਘ, ਚੰਨਕੀਰਤ ਸਿੰਘ, ਰਣਜੀਤ ਕੌਰ ਤੇਜੀ, ਪਾਲ ਡੰਡੋਨਾ, ਭੁਪਿੰਦਰ ਧਨੋਆ, ਜੈਰਾਮ ਸਿੰਘ ਕਾਹਲੋਂ, ਬਲਵਿੰਦਰ ਸਿੰਘ ਚੱਠਾ, ਤਰਲੋਚਨ ਸਿੰਘ ਗਿੱਲ, ਰਜਿੰਦਰ ਸਿੰਘ ਸਮਰਾ, ਮਿੰਨੀ ਮੁਲਤਾਨੀ, ਗੁਰਪ੍ਰੀਤ ਕੇ. ਸਿੰਘ, ਰਾਜ ਧਾਲੀਵਾਲ, ਜੋਤੀ ਖਹਿਰਾ, ਪੰਮੀ ਸੰਘਾ, ਮਿੰਨੀ ਸਿੰਘ, ਸੁਖਦੀਪ ਵਾਲੀਆ, ਸਿਡਨੀ ਸਮਿਥ ਮਾਨ, ਸੰਦੀਪ ਸਿੰਘ ਬਜਾਜ ਤੇ ਹੋਰ ਸ਼ਾਮਲ ਸਨ।
ਟੀਮ ਸਵੇਰਾ ਦੀਆਂ ਮੈਂਬਰਾਨ- ਬਲਜੀਤ ਅਠਵਾਲ ਅਤੇ ਨਰਿੰਦਰ ਕੌਰ ਨੇ ਬੈਂਕੁਇਟ ਹਾਲ ਦੀ ਸੁਚੱਜੇ ਢੰਗ ਨਾਲ ਸਜਾਵਟ ਕੀਤੀ ਸੀ। ਮੂੰਗਫਾਲੀ ਅਤੇ ਗੱਚਕ ਸਟਾਰ ਫੂਡਜ਼ ਤੇ ਸਿੰਘ ਗਰੌਸਰ ਵੱਲੋਂ ਸਪਾਂਸਰ ਕੀਤੀ ਗਈ ਸੀ। ਡੀ.ਜੇ. ਰਾਜਨ ਭੱਲਾ ਦਾ ਸੀ, ਜਦਕਿ ਸਮਾਗਮ ਨੂੰ ਕੈਮਰਾਬੰਦ ਏਸ਼ੀਅਨ ਮੀਡੀਆ ਦੇ ਸੁਰੇਸ਼ ਬੋਦੀਵਾਲਾ ਨੇ ਕੀਤਾ। ਇਸ ਮੌਕੇ ਖਾਲਸਾ ਏਡ ਇੰਟਰਨੈਸ਼ਨਲ ਅਤੇ ਸਹਾਰਾ ਹੋਮਕੇਅਰ ਤੋਂ ਇਲਾਵਾ ਖਰੀਦੋ-ਫਰੋਖਤ ਦੇ ਸਟਾਲ ਵੀ ਲੱਗੇ ਹੋਏ ਸਨ।
