ਲੀਡਰਸ਼ਿਪ ਲਈ ਤਲਾਸ਼ ਵਿੱਚ ਭਟਕਦਾ ਪੰਜਾਬ

ਸਿਆਸੀ ਹਲਚਲ ਖਬਰਾਂ

*ਅਸਲੀ ਵਾਰਸ ਜੇਲ੍ਹਾਂ ਵਿੱਚ
*ਕੇਂਦਰ ਸਰਕਾਰ ਦੇ ਦਲਾਲ ਸਰਗਰਮ
ਪੰਜਾਬੀ ਪਰਵਾਜ਼ ਬਿਊਰੋ
ਸਿਆਸੀ ਦ੍ਰਿਸ਼ਟੀ ਤੋਂ ਪੰਜਾਬ ਇਨ੍ਹਾਂ ਦਿਨਾਂ ਵਿੱਚ ਬੇਹੱਦ ਬਿਖੜੇ ਪੈਂਡੇ ਤੈਅ ਕਰ ਰਿਹਾ ਹੈ। ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਹਨ, ਉਨ੍ਹਾਂ ਨੂੰ ਨਾ ਤੇ ਰਾਜ ਸਰਕਾਰ ਉਠਣ ਦੇ ਰਹੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਦੀ ਉਨ੍ਹਾਂ ਵੱਲ ਮਿਹਰ ਦੀ ਨਜ਼ਰ ਹੈ; ਪਰ ਜਿਨ੍ਹਾਂ ਨੂੰ ਕੇਂਦਰ ਤੇ ਰਾਜ ਸਰਕਾਰਾਂ ਅਤੇ ਸਮੁੱਚੀ ਇੰਡੀਅਨ ਸਟੇਟ ਰਾਜ ਦੇ ਲੋਕਾਂ ‘ਤੇ ਮੜ੍ਹਨ ਦਾ ਯਤਨ ਕਰ ਰਹੇ ਹਨ, ਉਹ ਪੰਜਾਬ ਦੇ ਲੋਕਾਂ ਦੇ ਨੱਕ ‘ਤੇ ਨਹੀਂ ਚੜ੍ਹਦੇ। ਜਾਂ ਇਉਂ ਕਹਿ ਲਉ ਜਿਹੜੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਪੰਜਾਬ ਵਿੱਚ ਸੱਤਾ ਲਈ ਭਿੜ ਰਹੀਆਂ ਹਨ, ਉਨ੍ਹਾਂ ਨੂੰ ਪੰਜਾਬ ਦੇ ਲੋਕ ਚਿਰੋਕਣੇ ਪਰਤਿਆ ਚੁੱਕੇ ਹਨ।

ਸਿਰਫ ਇੱਥੇ ਹੀ ਬੱਸ ਨਹੀਂ, ਵਾਰਸ ਪੰਜਾਬ ਦੇ ਅਕਾਲੀ ਦਲ ਤੋਂ ਸਿਵਾਏ ਬਾਕੀ ਸਾਰੀਆਂ ਪਾਰਟੀਆਂ ਆਪਣੇ ਅੰਦਰ ਵੀ ਪਾਟੋਧਾੜ ਦਾ ਸ਼ਿਕਾਰ ਹਨ ਅਤੇ ਆਪਸੀ ਏਕਤਾ ਰੱਖਣ ਲਈ ਵੀ ਸੰਘਰਸ਼ ਕਰ ਰਹੀਆਂ ਹਨ। ਇੱਥੋਂ ਤੱਕ ਕਿ ਪੰਜਾਬ ਵਿੱਚ ਸੱਤਾ ਦਾ ਅਨੰਦ ਮਾਣ ਰਹੀ ਪਾਰਟੀ ‘ਆਪ’ ਦਾ ਅੰਦਰੂਨ ਵੀ ਤੰਦਰੁਸਤ ਨਹੀਂ ਹੈ। ਸਾਲ ਕੁ ਪਹਿਲਾਂ ਅਮਨ ਅਰੋੜਾ ਗੱਜ ਵੱਜ ਕੇ ਪੰਜਾਬ ‘ਆਪ’ ਦੇ ਪ੍ਰਧਾਨ ਬਣਾਏ ਗਏ। ਮਲਵਈ ਹਿੰਦੂ ਚਿਹਰਾ ਅਮਨ ਅਰੋੜ ਵੀ ਪਾਰਟੀ ਵਿੱਚ ਸਰਗਰਮ ਨਜ਼ਰ ਨਹੀਂ ਆ ਰਹੇ। ਉਨ੍ਹਾਂ ਨੂੰ ਭਾਵੇਂ ਪ੍ਰਧਾਨ ਬਣਨ ਤੋਂ ਬਾਅਦ ਕੈਬਨਿਟ ਮਨਿਸਟਰ ਵੀ ਬਣਾ ਦਿੱਤਾ ਗਿਆ ਸੀ ਅਤੇ ਕਈ ਮਹੱਤਵਪੂਰਨ ਪੋਰਟਫੋਲੀਓ ਵੀ ਦਿੱਤੇ ਗਏ ਸਨ; ਪਰ ਇਹ ਮਹਿਕਮੇ ਬਾਅਦ ਵਿੱਚ ਉਨ੍ਹਾਂ ਤੋਂ ਲੈ ਲਏ ਗਏ। ਯਾਦ ਰਹੇ, ਪੰਜਾਬ ‘ਆਪ’ ਦੇ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਮਨ ਅਰੋੜਾ ਨੇ ਇੱਕ ਸ਼ੁਕਰਾਨਾ ਯਾਤਰਾ ਵੀ ਕੀਤਾ ਸੀ, ਆਪਣੇ ਅਹੁਦੇ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਵਾਲਿਆਂ ਦਾ ਧੰਨਵਾਦ ਵੀ ਕੀਤਾ ਸੀ; ਪਰ ਹੁਣ ਲਗਦਾ ਹੈ ਕਿ ਅਮਨ ਅਰੋੜ ਤੋਂ ਵੀ ਦਿੱਲੀ ਵਾਲੀ ‘ਆਪ’ ਲੀਡਰਸ਼ਿੱਪ ਦਾ ਮਨ ਭਰ ਗਿਆ ਹੈ ਅਤੇ ਉਹ ਕਿਸੇ ਨਵੇਂ ਚਿਹਰੇ ਦੀ ਤਾਲਾਸ਼ ਵਿੱਚ ਹਨ। ਇਹ ਨਵਾਂ ਚਿਹਰਾ ਪੰਜਾਬ ਦੀ ਦਲਿੱਤ ਆਬਾਦੀ ਵਿੱਚੋਂ ਵੀ ਹੋ ਸਕਦਾ ਹੈ, ਜਿਸ ਦੀ ਪੰਜਾਬ ਵਿੱਚ ਆਬਾਦੀ ਤਕਰੀਬਨ 32 ਫੀਸਦੀ ਹੈ। ਇਹ ਅਨੁਪਾਤ ਦੇਸ਼ ਦੇ ਬਾਕੀ ਸਾਰੇ ਸੂਬਿਆਂ ਨਾਲੋਂ ਜ਼ਿਆਦਾ ਹੈ। ਜੇ ਪਿਛਲੀ ਵਿਧਾਨ ਸਭਾ ਦੇ ਤਜਰਬੇ ਨੂੰ ਛੱਡ ਦਿੱਤਾ ਜਾਵੇ, ਜਿਸ ਵਿੱਚ ‘ਆਪ’ ਨੇ ਹੂੰਝਾ-ਫੇਰੂ ਜਿੱਤ ਹਾਸਲ ਕੀਤੀ ਸੀ, ਤਾਂ ਇਹ ਪੱਖ ਸਾਹਮਣੇ ਆਉਂਦਾ ਹੈ ਕਿ ਮੋਟੇ ਤੌਰ ‘ਤੇ ਪੰਜਾਬ ਵਿੱਚ ਤਿੰਨ ਸਮਾਜਿਕ ਤਬਕੇ ਹਨ, ਜਿਨ੍ਹਾਂ ਦਾ ਵੋਟਿੰਗ ਬਿਹੇਵੀਅਰ ਇੱਕ ਦੂਜੇ ਨਾਲੋਂ ਵੱਖਰਾ ਹੁੰਦਾ ਹੈ। ਕਿਸੇ ਵੱਡੀ ਜਜ਼ਬਾਤੀ ਪਾਰਟੀ ਲਹਿਰ ਵਿੱਚ ਹੀ ਇਹ ਬਿਹੇਵੀਅਰ ਭੰਗ ਹੁੰਦਾ ਹੈ। ਆਮ ਹਾਲਤਾਂ ਵਿੱਚ ਇਨ੍ਹਾਂ ਤਬਕਿਆਂ ਦੀ ਬਹੁਗਿਣਤੀ ਇੱਕੋ ਪਾਸੇ ਹੀ ਵੋਟ ਪਾਉਂਦੀ ਹੈ।
ਜਿਸ ਤਰ੍ਹਾਂ ਦੇ ਅੱਜ ਪੰਜਾਬ ਵਿੱਚ ਸਿਆਸੀ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਨਹੀਂ ਲਗਦਾ ਕਿ ਪੰਜਾਬ ਵਿੱਚ ਕਿਸੇ ਪਾਰਟੀ ਦੀ ਵੱਡੀ ਜਜ਼ਬਾਤੀ ਲਹਿਰ ਬਣ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ (ਵਾਰਸ ਪੰਜਾਬ ਦੇ) ਵਿੱਚ ਇਸ ਕਿਸਮ ਦੀ ਸੰਭਾਵਨਾ ਮੌਜੂਦ ਹੈ, ਪਰ ਉਸ ਦੇ ਆਗੂ ਅੰਮ੍ਰਿਤਪਾਲ ਸਿੰਘ ਨੂੰ ਨਾ ਤੇ ਕੇਂਦਰ ਸਰਕਾਰ ਸਰਗਰਮ ਹੋਣ ਦੇਣਾ ਚਾਹੁੰਦੀ ਹੈ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਜਾਬ ਸਰਕਾਰ। ਇਸੇ ਕਰਕੇ ਅੰਮ੍ਰਿਤਪਾਲ ਸਿੰਘ ਨੂੰ ਨਾ ਤੇ ਰਿਹਾਅ ਕੀਤਾ ਜਾ ਰਿਹਾ ਅਤੇ ਨਾ ਹੀ ਉਸ ਨੂੰ ਪੈਰੋਲ ਵਗੈਰਾ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਹੀ ਸੀ ਜਿਸ ਨੇ ਤਰਨਤਾਰਨ ਲੋਕ ਸਭਾ ਹਲਕੇ ਵਿੱਚ ਸੱਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਦੇ ਸੈਸ਼ਨਾਂ ਦੌਰਾਨ ਪਾਰਲੀਮੈਂਟ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਉੱਚ ਅਦਾਲਤਾਂ ਵਿੱਚ ਉਸ ਵੱਲੋਂ ਵਾਰ-ਵਾਰ ਪਾਰਲੀਮੈਂਟ ਦੀ ਬੈਠਕ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਜਾ ਰਹੀ ਹੈ।
ਉਪਰੋਕਤ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਹਾਲਤ ਵੀ ਪੰਜਾਬ ਵਿੱਚ ਬਹੁਤੀ ਚੰਗੀ ਨਹੀਂ ਹੈ। ਇਸ ਦੇ ਪ੍ਰਮੁੱਖ ਇੰਨੇ ਹਲਕੇ ਹਨ ਕਿ ਵੱਖ ਵੱਖ ਮਸਲਿਆਂ ਨੂੰ ਲੈ ਕਿ ਇਨ੍ਹਾਂ ਦੀ ਜ਼ੁਬਾਨ ਵਾਰ-ਵਾਰ ਫਿਸਲ ਜਾਂਦੀ ਰਹੀ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹਰਭਜਨ ਸਿੰਘ ਈ.ਟੀ.ਓ. ਦੀ ਕੋਈ ਜਾਤ-ਕੁਜਾਤ ਪਰਖ ਦਿੱਤੀ। ਇਸ ਨੂੰ ਲੈ ਕੇ ਪੰਜਾਬ ਦੇ ਮੀਡੀਆ ਵਿੱਚ ਕਾਫੀ ਖੱਪ ਖਾਨਾ ਹੋਇਆ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਪਣੀ ਸਰਕਾਰ ਖਿਲਾਫ ਅਸੈਂਬਲੀ ਅੱਗੇ ਧਰਨਾ ਦਿੱਤਾ। ਬਾਜਵਾ ਖਿਲਾਫ ਇਸ ਮਾਮਲੇ ਵਿੱਚ ਸ਼ਾਇਦ ਕੋਈ ਕੇਸ ਵੀ ਦਰਜ ਕੀਤਾ ਗਿਆ ਹੈ। ਯਾਦ ਰਹੇ, ਹਰਭਜਨ ਸਿੰਘ ਈ.ਟੀ.ਓ. ਕਿਸੇ ਰਿਜ਼ਰਵ ਕੈਟੇਗਰੀ ਨਾਲ ਸੰਬੰਧ ਰੱਖਦੇ ਹਨ। ਇਸ ਵਿਵਾਦ ਦੇ ਉੱਠਣ ‘ਤੇ ‘ਆਪ’ ਵੱਲੋਂ ਪੰਜਾਬ ਵਿੱਚ ਕਿਸੇ ਦਲਿੱਤ ਆਗੂ ਨੂੰ ਉੱਪ ਮੁੱਖ ਮੰਤਰੀ ਲਗਾਏ ਜਾਣ ਦੀ ਵੀ ਚਰਚਾ ਚੱਲ ਰਹੀ ਹੈ। ਇਸ ਨੁਕਤੇ ਤੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੈਡਮ ਬਲਜੀਤ ਕੌਰ ਦੇ ਨਾਮ ਵਿਚਾਰੇ ਜਾ ਰਹੇ ਹਨ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਪ ਮੁੱਖ ਮੰਤਰੀ ਲਾਉਣ ਦੇ ਪਾਰਟੀ ਦੇ ਇਸ ਯਤਨ ਨੂੰ ਲਗਾਤਾਰ ਸਾਬੋਤਾਜ ਕਰਦੇ ਨਜ਼ਰ ਆ ਰਹੇ ਹਨ। ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਚਰਚਾ ਵੀ ਚੱਲ ਰਹੀ ਹੈ।
ਇਸ ਦਰਮਿਆਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਹਾਂ ਅਕਾਲੀ ਦਲਾਂ ਵਿੱਚ ਵੀ ਸਾਰਾ ਕੁਝ ਸਹੀ ਨਹੀਂ ਹੈ। ਅਕਾਲੀ ਦਲ ਬਾਦਲ ਦਾ ਬਿਖੇੜਾ ਇਹ ਹੈ ਕਿ ਜਦੋਂ ਤੋਂ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਏ ਹਨ, ਉਹ ਆਪਣੀ ਸਰਗਰਮੀ ਨੂੰ ਆਜ਼ਾਦ ਰੂਪ ਵਿੱਚ ਅੱਗੇ ਵਧਾ ਰਹੇ ਹਨ। ਲੰਘੇ ਦਿਨੀਂ ਉਨ੍ਹਾਂ ਵੱਲੋਂ ਵੀ ਚੰਡੀਗੜ੍ਹ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਇੱਕ ਸ਼ੁਕਰਾਨਾ ਮਾਰਚ ਜਥੇਬੰਦ ਕੀਤਾ ਗਿਆ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੋਲਡਨ ਗੇਟ ‘ਤੇ ਪੁੱਜਣ ਸਮੇਂ ਮਾਝੇ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ; ਪਰ ਉਨ੍ਹਾਂ ਦੇ ਇਸ ਸਮਾਗਮ ਵਿੱਚ ਨਾ ਤੇ ਸੁਖਬੀਰ ਸਿੰਘ ਬਾਦਲ ਨੇ ਸ਼ਮੂਲੀਅਤ ਕੀਤੀ ਅਤੇ ਨਾ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ। ਅਕਾਲੀਆਂ ਦੀ ਵੈਬਸਾਈਟ ਵੀ ਇਹਦੇ ਬਾਰੇ ਖਾਮੋਸ਼ ਰਹੀ। ਕੁੱਲ ਮਿਲਾ ਕਿ ਬਾਦਲ ਪਰਿਵਾਰ ਨਾਲ ਸੰਬੰਧਤ ਕੋਈ ਸ਼ਖਸ ਵੀ ਇਸ ਮਾਰਚ ਵਿੱਚ ਸ਼ਾਮਲ ਨਹੀਂ ਹੋਇਆ। ਇਸ ਵਿਦਰੋਹ ਨੇ ਅਕਾਲੀ ਦਲ (ਬਾਦਲ) ਦੀ ਹਾਲਤ ਵੀ ਜਰਜ਼ਰੀ ਕੀਤੀ ਹੋਈ ਹੈ। ਕੀ ਸੁਖਬੀਰ ਸਿੰਘ ਬਾਦਲ ਆਪਣੇ ਸਾਕ ਸੰਬੰਧੀਆਂ ਵਿੱਚੋਂ ਮਾਰੀ ਗਈ ਇਸ ਸੱਟ ਨੂੰ ਝੱਲ ਸਕਣਗੇ? ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਬਾਦਲ ਪਰਿਵਾਰ ਆਪਣੀ ਬੇਥਾਹ ਮਾਲੀ ਤਾਕਤ ਆਸਰੇ ਹੀ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਦਾ ਇੱਛੁਕ ਹੈ ਅਤੇ ਉਨ੍ਹਾਂ ਲੋਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਸਤਾ ਵਿਖਾਉਣ ਦੇ ਇੱਛੁਕ ਹਨ, ਜਿਹੜੇ ਉਨ੍ਹਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ।
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਵਿੱਚ ਡੇਰਾ ਬਿਆਸ ਦੇ ਸਾਬਕਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕੇਂਦਰੀ ਭੂਮਿਕਾ ਨਿਭਾਈ ਹੈ। ਅਜਿਹੇ ਵਿੱਚ, ਦੂਜੀਆਂ ਪਾਰਟੀਆਂ ਵਾਂਗ ਹੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿੱਪ ਦਾ ਰਵੱਈਆ ਵੀ ਅੰਦਰੂਨੀ ਪਾਰਟੀ ਢਾਂਚੇ ਲਈ ਹੱਦੋਂ ਵੱਧ ਗੈਰ-ਜਮਹੂਰੀ ਹੋ ਗਿਆ ਹੈ। ਅਜਿਹੀ ਹਾਲਤ ਵਿੱਚ ਅੰਮ੍ਰਿਤਪਾਲ ਸਿੰਘ ਸਮੇਤ ਨਵੀਆਂ ਪਾਰਟੀਆਂ ਦੇ ਆਗੂਆਂ ਦੇ ਉਭਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਸਿਆਸੀ ਅਵਸਥਾ ਅੱਜ ਦੇ ਦਿਨ ਤੱਕ ਤਰਲ ਹੋਈ ਖੜ੍ਹੀ ਹੈ ਅਤੇ ਕਿਸੇ ਚੱਜ ਦੀ ਅਗਵਾਈ ਨੂੰ ਉਡੀਕ ਰਹੀ ਹੈ। ਇੱਧਰ ਪੰਜਾਬ ਦੇ ਰਾਜਪਾਲ, ਕੁਝ ਭਾਜਪਾ ਦੇ ਆਗੂਆਂ ਨਾਲ ਮਿਲ ਕੇ ਨਸ਼ਾ ਵਿਰੋਧੀ ਪ੍ਰਦਰਸ਼ਨ ਕਰ ਰਹੇ ਹਨ। ਇਹ ਭਾਜਪਾ ਲਈ ਪੰਜਾਬ ਦੇ ਪਿੰਡਾਂ ਵਿੱਚ ਸਪੇਸ ਤਲਾਸ਼ਣ ਦਾ ਯਤਨ ਹੈ। ਰਾਜਪਾਲ ਦੇ ਨਾਲ ਸੁਖਬੀਰ ਸਿੰਘ ਬਾਦਲ ਵੀ ਨਜ਼ਰ ਆਏ। ਇਸ ਤੋਂ ਲਗਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਅਕਾਲੀ ਦਲ ਇਕ ਵਾਰ ਫਿਰ ਨਜ਼ਦੀਕ ਆ ਰਹੇ ਹਨ; ਪਰ ਨਵੀਂ ਪੰਜਾਬ/ਸਿੱਖ ਲੀਡਰਸ਼ਿਪ ਵਾਲਾ ਖੱਪਾ ਉਸ ਲੀਡਰਸ਼ਿਪ ਨੂੰ ਪੂਰਨਾ ਚਾਹੀਦਾ ਹੈ, ਜਿਹੜੀ ਹਾਲ ਹੀ ਵਿੱਚ ਯੂਨੀਵਰਸਿਟੀ ਦੀ ਸੈਨੇਟ ਨੂੰ ਕਾਇਮ ਰੱਖਣ ਦੀ ਲੜਾਈ ਵਿੱਚ ਉਭਰ ਕੇ ਸਾਹਮਣੇ ਆਈ ਹੈ। ਇਸ ਲੀਡਰਸ਼ਿਪ ਨੂੰ ਤਤਕਾਲੀ ਮਸਲਿਆਂ ‘ਤੇ ਤੇਜ਼ ਤਰਾਰ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਵਿੱਚ ਦਖਲਅੰਦਾਜ਼ੀ ਲਈ ਯਤਨ ਵੀ ਕਰਨੇ ਚਾਹੀਦੇ ਹਨ। ਪੰਜਾਬ ਦੇ ਲੋਕਾਂ ਦੇ ਪੱਖ ਵਿੱਚ ਅਸਰਅੰਦਾਜ਼ ਹੋਣ ਵਾਲੀ ਅਜਿਹੀ ਲੀਡਰਸਿੱLਪ ਹੀ ਕੋਈ ਸਾਰਥਕ ਸਿੱਟੇ ਕੱਢ ਸਕਦੀ ਹੈ।

Leave a Reply

Your email address will not be published. Required fields are marked *