ਵਿਸ਼ਵ ਪੱਧਰੇ ਟਕਰਾਵਾਂ ਪਿੱਛੇ ਕੰਮ ਕਰਦੀ ਨਵੀਂ ਹਕੀਕਤ

ਖਬਰਾਂ ਵਿਚਾਰ-ਵਟਾਂਦਰਾ

*ਸਿੱਖ ਆਪਣੇ ਆਪ ਨੂੰ ਇੱਕ ਸੱਭਿਅਤਾ ਦੇ ਤੌਰ `ਤੇ ਪੇਸ਼ ਕਰਨ ਦੀ ਤਿਆਰੀ ਕਰਨਗੇ?
ਜਸਵੀਰ ਸਿੰਘ ਸ਼ੀਰੀ
ਦੁਨੀਆ ਅੱਜ ਕਿਸੇ ਵੱਡੇ ਤਰਥੱਲ ਵੱਲ ਵਧ ਰਹੀ ਹੈ। ਵੇਖਣ ਨੂੰ ਇਹ ਆਰਥਿਕ ਸੋਮਿਆਂ ਅਤੇ ਸੰਸਾਰ ਰਾਜਨੀਤਿਕ ਚੌਧਰ ਦਾ ਹੀ ਮਸਲਾ ਦਿਸਦਾ ਹੈ, ਪਰ ਜਿਸ ਪਾਸੇ ਹਾਲਾਤ ਧੱਕੇ ਜਾ ਰਹੇ ਹਨ, ਜਿੰਨੀਆਂ ਵਿਸਤ੍ਰਿਤ ਸ਼ਕਤੀਆਂ ਇਸ ੳਥਲ-ਪੁਥਲ ਪਿੱਛੇ ਕੰਮ ਕਰ ਰਹੀਆਂ ਹਨ, ਉਨ੍ਹਾਂ ਦੀ ਪਛਾਣ ਕਰੇ ਬਿਨਾ ਉਹ ਲੋਕ ਅਤੇ ਕੌਮਾਂ/ਸੱਭਿਆਚਾਰ ਆਪਣੀ ਪਹਿਚਾਣ ਤੇ ਰਾਜਨੀਤਿਕ ਸਥਾਪਨਾ ਨੂੰ ਪੱਕੇ ਪੈਰੀਂ ਨਹੀਂ ਕਰ ਸਕਦੇ।

ਜਦੋਂ ਅਮਰੀਕਾ ਅਤੇ ਇਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਆਸਤ ਮੁੱਖ ਤੌਰ `ਤੇ ਦੁਨੀਆ ਦੇ ਆਰਥਕ ਸੋਮਿਆਂ `ਤੇ ਕਾਬਜ਼ ਹੋਣ ਦੀ ਕਰੁਚੀ ਵਿਖਾਈ ਦੇ ਰਹੀ ਹੈ ਤਾਂ ਇਸ ਦੇ ਵਿਰੋਧ ਵਿੱਚ ਉਠ ਰਹੀਆਂ ਕੁਝ ਆਵਾਜ਼ਾਂ ਕਦੀ ਕਦੀ ਵਧੇਰੇ ਪਾਵਨ ਅਤੇ ਸੱਭਿਆਚਾਰਕ/ਸੱਭਿਆਤਮਕ ਵਿਖਾਈ ਦੇ ਰਹੀਆਂ ਹਨ। ਵਿਸ਼ੇਸ਼ ਕਰਕੇ ਇਰਾਨ ਅਤੇ ਚੀਨ ਨਾਲ ਝਗੜੇ ਦਾ ਜਵਾਬ ਟਰੰਪ ਨੂੰ ਆਪਣੀ ਹੋਂਦ ਦੇ ਸੱਭਿਆਤਮਕ ਸੰਦਰਭਾਂ ਵਿੱਚੋਂ ਮਿਲ ਰਿਹਾ ਹੈ। ਜੇ ਜ਼ਿਆਦਾ ਸਹੀ ਅਤੇ ਉਘੜਵੇਂ ਰੂਪ ਵਿੱਚ ਵੇਖਣਾ ਹੋਵੇ ਤਾਂ ਇਰਾਨ ਦਾ ਅਮਰੀਕੀ ਸੰਭਾਵਤ ਹਮਲੇ ਵਿਰੁੱਧ ਜਵਾਬ ਮੂਲ ਰੂਪ ਵਿੱਚ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਹੋਂਦ ਹਸਤੀ ਨੂੰ ਖਤਰੇ ਦੇ ਨੁਕਤੇ ਤੋਂ ਮਿਲ ਰਿਹਾ ਹੈ। ਉਂਝ ਅਜਿਹੇ ਝਗੜੇ ਸਾਰੀ ਦੁਨੀਆ ਵਿੱਚ ਉੱਠ ਰਹੇ ਹਨ ਅਤੇ ਆਪਣਾ ਨਿਵੇਕਲਾ ਰੰਗ ਰੂਪ ਅਖਤਿਆਰ ਕਰ ਰਹੇ ਹਨ।
ਇਸੇ ਪਰਿਪੇਖ ਵਿੱਚ ਅਸੀਂ ਜੇ ਪੰਜਾਬ/ਸਿੱਖ ਮਸਲੇ ਨੂੰ ਵੇਖੀਏ ਤਾਂ ਇਸ ਦੀ ਨਿਰੀ ਆਰਥਿਕ-ਸਿਆਸੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਦੇ ਸੱਭਿਆਚਾਰਕ ਅਤੇ ਸਿਵੇਲਾਈਜੇਸ਼ਨਲ ਪੱਖ ਵੀ ਹਨ, ਜਿਹੜੇ ਇਸ ਦੀ ਸਮੁੱਚੀ (ਹੋਲਿਸਟਿਕ) ਹੋਂਦ ਦਾ ਸਵਾਲ ਬਣ ਜਾਂਦੇ ਹਨ। ਸੱਭਿਆਤਮਕ ਸਵਾਲਾਂ ਵਿੱਚ ਮਨੁੱਖ ਦੇ ਆਰਥਕ ਸਮਾਜਕ ਸਵਾਲਾਂ ਦੇ ਨਾਲ ਨਾਲ ਉਸ ਦੇ ਅਧਿਆਤਮਕ ਜਾਂ ਕਹਿ ਲਓ ਮਿਸਟੀਕਲ ਸਵਾਲਾਂ ਨੂੰ ਵੀ ਸੰਬੋਧਨ ਹੋਇਆ ਜਾਂਦਾ। ਪੰਜਾਬ ਵਿੱਚ ਕੰਮ ਕਰਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਪੰਜਾਬ ਸਮੱਸਿਆ ਦੇ ਸਿਰਫ ਆਰਥਿਕ ਪੱਖ ਨੂੰ ਪੇਸ਼ ਕਰਦੀਆਂ ਹਨ, ਜਿਹੜਾ ਇਸ ਮਸਲੇ ਦਾ ਇੱਕ ਜੁਜ਼ ਮਾਤਰ ਹੈ। ਸ਼ਾਇਦ ਇਹ ਇਸੇ ਕਰਕੇ ਹੈ ਕਿ ਮਾਮਲੇ ਦੇ ਸਿਆਸੀ ਅਤੇ ਸੱਭਿਆਚਾਰਕ ਪੱਖਾਂ ਨੂੰ ਉਹ ਅਕਸਰ ਵੀ ਅਣਗੌਲਿਆ ਕਰ ਜਾਂਦੀਆਂ ਹਨ। ਮਸਲਨ ਫਲਿਸਤੀਨ ਅਤੇ ਇਜ਼ਰਾਇਲ ਦੇ ਟਕਰਾਅ ਦਾ ਮਸਲਾ ਮੱਧ ਏਸ਼ੀਆ ਵਿੱਚ ਆਰਥਿਕ ਸਿਆਸੀ ਚੌਧਰ ਦਾ ਮਸਲਾ ਹੀ ਨਹੀਂ ਹੈ, ਸਗੋਂ ਇੱਥੇ ਦੋਹਾਂ ਧਿਰਾਂ ਵਿਚਾਲੇ ਆਪੋ-ਆਪਣੀ ਸੱਭਿਆਤਮਕ/ਸੱਭਿਆਚਾਰਕ ਹੋਂਦ ਦੇ ਸਵਾਲ ਲਈ ਵੀ ਲੜ ਰਹੀਆਂ ਹਨ। ਸੱਭਿਆਚਾਰਕ ਜਾਂ ਸੱਭਿਆਤਮਕ ਉਸਾਰ ਅਕਸਰ ਹੀ ਕਿਸੇ ਕੌਮ ਜਾਂ ਭਾਈਚਾਰੇ ਦੇ ਰੂਹਾਨੀ ਜਾਂ ਅਧਿਆਤਮਕ ਸਰੋਕਾਰਾਂ ਨਾਲ ਵੀ ਜਾ ਜੁੜਦੇ ਹਨ।
ਇੱਕ ਚਲੰਤ ਦ੍ਰਿਸ਼ਟੀ ਤੋਂ ਵੇਖਿਆਂ ਇਹ ਦਲੀਲਾਂ ਸਹੀ ਹਨ ਕਿ ਸਾਰੇ ਮਨੁੱਖ ਇੱਕ ਹੀ ‘ਮਿੱਟੀ’ ਦੇ ਬਣੇ ਹਨ, ਪਰ ਇਹ ਇਸ ਤੋਂ ਵੱਡੀ ਸੱਚਾਈ ਇਹ ਹੈ ਕਿ ਕੁਦਰਤ ਨੇ ਹਰ ਮਨੁੱਖ/ਮਨੁੱਖੀ ਭਾਈਚਾਰੇ ਜਾਂ ਕੌਮ ਨੂੰ ਕਿਸੇ ਖਾਸ ਮਕਸਦ ਨੂੰ ਪੂਰਾ ਕਰਨ ਲਈ ਵੱਖੋ-ਵੱਖਰਾ ਸਾਜਿਆ ਹੈ। ਇਹ ਸੱਚਾਈ ਬੀਤੇ ਵੀਹ ਕੁ ਸਾਲ ਪਹਿਲਾਂ ਤੋਂ ਦੁਨੀਆ ਵਿੱਚ ਉਭਰੇ ਵਿਚਾਰਾਂ ਅਤੇ ਟਕਰਾਵਾਂ ਵਿੱਚੋਂ ਵਿਸ਼ੇਸ਼ ਤੌਰ `ਤੇ ਉਭਰ ਕੇ ਸਾਹਮਣੇ ਆ ਰਹੀ ਹੈ। ਜਿਉਂ ਜਿਉਂ ਮਾਰਕਸਵਾਦੀ ਵਿਚਾਰਾਂ ਅਤੇ ਅਮਰੀਕਾ ਦੀ ਅਗਵਾਈ ਵਿੱਚ ਲਿਬਰਲ ਡੈਮੋਕਰੇਸੀ ਦਾ ਰੰਗ ਫਿੱਕਾ ਪੈ ਰਿਹਾ ਹੈ ਤਾਂ ਸੰਸਾਰ ਵਿੱਚ ਕਈ ਹੋਰ ਵਰਤਾਰੇ ਉਭਰਨ ਲੱਗੇ ਹਨ, ਜਿਨ੍ਹਾਂ ਨੂੰ ਅਸੀਂ ਇਸ ਲੇਖ ਵਿੱਚ ਥੋੜ੍ਹਾ ਨਜ਼ਦੀਕ ਜਾ ਕੇ ਵੇਖਾਂਗੇ।
ਕੋਈ ਦੋ ਦਹਾਕੇ ਪਹਿਲਾਂ ਸੈਮੂਅਲ ਹਟਿੰਗਟਨ ਦੀ ਕਿਤਾਬ ‘ਕਲੈਸ਼ ਆਫ ਦਾ ਸਿਵੇਲਾਈਜੇਸ਼ਨ’ ਛਪ ਕੇ ਸਾਹਮਣੇ ਆਈ ਸੀ। ਇਸ ਕਿਤਾਬ ਨੇ ਦੁਨੀਆ ਦੀ ਸੱਭਿਆਤਮਕ ਵੰਨ-ਸਵੰਨਤਾ ਨੂੰ ਚੀਨੀ, ਭਾਰਤੀ, ਰੂਸੀ ਆਰਥੋਡੌਕਸ ਕ੍ਰਿਸਚਿਐਨਟੀ, ਪੱਛਮੀ ਸੱਭਿਅਤਾ ਆਧਾਰਤ ਪ੍ਰੋਟੈਸਟ ਕ੍ਰਿਸਚਿਐਨਟੀ ਤੇ ਇਸਲਾਮਿਕ ਸਿਵੇਲਾਈਜੇਸ਼ਨ ਆਦਿ ਵਿਚਕਾਰ ਵੰਡਿਆ ਸੀ ਅਤੇ ਭਵਿਖਬਾਣੀ ਵੀ ਕੀਤੀ ਸੀ ਕਿ ਆਉਣ ਵਾਲੇ ਟਕਰਾਅ ਮੁੱਖ ਤੌਰ `ਤੇ ਇਨ੍ਹਾਂ ਸੱਭਿਆਤਾਵਾਂ ਵਿਚਕਾਰ ਪ੍ਰਗਟ ਹੋਣਗੇ। ਦੁਨੀਆ ਦੇ ਬੌਧਿਕ ਸੰਸਾਰ `ਤੇ ਉਸ ਮੌਕੇ ਰਾਜ ਕਰ ਰਹੇ ਉੱਤਰ ਆਧੁਨਿਕ ਵਾਦੀਆਂ ਅਤੇ ਦੁਨੀਆ ਦੀ ਕੌਮੀ ਵੰਨ-ਸਵੰਨਤਾ ਨੂੰ ਭਾਰੂ ਅਸਲੀਅਤ ਮੰਨਣ ਵਾਲੇ ਵਿਦਵਾਨਾਂ ਨੇ ਇਹ ਵਿਚਾਰ ਦਰਕਿਨਾਰ ਕਰ ਦਿੱਤਾ ਸੀ। ਪਰ ਪਿਛਲੇ ਦੋ ਦਹਾਕਿਆਂ ਦਾ ਇਤਿਹਾਸ ਜਿਸ ਹਿਸਾਬ ਨਾਲ ਸਾਡੇ ਸਾਹਮਣੇ ਉਧੜਿਆ ਹੈ, ਉਸ ਨੇ ਅੱਜ ਸਿਵੇਲਾਈਜੇਸ਼ਨਲ ਕਲੈਸ਼ ਨੂੰ ਦੁਨੀਆ ਦੀ ਭਾਰੂ ਹਕੀਕਤ ਬਣਾ ਦਿੱਤਾ ਹੈ।
ਬਿਨਾ ਸ਼ੱਕ ਕੌਮੀ ਆਜ਼ਾਦੀ, ਹੋਂਦ ਅਤੇ ਇਸ ਦੀ ਪਹਿਚਾਣ ਦੇ ਮਸਲੇ ਅੱਜ ਵੀ ਮਹੱਤਵਪੂਰਨ ਹਨ, ਪਰ ਸੱਭਿਅਤਾਵਾਂ ਦੇ ਭੇੜ ਦੇ ਮੁਕਾਬਲੇ ਹੁਣ ਇਹ ਗੌਣ ਰੂਪ ਅਖਤਿਆਰ ਕਰ ਗਏ ਹਨ। ਮਸਲਨ ਬੀਤੇ ਦਿਨੀਂ ਜਦੋਂ ਅਮਰੀਕਾ ਨੇ ਵੈਨੇਜ਼ੂਏਲਾ ਨਾਂ ਦੇ ਦੱਖਣ ਅਫਰੀਕੀ ਕੌਮੀ ਰਾਜ ਦੀ ਰਾਜਧਾਨੀ `ਤੇ ਹਮਲਾ ਕਰਕੇ ਉਸ ਦੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਪਿੱਛੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਸਮੇਤ ਕੁਝ ਹੋਰ ਮੁਲਕਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ, ਪਰ ਇਰਾਨ ਦੇ ਅਧਿਆਤਮਕ ਲੀਡਰ ਆਇਤੁਲਾ ਖੁਮੇਨੀ ਨੇ ਪੂਰੇ ਇਸਲਾਮਕ ਜਗਤ ਨੂੰ ਕਥਿਤ ‘ਅਮਿਰੀਕੀ ਸ਼ੈਤਾਨ’ ਦਾ ‘ਰੱਬੀ’ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਇਹ ਕੇਵਲ ਕਿਸੇ ਇੱਕ ਕੌਮ ਦਾ ਦੂਜੀ ਕੌਮ ਖਿਲਾਫ ਪ੍ਰਤੀਕਰਮ ਨਹੀਂ ਸੀ, ਸਗੋਂ ਕਿਸੇ ਧਰਮ ਗ੍ਰੰਥ ਨਾਲ ਜੁੜੀ ਇੱਕ ਧਾਰਮਿਕ-ਸਮਾਜਿਕ ਪਰੰਪਰਾ, ਸੱਭਿਅਤਾ ਦਾ ਪ੍ਰਤੀਕਰਮ ਸੀ। ਇੰਜ ਇਸਲਾਮ ਨਾਲ ਜੁੜੀਆਂ ਕੁੱਲ ਕੌਮੀਅਤਾਂ, ਮਨੁੱਖ ਅਤੇ ਹਥਿਆਰ ਆਦਿ ਇਸ ਸੱਭਿਆਤਮਕ ਹੋਂਦ ਦੇ ਅਧੀਨ ਹੋ ਗਏ ਹਨ। ਇਸ ਨੇ ਇਰਾਨ ਨੂੰ ਅਮਰੀਕਾ ਦੇ ਮੁਕਾਬਲੇ ਆਪਣੀ ਹਸਤੀ ਨੂੰ ਵਿਸਤ੍ਰਿਤ ਕਰਨ ਦਾ ਵੀ ਮੌਕਾ ਦਿੱਤਾ।
ਹਟਿੰਗਟਨ ਦੀ ਉਪਰੋਕਤ ਕਿਤਾਬ ਵਿੱਚ ਦੁਨੀਆ ਦਾ ਪ੍ਰਮੁੱਖ ਟਕਰਾਅ ਇਸਲਾਮ ਅਤੇ ਪੱਛਮੀ ਇਸਾਈ ਸੱਭਿਅਤਾ ਵਿਚਕਾਰ ਹੋਣ ਦੀ ਭਵਿੱਖਬਾਣੀ ਵੀ ਕੀਤੀ ਗਈ ਸੀ। ਇਹ ਵਰਤਾਰਾ ਵੀ ਅੱਜ ਸਾਡੇ ਸਾਹਮਣੇ ਇੱਕ ਪ੍ਰਤੱਖ ਹਕੀਕਤ ਬਣ ਕੇ ਉਭਰ ਰਿਹਾ ਹੈ। ਸੰਸਾਰੀਕਰਣ ਦੇ ਮੁਕਾਬਲੇ ਦੁਨੀਆ ਨੂੰ ਇਹ ਪੰਜ-ਛੇ ਵੱਡੇ ਬਲੌਕਾਂ ਵਿੱਚ ਜਥੇਬੰਦ ਕਰ ਰਿਹਾ ਹੈ। ਇਸ ਦੇ ਮੁਕਾਬਲੇ ਕੌਮੀ ਪ੍ਰਭੂਸੱਤਾ ਦਾ ਸਵਾਲ ਵੀ ਹਾਲ ਦੀ ਘੜੀ ਗੌਣ ਹੋ ਗਿਆ ਲਗਦਾ ਹੈ। ਭਾਰਤੀ ਹਕੂਮਤ ਅਤੇ ਦੁਨੀਆ ਦੇ ਵੱਡੇ ਬਲੌਕਾਂ ਦੇ ਆਗੂ ਸਿੱਖਾਂ ਨੂੰ ਵਿਸ਼ਾਲ ਭਾਰਤੀ ਸੱਭਿਅਤਾ ਦਾ ਹਿੱਸਾ ਮੰਨ ਕੇ ਹੀ ਚੱਲ ਰਹੇ ਹਨ। ਉਂਝ ਭਾਵੇਂ ਭਾਰਤ `ਤੇ ਦਬਾਅ ਪਾਉਣ ਲਈ ਸਿੱਖਾਂ ਨੂੰ ਭਾਰਤ ਤੋਂ ਵੱਖ ਇੱਕ ਕੌਮੀ ਸਮਾਜ ਵਿਖਾ ਕੇ ਆਪਣਾ ਕੰਮ ਕੱਢਿਆ ਜਾਂਦਾ ਹੈ। ਇਸੇ ਲਈ ਬਹੁਤ ਵਾਰ ਮੈਂ ਕਹਿੰਦਾ ਹਾਂ ਕਿ ਇੱਕ ਸੱਭਿਅਤਾ ਦੇ ਤੌਰ `ਤੇ ਯੂਰਪੀਅਨ ਯੂਨੀਅਨ ਬਾਕੀ ਸਭ ਨਾਲੋਂ ਸੁਤੰਤਰ ਅਤੇ ਇਨਸਾਫ ਆਧਾਰਤ ਵਿਸ਼ਾਲ ਹੋਂਦ ਬਣਦਾ ਹੈ। ਇਸ ਸੰਗਠਨ ਨੇ ਕੌਮਾਂ ਅਤੇ ਮਨੁੱਖਾਂ ਦੇ ਹੋਂਦ ਮੁਖੀ ਸਵਾਲਾਂ ਨੂੰ ਵਧੇਰੇ ਮਹੱਤਵ ਦਿੱਤਾ ਹੈ।
ਯੂਰਪੀ ਯੂਨੀਅਨ ਨੇ ਲੋਕਾਂ ਅਤੇ ਪ੍ਰਭੂਸੱਤਾਪੂਰਨ ਸੁਤੰਤਰ ਕੌਮਾਂ ਨੂੰ ਉਨ੍ਹਾਂ ਦੀ ਸਵੈਮਰਜ਼ੀ ਨਾਲ ਇਸ ਸੰਗਠਨ ਵਿੱਚ ਜੋੜਿਆ ਹੈ। ਇਸੇ ਤਰ੍ਹਾਂ ਹੁਣ ਅਮਰੀਕਾ ਦਾ ਰਾਸ਼ਟਰਪਤੀ ਧੱਕੇ ਨਾਲ ਸਾਰੇ ਅਮਰੀਕਾ (ਦੱਖਣੀ ਅਤੇ ਉੱਤਰੀ) ਨੂੰ ਇੱਕ ਥਾਂ ਜੋੜਨ ਦਾ ਸੁਪਨਾ ਪਾਲ ਰਿਹਾ ਹੈ। ਵੈਨੇਜ਼ੂਏਲਾ ਵਾਲੀ ਕਾਰਵਾਈ ਇਸੇ ਪਾਸੇ ਵੱਲ ਇਸ਼ਾਰਾ ਕਰਦੀ ਹੈ। ਉਂਝ ਇਹ ਜੋੜ ਪੱਕੇ ਪੈਰੀਂ ਨਹੀਂ ਹੋਏਗਾ, ਜਦੋਂ ਤੱਕ ਇਸ ਵਿੱਚ ਜੁੜ ਰਹੀਆਂ ਪ੍ਰਭੁਤਾ ਸੰਪਨ ਕੌਮਾਂ ਦੀ ਸਵੈਮਰਜ਼ੀ ਹਾਸਲ ਨਹੀਂ ਕੀਤੀ ਜਾਂਦੀ। ਕੁਝ ਵੀ ਹੋਵੇ ਦੁਨੀਆ ਅੱਜ ਚਾਰ ਪੰਜ ਵੱਡੇ ਬਲੌਕਾਂ ਵਿੱਚ ਉਭਰ ਰਹੀ ਹੈ, ਜਿਸ ਵਿੱਚ ਯੂਰੇਸ਼ੀਆ, ਚੀਨ, ਭਾਰਤ, ਇਸਲਾਮਕ ਸੰਸਾਰ। ਕੈਥੋਲਿਕ ਤੇ ਯੂਰਪੀਅਨ ਆਧਾਰਤ ਇਸਾਈਅਤ ਅਤੇ ਅਮਰੀਕਾ ਦੀ ਅਗਵਾਈ ਵਾਲੀ ਪ੍ਰੋਟੈਸਟੈਂਟ ਇਸਾਈਅਤ। ਪਿਛਲੀ ਸਦੀ ਦੇ ਪਹਿਲੇ ਅੱਧ ਵਿੱਚ ਜਮਾਤੀ ਲੜਾਈ, ਅਗਲੇ ਦੌਰ ਵਿੱਚ ਕੌਮੀ ਆਜ਼ਾਦੀ ਦੀ ਆਵਾਜ਼ ਅਤੇ ਹੁਣ ਸੱਭਿਅਤਾ ਆਧਾਰਤ ਵੱਡੀਆਂ ਹੋਂਦਾਂ ਦੇ ਰੂਪ ਵਿੱਚ ਦੁਨੀਆ ਦਾ ਸਰੂਪ ਨਿਖਾਰ ਰਹੀ ਹੈ।
ਇੱਕ ਰੂਪ ਵਿੱਚ ਇਹ ਮੁਕੰਮਲ ਸੰਸਾਰੀਕਰਣ ਤੋਂ ਪਹਿਲਾਂ ਦਾ ਫੇਜ਼ ਲਗਦਾ ਹੈ, ਜਿਸ ਵਿੱਚ ਸਿੱਖਾਂ ਨੂੰ ਆਪਣੇ ਆਪ ਨੂੰ ਇੱਕ ਵੱਖਰੀ ਅਤੇ ਵਿਲੱਖਣ ਸੱਭਿਅਤਾ ਵਜੋਂ ਦਰਜ ਕਰਵਾਉਣ ਦੇ ਯਤਨ ਕਰਨੇ ਚਾਹੀਦੇ ਹਨ। ਇਸ ਮਾਮਲੇ `ਤੇ ਵੱਡੀ ਬੌਧਿਕ ਤਿਆਰੀ ਦੀ ਲੋੜ ਹੈ। ਸਿੱਖ ਹੋਂਦ ਹਸਤੀ ਦੀਆਂ ਜੜ੍ਹਾਂ ਇਸਲਾਮ ਅਤੇ ਭਾਰੂ ਹਿੰਦੁਸਤਾਨੀ ਸੱਭਿਅਤਾ- ਦਹਾਂ ਵਿੱਚ ਪਈਆਂ ਹਨ। ਇਸ ਲਈ ਇਸਲਾਮ ਖਿਲਾਫ ਛੁਰੀਆਂ ਵਾਲਾ ਛਾਨਣਾ ਲਗਾਈ ਬੈਠੀ ਮੌਜੂਦਾ ਭਾਰਤੀ ਹਕੂਮਤ ਨੂੰ ਸਿੱਖਾਂ ਨੂੰ ਜਜ਼ਬ ਕਰਨ ਦੀ ਜ਼ਿੱਦ ਬੇਹੱਦ ਤਕਲੀਫ ਦੇਹ ਹੋਵੇਗੀ। ਇਸ ਲੜਾਈ-ਭਿੜਾਈ ਵਿੱਚ ਜੇ ਸਿੱਖ ਬਿਨਾ ਕਿਸੇ ਤਿਆਰੀ ਦੇ ਅਚੇਤ ਹੀ ਫੜੇ ਜਾਂਦੇ ਹਨ ਤਾਂ ਉਨ੍ਹਾਂ ਦੀ ਹਸਤੀ ਮਿਟ ਵੀ ਸਕਦੀ। ਆਜ਼ਾਦ ਰੂਪ ਵਿੱਚ ਇੱਕ ਸੱਭਿਅਤਾ ਦੇ ਤੌਰ `ਤੇ ਸੰਸਾਰ ਨੂੰ ਦੇਣ ਲਈ ਸਿੱਖਾਂ ਕੋਲ ਬੜਾ ਕੁਝ ਬੇਸ਼ਕੀਮਤੀ ਅਤੇ ਬਹੁਮੁੱਲੀ ਸੱਭਿਆਚਾਰਕ ਅਧਿਆਤਮਕ ਦੌਲਤ ਹੈ। ਇਹ ਵੱਡੇ ਸੰਸਾਰ ਯੁੱਧਾਂ ਨੂੰ ਰੋਕਣ ਅਤੇ ਇਨ੍ਹਾਂ ਨੂੰ ਸਮਾਨੰਤਰ ਜਿਉਣ ਦਾ ਵੱਲ ਸਿਖਾਉਣ ਦੀ ਸਮਰੱਥਾ ਰੱਖਦੀ ਹੈ।

Leave a Reply

Your email address will not be published. Required fields are marked *