ਪੰਜਾਬੀ ਪਰਵਾਜ਼ ਬਿਊਰੋ
ਦੁਨੀਆ ਭਰ ਵਿੱਚ ਏਲੀਅਨ ਅਤੇ ਯੂ.ਐਫ਼.ਓ. ਬਾਰੇ ਚਰਚਾ ਸਾਲਾਂ ਤੋਂ ਚੱਲ ਰਹੀ ਹੈ, ਪਰ ਹੁਣ ਇਹ ਮੁੱਦਾ ਇੱਕ ਵਾਰ ਫਿਰ ਅਮਰੀਕੀ ਸਿਆਸਤ ਦੇ ਕੇਂਦਰ ਵਿੱਚ ਆ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਏਲੀਅਨ ਅਤੇ ਯੂ.ਐਫ਼.ਓ. ਨਾਲ ਜੁੜੀਆਂ ਸਰਕਾਰੀ ਫਾਈਲਾਂ ਜਨਤਕ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰੱਖਿਆ ਵਿਭਾਗ ਅਤੇ ਹੋਰ ਸਬੰਧਿਤ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਜਾਣਕਾਰੀ ਸਾਹਮਣੇ ਲਿਆਉਣ ਲਈ ਕਿਹਾ ਜਾਵੇਗਾ। ਟਰੰਪ ਨੇ ਇਸ ਮਾਮਲੇ ਨੂੰ ਦਿਲਚਸਪ ਅਤੇ ਮਹੱਤਵਪੂਰਨ ਦੱਸਿਆ ਹੈ।
ਇਹ ਐਲਾਨ ਉਸ ਸਮੇਂ ਆਇਆ ਹੈ, ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਪੌਡਕਾਸਟ ਵਿੱਚ ਏਲੀਅਨ ਸੰਬੰਧੀ ਟਿੱਪਣੀ ਕੀਤੀ ਸੀ। ਓਬਾਮਾ ਨੇ ਕਿਹਾ ਸੀ ਕਿ ਬ੍ਰਹਿਮੰਡ ਦੀ ਵਿਸ਼ਾਲਤਾ ਨੂੰ ਦੇਖਦਿਆਂ ਬਾਹਰੀ ਜੀਵਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਏਲੀਅਨ ਦੀ ਮੌਜੂਦਗੀ ਦੇ ਕੋਈ ਢੁਕਵੇਂ ਸਬੂਤ ਨਹੀਂ ਮਿਲੇ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ‘ਏਰੀਆ 51’ ਵਿੱਚ ਏਲੀਅਨ ਦੀ ਮ੍ਰਿਤਕ ਦੇਹ ਰੱਖੇ ਜਾਣ ਦੀਆਂ ਗੱਲਾਂ ਬੇਬੁਨਿਆਦ ਹਨ। ਟਰੰਪ ਨੇ ਓਬਾਮਾ ਦੇ ਬਿਆਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਗੱਲ ਗੁਪਤ ਜਾਣਕਾਰੀ ਨਾਲ ਜੁੜੀ ਹੋ ਸਕਦੀ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।
ਯੂ.ਐਫ਼.ਓ. ਜਾਂ ਯੂ.ਏ.ਪੀ. ਕੀ ਹਨ?
ਯੂ.ਐਫ਼.ਓ. ਦਾ ਅਰਥ ਹੈ- ‘ੂਨਦਿੲਨਟiਾਇਦ ਾਂਲੇਨਿਗ ੌਬਜੲਚਟ’ ਯਾਨੀ ‘ਅਣਪਛਾਤੀ ਉੱਡਦੀ ਵਸਤੂ।’ ਹਾਲੀਆ ਸਾਲਾਂ ਵਿੱਚ ਅਮਰੀਕੀ ਸਰਕਾਰ ਨੇ ਇਸ ਲਈ ਨਵਾਂ ਸ਼ਬਦ “ਯੂ.ਏ.ਪੀ.” (ੂਨਦਿੲਨਟiਾਇਦ ੳੲਰiਅਲ ਫਹੲਨੋਮੲਨਅ) ਵਰਤਣਾ ਸ਼ੁਰੂ ਕੀਤਾ ਹੈ। ਭਾਵ ਉਹ ਹਵਾਈ ਘਟਨਾਵਾਂ, ਜਿਨ੍ਹਾਂ ਦੀ ਤੁਰੰਤ ਪਛਾਣ ਨਹੀਂ ਹੋ ਸਕਦੀ।
ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ 2021 ਅਤੇ 2022 ਵਿੱਚ ਕੁਝ ਵੀਡੀਓ ਜਾਰੀ ਕੀਤੀਆਂ ਸਨ, ਜਿਨ੍ਹਾਂ ਵਿੱਚ ਅਣਪਛਾਤੀਆਂ ਹਵਾਈ ਵਸਤੂਆਂ ਨੂੰ ਅਸਧਾਰਨ ਗਤੀ ਅਤੇ ਦਿਸ਼ਾ ਵਿੱਚ ਉੱਡਦਿਆਂ ਦਿਖਾਇਆ ਗਿਆ ਸੀ। ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਖ਼ਾਸ ਟਾਸਕ ਫੋਰਸ ਵੀ ਬਣਾਈ ਗਈ ਸੀ। ਹਾਲਾਂਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਨਤੀਜਾ ਨਿਕਲਿਆ ਕਿ ਇਹ ਘਟਨਾਵਾਂ ਵਿਦੇਸ਼ੀ ਤਕਨਾਲੋਜੀ, ਡਰੋਨ ਜਾਂ ਕੁਦਰਤੀ ਕਾਰਨਾਂ ਨਾਲ ਜੁੜੀਆਂ ਹੋ ਸਕਦੀਆਂ ਹਨ।
ਏਰੀਆ 51: ਰਹੱਸ ਦਾ ਕੇਂਦਰ
ਏਲੀਅਨ ਦੀ ਚਰਚਾ ਆਉਂਦੀ ਹੈ ਤਾਂ ‘ਏਰੀਆ 51’ ਦਾ ਨਾਮ ਜ਼ਰੂਰ ਲਿਆ ਜਾਂਦਾ ਹੈ। ਇਹ ਅਮਰੀਕਾ ਦੇ ਨੇਵਾਡਾ ਰਾਜ ਵਿੱਚ ਸਥਿਤ ਇੱਕ ਗੁਪਤ ਹਵਾਈ ਅੱਡਾ ਹੈ। ਲੰਮੇ ਸਮੇਂ ਤੱਕ ਇਸਦੀ ਮੌਜੂਦਗੀ ਹੀ ਸਰਕਾਰੀ ਤੌਰ ’ਤੇ ਮਨਜ਼ੂਰ ਨਹੀਂ ਕੀਤੀ ਗਈ ਸੀ। 2013 ਵਿੱਚ ਸੀ.ਆਈ.ਏ. ਨੇ ਕੁਝ ਦਸਤਾਵੇਜ਼ ਜਾਰੀ ਕਰ ਕੇ ਦੱਸਿਆ ਕਿ ਸੀਤ ਯੁੱਧ ਦੌਰਾਨ ਇੱਥੇ ਜਾਸੂਸੀ ਜਹਾਜ਼ਾਂ ਜਿਵੇਂ ੂ-2 ਅਤੇ ੳ-12 ਦੇ ਟੈਸਟ ਕੀਤੇ ਜਾਂਦੇ ਸਨ।
ਸਾਲਾਂ ਤੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇੱਥੇ ਏਲੀਅਨ ਦੀਆਂ ਮ੍ਰਿਤਕ ਦੇਹਾਂ ਜਾਂ ਕਰੈਸ਼ ਹੋਏ ਯੂ.ਐਫ਼.ਓ. ਰੱਖੇ ਗਏ ਹਨ; ਪਰ ਸਰਕਾਰੀ ਤੌਰ ’ਤੇ ਅਜਿਹਾ ਕੋਈ ਸਬੂਤ ਕਦੇ ਸਾਹਮਣੇ ਨਹੀਂ ਆਇਆ।
ਸਿਆਸਤ ਅਤੇ ਏਲੀਅਨ ਮੁੱਦਾ
ਏਲੀਅਨ ਅਤੇ ਯੂ.ਐਫ਼.ਓ. ਦਾ ਮੁੱਦਾ ਸਿਰਫ਼ ਵਿਗਿਆਨਕ ਚਰਚਾ ਨਹੀਂ, ਸਗੋਂ ਸਿਆਸੀ ਮੰਚ ’ਤੇ ਵੀ ਵਰਤਿਆ ਜਾਂਦਾ ਹੈ। ਟਰੰਪ ਦਾ ਐਲਾਨ ਕੁਝ ਵਿਸ਼ਲੇਸ਼ਕਾਂ ਅਨੁਸਾਰ ਪਾਰਦਰਸ਼ਤਾ ਦੀ ਗੱਲ ਕਰਦਾ ਹੈ, ਜਦਕਿ ਕੁਝ ਇਸਨੂੰ ਰਾਜਨੀਤਿਕ ਰਣਨੀਤੀ ਮੰਨਦੇ ਹਨ। ਅਮਰੀਕਾ ਵਿੱਚ ਸਰਕਾਰੀ ਰਾਜ਼ ਬਾਰੇ ਹਮੇਸ਼ਾ ਚਰਚਾ ਰਹੀ ਹੈ ਅਤੇ ਲੋਕ ਅਕਸਰ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਸਰਕਾਰ ਕੋਲ ਏਲੀਅਨ ਸੰਬੰਧੀ ਕੋਈ ਛੁਪੀ ਹੋਈ ਜਾਣਕਾਰੀ ਹੈ।
ਦਿਲਚਸਪ ਗੱਲ ਇਹ ਹੈ ਕਿ 2023 ਵਿੱਚ ਅਮਰੀਕੀ ਕਾਂਗਰਸ ਵਿੱਚ ਵੀ ਯੂ.ਐਫ਼.ਓ. ਮਾਮਲੇ ’ਤੇ ਸੁਣਵਾਈ ਹੋਈ ਸੀ, ਜਿੱਥੇ ਕੁਝ ਸਾਬਕਾ ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਕੋਲ ਅਜਿਹੀ ਸਮੱਗਰੀ ਹੈ, ਜਿਸਦੀ ਪੂਰੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਪੂਰੀ ਤਸਦੀਕ ਨਹੀਂ ਹੋ ਸਕੀ।
ਵਿਗਿਆਨਕ ਦ੍ਰਿਸ਼ਟੀਕੋਣ
ਵਿਗਿਆਨਕ ਮਾਹਿਰਾਂ ਦਾ ਮੰਨਣਾ ਹੈ ਕਿ ਬ੍ਰਹਿਮੰਡ ਵਿੱਚ ਅਰਬਾਂ ਗਲੈਕਸੀਜ਼ ਹਨ ਅਤੇ ਹਰ ਗਲੈਕਸੀ ਵਿੱਚ ਅਰਬਾਂ ਤਾਰੇ ਹਨ। ਇਸ ਵੱਡੇ ਪੱਧਰ ਨੂੰ ਦੇਖਦਿਆਂ ਇਹ ਸੰਭਵ ਹੈ ਕਿ ਕਿਤੇ ਨਾ ਕਿਤੇ ਜੀਵਨ ਹੋ ਸਕਦਾ ਹੈ। ਨਾਸਾ ਅਤੇ ਹੋਰ ਪੁਲਾੜ ਏਜੰਸੀਆਂ ਮੰਗਲ ਅਤੇ ਹੋਰ ਗ੍ਰਹਿਆਂ ’ਤੇ ਜੀਵਨ ਦੇ ਨਿਸ਼ਾਨ ਲੱਭਣ ਲਈ ਮਿਸ਼ਨ ਭੇਜ ਰਹੀਆਂ ਹਨ; ਪਰ ਅਜੇ ਤੱਕ ਧਰਤੀ ’ਤੇ ਏਲੀਅਨ ਦੇ ਆਉਣ ਦਾ ਕੋਈ ਢੁਕਵਾਂ ਵਿਗਿਆਨਕ ਸਬੂਤ ਨਹੀਂ ਮਿਲਿਆ। ਜ਼ਿਆਦਾਤਰ ਯੂ.ਐਫ਼.ਓ. ਘਟਨਾਵਾਂ ਦੀ ਵਿਆਖਿਆ ਆਮ ਤੌਰ ’ਤੇ ਹਵਾਈ ਜਹਾਜ਼ਾਂ, ਉਪਗ੍ਰਹਿ, ਮੌਸਮੀ ਗੁਬਾਰਿਆਂ ਜਾਂ ਨਜ਼ਰ ਦਾ ਧੋਖਾ ਰਾਹੀਂ ਕੀਤੀ ਗਈ ਹੈ।
ਲੋਕਧਾਰਾ ਅਤੇ ਸਾਜ਼ਿਸ਼ੀ ਕਹਾਣੀਆਂ
ਏਲੀਅਨ ਦਾ ਵਿਸ਼ਾ ਹਮੇਸ਼ਾ ਫ਼ਿਲਮਾਂ, ਨਾਵਲਾਂ ਅਤੇ ਲੋਕ-ਕਥਾਵਾਂ ਦਾ ਹਿੱਸਾ ਰਿਹਾ ਹੈ। ਹਾਲੀਵੁੱਡ ਦੀਆਂ ਕਈ ਫ਼ਿਲਮਾਂ ਨੇ ਇਸ ਧਾਰਨਾ ਨੂੰ ਹੋਰ ਮਜਬੂਤ ਕੀਤਾ ਹੈ। ਸੋਸ਼ਲ ਮੀਡੀਆ ਦੇ ਯੁੱਗ ਵਿੱਚ ਵੀਡੀਓ ਅਤੇ ਅਫ਼ਵਾਹਾਂ ਤੇਜ਼ੀ ਨਾਲ ਫੈਲ ਜਾਂਦੀਆਂ ਹਨ, ਜਿਸ ਨਾਲ ਲੋਕਾਂ ਵਿੱਚ ਰੋਮਾਂਚ ਅਤੇ ਡਰ- ਦੋਵੇਂ ਪੈਦਾ ਹੁੰਦੇ ਹਨ। ਕਈ ਵਾਰ ਸਰਕਾਰਾਂ ਵੱਲੋਂ ਗੁਪਤ ਰੱਖੀਆਂ ਗਈਆਂ ਫੌਜੀ ਤਕਨਾਲੋਜੀਆਂ ਜਾਂ ਟੈਸਟਿੰਗ ਪ੍ਰੋਜੈਕਟਾਂ ਨੂੰ ਵੀ ਲੋਕ ਏਲੀਅਨ ਨਾਲ ਜੋੜ ਦਿੰਦੇ ਹਨ।
ਅਗਲਾ ਕਦਮ ਕੀ?
ਜੇ ਟਰੰਪ ਦੇ ਐਲਾਨ ਅਨੁਸਾਰ ਫਾਈਲਾਂ ਜਨਤਕ ਹੁੰਦੀਆਂ ਹਨ, ਤਾਂ ਸੰਭਵ ਹੈ ਕਿ ਲੋਕਾਂ ਨੂੰ ਕੁਝ ਨਵੀਂ ਜਾਣਕਾਰੀ ਮਿਲੇ; ਪਰ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾਤਰ ਦਸਤਾਵੇਜ਼ਾਂ ਵਿੱਚ ਯੂ.ਐਫ਼.ਓ. ਘਟਨਾਵਾਂ ਦੀ ਸਧਾਰਨ ਵਿਆਖਿਆ ਹੀ ਹੋਵੇਗੀ, ਨਾ ਕਿ ਏਲੀਅਨ ਦੇ ਸਪਸ਼ਟ ਸਬੂਤ।
ਇਸ ਮੁੱਦੇ ਨੇ ਇੱਕ ਵਾਰ ਫਿਰ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਅਸੀਂ ਬ੍ਰਹਿਮੰਡ ਵਿੱਚ ਇਕੱਲੇ ਹਾਂ? ਜਾਂ ਫਿਰ ਅਜੇ ਵੀ ਕਈ ਰਾਜ਼ ਹਨ, ਜੋ ਖੁਲ੍ਹਣੇ ਬਾਕੀ ਹਨ? ਫਿਲਹਾਲ ਵਿਗਿਆਨਕ ਸਬੂਤ ਏਲੀਅਨ ਦੀ ਮੌਜੂਦਗੀ ਨੂੰ ਸਾਬਤ ਨਹੀਂ ਕਰਦੇ, ਪਰ ਖੋਜ ਜਾਰੀ ਹੈ।
ਦਰਅਸਲ ਏਲੀਅਨ ਅਤੇ ਯੂ.ਐਫ਼.ਓ. ਦਾ ਮੁੱਦਾ ਸਿਆਸਤ, ਵਿਗਿਆਨ ਅਤੇ ਲੋਕਧਾਰਾ ਦਾ ਮਿਲਾਪ ਹੈ। ਡੋਨਾਲਡ ਟਰੰਪ ਦਾ ਐਲਾਨ ਇਸ ਚਰਚਾ ਨੂੰ ਇੱਕ ਵਾਰ ਫਿਰ ਹਵਾ ਦੇ ਰਿਹਾ ਹੈ, ਪਰ ਜਦ ਤੱਕ ਢੁਕਵੇਂ ਵਿਗਿਆਨਕ ਸਬੂਤ ਸਾਹਮਣੇ ਨਹੀਂ ਆਉਂਦੇ, ਇਹ ਮੁੱਦਾ ਜ਼ਿਆਦਾਤਰ ਰਾਜ਼ ਕਿਆਸ ਅਰਾਈਆਂ ਅਤੇ ਕਲਪਨਾਵਾਂ ਤੱਕ ਹੀ ਸੀਮਿਤ ਰਹੇਗਾ।
ਬ੍ਰਹਿਮੰਡ ਦੀ ਵਿਸ਼ਾਲਤਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ, ਪਰ ਸੱਚਾਈ ਦੀ ਖੋਜ ਲਈ ਵਿਗਿਆਨਕ ਪੜਚੋਲ ਅਤੇ ਤੱਥਾਂ ਦੀ ਜਾਂਚ ਹੀ ਸਭ ਤੋਂ ਮਜਬੂਤ ਰਾਹ ਹੈ।
