*2026 ਲਈ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਣੀਆਂ ਦਾ ਐਲਾਨ
ਪੰਜਾਬੀ ਪਰਵਾਜ਼ ਬਿਊਰੋ
ਕੈਨੇਡਾ ਸਰਕਾਰ ਨੇ 2026 ਲਈ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਗੇ ਡਾਇਬ ਨੇ ਨਵੀਆਂ “ਐਕਸਪ੍ਰੈਸ ਐਂਟਰੀ” ਸ਼੍ਰੇਣੀਆਂ ਜਾਰੀ ਕਰਦਿਆਂ ਕਿਹਾ ਕਿ ਦੇਸ਼ ਨੂੰ ਭਵਿੱਖ ਲਈ ਮਜਬੂਤ ਬਣਾਉਣ ਵਾਸਤੇ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਾਗਰਿਕਤਾ (ਪੀ.ਆਰ.) ਦਾ ਰਸਤਾ ਹੋਰ ਸਪੱਸ਼ਟ ਅਤੇ ਆਸਾਨ ਕੀਤਾ ਜਾ ਰਿਹਾ ਹੈ।
ਕੈਨੇਡਾ ਪਿਛਲੇ ਕੁਝ ਸਾਲਾਂ ਤੋਂ ਦੁਨੀਆ ਦੇ ਸਭ ਤੋਂ ਖਿੱਚ ਪਾਊ ਇਮੀਗ੍ਰੇਸ਼ਨ ਮੁਲਕਾਂ ਵਿੱਚ ਸ਼ਾਮਲ ਹੈ। 2023 ਵਿੱਚ ਲਗਭਗ 4.7 ਲੱਖ ਨਵੇਂ ਪਰਵਾਸੀਆਂ ਨੂੰ ਸਥਾਈ ਨਿਵਾਸ ਦਿੱਤਾ ਗਿਆ ਸੀ, ਜਦਕਿ ਸਰਕਾਰ ਦਾ ਟੀਚਾ 2025 ਤੱਕ ਹਰ ਸਾਲ ਕਰੀਬ 5 ਲੱਖ ਨਵੇਂ ਪਰਵਾਸੀ ਵਸਾਉਣ ਦਾ ਸੀ। 2026 ਦੀਆਂ ਨਵੀਆਂ ਸ਼੍ਰੇਣੀਆਂ ਇਸ ਲੰਬੇ ਅਰਸੇ ਦੀ ਯੋਜਨਾ ਦਾ ਹਿੱਸਾ ਹਨ, ਜਿਸਦਾ ਮਕਸਦ ਦੇਸ਼ ਦੀ ਬੁੱਢੀ ਹੋ ਰਹੀ ਆਬਾਦੀ ਅਤੇ ਹੁਨਰਮੰਦ ਮਜ਼ਦੂਰਾਂ ਦੀ ਘਾਟ ਨੂੰ ਸੰਤੁਲਿਤ ਕਰਨਾ ਹੈ।
ਕੀ ਹੈ ਨਵਾਂ ਬਦਲਾਅ?: ਇਸ ਵਾਰ ਸਭ ਤੋਂ ਵੱਡੀ ਤਬਦੀਲੀ ਇਹ ਹੈ ਕਿ ਚੋਣ ਸਿਰਫ਼ ਸੀ.ਆਰ.ਐੱਸ. ਸਕੋਰ ’ਤੇ ਨਿਰਭਰ ਨਹੀਂ ਰਹੇਗੀ। ਹੁਣ “ਕੈਟੇਗਰੀ-ਆਧਾਰਿਤ ਡਰਾਅ” ਰਾਹੀਂ ਖਾਸ ਪੇਸ਼ਾਵਰ ਖੇਤਰਾਂ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਨਵੀਆਂ ਸ਼੍ਰੇਣੀਆਂ ਵਿੱਚ ਇਹ ਖੇਤਰ ਮੁੱਖ ਹਨ: ਡਾਕਟਰ ਤੇ ਨਰਸਾਂ; ਰਿਸਰਚਰ ਤੇ ਵਿਗਿਆਨੀ; ਸੀਨੀਅਰ ਮੈਨੇਜਰ; ਪਾਇਲਟ ਤੇ ਏਅਰਕ੍ਰਾਫ਼ਟ ਮਕੈਨਿਕ ਅਤੇ ਰੱਖਿਆ ਖੇਤਰ ਦੇ ਮਾਹਰ।
ਸਰਕਾਰ ਵੱਲੋਂ 1.7 ਅਰਬ ਡਾਲਰ ਦੀ ਇੱਕ ਵਿਸ਼ੇਸ਼ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਅਧੀਨ ਵਿਸ਼ਵ ਪੱਧਰ ਦੇ ਵਿਗਿਆਨੀਆਂ ਅਤੇ ਰਿਸਰਚਰਾਂ ਨੂੰ ਕੈਨੇਡਾ ਵਿੱਚ ਸਥਾਈ ਤੌਰ ’ਤੇ ਵਸਾਉਣ ਲਈ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਇਹ ਕਦਮ ਇਨੋਵੇਸ਼ਨ, ਟੈਕਨੋਲੋਜੀ ਅਤੇ ਰਿਸਰਚ ਖੇਤਰ ਨੂੰ ਮਜਬੂਤ ਕਰਨ ਵਾਸਤੇ ਉਠਾਇਆ ਗਿਆ ਹੈ।
ਤਜਰਬੇ ਅਤੇ ਯੋਗਤਾ ਦੀਆਂ ਨਵੀਆਂ ਸ਼ਰਤਾਂ: ਹੁਣ ਘੱਟੋ-ਘੱਟ 1 ਸਾਲ ਦਾ ਕੰਮ ਦਾ ਤਜਰਬਾ ਲਾਜ਼ਮੀ ਹੋਵੇਗਾ, ਜਦਕਿ ਪਹਿਲਾਂ 6 ਮਹੀਨੇ ਕਾਫ਼ੀ ਸਨ। ਹਾਲਾਂਕਿ ਇਹ ਤਜਰਬਾ ਲਗਾਤਾਰ ਹੋਣਾ ਜ਼ਰੂਰੀ ਨਹੀਂ, ਜਿਸ ਨਾਲ ਕਈ ਉਮੀਦਵਾਰਾਂ ਨੂੰ ਰਾਹਤ ਮਿਲ ਸਕਦੀ ਹੈ।
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹੁਣ ਜਨਰਲ ਡਰਾਅ ਦੀ ਬਜਾਏ ਖਾਸ ਖੇਤਰਾਂ ਲਈ ਵੱਖ-ਵੱਖ ਡਰਾਅ ਕੱਢੇ ਜਾਣਗੇ। ਜਿਸ ਖੇਤਰ ਵਿੱਚ ਜ਼ਿਆਦਾ ਮੰਗ ਹੋਵੇਗੀ, ਉਸੇ ਖੇਤਰ ਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ।
ਕਿਹੜੇ ਖੇਤਰ ਬਾਹਰ ਹੋਏ?: ਖੇਤੀਬਾੜੀ ਅਤੇ ਐਗਰੀ-ਫੂਡ ਸ਼੍ਰੇਣੀ ਨੂੰ 2026 ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ “ਟ੍ਰੇਡ” ਸ਼੍ਰੇਣੀ ਵਿੱਚੋਂ ਕੁਕ ਨੂੰ ਵੀ ਬਾਹਰ ਕਰ ਦਿੱਤਾ ਗਿਆ ਹੈ। ਇਸ ਨਾਲ ਖਾਸ ਕਰ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਝਟਕਾ ਲੱਗ ਸਕਦਾ ਹੈ, ਜੋ ਕੈਨੇਡਾ ਵਿੱਚ ਪੜ੍ਹਾਈ ਤੋਂ ਬਾਅਦ ਰਸੋਈਏ ਵਜੋਂ ਤਜਰਬਾ ਹਾਸਲ ਕਰਦੇ ਸਨ।
ਭਾਰਤੀਆਂ ਲਈ ਮੌਕੇ ਅਤੇ ਚੁਣੌਤੀਆਂ: ਕੈਨੇਡਾ ਵਿੱਚ ਭਾਰਤੀ ਪਰਵਾਸੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਹੈ। 2023 ਦੇ ਅੰਕੜਿਆਂ ਮੁਤਾਬਕ ਲਗਭਗ 1.2 ਲੱਖ ਭਾਰਤੀ ਨਾਗਰਿਕਾਂ ਨੂੰ ਸਥਾਈ ਨਿਵਾਸ ਮਿਲਿਆ। ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ 3 ਲੱਖ ਤੋਂ ਵੱਧ ਦੱਸੀ ਜਾਂਦੀ ਹੈ।
ਨਵੇਂ ਨਿਯਮਾਂ ਦੇ ਤਹਿਤ ਸਾਫਟਵੇਅਰ ਇੰਜੀਨੀਅਰ, ਡਾਟਾ ਸਾਇੰਟਿਸਟ ਅਤੇ ਸਾਇਬਰ ਸੁਰੱਖਿਆ ਵਿਸ਼ੇਸ਼ ਗਿਆਨ ਲਈ ਮੌਕੇ ਬਣੇ ਰਹਿਣਗੇ। ਫਰੈਂਚ ਭਾਸ਼ਾ ਜਾਣਨ ਵਾਲਿਆਂ ਨੂੰ ਵੱਡੀ ਤਰਜੀਹ ਮਿਲੇਗੀ, ਕਿਉਂਕਿ ਕਿਊਬੈਕ ਅਤੇ ਹੋਰ ਫਰੈਂਚ-ਭਾਸ਼ੀ ਖੇਤਰਾਂ ਵਿੱਚ ਮਾਹਰਾਂ ਦੀ ਮੰਗ ਹੈ। ਸਿਹਤ ਖੇਤਰ ਵਿੱਚ ਕੰਮ ਕਰ ਰਹੇ ਭਾਰਤੀ ਡਾਕਟਰਾਂ ਅਤੇ ਨਰਸਾਂ ਲਈ ਖਾਸ ਡਰਾਅ ਨਿਕਲ ਸਕਦੇ ਹਨ।
ਆਰਥਿਕ ਅਤੇ ਸਮਾਜਿਕ ਪ੍ਰਭਾਵ: ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਕੈਨੇਡਾ ਦੀ ਆਰਥਿਕਤਾ ਨੂੰ ਲੰਬੇ ਸਮੇਂ ਲਈ ਮਜਬੂਤ ਕਰ ਸਕਦੇ ਹਨ। ਟੈਕ ਅਤੇ ਰਿਸਰਚ ਖੇਤਰ ਪਹਿਲਾਂ ਹੀ ਜੀ.ਡੀ.ਪੀ. ਵਿੱਚ ਲਗਭਗ 5 ਫ਼ੀਸਦੀ ਯੋਗਦਾਨ ਪਾ ਰਹੇ ਹਨ। ਜੇਕਰ ਉੱਚ ਹੁਨਰ ਵਾਲੇ ਵਿਦੇਸ਼ੀ ਮਾਹਰ ਵੱਧ ਗਿਣਤੀ ਵਿੱਚ ਆਉਂਦੇ ਹਨ ਤਾਂ ਨਵੀਆਂ ਨੌਕਰੀਆਂ, ਸਟਾਰਟਅਪ ਅਤੇ ਨਵੀਨ ਤਕਨਾਲੋਜੀ ਨੂੰ ਹੋਰ ਗਤੀ ਮਿਲੇਗੀ।
ਨਾਲ਼ ਹੀ, ਕੁਝ ਵਿਦਿਆਰਥੀ ਸੰਸਥਾਵਾਂ ਅਤੇ ਮਾਈਗ੍ਰੇਸ਼ਨ ਕੰਸਲਟੈਂਟਾਂ ਨੇ ਚਿੰਤਾ ਜਤਾਈ ਹੈ ਕਿ ਕਈ ਮੱਧਮ ਦਰਜੇ ਦੇ ਹੁਨਰ ਵਾਲੇ ਉਮੀਦਵਾਰਾਂ ਲਈ ਰਸਤਾ ਔਖਾ ਹੋ ਸਕਦਾ ਹੈ। ਇਸ ਕਰ ਕੇ ਭਵਿੱਖ ਵਿੱਚ ਮੁਕਾਬਲਾ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ। ਕੁੱਲ ਮਿਲਾ ਕੇ 2026 ਲਈ ਐਕਸਪ੍ਰੈਸ ਐਂਟਰੀ ਵਿੱਚ ਕੀਤੇ ਗਏ ਇਹ ਬਦਲਾਅ ਇੱਕ ਨਵੀਂ ਰਣਨੀਤਿਕ ਦਿਸ਼ਾ ਦਰਸਾਉਂਦੇ ਹਨ। ਹੁਣ ਧਿਆਨ ਸਿਰਫ਼ ਗਿਣਤੀ ਵਧਾਉਣ ’ਤੇ ਨਹੀਂ, ਸਗੋਂ ਗੁਣਵੱਤਾ ਅਤੇ ਖਾਸ ਖੇਤਰਾਂ ਦੀ ਲੋੜ ’ਤੇ ਹੈ।
ਭਾਰਤੀ ਨੌਜਵਾਨਾਂ ਲਈ ਇਹ ਸਮਾਂ ਆਪਣੇ ਹੁਨਰ ਨੂੰ ਨਿਖਾਰਨ, ਤਕਨੀਕੀ ਤੇ ਭਾਸ਼ਾਈ ਯੋਗਤਾ ਵਧਾਉਣ ਅਤੇ ਲੰਬੇ ਸਮੇਂ ਦੀ ਯੋਜਨਾ ਬਣਾਉਣ ਦਾ ਹੈ। ਜੋ ਉਮੀਦਵਾਰ ਉੱਚ ਤਕਨੀਕੀ ਖੇਤਰਾਂ, ਸਿਹਤ ਸੇਵਾ ਜਾਂ ਰਿਸਰਚ ਨਾਲ ਜੁੜੇ ਹਨ, ਉਨ੍ਹਾਂ ਲਈ ਦਰਵਾਜ਼ੇ ਖੁੱਲੇ ਹਨ। ਪਰ ਹੋਰ ਖੇਤਰਾਂ ਵਿੱਚ ਮੌਕੇ ਘੱਟ ਹੋ ਸਕਦੇ ਹਨ। ਆਉਣ ਵਾਲੇ ਮਹੀਨਿਆਂ ਵਿੱਚ ਜਦੋਂ ਪਹਿਲੇ ਕੈਟੇਗਰੀ-ਆਧਾਰਿਤ ਡਰਾਅ ਸਾਹਮਣੇ ਆਉਣਗੇ, ਤਦ ਹੀ ਸਪੱਸ਼ਟ ਹੋਵੇਗਾ ਕਿ ਇਹ ਨਵੀਂ ਨੀਤੀ ਹਕੀਕਤ ਵਿੱਚ ਕਿੰਨੀ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ।
