*ਚੀਨੀ ਕੰਪਨੀ ਦੇ ਬਣਾਏ ਰੋਬੋਟ ‘ਤੇ ਮਾਲਕੀ ਜਤਾਈ
*ਰੋਬੋਟ ਬਣਾਉਣ ਵਾਲੀ ਕੰਪਨੀ ਨੇ ਕੱਢੀ ਹਵਾ
ਜਸਵੀਰ ਸਿੰਘ ਸ਼ੀਰੀ
ਨਵੀਂ ਦਿੱਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਹੋਈ ‘ਇੰਡੀਆ ਏ.ਆਈ. ਇੰਪੈਕਟ ਸੁਮਿਟ (ਸੰਮੇਲਨ) 2026’ ਵਿੱਚ ਨੋਇਡਾ ਦੀ ਗਲਗੋਟੀਆ ਯੂਨੀਵਰਸਿਟੀ ਵੱਲੋਂ ਚੀਨ ਦੇ ਬਣੇ ਇੱਕ ਰੋਬੋਟ ਅਤੇ ਦੱਖਣੀ ਕੋਰੀਆ ਦੀ ਬਣੀ ਇੱਕ ਫੁੱਟਬਾਲ ਡਰੋਨ ਨੂੰ ਆਪਣੀ ਯੂਨੀਵਰਸਿਟੀ ਦੇ ‘ਸੈਂਟਰ ਆਫ ਐਕਸੀਲੈਂਸ’ ਵੱਲੋਂ ਤਿਆਰ ਕੀਤੀ ਗਈ ਦੱਸ ਕੇ ਬੋਲੇ ਗਏ ਝੂਠ ਨੇ ਹਿੰਦੁਸਤਾਨ ਦੀ ਸਾਰੀ ਦੁਨੀਆਂ ਵਿੱਚ ਤੋਏ ਤੋਏ ਕਰਵਾ ਦਿੱਤੀ ਹੈ।
ਯੂਨੀਵਰਸਿਟੀ ਦੀ ਇੱਕ ਪ੍ਰੈਫਸਰ ਨੇਹਾ ਸਿੰਘ ਨੇ ਉਪਰੋਕਤ ਰੋਬੋਟ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੋਬੋ-ਕੁੱਤਾ ਉਨ੍ਹਾਂ ਦੀ ਯੂਨੀਵਰਸਿਟੀ ਦੇ ਸੈਂਟਰ ਆਫ ਐਕਸੀਲੈਂਸ ਵੱਲੋਂ ਬਣਾਇਆ ਗਿਆ ਹੈ। ਪਰ ਸੋਸ਼ਲ ਮੀਡੀਆ ‘ਤੇ ਉਦੋਂ ਹਿੰਦੁਸਤਾਨ ਵੱਲੋਂ ਕਰਵਾਏ ਜਾ ਰਹੇ ਏ.ਆਈ. ਸੰਮੇਲਨ ਦੀ ਜ਼ੋਰਦਾਰ ਖਿੱਲੀ ਉੱਡਣ ਲੱਗੀ ਜਦੋਂ ਚੀਨ ਨੇ ਇੰਟਰਨੈਟ ‘ਤੇ ਇਹ ਪੋਸਟ ਪਾ ਦਿੱਤੀ ਕਿ ਚਰਚਿਤ ਰੋਬੋਟਿਕ ਕੁੱਤਾ ਚੀਨ ਦੀ ਯੂਨੀਟਰੀ ਕੰਪਨੀ ਵੱਲੋਂ ਬਣਾਇਆ ਗਿਆ ਹੈ ਅਤੇ 2800 ਡਾਲਰ ਵਿੱਚ ਮਾਰਕਿਟ ‘ਚ ਮਿਲਦਾ ਹੈ।
ਭਾਵੇਂ ਕਿ ਪਹਿਲਾਂ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਵਿਭਾਗ ਦੇ ਸਕੱਤਰ ਨੇ ਇਸ ਵਿਵਾਦ ਸੰਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਚੌਤਰਫ ਬਦਖੋਈ ਹੋਣ ਲੱਗੀ ਤਾਂ ਕੇਂਦਰ ਸਰਕਾਰ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, “ਸਹੀ ਅਤੇ ਅਸਲੀ ਕੰਮ (ਤਕਨੀਕੀ ਪੈਦਾਵਾਰ) ਹੀ ਸੰਮੇਲਨ ਵਿੱਚ ਵਿਖਾਇਆ ਜਾਣਾ ਚਾਹੀਦਾ ਹੈ। ਝੂਠਾ ਪ੍ਰਾਪੇਗੰਡਾ ਫੈਲਾਉਣ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਇੱਕ ਬੁਲਾਰੇ ਨੇ ਗਲਗੋਟੀਆ ਯੂਨੀਵਰਸਿਟੀ ਵੱਲੋਂ ਮਾਰੀ ਗਈ ਫੜ੍ਹ ਨੂੰ ਦੇਸ਼ ਦੀ ਮਿੱਟੀ ਪਲੀਤ ਕਰਨ ਵਾਲਾ ਵਰਤਾਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਕੁੱਲ ਕੌਮਾਂਤਰੀ ਵਿਗਿਆਨਕ ਖੋਜ ਵਿੱਚ ਪਾਇਆ ਗਿਆ ਹਿੱਸਾ 0.9 ਫੀਸਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਗਲਗੋਟੀਆ ਯੂਨੀਵਰਸਿਟੀ ਵੱਲੋਂ 1089 ਪੇਟੈਂਟਾਂ ਲਈ ਆਪਣੀ ਅਰਜੀ ਦਰਜ਼ ਕਰਵਾਈ ਗਈ, ਪਰ ਉਸ ਨੂੰ ਇੱਕ ਵੀ ਪੇਟੈਂਟ ਹਾਸਲ ਨਹੀਂ ਹੋਇਆ। ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਵਨ ਖੇੜਾ ਨੇ ਕਿਹਾ ਕਿ ਇਹ ਸਿਰਫ ਇਸੇ ਯੂਨੀਵਰਸਿਟੀ ਦਾ ਹਾਲ ਨਹੀਂ ਹੈ, ਭਾਰਤੀ ਯੂਨੀਵਰਸਿਟੀਆਂ ਵੱਲੋਂ ਪੇਟੈਂਟ ਲਈ ਅਪਲਾਈ ਕੀਤੀਆਂ ਜਾਣ ਵਾਲੀਆਂ ਬਹੁਤੀਆਂ ਅਰਜ਼ੀਆਂ ਦਾ ਇਹੋ ਜਿਹਾ ਹੀ ਹਾਲ ਹੁੰਦਾ ਹੈ। ੳਨ੍ਹਾਂ ਕਿਹਾ ਕਿ ਇਸ ਪਿਛੇ ਮੌਜੂਦਾ ਕੇਂਦਰ ਸਰਕਾਰ ਵੀ ਕਸੂਰਵਾਰ ਹੈ, ਕਿਉਂਕਿ ਕੇਂਦਰੀ ਬਜਟ ਵਿੱਚ ‘ਵਿਗਿਆਨਕ ਖੋਜ ਅਤੇ ਵਿਕਾਸ’ ਲਈ ਫੰਡ ਲਗਾਤਾਰ ਘਟਾਏ ਜਾ ਰਹੇ ਹਨ।
ਯਾਦ ਰਹੇ, ਗਰੇਟਰ ਨੋਇਡਾ ਦੀ ਗਲਗੋਟੀਆ ਯੂਨੀਵਰਸਿਟੀ ਦੇ ਕਮਿਊਨੀਕੇਸ਼ਨ ਵਿਭਾਗ ਦੀ ਇੱਕ ਪ੍ਰੋਫੈਸਰ ਨੇਹਾ ਸਿੰਘ ਨੇ ਡੀ.ਡੀ. ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਰੋਬੋਟਿਕ ਕੁੱਤਾ ਉਨ੍ਹਾਂ ਦੀ ਸੰਸਥਾ ਦੇ ‘ਸੈਂਟਰ ਆਫ ਐਕਸੀਲੈਂਸ’ ਵਿੱਚ ਤਿਆਰ ਕੀਤਾ ਗਿਆ ਹੈ। ਪਰ ਪਿੱਛੋਂ ਚੀਨ ਵੱਲੋਂ ਇਹ ਦਾਅਵਾ ਸਾਹਮਣੇ ਆ ਗਿਆ ਕਿ ਇਹ ਕੁੱਤਾ ਉਨ੍ਹਾਂ ਦੀ ਯੂਨੀਟਰੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਸੂਚਨਾ ਸਾਹਮਣੇ ਆਉਣ ਨਾਲ ਸੋਸ਼ਲ ਮੀਡੀਆ `ਤੇ ਖ਼ਬਰ ਟਰੈਂਡ ਹੋਣ ਲੱਗੀ ਅਤੇ ਵੱਡੀ ਪੱਧਰ ‘ਤੇ ਲੋਕਾਂ ਦੇ ਕੁਮੈਂਟ ਆਉਣ ਲੱਗੇ। ਇੱਕ ਕੌਮਾਂਤਰੀ ਸਾਇੰਸ ਸੰਮੇਲਨ ਵਿੱਚ ਦਿੱਤੀ ਗਈ ਝੂਠੀ ਸੂਚਨਾ ਵਿਰੁੱਧ ਪੋਸਟਾਂ ਦਾ ਹੜ੍ਹ ਆ ਗਿਆ।
ਨੇਹਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਵਿੱਚ ਇਸ ਰੋਬੋਟ ਦਾ ਨਾਮ ‘ਓਰੀਅਨ’ ਦੱਸਿਆ ਸੀ, ਜਦਕਿ ਇਸ ਦਾ ਅਸਲ ਨਾਂ ਯੂਨੀਟਰੀ-ਗੋ-2 ਹੈ ਅਤੇ ਚੀਨੀ ਕੰਪਨੀ ‘ਯੂਨੀਟਰੀ ਰੋਬੋਟਿਕਸ’ ਵੱਲੋਂ ਤਿਆਰ ਕੀਤਾ ਗਿਆ ਹੈ। ਪਰ ਨੇਹਾ ਸਿੰਘ ਨੇ ਬਾਅਦ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਪੱਤਰਕਾਰਾਂ ਨੂੰ ਉਨ੍ਹਾਂ ਵੱਲੋਂ ਦਿੱਤੀ ਗਈ ਸੂਚਨਾ ਸਮਝਣ ਵਿੱਚ ਗਲਤੀ ਲੱਗੀ ਹੈ।
ਜਦੋਂ ਗਲਗੋਟੀਆ ਯੂਨੀਵਰਸਿਟੀ ਬਾਰੇ ਜਾਨਣ ਦਾ ਯਤਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਦਾ ਮਾਲਕ ਕੁਝ ਸਾਲ ਪਹਿਲਾਂ ਇੱਕ ਕਿਤਾਬਾਂ ਦੀ ਵੱਡੀ ਦੁਕਾਨ ਕਰਦਾ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਜ਼ਦੀਕ ਸਮਝਿਆ ਜਾਂਦਾ ਹੈ। ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੇ ਵੀ ਵੇਖਿਆ ਗਿਆ ਹੈ। ਇਹ ਯੂਨੀਵਰਸਿਟੀ ਵੀ ਪਿਛਲੇ ਕੁਝ ਸਮੇਂ ਵਿੱਚ ਤੇਜ਼ੀ ਨਾਲ ਵੱਡੀਆਂ ਹੋਈਆਂ ਕਥਿਤ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜਿਹੜੀਆਂ ਹਰ ਸਰਕਾਰੀ ਹੁਕਮ ਨੂੰ ਸਿਰ ਮੱਥੇ ਸਮਝਣ ਦੀਆਂ ਆਦੀ ਹਨ। ਇੱਕ ਸੋਸ਼ਲ ਪੋਸਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਪ੍ਰਦਰਸ਼ਨ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਹਿੱਸਾ ਲੈ ਰਹੇ ਸਨ ਅਤੇ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡੇ ਹੱਥਾਂ ਵਿੱਚ ਫੜੀਆਂ ਤਖਤੀਆਂ ‘ਤੇ ਕੀ ਲਿਖਿਆ ਹੋਇਆ ਹੈ ਤਾਂ ਉਹ ਇਹਦੇ ਬਾਰੇ ਕੁਝ ਵੀ ਦੱਸ ਨਹੀਂ ਸਨ ਸਕੇ। ਪੈਸੇ ਲੈ ਕੇ ਨਲਾਇਕ ਵਿਦਿਆਰਥੀਆਂ ਨੂੰ ਇੰਜਨੀਰਿੰਗ ਦੀਆਂ ਡਿਗਰੀਆਂ ਵੰਡਣ ਵਾਲੀਆਂ ਅਜਿਹੀਆਂ ਯੂਨੀਵਰਸਟੀਆਂ ਪਿਛਲੇ 30 ਕੁ ਸਾਲਾਂ ਵਿੱਚ ਦੇਸ਼/ਪੰਜਾਬ ਵਿੱਚ ਖੁੰਬਾਂ ਵਾਂਗ ਉੱਗ ਆਈਆਂ ਹਨ। ਕੁਝ ਸਾਲ ਪਹਿਲਾਂ ਹਿਮਾਚਲ ਦੀ ਇੱਕ ਯੂਨੀਵਰਸਿਟੀ ਵਿੱਚ ਜਾਅਲੀ ਪੀਐਚ.ਡੀ. ਦੀਆਂ ਡਿਗਰੀਆਂ ਵੰਡਣ ਦਾ ਸਕੈਂਡਲ ਵੀ ਸਾਹਮਣੇ ਆਇਆ ਸੀ। ਕਿਯੂ.ਐਸ. ਵਰਲਡ ਯੂਨੀਵਰਸਿਟੀ ਰੈਂਕਿੰਗ ਅਨੁਸਾਰ ਭਾਰਤ ਦੀਆਂ ਸਿਰਫ ਚਾਰ ਸਾਇੰਸ ਅਤੇ ਟੈਕਨੌਲਜੀ ਸੰਸਥਾਵਾਂ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਟੀਆਂ ਵਿੱਚ ਆਉਂਦੀਆਂ ਹਨ, ਜਿਨ੍ਹਾਂ ਵਿੱਚ ਆਈ.ਆਈ.ਟੀ. ਮੁੰਬਈ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ, ਆਈ.ਆਈ.ਟੀ. ਦਿੱਲੀ ਅਤੇ ਆਈ.ਆਈ.ਟੀ. ਮਦਰਾਸ ਸ਼ਾਮਲ ਹਨ। ਪਰ ਦਿਲਚਸਪ ਤੱਥ ਇਹ ਕਿ ਹਾਲ ਹੀ ਦੇ ਸਾਲਾਂ ਵਿੱਚ ਇਨ੍ਹਾਂ ਸੰਸਥਾਵਾਂ ਦੀ ਕੌਮਾਂਤਰੀ ਰੈਂਕਿੰਗ ਵੀ ਹੇਠਾਂ ਵੱਲ ਖਿਸਕੀ ਹੈ।
ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਰਿਸਰਚ ਪੇਪਰ ਪੇਸ਼ ਕਰਨ ਦੀ ਦ੍ਰਿਸ਼ਟੀ ਤੋਂ ਏਸ਼ੀਆ ਵਿੱਚ ਚੀਨ ਅਤੇ ਜਪਾਨ ਕਾਫੀ ਅੱਗੇ ਹਨ। ਅਸਲ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਵਿਗਿਆਨ ਅਤੇ ਤਕਨੀਕ ਦੀ ਖੋਜ ਦੇ ਖੇਤਰ ਵਿੱਚ ਚੀਨ ਨੇ ਲੀਡ ਲੈ ਲਈ ਹੈ। ਰਿਬੋਟਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਵਿੱਚ ਵੀ ਚੀਨ ਨੇ ਹੈਰਾਨਕੁੰਨ ਤਰੱਕੀ ਕੀਤੀ ਹੈ। ਦੁਨੀਆਂ ਦੀਆਂ ਪਹਿਲੀਆਂ 10 ਵਿਗਿਆਨ ਅਤੇ ਤਕਨੀਕ ਨਾਲ ਸੰਬੰਧਤ ਸੰਸਥਾਵਾਂ ਦੀ ਕੌਮਾਂਤਰੀ ਰੈਂਕਿੰਗ ਵਿੱਚ ਜਪਾਨ ਟੀਸੀ ਉੱਤੇ ਬੈਠਾ ਹੈ। ਉਸ ਦੀ ਟੋਕੀਓ-ਯਾਕੋਹਾਮਾ ਯੂਨੀਵਰਸਿਟੀ ਦੁਨੀਆਂ ਵਿੱਚ ਪਹਿਲੇ ਨੰਬਰ ‘ਤੇ ਹੈ। ਚੀਨ ਦੀ ਸੁਨ-ਯੈਟ-ਸੇਨ (ਹਾਂਗਕਾਂਗ) ਯੂਨੀਵਰਸਿਟੀ ਦੂਜੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਬੀਜਿੰਗ ਦੀ ਤਸਿੰਘੂਆ ਯੂਨੀਵਰਸਿਟੀ, ਕੋਰੀਆ ਦੀ ਸਿਉਲ ਨੈਸ਼ਨਲ ਯੂਨੀਵਰਸਿਟੀ ਅਤੇ ਅਮਰੀਕਾ ਸਟੈਂਡਫੋਰਡ ਯੂਨੀਵਰਸਿਟੀ ਪਹਿਲੀਆਂ ਪੰਜ ਯੂਨੀਵਰਸਟੀਆਂ ਵਿੱਚ ਆਉਂਦੀਆਂ ਹਨ। ਅਗਲੀਆਂ ਪੰਜ ਵਿੱਚ ਵੀ ਚੀਨ ਦੀਆਂ ਤਿੰਨ, ਜਰਮਨੀ ਦੀ ਇੱਕ (ਮੈਕਸ ਪਲੈਂਕ ਸੁਸਾਇਟੀ) ਅਤੇ ਅਮਰੀਕਾ ਦੀ ਇੱਕ (ਹਾਰਵਰਡ) ਯੂਨੀਵਰਸਿਟੀ ਆਉਂਦੀ ਹੈ। ਇਹ ਡੈਟਾ ਹਾਈ ਕੁਆਲਟੀ ਰਿਸਰਚ ਪਬਲੀਕੇਸ਼ਨ ‘ਤੇ ਆਧਾਰਤ ਹੈ।
ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਖੋਜ ਵਿਕਾਸ ਦੇ ਖੇਤਰ ਵਿੱਚ ਹਿੰਦੁਸਤਾਨ ਕਿੱਥੇ ਖੜ੍ਹਾ ਹੈ! ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੀ ਬਹੁਗਿਣਤੀ ਦੇ ਧਰਮ ‘ਤੇ ਆਧਾਰਤ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਖੇਡੀ ਗਈ ਸਿਆਸਤ ਨੇ ਯੂਨੀਵਰਸਿਟੀਆਂ ਦੀ ਆਜ਼ਾਦੀ `ਤੇ ਖੁਦਮੁਖਤਾਰੀ ਸੀਮਤ ਕਰ ਦਿੱਤੀ ਹੈ। ਜਦੋਂ ਰਾਜ ਕਰ ਰਹੀ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਯੂਨੀਵਰਸਟੀਆਂ ਦੀ ਖੋਜਬੀਨ ਹੋਣ ਲੱਗੇ ਤਾਂ ਇਸ ਦੇ ਗਲਤ ਸਿੱਟੇ ਨਿਕਲਣੇ ਲਾਜ਼ਮੀ ਹਨ। ਸਿਆਸੀ ਪਾਰਟੀਆਂ ਲਈ ਇੱਕ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਸੱਤਾ ਵਿੱਚ ਆਉਣਾ ਠੀਕ ਹੈ, ਪਰ ਸੱਤਾ ਵਿੱਚ ਆਣ ਕੇ ਆਪਣੀ ਵਿਚਾਰਧਾਰਾ ਯੂਨੀਵਰਸਿਟੀਆਂ ਅਤੇ ਖੋਜ ਬੀਨ ਵਾਲੀਆਂ ਸੰਸਥਾਵਾਂ ‘ਤੇ ਥੋਪਣੀ ਬਿਲਕੁਲ ਗਲਤ ਹੈ। ਸਗੋਂ ਯੂਨੀਵਰਸਿਟੀਆਂ ਉਹ ਖੁਦਮੁਖਤਾਰ ਖ਼ੇਤਰ ਹੋਣੀਆਂ ਚਾਹੀਦੀਆਂ ਹਨ, ਜਿੱਥੇ ਸੱਤਾਧਾਰੀ ਵਿਚਰਾਧਾਰਾ ਦੀ ਵੀ ਆਲੋਚਨਾ ਹੋ ਸਕੇ। ਅਸਲ ਖੋਜ ਅਤੇ ਵਿਕਾਸ ਇਸੇ ਤਰ੍ਹਾਂ ਹੋ ਸਕਦਾ ਹੈ। ਇਸ ਤੋਂ ਇਲਾਵਾ ਸਮਾਜ ਵਿੱਚ ਇੱਕ ਆਮ ਲਿਬਰਲ ਅਤੇ ਸਹਿਣਸ਼ੀਲ ਮਾਹੌਲ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਦੀ ਅਣਹੋਂਦ ਵਿੱਚ ਵਿਗਿਆਨਕ ਮਾਨਸਿਕਤਾ ਵਿਕਸਤ ਨਹੀਂ ਹੋ ਸਕਦੀ। ਜਿਵੇਂ ਸਾਹਿਤ ਅਤੇ ਧਰਮ ਲਈ ਮਿੱਥਾਂ ਅਤੇ ਕਲਪਨਾ ਮਹੱਤਵਪੂਰਨ ਹੈ, ਉਸੇ ਤਰ੍ਹਾਂ ਵਿਗਿਆਨਕ ਖੋਜ ਲਈ ਤੱਥ ਮਹੱਤਵਪੂਰਨ ਹੁੰਦੇ ਹਨ। ਇਸੇ ਲਈ ਵਿਗਿਆਨਕ ਵਿਕਾਸ ਲਈ ਇੱਕ ਲਿਬਰਲ ਸਮਾਜਕ ਅਤੇ ਸਭਿਆਚਾਰਕ ਵਾਤਾਰਣ ਬੁਨਿਆਦੀ ਹੈ, ਜਿਸ ਦੀ ਅੱਜ ਦੇ ਭਾਰਤ ਵਿੱਚ ਅਣਹੋਂਦ ਹੈ।
