ਗੁਰਦੁਆਰਾ ਪੈਲਾਟਾਈਨ: ਆਮ ਇਜਲਾਸ ਦੌਰਾਨ ਸੰਗਤ ਦੀ ਨਾਦਾਰਦਗੀ

ਸਿਆਸੀ ਹਲਚਲ ਖਬਰਾਂ

ਕੁਲਜੀਤ ਸਿੰਘ
ਲੰਘੇ ਐਤਵਾਰ, 22 ਫਰਵਰੀ ਨੂੰ ਗੁਰਦੁਆਰਾ ਪੈਲਾਟਾਈਨ ਦੇ ਦੀਵਾਨ ਹਾਲ ਵਿੱਚ ਸੱਦੀ ਗਈ ਜਨਰਲ ਬਾਡੀ ਮੀਟਿੰਗ (ਆਮ ਇਜਲਾਸ) ਨੂੰ ਸੰਗਤ ਨੇ ਬਹੁਤੀ ਤਵੱਜੋ ਨਾ ਦਿੱਤੀ ਤੇ ਇਸ ਲਈ ਲੋੜੀਂਦਾ ਕੋਰਮ (ਸੰਗਤ ਦੀ ਗਿਣਤੀ) ਵੀ ਪੂਰਾ ਨਾ ਹੋਇਆ। ਗੁਰਦੁਆਰਾ ਸੰਵਿਧਾਨ ਮੁਤਾਬਕ ਆਮ ਇਜਲਾਸ ਲਈ ਕੋਰਮ ਪੂਰਾ ਕਰਨ ਲਈ ਸਿੱਖ ਰਿਲੀਜੀਅਸ ਸੁਸਾਇਟੀ ਦੇ ਮੈਂਬਰਾਂ ਵਿੱਚੋਂ ਸੰਗਤ ਦੇ 250 ਮੈਂਬਰ ਹਾਜ਼ਰ ਹੋਣੇ ਜ਼ਰੂਰੀ ਸਨ, ਜੋ ਕਿ ਨਹੀਂ ਹੋਏ।

ਆਮ ਇਜਲਾਸ ਮੌਕੇ ਜਿੰਨੀ ਕੁ ਸੰਗਤ ਦੀਵਾਨ ਹਾਲ ਵਿੱਚ ਸੀ, ਉਸ ਤੋਂ ਢਾਈ ਗੁਣਾਂ ਸੰਗਤ ਲੰਗਰ ਹਾਲ ਵਿੱਚ ਸੀ ਜਾਂ ਫਿਰ ਚੌਥਾ ਹਿੱਸਾ ਸੰਗਤ ਗੁਰੂਘਰ ਤੋਂ ਚਲੀ ਗਈ ਸੀ। ਚੱਲਦੇ ਇਜਲਾਸ ਦੌਰਾਨ ਵੀ ਕੁਝ ਸੰਗਤ ਉੱਠ ਕੇ ਚਲੀ ਗਈ ਸੀ, ਜਿਸ ਕਾਰਨ ਸਾਲਾਨਾ ਆਮ ਇਜਲਾਸ ਦੀ ਕੋਈ ਮਹੱਤਤਾ ਨਹੀਂ ਸੀ ਰਹਿ ਗਈ।
ਗੁਰਦੁਆਰੇ ਵਿੱਚ ਵਿਚਰਦੀਆਂ ਵੱਖ-ਵੱਖ ਧਿਰਾਂ ਦੇ ਬਹੁਤੇ ਲੋਕ ਆਮ ਇਜਲਾਸ ਤੋਂ ਨਾਦਾਰਦ ਯਾਨੀ ਗੈਰ-ਹਾਜ਼ਰ ਕਿਉਂ ਰਹੇ? ਇਸ ਦੇ ਆਪੋ-ਆਪਣੇ ਮਾਇਨੇ ਕੱਢੇ ਜਾ ਰਹੇ ਹਨ। ਸਮਝਿਆ ਜਾ ਰਿਹਾ ਹੈ ਕਿ ਬਹੁਤੀ ਸੰਗਤ ਨੇ ਹਾਜ਼ਰ ਨਾ ਹੋ ਕੇ ਇਸ ਇਜਲਾਸ ਦਾ ਇੱਕ ਤਰ੍ਹਾਂ ਬਾਈਕਾਟ ਹੀ ਕੀਤਾ ਹੈ। ਇੱਥੋਂ ਤੱਕ ਕੇ ‘ਪੰਥਕ ਸਲੇਟ’ ਦੇ ਬਹੁਤੇ ਸਮਰਥਕਾਂ ਨੇ ਵੀ ਇਸ ਨੂੰ ਬਹੁਤੀ ਅਹਿਮੀਅਤ ਨਾ ਦਿੱਤੀ। ਹਾਲਾਂਕਿ ਗੁਰਦੁਆਰਾ ਸਟੇਜ ਤੋਂ ਮੌਜੂਦਾ ਪ੍ਰਬੰਧਕਾਂ ਨੇ ਆਪਣੀਆਂ ਤਕਰੀਰਾਂ ਵਿੱਚ ਗੁਰੂਘਰ ਨਾਲ ਜੁੜੀਆਂ ਅਲੱਗ-ਅਲੱਗ ਕਿਸਮ ਦੀਆਂ ਪ੍ਰਾਪਤੀਆਂ ਗਿਣਾਈਆਂ ਹਨ ਅਤੇ ਕੁਝ ਕਾਰਜਾਂ ਉਤੇ ਵਿਰੋਧੀ ਧਿਰ ਦੇ ਕੁਝ ਨੁਮਾਇੰਦਿਆਂ ਨੇ ਹਾਂਮੁਖੀ ਹੁੰਗਾਰਾ ਭਰਿਆ ਹੈ, ਪਰ ਕੁੱਲ ਮਿਲਾ ਕੇ ਗੁਰਦੁਆਰਾ ਪ੍ਰਬੰਧਕਾਂ ਤੋਂ ਕਥਿਤ ਤੌਰ `ਤੇ ਨਾਰਾਜ਼ ਕੁਝ ਧਿਰਾਂ ਨੇ ਇਸ ਆਮ ਇਜਲਾਸ ਨੂੰ ‘ਮਹਿਜ ਖਾਨਾਪੂਰਤੀ’ ਦਾ ਨਾਂ ਦਿੱਤਾ ਹੈ।
ਆਮ ਇਜਲਾਸ ਦੀ ਕਰਵਾਈ ਸ਼ੁਰੂ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਸੰਗਤ ਨੂੰ ਨਿਊਜ਼ਲੈਟਰ ਤੇ ਈਮੇਲ ਰਾਹੀਂ ਜਨਰਲ ਬਾਡੀ ਮੀਟਿੰਗ ਬਾਰੇ ਸੂਚਿਤ ਕੀਤਾ ਗਿਆ ਸੀ। ਸੰਵਿਧਾਨ ਦੇ ਆਰਟੀਕਲ 15 ਅਧੀਨ ਸਾਲ ਵਿੱਚ ਇੱਕ ਵਾਰ ਜਨਰਲ ਬਾਡੀ ਮੀਟਿੰਗ (ਆਮ ਇਜਲਾਸ) ਹੋਣੀ ਜ਼ਰੂਰੀ ਹੈ। ਕੋਰਮ ਪੂਰਾ ਨਾ ਹੋਣ ਸਬੰਧੀ ਪ੍ਰਧਾਨ ਸ. ਕਾਹਲੋਂ ਨੇ ਸਟੇਜ ਤੋਂ ਕਿਹਾ ਕਿ ਜਿੰਨਾ ਚਿਰ ਅਸੀਂ ਮੈਂਬਰ ਹੋਣ ਦੇ ਨਾਅਤੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ, ਕੋਈ ਵੀ ਸੰਸਥਾ ਕਾਮਯਾਬ ਨਹੀਂ ਹੁੰਦੀ।
ਆਮ ਇਜਲਾਸ ਦੌਰਾਨ ਗੁਰੂਘਰ ਦੇ ਵਿੱਤ ਸਕੱਤਰ ਸ਼ਿਵਇੰਦਰਜੀਤ ਸਿੰਘ ਨੇ ਸਾਲ 2025 ਦੀ ਵਿੱਤੀ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਗੁਰਦੁਆਰਾ ਸਾਹਿਬ ਦੀ ਆਮਦਨ-ਖਰਚ ਦੇ ਉਤਰਾਅ-ਚੜ੍ਹਾਅ ਦੇ ਵੇਰਵੇ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜਦਕਿ ਸਹਾਇਕ ਖਜ਼ਾਨਚੀ ਸੀਰਤ ਕੌਰ ਨੇ ਗੁਰਮਤਿ ਸਕੂਲ ਦੀਆਂ ਗਤੀਵਿਧੀਆਂ, ਅੱਪਡੇਟਸ ਆਦਿ ਦਾ ਵੇਰਵਾ ਦਿੱਤਾ।
ਇਸ ਮੌਕੇ ਸਾਬਕਾ ਪ੍ਰਧਾਨ ਡਾ. ਪਰਦੀਪ ਸਿੰਘ ਗਿੱਲ ਨੇ ਚੋਣਾਂ ਨੂੰ ਮੁੱਖ ਰੱਖਦਿਆਂ ਸਵਾਲ ਕੀਤਾ ਕਿ ਕੀ ਇਲੈਕਸ਼ਨ ਗੁਰਮਤਿ ਦਾ ਸਿਧਾਂਤ ਹੈ ਜਾਂ ਨਹੀਂ? ਇਹ ਪੜਚੋਲ ਕਰਨ ਦੀ ਲੋੜ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਹਰ ਦੋ ਸਾਲ ਬਾਅਦ ਹੁੰਦੀਆਂ ਚੋਣਾਂ ਦੇ ਵਿਧੀ-ਵਿਧਾਨ ਨੂੰ ਕਿਸੇ ਹੋਰ ਤਰੀਕੇ ਨਾਲ ਨਜਿੱਠ ਸਕੀਏ ਤਾਂ ਇਸ ਬਾਰੇ ਆਪਾਂ ਨੂੰ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ। ਰਾਜਿੰਦਰ ਸਿੰਘ ਮਾਗੋ ਨੇ ਪੰਜਾਬੀ ਭਾਸ਼ਾ ਸਬੰਧੀ ਕੰਮਾਂ ਅਤੇ ਪ੍ਰਸ਼ੰਸਾ ਮਹੀਨੇ ਅਪਰੈਲ ਬਾਰੇ ਵਿਚਾਰ ਪੇਸ਼ ਕਰਦਿਆਂ ਰਾਜਨੀਤਿਕ ਸਸ਼ਕਤੀਕਰਨ ਲਈ ਨਵੀਂ ਪੀੜ੍ਹੀ ਦੀ ਸ਼ਮੂਲੀਅਤ ਉਤੇ ਜ਼ੋਰ ਦਿੱਤਾ, ਜੋ ਇੱਥੋਂ ਦੇ ਸਿਸਟਮ ਤੋਂ ਜਾਣੂੰ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਭਾਈਚਾਰਿਆਂ ਨਾਲੋਂ ਅਸੀਂ (ਸਿੱਖ/ਪੰਜਾਬੀ ਭਾਈਚਾਰੇ ਦੇ ਲੋਕ) ਇਲੀਨਾਏ ਸਟੇਟ ਦੇ ਸਿਆਸੀ ਖੇਤਰ ਵਿੱਚ ਬਹੁਤ ਪਿੱਛੇ ਹਾਂ।
ਸਾਬਕਾ ਪ੍ਰਧਾਨ ਅਮਰਦੇਵ ਸਿੰਘ ਬੰਦੇਸ਼ਾ ਨੇ ਇੱਥੇ ਰਹਿੰਦੇ ਪੰਜਾਬੀ ਬਜ਼ੁਰਗਾਂ ਲਈ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਹੇਠ ਇੱਕ ਕਮਿਊਨਿਟੀ ਸੈਂਟਰ ਬਣਾਏ ਜਾਣ ਦਾ ਸੁਝਾਅ ਦਿੱਤਾ। ਗੁਰਪ੍ਰੀਤ ਸਿੰਘ ਨੇ ਵੀ ਕੁਝ ਵਿਚਾਰ ਪ੍ਰਗਟਾਏ, ਜਿਨ੍ਹਾਂ ਵਿੱਚ ਇੱਕ ਗੁਰੂਘਰ ਦੇ ਗ੍ਰੰਥੀ/ਕੀਰਤਨੀ ਜਥਿਆਂ ਦੀ ਤਨਖਾਹ ਵਿੱਚ ਵਾਧਾ ਕੀਤੇ ਜਾਣ ਦਾ ਸੁਝਾਅ ਵੀ ਸ਼ਾਮਲ ਸੀ। ਮੀਟਿੰਗ ਦੇ ਅਖੀਰ ਵਿੱਚ ਪਿਛਲੇ ਸਾਲ ਦੀ ਜਨਰਲ ਬਾਡੀ ਮੀਟਿੰਗ ਦੌਰਾਨ ਜਿਹੜੇ ਸੁਝਾਅ ਜਾਂ ਸਵਾਲ ਆਏ ਸਨ, ਉਨ੍ਹਾਂ ਦਾ ਰੀਕੈਪ ਗੁਰੂਘਰ ਦੇ ਕਾਰਜਕਾਰੀ ਸਕੱਤਰ ਅੱਛਰ ਸਿੰਘ ਨੇ ਕੀਤਾ।
ਆਮ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਚੋਣ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਘੋਤੜਾ ਨੇ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਅਤੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਵਾਲਿਆਂ ਦੇ ਨਾਂ ਦਾ ਵੇਰਵਾ ਸੰਗਤ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਬੋਰਡ ਆਫ ਟਰੱਸਟੀ (ਬੀ.ਓ.ਟੀ.) ਲਈ ਕੁਲ 25 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜ਼ ਭਰੇ ਸਨ, ਪਰ ਪਿਛਲੇ ਐਤਵਾਰ 15 ਜਣਿਆਂ ਨੇ ਕਾਗਜ਼ ਵਾਪਸ ਲੈ ਲਏ। ਇਸੇ ਤਰ੍ਹਾਂ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਲਈ ਛੇ ਉਮੀਦਵਾਰ ਸਨ, ਉਨ੍ਹਾਂ ਵਿੱਚੋਂ ਚਾਰ ਨੇ ਨਾਂ ਵਾਪਸ ਲੈ ਲਏ ਹਨ। ਨਾਮਜ਼ਦਗੀਆਂ ਦੇ ਰਿਵਿਊ ਦੀ ਪ੍ਰਕ੍ਰਿਆ ਦੌਰਾਨ ਇੱਕ ਉਮੀਦਵਾਰ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਅਤੇ ਇੱਕ ਹੋਰ ਬਾਰੇ ਫੈਸਲਾ ਬੁੱਧਵਾਰ (ਅਖਬਾਰ ਛਪਣ ਤੋਂ ਬਾਅਦ) ਤੱਕ ਰਾਖਵਾਂ ਰੱਖਿਆ ਗਿਆ ਹੈ। ਚੋਣ ਕਮੇਟੀ ਦੇ ਚੇਅਰਮੈਨ ਅਨੁਸਾਰ ਆਉਂਦੇ ਦਿਨਾਂ ਵਿੱਚ ਅੰਤਿਮ ਸੂਚੀ ਵਿੱਚ ਰਹਿ ਗਏ ਉਮੀਦਵਾਰਾਂ ਦੀ ਇੱਕ ਮੀਟਿੰਗ ਬੁਲਾਈ ਜਾਵੇਗੀ, ਜੋ ਆਪਸੀ ਵਿਚਾਰ-ਵਟਾਂਦਰਾ ਕਰਨਗੇ। ਮੀਟਿੰਗ ਦੌਰਾਨ ਜੇ ਸਹਿਮਤੀ ਨਹੀਂ ਬਣਦੀ ਤਾਂ ਚੋਣਾਂ ਦੀ ਮਿਤੀ 5 ਅਪਰੈਲ 2026, ਐਤਵਾਰ ਨੂੰ ਤੈਅ ਹੈ; ਕਿਉਂਕਿ ਬੋਰਡ ਦੀ ਚੋਣ ਲਈ ਇਲੈਕਸ਼ਨ ਆਖਰੀ ਪੜਾਅ ਹੈ।

Leave a Reply

Your email address will not be published. Required fields are marked *