ਡਾ. ਅਰਵਿੰਦਰ ਸਿੰਘ ਭੱਲਾ*
ਫੋਨ: +91-9463062603
ਮੁਰੀਦ ਨੇ ਆਪਣੇ ਮੁਰਸ਼ਦ ਅੱਗੇ ਅਰਜ਼ੋਈ ਕਰਦਿਆਂ ਕਿਹਾ ਕਿ ਆਇਨੇ ਦੇ ਸਾਹਮਣੇ ਖੜ੍ਹਾ ਉਹ ਖੁਦ ਨੂੰ ਦੇਖ ਕੇ ਸੋਚਦਾ ਹੈ ਕਿ ਆਖਿਰ ਪਰਵਦਗਾਰ ਦੇ ਦਰ ਉੱਪਰ ਮੇਰੀ ਇਬਾਦਤ ਕਬੂਲ ਕਿਉਂ ਨਹੀਂ ਹੁੰਦੀ? ਕਿਉਂ ਮੇਰੇ ਪਛਤਾਵੇ ਵਿੱਚ ਵਹਿੰਦੇ ਮੇਰੇ ਹੰਝੂ ਮੇਰੇ ਐਬਾਂ ਨੂੰ ਆਪਣੇ ਨਾਲ ਨਹੀਂ ਵਹਾ ਕੇ ਲੈ ਜਾਂਦੇ? ਕਿਉਂ ਸਿਜਦੇ ਵਿੱਚ ਝੁਕ ਕੇ ਵੀ ਮੇਰੇ ਮਨ ਦੀ ਮੈਲ ਨਹੀਂ ਲਹਿੰਦੀ? ਤੋਬਾ ਕਰ ਕੇ ਵੀ ਮਨ ਗੁਨਾਹਾਂ ਦੇ ਰਾਹ ਵਲ ਵਾਰ-ਵਾਰ ਕਿਉਂ ਮੁੜਦਾ ਹੈ?
ਕਿਉਂ ਪਾਕਦਾਮਨ ਰਹਿਣ ਦੀ ਖਾਹਿਸ਼ ਆਪਣੇ ਅੰਦਰ ਛੁਪੇ ਸ਼ੈਤਾਨ ਦੇ ਭਰਮਾਉਣ ਕਾਰਨ ਦਮ ਤੋੜ ਦਿੰਦੀ ਹੈ? ਕਿਉਂ ਮੇਰੇ ਸੋਹਣੇ ਰੱਬ ਦੀ ਨਜ਼ਰ-ਏ-ਅਨਾਇਤ ਮੇਰੇ ਉਤੇ ਨਹੀਂ ਹੁੰਦੀ? ਕਿਉਂ ਪਾਪਾਂ ਦੇ ਰਾਹਾਂ ਦਾ ਆਕਰਸ਼ਣ ਮੈਨੂੰ ਹਰ ਪਲ ਭਰਮਾਉਂਦਾ ਹੈ? ਕਿਉਂ ਜ਼ਿੰਦਗੀ ਦਾ ਪੈਂਡਾ ਪਗਡੰਡੀਆਂ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ ਅਤੇ ਮੈਂ ਕਿਸੇ ਸ਼ਾਹਰਾਹ ਦੀ ਤਲਾਸ਼ ਨਹੀਂ ਕਰ ਪਾਉਂਦਾ ਹਾਂ? ਕਿਉਂ ਜ਼ਿੰਦਗੀ ਦੇ ਸਫ਼ਰ ਦੌਰਾਨ ਹਰ ਚੌਰਾਹੇ ਉਤੇ ਪੁੱਜ ਕੇ ਹੋਣੀ ਮੇਰੇ ਜਰਫ ਅਤੇ ਸਬਰ ਦਾ ਇਮਤਿਹਾਨ ਲੈਂਦੀ ਹੈ? ਕਿਉਂ ਮੈਂ ਖੁਦ ਨਾਲ ਕੀਤੇ ਕੌਲ ਨਹੀਂ ਪੁਗਾ ਪਾਉਂਦਾ ਹਾਂ? ਕਿਉਂ ਆਪਣੀ ਮੰਜ਼ਿਲ ਨੂੰ ਸਾਹਮਣੇ ਦੇਖ ਕੇ ਵੀ ਮੈਂ ਆਪਣੀ ਮੰਜ਼ਿਲ ਨੂੰ ਪਾਉਣ ਤੋਂ ਖੁੰਝ ਜਾਂਦਾ ਹਾਂ? ਕਿਉਂ ਜ਼ਿੰਦਗੀ ਦੇ ਦੁਸ਼ਵਾਰ ਰਾਹਾਂ ਦੀ ਕਸਕ ਤੋਂ ਮੈਨੂੰ ਨਿਜ਼ਾਤ ਹਾਸਲ ਨਹੀਂ ਹੁੰਦੀ? ਕਿਉਂ ਸਭ ਕੁਝ ਜਾਣਦਿਆਂ ਬੁਝਦਿਆਂ ਵੀ ਮੈਂ ਆਪਣੇ ਨੁਕਤਾ-ਏ-ਨਿਗਾਹ ਨੂੰ ਦਰੁਸਤ ਨਹੀਂ ਕਰ ਪਾਉਂਦਾ ਹਾਂ? ਕਿਉਂ ਜ਼ਿੰਦਗੀ ਨੂੰ ਕਿਸੇ ਅਲੱਗ ਜ਼ਾਵੀਏ ਤੋਂ ਗੁਜ਼ਾਰਨ ਦੀ ਕੋਸ਼ਿਸ਼ ਕਰਦਿਆਂ ਮੈਨੂੰ ਕਾਮਯਾਬੀ ਨਹੀਂ ਮਿਲਦੀ? ਕਿਉਂ ਵਜੂਦ ਨੂੰ ਅਲੱਗ ਪਛਾਣ ਦੁਆਉਣ ਦੀ ਹਰ ਕੋਸ਼ਿਸ਼ ਕੋਈ ਮੁਨਫ਼ਰਿਦ ਮੁਕਾਮ ਦੁਆਉਣ ਦੀ ਬਜਾਏ ਮੈਨੂੰ ਭੀੜ ਦਾ ਹਿੱਸਾ ਬਣਾ ਦਿੰਦੀ ਹੈ? ਕਿਉਂ ਜ਼ਿੰਦਗੀ ਦਾ ਪੈਂਡਾ ਤੈਅ ਕਰਦਿਆਂ ਮੈਨੂੰ ਇੱਕ ਤੋਂ ਬਾਅਦ ਇੱਕ ਅੱਗ ਦਾ ਦਰਿਆ ਪਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ?
ਮੁਰਸ਼ਦ ਨੇ ਆਪਣੇ ਮੁਰੀਦ ਦੀ ਜ਼ਿਹਨੀ ਕੈਫ਼ੀਅਤ ਨੂੰ ਸਮਝਿਆ ਅਤੇ ਫ਼ਰਮਾਇਆ ਕਿ ਯਾਦ ਰੱਖੋ! ਜ਼ਿੰਦਗੀ ਵਿੱਚ ਇਹ ਕਦੇ ਵੀ ਦਾਅਵਾ ਨਾ ਕਰੋ ਕਿ ਤੁਸੀਂ ਸੱਚੇ ਦਿਲੋਂ ਕਦੇ ਇਬਾਦਤ ਕੀਤੀ, ਕਿਉਂਕਿ ਤੁਹਾਡੇ ਦਿਲ ਦਾ ਹਾਲ ਤੁਹਾਡੇ ਤੋਂ ਬਹੁਤ ਬੇਹਤਰ ਉਹ ਪਰਵਦਗਾਰ ਜਾਣਦਾ ਹੈ। ਜੇਕਰ ਤੁਸੀਂ ਆਪਣੇ ਐਬਾਂ ਤੇ ਗੁਨਾਹਾਂ ਦਾ ਪਛਤਾਵਾ ਦਿਲੋਂ ਨਹੀਂ ਕੀਤਾ ਹੈ ਅਤੇ ਤੁਹਾਡਾ ਪਛਤਾਵਾ ਕੁੱਝ ਪਲਾਂ ਤੱਕ ਹੀ ਮਹਿਦੂਦ ਹੈ ਤਾਂ ਪਛਤਾਵੇ ਵਿੱਚ ਤੁਹਾਡੀਆਂ ਸਿਲੀਆਂ ਅੱਖਾਂ ਤੁਹਾਨੂੰ ਕਦੇ ਵੀ ਤੁਹਾਨੂੰ ਆਪਣੇ ਜ਼ਮੀਰ ਦੀ ਅਦਾਲਤ ਵਿੱਚ ਸੁਰਖੁਰੂ ਨਹੀਂ ਹੋਣ ਦੇਣਗੀਆਂ। ਇਸ ਨੂੰ ਮਨੁੱਖ ਦੀ ਬੁਨਿਆਦੀ ਫ਼ਿਤਰਤ ਕਹਿਣਾ ਹੀ ਠੀਕ ਹੋਵੇਗਾ ਕਿ ਮਨੁੱਖ ਆਪਣੇ ਵੱਲੋਂ ਬੁਣੇ ਖਿਆਲਾਂ ਦੇ ਸੰਸਾਰ ਵਿੱਚ ਖੁਦ ਨੂੰ ਹਮੇਸ਼ਾ ਦੂਸਰਿਆਂ ਦੇ ਮੁਕਾਬਲੇ ਬਹੁਤ ਬੇਹਤਰ, ਪਾਕ ਸਾਫ਼, ਜ਼ਹੀਨ, ਮਾਸੂਮ, ਨਿਰਛਲ ਅਤੇ ਨਿਸ਼ਪਾਪ ਸਮਝਣ ਦੀ ਹਮੇਸ਼ਾ ਭੁੱਲ ਕਰਦਾ ਹੈ।
ਮਨੁੱਖ ਇਹ ਸੋਚਦਾ ਹੈ ਕਿ ਜਿਵੇਂ ਇਬਾਦਤ ਕੋਈ ਅਜਿਹਾ ਲਿਬਾਸ ਹੈ, ਜਿਸ ਨੂੰ ਪਹਿਣ ਕੇ ਉਹ ਆਪਣੇ ਸੋਹਣੇ ਰੱਬ ਦੀ ਦਰਗਾਹ ਉੱਪਰ ਸੁਰਖੁਰੂ ਹੋ ਜਾਵੇਗਾ। ਉਹ ਇਹ ਸਮਝਣ ਤੋਂ ਵੀ ਅਸਮਰਥ ਰਹਿੰਦਾ ਹੈ ਕਿ ਇਬਾਦਤ ਕੋਈ ਲਿਬਾਸ ਨਹੀਂ, ਬਲਕਿ ਇੱਕ ਅਭਿਆਸ ਹੈ, ਇੱਕ ਅਨੁਭਵ ਹੈ ਅਤੇ ਆਪਣੇ ਆਪ ਵਿੱਚ ਇੱਕ ਮੁਕੰਮਲ ਤਰਜ਼-ਏ-ਜ਼ਿੰਦਗੀ ਹੈ। ਸਜਦੇ ਵਿੱਚ ਝੁਕੀ ਹੋਈ ਦੇਹ ਕਦੇ ਵੀ ਇਸ ਗੱਲ ਦੀ ਪੁਸ਼ਟੀ ਹਰਗਿਜ਼ ਨਹੀਂ ਕਰਦੀ ਹੈ ਕਿ ਇਨਸਾਨ ਦੇ ਅੰਦਰ ਹੁਣ ਕੋਈ ਚੋਰ ਨਹੀਂ ਹੈ। ਇਨਸਾਨ ਹਰ ਪਲ ਆਪ ਹੀ ਗੁਨਾਹ ਕਰਕੇ ਆਪਣੇ ਆਪ ਨੂੰ ਹਰ ਗੁਨਾਹ ਤੋਂ ਬਰੀ ਕਰਨ ਦੀ ਵਿਅਰਥ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਉਹ ਇਹ ਅਕਸਰ ਭੁੱਲ ਜਾਂਦਾ ਹੈ ਕਿ ਤੋਬਾ ਕੇਵਲ ਇੱਕ ਸ਼ਬਦ ਹੀ ਨਹੀਂ, ਸਗੋਂ ਅਹਿਸਾਸ-ਏ-ਜ਼ੁਰਮ ਤੋਂ ਨਿਜ਼ਾਤ ਪਾਉਣ ਅਤੇ ਅੱਗੋਂ ਵਾਸਤੇ ਗੁਨਾਹਾਂ ਦੇ ਰਸਤੇ ਦਾ ਤਿਆਗ ਕਰਨ ਲਈ ਖੁਦ ਨੂੰ ਤਿਆਰ-ਬਰ-ਤਿਆਰ ਰੱਖਣ ਦਾ ਇੱਕ ਰੂਹਾਨੀ ਅਭਿਆਸ ਵੀ ਹੈ। ਮੁਰਸ਼ਦ ਨੇ ਫ਼ਰਮਾਇਆ ਕਿ ਇਹ ਵੀ ਯਾਦ ਰੱਖੋ ਕਿ ਮੰਜ਼ਿਲ ਦੀ ਖਾਹਿਸ਼ ਰੱਖਦੇ ਹੋਏ ਜਿਉਂਦੇ ਜੀਅ ਇਨਸਾਨ ਲਈ ਰਾਹਾਂ ਦੀ ਕਸਕ ਤੋਂ ਪੱਲਾ ਬਚਾਉਣਾ ਕਦੇ ਵੀ ਸੰਭਵ ਨਹੀਂ। ਉਸ ਲਈ ਆਪਣਾ ਹਰ ਐਬ ਛੁਪਾਉਂਦੇ ਹੋਏ ਖੁਦ ਨੂੰ ਮਾਸੂਮ ਕਰਾਰ ਦੇਣਾ ਵੀ ਮੁਨਾਸਿਬ ਨਹੀਂ। ਜ਼ਿੰਦਗੀ ਦੇ ਸਫ਼ਰ ਦੌਰਾਨ ਹਰ ਅਜ਼ਮਾਇਸ਼ ਵਿੱਚੋਂ ਸੁਰਖੁਰੂ ਹੋਣ ਦਾ ਖ਼ਵਾਬ ਦੇਖਣ ਵਾਲਿਆਂ ਲਈ ਅੱਗ ਦੇ ਦਰਿਆ ਪਾਰ ਕਰਨ ਤੋਂ ਝਿਜਕਣਾ ਵੀ ਕਿਸੇ ਪੱਖੋਂ ਵਾਜਿਬ ਨਹੀਂ। ਉਸ ਲਈ ਆਪਣੇ ਵਜੂਦ ਨੂੰ ਅਲੱਗ ਪਛਾਣ ਦੁਆਉਣ ਦੀ ਕੋਸ਼ਿਸ਼ ਕਰਦੇ ਸਮੇਂ ਭੀੜ ਵੱਲੋਂ ਆਮ ਤੌਰ ਉੱਪਰ ਅਖਤਿਆਰ ਕੀਤੇ ਜਾਣ ਵਾਲੇ ਹੱਥਕੰਡੇ ਅਪਣਾਉਣਾ ਵੀ ਉਚਿਤ ਨਹੀਂ।
ਮੁਰਸ਼ਦ ਨੇ ਇਹ ਵੀ ਫ਼ੁਰਮਾਇਆ ਕਿ ਆਪਣੀ ਹਯਾਤੀ ਦੇ ਸਫ਼ਰ ਦੌਰਾਨ ਕੇਵਲ ਨੇਕ ਇਰਾਦਿਆਂ ਨਾਲ ਇਨਸਾਨ ਦਾ ਬੇੜਾ ਕਦੇ ਪਾਰ ਨਹੀਂ ਹੁੰਦਾ ਹੈ। ਜਦੋਂ ਤੱਕ ਅਮਲ ਦੇ ਪੱਧਰ ਉੱਪਰ ਤੁਹਾਡੇ ਨੇਕ ਖ਼ਿਆਲ ਹਰ ਇਮਤਿਹਾਨ ਵਿੱਚੋਂ ਨਹੀਂ ਗੁਜ਼ਰਦੇ ਹਨ, ਤਦ ਤੱਕ ਤੁਹਾਡੇ ਨੇਕ ਅਤੇ ਪਾਕ ਦਾਮਨ ਹੋਣ ਦੀ ਪ੍ਰੋੜਤਾ ਨਹੀਂ ਕੀਤੀ ਜਾ ਸਕਦੀ ਹੈ। ਮੁਰਸ਼ਦ ਨੇ ਫ਼ਰਮਾਇਆ ਕਿ ਤੁਹਾਡੇ ਬਹੁਤੇ ਮਸਲੇ ਕਿਸੇ ਵਰਤਾਰੇ, ਸ਼ਖਸ ਜਾਂ ਮੁੱਦੇ ਬਾਰੇ ਤੁਹਾਡੇ ਨੁਕਤਾ-ਏ-ਨਿਗਾਹ ਅਤੇ ਤੁਹਾਡੀ ਤਰਜ਼-ਏ-ਜ਼ਿੰਦਗੀ ਦੇ ਦਰੁਸਤ ਨਾ ਹੋਣ ਕਾਰਨ ਪੈਦਾ ਹੁੰਦੇ ਹਨ। ਜੇਕਰ ਤੁਸੀਂ ਆਪਣੇ ਜ਼ਾਵੀਏ ਦੀ ਨਿਰਪੱਖ ਰਹਿੰਦੇ ਹੋਏ ਪੜਚੋਲ ਕਰੋ ਤਾਂ ਤੁਹਾਨੂੰ ਸਹਿਜੇ ਹੀ ਇਹ ਮਹਿਸੂਸ ਹੋਵੇਗਾ ਕਿ ਜ਼ਿੰਦਗੀ ਨੂੰ ਸਮਝਣ ਅਤੇ ਇਸ ਸੰਸਾਰ ਨੂੰ ਜਾਣਨ ਲਈ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਨੂੰ ਬਦਲਣ ਦੀ ਕਿੰਨੀ ਜ਼ਿਆਦਾ ਲੋੜ ਹੋ। ਲਿਹਾਜ਼ਾ ਇਹ ਮੰਨ ਕੇ ਚੱਲੋ ਕਿ ਜ਼ਿੰਦਗੀ ਵਿੱਚ ਆਪਣੇ ਅਮਲਾਂ ਉਤੇ ਪਹਿਰਾ ਦੇਣ ਦੀ ਤੁਹਾਨੂੰ ਲੋੜ ਹੁੰਦੀ ਹੈ, ਕਿਉਂਕਿ ਕੇਵਲ ਤੁਹਾਡੇ ਵੱਲੋਂ ਕੀਤੇ ਜਾਣ ਵਾਲੇ ਵੱਡੇ-ਵੱਡੇ ਦਾਅਵਿਆਂ ਨਾਲ ਜ਼ਿੰਦਗੀ ਵਿੱਚ ਕੋਈ ਵੀ ਸਕਾਰਾਤਮਕ, ਰਚਨਾਤਮਕ ਜਾਂ ਸਾਰਥਿਕ ਪਰਿਵਰਤਨ ਨਹੀਂ ਆਉਂਦਾ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਆਪਣੀ ਕਥਨੀ ਤੇ ਕਰਨੀ ਵਿਚਲੇ ਫ਼ਾਸਲੇ ਨੂੰ ਮਿਟਾਉਣ ਦਾ ਨਿਰੰਤਰ ਅਭਿਆਸ ਕਰਦੇ ਰਹੋ। ਉਸ ਪਰਵਦਗਾਰ ਦੀ ਨਜ਼ਰ-ਏ-ਕਰਮ ਅਤੇ ਰਹਿਮਤ ਦਾ ਪਾਤਰ ਬਣਨ ਲਈ ਸਬਰ, ਸ਼ੁਕਰ ਅਤੇ ਨੇਕੀ ਦਾ ਪੱਲਾ ਘੁੱਟ ਕੇ ਫੜੀ ਰੱਖੋ। ਉਸ ਨਿਰੰਕਾਰ ਕੋਲੋਂ ਛਿੰਨ ਮਾਤਰ ਲਾਲਚ ਵਸ ਕੀਤੀ ਗਈ ਇਬਾਦਤ ਦੇ ਇਵਜ਼ ਵਿੱਚ ਨਿਗੁਣੀਆਂ ਸ਼ੈਆਂ ਨਾ ਮੰਗੋ। ਦਿਖਾਵੇ ਲਈ ਕੀਤੇ ਨੇਕ ਅਮਲਾਂ ਦੀ ਨੁਮਾਇਸ਼ ਲਗਾ ਕੇ ਦੂਜਿਆਂ ਦੇ ਮੁਕਾਬਲੇ ਕਾਬਿਲ-ਏ-ਮੁਹਤਰਮ ਜਾਂ ਮੋਹਤਬਰ ਹੋਣ ਦਾ ਢੋਂਗ ਰਚਾਉਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਹਰ ਰੋਜ਼ ਇੱਕ ਵਾਰ ਝਾਤ ਜ਼ਰੂਰ ਮਾਰਿਆ ਕਰੋ!
(*ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ, ਹਰਿਆਣਾ)
