*ਸਮਝੌਤਾ ਕਰਨ ਤੋਂ ਇਰਾਨ ਨੇ ਕੀਤਾ ਇਨਕਾਰ
*ਮੋਜਤਬਾ ਖੁਮੇਨੀ ਬਣੇ ਨਵੇਂ ਸੁਪਰੀਮ ਲੀਡਰ
ਪੰਜਾਬੀ ਪਰਵਾਜ਼ ਬਿਊਰੋ
ਇਰਾਨ ਅਤੇ ਅਮਰੀਕਾ-ਇਜ਼ਰਾਇਲ ਵਿਚਕਾਰ 28 ਫਰਵਰੀ ਦੀ ਰਾਤ ਨੂੰ ਅਚਾਨਕ ਛਿੜੀ ਜੰਗ ਨੇ ਨਾ ਸਿਰਫ ਖਾੜੀ ਦੇ ਮੁਲਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ, ਸਗੋਂ ਸਾਰੀ ਦੁਨੀਆਂ ਨੂੰ ਇੱਕ ਗੰਭੀਰ ਆਰਥਕ ਸੰਕਟ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਹੈ। ਇਰਾਨ ਵੱਲੋਂ ਹੌਰਮੂਜ਼ ਸਮੁੰਦਰੀ ਲਾਂਘਾ ਬੰਦ ਕਰ ਦਿੱਤੇ ਜਾਣ ਨਾਲ ਸਾਰੀ ਵਿਸ਼ਵ ਆਰਥਵਿਵਸਥਾ ਝਟਕੇ ਮਹਿਸੂਸ ਕਰਨ ਲੱਗੀ ਹੈ। ਦੁਨੀਆਂ ਦਾ 25 ਫੀਸਦੀ ਦੇ ਕਰੀਬ ਤੇਲ ਇਸੇ ਲਾਂਘੇ ਰਾਹੀਂ ਸਪਲਾਈ ਹੁੰਦਾ ਹੈ।
ਵਿਸ਼ੇਸ਼ ਕਰਕੇ ਏਸ਼ੀਆ ‘ਤੇ ਇਸ ਦਾ ਵੱਡਾ ਅਸਰ ਪੈ ਰਿਹਾ ਹੈ। ਇਸ ਦੇ ਨਾਲ ਹੀ ਕਤਰ ਤੋਂ ਯੂਰਪ ਨੂੰ ਜਾਣ ਵਾਲੀ ਗੈਸ ਦੀ ਸਪਲਾਈ ਵੀ ਬੰਦ ਹੋ ਗਈ ਹੈ। ਇਸ ਸਾਰੇ ਕੁਝ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਦੁਨੀਆਂ ਵਿੱਚ ਗੈਸ ਅਤੇ ਤੇਲ ਦੇ ਭਾਅ ਤੇਜ਼ੀ ਨਾਲ ਵਧਣ ਲੱਗੇ ਹਨ। ਇਸ ਨਾਲ ਪੂਰੀ ਦੁਨੀਆਂ ਵਿੱਚ ਸਿੱਕੇ ਦੇ ਫੈਲਾਅ ਅਤੇ ਮਹਿੰਗਾਈ ਵਧਣ ਦਾ ਖਦਸ਼ਾ ਵੀ ਬਣ ਗਿਆ ਹੈ। ਇਸ ਦੌਰਾਨ ਇਰਾਨ ਨੇ ਆਇਤੁਲਾ ਖੁਮੈਨੀ ਦੇ ਬੇਟੇ ਮੋਜਤਬਾ ਖੁਮੈਨੀ ਨੂੰ ਆਪਣਾ ਅਗਲਾ ਸੁਪਰੀਮ ਆਗੂ ਚੁਣ ਕੇ ਅਮਰੀਕਾ ਨੂੰ ਗੰਭੀਰ ਚਣੌਤੀ ਦੇ ਦਿੱਤੀ ਹੈ। ਆਪਣੇ ਸੁਪਰੀਮ ਆਗੂ ਦੀ ਹੱਤਿਆ ਕਾਰਨ ਇਰਾਨ ਕਿਸੇ ਵੀ ਸੂਰਤ ਵਿੱਚ ਅਮਰੀਕਾ ਅਤੇ ਇਜ਼ਰਾਇਲ ਸਾਹਮਣੇ ਗੋਡੇ ਟੇਕਣ ਲਈ ਤਿਆਰ ਨਹੀਂ ਹੈ।
ਇੱਕ ਪਾਸੇ ਇਜ਼ਰਾਇਲ ਤੇ ਅਮਰੀਕਾ ਦੇ ਹਵਾਈ ਹਮਲੇ ਇਰਾਨ ਨੂੰ ਭੰਨ ਰਹੇ ਹਨ, ਦੂਜੇ ਪਾਸੇ ਇਰਾਨ ਦੀਆਂ ਡਰੋਨਾਂ/ਮਿਜ਼ਾਈਲਾਂ ਇੱਕ ਛੋਟੇ ਜਿਹੇ ਯੂਰਪੀਨ ਮੁਲਕ ਸਾਈਪਰਸ ਵਿੱਚ ਬਰਤਾਨਵੀ ਫੌਜੀ ਅੱਡੇ ਤੱਕ ਵੀ ਪਹੁੰਚ ਗਈਆਂ ਹਨ। ਪਿਛਲੇ ਸਾਲ ਜੂਨ ਮਹੀਨੇ ਵਿੱਚ 12 ਦਿਨਾ ਜੰਗ ਤੋਂ ਬਾਅਦ ਇਰਾਨ ਨੇ ਇੱਕ ਵਾਰ ਫਿਰ ਵਿਖਾ ਦਿੱਤਾ ਹੈ ਕਿ ਉਸ ਦੀ ਮਿਜ਼ਾਈਲ ਸ਼ਕਤੀ ਦੀ ਮਾਰ ਇਜ਼ਰਾਇਲ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੀ ਹੈ। ਇਸ ਦਰਮਿਆਨ ਇਹ ਵੀ ਪ੍ਰਤੱਖ ਹੈ ਕਿ ਅਮਰੀਕਾ ਅਤੇ ਇਜ਼ਰਾਇਲ ਦੇ ਹਵਾਈ ਹਮਲੇ ਇਰਾਨ ਨੂੰ ਗਾਜ਼ਾ ਵਾਂਗ ਹੀ ਭੰਨ ਤੋੜ ਰਹੇ ਹਨ। ਇਜ਼ਰਾਇਲ ਦੀ ਫੌਜੀ ਸ਼ਕਤੀ ਨੂੰ ਕਈ ਫਰੰਟਾਂ ਦੇ ਵੰਡਣ ਦੇ ਮਕਸਦ ਨਾਲ ਹਿਜ਼ਬੁੱਲਾ ਨੇ ਲੈਬਨਾਨ ਵੱਲੋਂ ਇਜ਼ਰਾਇਲ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਇਜ਼ਰਾਇਲੀ ਇਨਫੈਂਟਰੀ ਅਤੇ ਹਵਾਈ ਸੈਨਾ ਇੱਕ ਹੋਰ ਫਰੰਟ ‘ਤੇ ਬੁਰੀ ਤਰ੍ਹਾਂ ਉਲਝ ਗਈ ਹੈ। ਯਾਦ ਰਹੇ, 28 ਫਰਵਰੀ ਦੀ ਰਾਤ ਨੂੰ ਅਮਰੀਕਾ ਅਤੇ ਇਜ਼ਰਾਇਲ ਨੇ ਚਲਦੀ ਗੱਲਬਾਤ ਦੇ ਦਰਮਿਆਨ ਅਚਾਨਕ ਤਹਿਰਾਨ ‘ਤੇ ਹਮਲੇ ਕਰ ਦਿੱਤੇ ਸਨ। ਜਿਸ ਨਾਲ ਇਰਾਨ ਦੇ ਸੁਪਰੀਮ ਲੀਡਰ ਅਇਤੁਲਾ ਖੁਮੈਨੀ ਅਤੇ ਵੱਡੀ ਗਿਣਤੀ ਵਿੱਚ ਫੌਜੀ ਆਗੂ ਮਾਰੇ ਗਏ ਸਨ। ਇਸ ਹਮਲੇ ਵਿੱਚ ਇਰਾਨ ਦੇ ਸੁਪਰੀਮ ਲੀਡਰ ਦੀ ਪਤਨੀ, ਨੂੰਹ ਅਤੇ ਉਸ ਦੇ ਬੱਚੇ ਦੀ ਵੀ ਮੌਤ ਹੋ ਗਈ ਸੀ। ਇਸੇ ਹਮਲੇ ਤੋਂ ਬਾਅਦ ਇਰਾਨ ਨੇ ਖਾੜੀ ਦੇ ਮੁਲਕਾਂ ਵਿੱਚ ਅਮਰੀਕੀ ਅੱਡਿਆਂ ਅਤੇ ਇਜ਼ਰਾਇਲ ‘ਤੇ ਮੋੜਵੇਂ ਮਿਜ਼ਾਈਲ ਹਮਲੇ ਸ਼ੁਰੂ ਕੀਤੇ ਹੋਏ ਹਨ। ਇਨ੍ਹਾਂ ਹਮਲਿਆਂ ਨਾਲ ਇਜ਼ਰਾਇਲ ਅਤੇ ਖਾੜੀ ਮੁਲਕਾਂ ਵਿੱਚ ਅਮਰੀਕੀ ਫੌਜੀ ਅੱਡਿਆਂ ਅਤੇ ਆਰਥਕ ਟਿਕਾਣਿਆਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਆਪਣੀ ਹਵਾਈ ਸੈਨਾ ਅਤੇ ਨੇਵੀ ਦੀਆਂ ਕਮੀਆਂ ਦੇ ਬਾਵਜੂਦ ਇਰਾਨ ਨੇ ਜਿਸ ਤਰ੍ਹਾਂ ਕਤਰ, ਬਹਿਰੀਨ, ਸਾਉਦੀ ਅਰਬ, ਓਮਾਨ ਅਤੇ ਕੁਵੈਤ ਵਿੱਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਹਨ, ਉਸ ਨੇ ਅਮਰੀਕਾ ਦੀ ਸਾਮਰਾਜੀ ਸ਼ਾਨ ਨੂੰ ਵੱਡਾ ਧੱਕਾ ਲਾਇਆ ਹੈ। ਖਾਸ ਕਰਕੇ ਇਨ੍ਹਾਂ ਮੁਲਕਾਂ ਵਿੱਚ ਅਮਰੀਕੀ ਰਡਾਰ ਤਬਾਹ ਕਰਨਾ ਇਰਾਨ ਦੀ ਵੱਡੀ ਪ੍ਰਾਪਤੀ ਸਮਝੀ ਜਾ ਰਹੀ ਹੈ। ਏਅਰ ਡਿਫੈਂਸ ਨਾ ਹੋਣ ਕਰਕੇ ਇਰਾਨ ਨੂੰ ਇਸ ਜੰਗ ਵਿੱਚ ਭਾਵੇਂ ਸਭ ਤੋਂ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ 1300 ਦੇ ਕਰੀਬ ਲੋਕ ਮਾਰੇ ਗਏ ਹਨ। ਇਰਾਨ ਦੇ ਤਹਿਰਾਨ ਵਿੱਚ ਮੌਜੂਦ ਇੱਕ ਵੱਡੀ ਤੇਲ ਰਿਫਾਈਨਰੀ ਹਮਲੇ ਦੀ ਭੇਟ ਚੜ੍ਹ ਗਈ ਹੈ ਅਤੇ ਇਸ ਨਾਲ ਹਵਾ ਪ੍ਰਦੂਸ਼ਣ ਦੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਤੋਂ ਇਲਾਵਾ ਹਮਲੇ ਦੇ ਪਹਿਲੇ ਦਿਨ ਹੀ ਇੱਕ ਸਕੂਲ ‘ਤੇ ਡਿੱਗੇ ਅਮਰੀਕੀ-ਇਜ਼ਰਾਇਲੀ ਬੰਬਾਂ ਨਾਲ ਇੱਕ ਸਕੂਲ ਦੀਆਂ 180 ਬੱਚੀਆਂ ਮਾਰੀਆਂ ਗਈਆਂ; ਪਰ ਇਸ ਸਾਰੇ ਕੁਝ ਨੇ ਇਰਾਨ ਦੇ ਪਰਤਵੇਂ ਹਮਲਿਆਂ ਦੀ ਧਾਰ ਖੁੰਢੀ ਨਹੀਂ ਹੋਣ ਦਿੱਤੀ। ਹਰ ਰੋਜ਼ ਦੇ ਹਵਾਈ ਹਮਲੇ ਇਰਾਨ ਦਾ ਮਾਲੀ ਨੁਕਸਾਨ ਕਰ ਰਹੇ ਹਨ, ਪਰ ਇਹ ਇਰਾਨ ਦੇ ਇਰਾਦੇ ਨੂੰ ਤੋੜਨ ਵਿੱਚ ਨਾਕਾਮ ਸਾਬਤ ਹੋ ਰਹੇ ਹਨ। ਅਮਰੀਕਾ ਦੇ ਸਦਰ ਡੋਨਾਲਡ ਟਰੰਪ ਦਾ ਅਨੁਮਾਨ ਹੈ ਕਿ ਇਰਾਨ ਦੇ ਵਿਰੁਧ ਜੰਗ ਚਾਰ ਤੋਂ ਛੇ ਹਫਤੇ ਚੱਲੇਗੀ, ਜਦਕਿ ਇਰਾਨ ਦਾ ਕਹਿਣਾ ਹੈ ਕਿ ਉਹ ਛੇ ਮਹੀਨੇ ਦੀ ਜੰਗ ਲਈ ਤਿਆਰੀ ਕਰੀਂ ਬੈਠਾ ਹੈ।
ਤਿੰਨ ਚਾਰ ਕਿਸਮ ਦੇ ਇਜ਼ਰਾਇਲੀ ਏਅਰ ਡਿਫੈਂਸ ਹੋਣ ਦੇ ਬਾਵਜੂਦ ਇਰਾਨ ਦੀਆਂ ਮਿਜ਼ਾਈਲਾਂ ਬਿਲਕੁਲ ਸਟੀਕ ਇਜ਼ਰਾਇਲੀ ਟਿਕਾਣਿਆਂ ‘ਤੇ ਗਿਰ ਰਹੀਆਂ ਹਨ। ਜੰਗੀ ਸੰਕਟ ਦੇ ਬਾਵਜੂਦ ਇਰਾਨ ਦੇ ਸੱਤਾ ਦੇ ਕੁਲੀਨ ਕਾਰਿੰਦਿਆਂ ਨੇ ਆਪਣਾ ਧੀਰਜ ਨਹੀਂ ਗੁਆਇਆ, ਸਗੋਂ ਇੱਕ ਲੰਮੀ ਵਿਚਾਰ-ਚਰਚਾ ਤੋਂ ਬਾਅਦ ਆਇਤੁਲਾ ਖੁਮੈਨੀ ਦੇ ਪੁੱਤਰ ਆਇਤੁਲਾ ਮੋਜਤਬਾ ਖੁਮੈਨੀ ਨੂੰ ਆਪਣਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ। ਮੋਜਤਬਾ ਖੁਮੈਨੀ ਇਸ ਤੋਂ ਪਹਿਲਾਂ ਸਿਆਸੀ ਖੇਤਰ ਵਿੱਚ ਭਾਵੇਂ ਬਹੁਤੇ ਵਿਖਾਈ ਨਹੀਂ ਦਿੱਤੇ, ਪਰ ਉਨ੍ਹਾਂ ਬਾਰੇ ਇਹ ਮਸ਼ਹੂਰ ਹੈ ਕਿ ਉਨ੍ਹਾਂ ਨੇ ਇਰਾਨ-ਇਰਾਕ ਜੰਗ ਵਿੱਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਸ਼ੀਆ ਇਸਲਾਮਿਕ ਥੀਆਲੋਜੀ ਦਾ ਅਧਿਅਨ ਕੀਤਾ ਅਤੇ ਬੀਤੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ ਹਨ। ਇਰਾਨ ਦੀ ਪ੍ਰਮੁੱਖ ਸੈਨਿਕ ਤਾਕਤ, ਜਿਸ ਨੂੰ ਵਿਸ਼ੇਸ਼ ਵਿਚਾਰਧਾਰਕ ਸਿੱਖਿਆ ਰਾਹੀਂ ਬਚਪਨ ਤੋਂ ਤਿਆਰ ਕੀਤਾ ਜਾਂਦਾ ਹੈ, ਉਤੇ ਉਨ੍ਹਾਂ ਦੀ ਡੂੰਘੀ ਪਕੜ ਹੈ।
ਅਮਰੀਕਾ ਅਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਮਲੇ ਵਿੱਚ ਮਰਹੂਮ ਇਰਾਨੀ ਸੁਪਰੀਮ ਲੀਡਰ ਆਇਤੁਲਾ ਖੁਮੈਨੀ ਅਤੇ ਉਨ੍ਹਾਂ ਦੀ ਪਤਨੀ, ਨਵੇਂ ਸਦਰ ਮੋਜਤਬਾ ਦੀ ਪਤਨੀ ਅਤੇ ਬੱਚੇ ਸਮੇਤ ਸਾਰਾ ਪਰਿਵਾਰ ਮਾਰੇ ਜਾਣ ਕਾਰਨ ਮੋਜਤਬਾ ਦੇ ਹੱਕ ਵਿੱਚ ਇਰਾਨ ਵਿੱਚ ਇੱਕ ਹਮਦਰਦੀ ਦੀ ਲਹਿਰ ਵੀ ਹੈ। ਇਸ ਨਵੇਂ ਲੀਡਰ ਦੁਆਲੇ ਇਰਾਨ ਦੀਆਂ ਸਾਰੀਆਂ ਫੌਜਾਂ, ਸਰਕਾਰੀ ਅਮਲਾ ਫੈਲਾ ਅਤੇ ਲੋਕ ਇੱਕਮੁੱਠ ਹੋ ਸਕਦੇ ਹਨ। ਉਨ੍ਹਾਂ ਦੀ ਚੋਣ ਇਰਾਨੀ ਧਾਰਮਿਕ ਆਗੂਆਂ ਦੀ ਇੱਕ 88 ਮੈਂਬਰੀ ਕੌਂਸਲ ਵੱਲੋਂ ਕੀਤੀ ਗਈ ਹੈ। ਮੋਜਤਬਾ ਦੀ ਚੋਣ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਨਵੇਂ ਅਮਰੀਕਾ ਲੀਡਰ ਦੀ ਚੋਣ ਸਾਡੇ ਅਨੁਸਾਰ ਹੋਣੀ ਚਾਹੀਦੀ ਹੈ, ਜਦਕਿ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹੀਦ ਖੁਮੈਨੀ ਦੀ ਥਾਂ ਚੁਣੇ ਨਵੇਂ ਇਰਾਨੀ ਸੁਪਰੀਮ ਲੀਡਰ ਨੂੰ ਵੀ ਮਾਰ ਦਿੱਤਾ ਜਾਵੇਗਾ। ਪਰ ਇਨ੍ਹਾਂ ਸਾਰੀਆਂ ਧਮਕੀਆਂ ਤੋਂ ਬੇਪ੍ਰਵਾਹ ਰਹਿੰਦਿਆਂ ਮੋਜਤਬਾ ਖੁਮੈਨੀ ਨੂੰ ਇਰਾਨ ਨੇ ਆਪਣਾ ਨਵਾਂ ਸੁਪਰੀਮ ਲੀਡਰ ਚੁਣ ਲਿਆ ਹੈ। ਮੋਜਤਬਾ ਦੇ ਨਜ਼ਦੀਕੀਆਂ ਅਨੁਸਾਰ ਇਰਾਨ ਦਾ ਇਹ ਨਵਾਂ ਲੀਡਰ ਨਾ ਸਿਰਫ ਦੇਸ਼ ਨੂੰ ਅਗਵਾਈ ਦੇਣ ਦੀ ਧਾਰਮਿਕ ਸਮਰੱਥਾ ਰੱਖਦਾ ਹੈ, ਸਗੋਂ ਆਪਣੇ ਪਿਤਾ ਨਾਲੋਂ ਵੀ ਵਧੇਰੇ ਰੈਡੀਕਲ ਵਿਚਾਰਾਂ ਦਾ ਧਾਰਨੀ ਹੈ। ਮੋਜਤਬਾ ਖੁਮੈਨੀ ਦੇ ਅਹੁਦਾ ਹਾਸਲ ਕਰਨ ਦੀ ਅਗਲੀ ਰਾਤ ਹੀ ਇਰਾਨ ਨੇ ਇਜ਼ਰਾਇਲ ‘ਤੇ 200 ਮਿਜ਼ਾਈਲਾਂ ਦਾਗੀਆਂ। ਇਹ ਦੋਹਾਂ ਹਮਲਾਵਰ ਮੁਲਕਾਂ ਨੂੰ ਇੱਕ ਕਿਸਮ ਦਾ ਅਸਿੱਧਾ ਸੁਨੇਹਾ ਸੀ ਕਿ ਸਮਝੌਤੇ ਦੀ ਗੁੰਜਾਇਸ਼ ਮੁੱਕ ਚੁੱਕੀ ਹੈ।
ਇਸ ਦੇ ਨਾਲ-ਨਾਲ 28 ਫਰਵਰੀ ਨੂੰ ਆਇਤੁਲਾ ਖੁਮੈਨੀ ਸਮੇਤ ਇਰਾਨ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਉਪਰੋਕਤ ਦੋਹਾਂ ਮੁਲਕਾਂ ਨੂੰ ਲੱਗਾ ਸੀ ਕਿ ਸਿਰ ਵਿੱਚ ਵੱਜੀ ਇਸ ਸੱਟ ਨਾਲ ਇਰਾਨ ਦਾ ਰੂਲਿੰਗ ਐਲੀਟ ਬਿਖ਼ਰ ਜਾਵੇਗਾ, ਪਰ ਹਾਲੇ ਤੱਕ ਅਜਿਹਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਇਰਾਨ ਦੀ ਫੌਜੀ ਅਤੇ ਰਾਜਨੀਤਿਕ ਸੋਝੀ ਕਾਇਮ ਹੈ ਅਤੇ ਸੋਚ ਸਮਝ ਕੇ ਆਪਣੇ ਨਿਸ਼ਾਨੇ ਚੁਣ ਰਹੀ ਹੈ।
ਹੁਣ ਤੱਕ ਚੱਲੀ ਜੰਗ ਵਿੱਚ ਇਰਾਨ ਵਿੱਚ 1300 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਇਸ ਤੋਂ ਦੁਗਣੇ ਜ਼ਖਮੀ ਹੋਏ ਹਨ। ਜਦਕਿ ਇਜ਼ਰਾਇਲ ਅਤੇ ਅਮਰੀਕਾ ਦਾ ਵੀ ਵੱਡਾ ਨੁਕਸਾਨ ਹੋਇਆ। 8 ਅਮਰੀਕੀ ਫੌਜੀ ਮਾਰੇ ਗਏ ਹਨ ਅਤੇ ਕਾਫੀ ਗਿਣਤੀ ਵਿੱਚ ਜ਼ਖਮੀ ਹੋਏ ਹਨ। ਇਰਾਨ ਦਾ ਆਖਣਾ ਹੈ ਕਿ ਅਮਰੀਕਾ ਅਤੇ ਇਜ਼ਰਾਇਲ ਆਪਣੇ ਨੁਕਸਾਨ ਨੂੰ ਲੁਕਾਅ ਰਹੇ ਹਨ। ਇਰਾਨ ਦਾ ਦਾਅਵਾ ਹੈ ਕਿ ਅਮਰੀਕਾ ਦੇ 200 ਤੋਂ ਵੱਧ ਫੌਜੀ ਮਾਰੇ ਗਏ ਹਨ ਅਤੇ ਵੱਡੀ ਗਿਣਤੀ ਵਿੱਚ ਜ਼ਖਮੀ ਹੋਏ ਹਨ। ਜਰਮਨੀ ਦੇ ਇੱਕ ਅਮਰੀਕੀ ਮਿਲਟਰੀ ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਜਖਮੀ ਅਮਰੀਕੀ ਫੌਜੀਆਂ ਦਾ ਇਲਾਜ ਚੱਲ ਰਿਹਾ ਹੈ।
