*ਇਲੈਕਸ਼ਨ ਦੀ ਥਾਂ ਸਿਲੈਕਸ਼ਨ ਕੀਤੇ ਜਾਣ ਦੀ ਉਮੀਦ ਟੁੱਟੀ…
*ਇੱਕ ਧਿਰ ਵੱਲੋਂ ‘ਚੋਣ ਜਾਂ ਚੋਣ ਪ੍ਰਕਿਰਿਆ ਬਾਰੇ ਚਰਚਾ’ ਮੀਟਿੰਗ
ਕੁਲਜੀਤ ਸਿੰਘ
ਜਿਸ ਤਰ੍ਹਾਂ ਵਿਆਹ ਦੀ ਤਾਰੀਖ ਪੱਕੀ ਹੋਣ ਪਿੱਛੋਂ ਗਹਿਣਾ-ਗੱਟਾ, ਟੂਮ-ਛੱਲਾ ਆਦਿ ਬਣਵਾਉਣ; ਦਾਜ-ਵਰੀ ਸਬੰਧੀ ਸਲਾਹ-ਮਸ਼ਵਰਾ ਤੇ ਖਰੀਦੋ-ਫਰੋਖਤ ਕਰਨ; ਹਲਵਾਈ/ਕੈਟਰਿੰਗ ਵਾਲਿਆਂ ਨੂੰ ਮਿਠਾਈਆਂ/ਖਾਣੇ ਸਬੰਧੀ ਸਾਈ ਦੇਣ; ਕਾਰਡ ਛਪਵਾਉਣ/ਵੰਡਣ ਆਦਿ ਦਾ ਸਿਲਸਿਲਾ ਜ਼ੋਰਾਂ ਨਾਲ ਸ਼ੁਰੂ ਹੋ ਜਾਂਦਾ ਹੈ; ਜਾਂ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੇ ਮਾਹੌਲ ਵਿੱਚ ਹਲਚਲ ਹੋਣ ਲੱਗਦੀ ਹੈ ਤੇ ਰੁੱਸਿਆਂ ਨੂੰ ਮਨਾਉਣ ਦੇ ਨਿਮਰ-ਪੈਂਤੜੇ ਵਰਤਣੇ ਸ਼ੁਰੂ ਹੋ ਜਾਂਦੇ ਹਨ, ਇਵੇਂ ਹੀ ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਨੂੰ ਲੈ ਕੇ ਸਥਿਤੀ ਬਣੀ ਹੋਈ ਹੈ।
ਜਿਨ੍ਹਾਂ ਨੂੰ ਜਿੱਤ ਦੀ ਉਮੀਦ ਹੈ, ਉਹ ਮਨੋ-ਮਨ ਬਾਘੀਆਂ ਪਾ ਰਹੇ ਹਨ ਅਤੇ ਜਿਨ੍ਹਾਂ ਦੇ ਪਾਲ਼ੇ ਵਿੱਚ ਦੋਚਿੱਤੀ ਪੱਸਰੀ ਹੋਈ ਹੈ, ਉਹ ਕੁਝ ਗੱਲਾਂ ਨੂੰ ਲੈ ਕੇ ਚਿੰਤਿਤ ਹਨ। ਉਂਜ ਇੱਕ ਗੱਲ ਸਪਸ਼ਟ ਹੈ ਕਿ ਗੁਰਦੁਆਰੇ ਵਿੱਚ ਸਿਆਸਤ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ। ਖ਼ੈਰ! ਚੋਣਾਂ ਸਬੰਧੀ ਪ੍ਰਚਾਰ ਦਾ ਮੁੱਢ ਬੱਝ ਗਿਆ ਹੈ ਅਤੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਬਰਖਿਲਾਫ ਵਿਰੋਧ ਦੀਆਂ ਸੁਰਾਂ ਗੂੰਜਣ ਲੱਗੀਆਂ ਹਨ।
ਦੂਜੇ ਪਾਸੇ, ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਸਬੰਧੀ ਸਿਲੈਕਸ਼ਨ ਦੀ ਥਾਂ ਇਲੈਕਸ਼ਨ ਕੀਤੇ ਜਾਣ ਦੀਆਂ ਚਾਰਾਜੋਈਆਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਚੋਣਾਂ ਲਈ ਉਮੀਦਵਾਰਾਂ ਤੇ ਭਾਈਚਾਰਕ ਨੁਮਾਇੰਦਿਆਂ ਦੀ ‘ਇਲੈਕਸ਼ਨ ਜਾਂ ਸਿਲੈਕਸ਼ਨ’ ਸਬੰਧੀ ਆਪਸੀ ਮੀਟਿੰਗ ਖਾਨਾਪੂਰਤੀ ਤੋਂ ਵਧ ਕੇ ਕੁਝ ਨਹੀਂ ਸੀ, ਕਿਉਂਕਿ ਕੁਝ ਉਮੀਦਵਾਰਾਂ ਦੇ ਹਮਾਇਤੀਆਂ ਵੱਲੋਂ ਚੋਣ ਪ੍ਰਚਾਰ ਨੂੰ ਪਹਿਲ ਦੇ ਕੇ ਸਿਲੈਕਸ਼ਨ ਦੀ ਉਮੀਦ ਨੂੰ ਬੂਰ ਨਾ ਪੈਣ ਦਿੱਤਾ ਗਿਆ। ਉਂਜ ਇਹ ਪਹਿਲਾਂ ਤੋਂ ਹੀ ਤੈਅ ਸੀ ਕਿ ਸਿਲੈਕਸ਼ਨ ਦੀ ਥਾਂ ਇਲੈਕਸ਼ਨ ਨੂੰ ਪਹਿਲ ਦਿੱਤੀ ਜਾਵੇਗੀ; ਇਸੇ ਲਈ 8 ਮਾਰਚ ਨੂੰ ਸਿਲੈਕਸ਼ਨ ਕੀਤੇ ਜਾਣ ਦੀ ਉਮੀਦ ਟੁੱਟ ਗਈ। ਬੋਰਡ ਆਫ ਟਰੱਸਟੀ (ਬੀ.ਓ.ਟੀ.) ਲਈ ਪੰਜ ਮੈਂਬਰਾਂ ਦੀ ਚੋਣ ਲਈ ਅੱਠ ਉਮੀਦਵਾਰ ਮੈਦਾਨ ਵਿੱਚ ਹਨ। ਪੰਜ ਉਮੀਦਵਾਰ ਪੰਥਕ ਸਲੇਟ ਦੇ ਹਨ, ਜਦਕਿ ਤਿੰਨ ਉਮੀਦਵਾਰ ਦੂਜੀ ਧਿਰ ਦੇ। ਪੰਥਕ ਸਲੇਟ ਤੋਂ ਨਾਰਾਜ਼ ਕਾਰਸੇਵਾ ਜਥੇ ਨਾਲ ਜੁੜੇ ਸੰਗਤ ਦੇ ਕੁਝ ਮੈਂਬਰ ਦੂਜੀ ਧਿਰ ਦੀ ਹਮਾਇਤ `ਤੇ ਹਨ। ਦੂਜੇ ਪਾਸੇ, ਪੰਥਕ ਸਲੇਟ ਵਾਲੇ ਪੱਕੇ ਪੈਰੀਂ ਚੋਣ ਲੜਨ ਲਈ ਤਹੂ ਹਨ; ਕਿਉਂਕਿ ਮਸਲਾ ਆਪਣੀ ਪੈਂਠ ਬਣਾਏ ਰੱਖਣ ਦਾ ਵੀ ਆ ਜੁੜਿਆ ਹੈ।
ਗੁਰਦੁਆਰਾ ਚੋਣਾਂ ਦਾ ਅਸਰ ਇੰਨਾ ਹੈ ਕਿ ਲੰਘੇ ਐਤਵਾਰ ਨੂੰ ਜੁੜੀ ਸੰਗਤ ਵਿੱਚੋਂ ਬਹੁਤ ਘੱਟ ਸੰਗਤ ਦਾ ਧਿਆਨ ਕੀਰਤਨ ਜਾਂ ਕਥਾ-ਵਿਚਾਰ ਸੁਣਨ ਵਿੱਚ ਸੀ, ਜਦਕਿ ਚੋਣਾਂ ਸਬੰਧੀ ਸਿਆਸੀ ਪੈਂਤੜਿਆਂ ਅਤੇ ਚੋਣ ਮੈਦਾਨ ਫਤਿਹ ਕਰਨ ਦੀਆਂ ਵਿਉਂਤਾਂ ਨਾਲ ਲਬਰੇਜ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਸੀ; ਤੇ ਅਜਿਹਾ ਸਭ ਚੋਣਾਂ ਤੱਕ ਜਾਰੀ ਰਹਿਣ ਦੀ ਪੂਰੀ ਸੰਭਾਵਨਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਿਆਸਤ ਕਾਰਨ ਕੁਝ ਰਿਸ਼ਤੇਦਾਰੀਆਂ ਵਿੱਚ ਪਈਆਂ ਵਿਚਾਰਧਾਰਕ ਤਰੇੜਾਂ ਅਤੇ ਰੋਸੇ-ਗਿਲੇ ਗਹਿਰੇ ਹੋਣ ਲੱਗੇ ਹਨ।
ਇਸੇ ਦੌਰਾਨ ਇੱਕ ਧਿਰ ਵੱਲੋਂ ‘ਚੋਣ ਜਾਂ ਚੋਣ ਪ੍ਰਕਿਰਿਆ ਬਾਰੇ ਚਰਚਾ’ ਸਬੰਧੀ ਇੱਕ ਮੀਟਿੰਗ ਲੰਘੇ ਸ਼ਨਿਚਰਵਾਰ ਨੂੰ ਇਟਾਸਕਾ ਦੇ ‘ਟੱਚ ਆਫ ਸਪਾਈਸ’ ਵਿੱਚ ਕੀਤੀ ਗਈ। ਮੀਟਿੰਗ ਦਾ ਏਜੰਡਾ ‘ਸਾਡੇ ਗੁਰਦੁਆਰਾ ਸਾਹਿਬ ਅਤੇ ਅਗਲੀ ਪੀੜ੍ਹੀ ਦੇ ਭਵਿੱਖ’ ਲਈ ਆਪਣੀ ਕੀਮਤੀ ਫੀਡਬੈਕ ਸਾਂਝੀ ਕਰਨ ਬਾਰੇ ਸੀ। ਇਸ ਮੌਕੇ ਕੁਝ ਬੁਲਾਰਿਆਂ ਦਾ ਵਿਚਾਰ ਸੀ ਕਿ ਗੁਰੂਘਰ ਦੀਆਂ ਸੇਵਾਵਾਂ ਲਈ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਗੱਲ ਉਤੇ ਜ਼ੋਰ ਦਿੱਤਾ ਗਿਆ ਕਿ ਸੰਗਤ ਦੀ ਆਵਾਜ਼ ਬਹੁਤ ਮਾਇਨੇ ਰੱਖਦੀ ਹੈ। ਉਨ੍ਹਾਂ ਕਾਰਨਾਂ ਨੂੰ ਹੱਲ ਕਰੀਏ, ਜਿਨ੍ਹਾਂ ਕਾਰਨ ਸਾਡੇ ਕੁਝ ਨੌਜਵਾਨ ਸਾਡੇ ਭਾਈਚਾਰੇ ਤੋਂ ਦੂਰ ਹੋ ਗਏ ਹਨ।
ਇਸ ਮੌਕੇ ਗੁਰਦੁਆਰਾ ਕਮੇਟੀ ਕਾਰਨ ਪੈਦਾ ਹੋਈ ਕਥਿਤ ਗਰੁੱਪਬਾਜ਼ੀ `ਤੇ ਵੀ ਕਿੰਤੂ-ਪ੍ਰੰਤੂ ਕੀਤੇ ਗਏ ਅਤੇ ਸੁਝਾਅ ਦਿੱਤਾ ਗਿਆ ਕਿ ਇੱਕ ਅਜਿਹੀ ਕਮੇਟੀ ਹੋਵੇ ਜੋ ਰਲ-ਮਿਲ ਕੇ ਚੱਲੇ। ਮੀਟਿੰਗ ਪ੍ਰਬੰਧਕਾਂ ਨੇ ਬਾਅਦ ਵਿੱਚ ਇੱਕ ਕਮੇਟੀ ਬਣਾਈ, ਜੋ ਕਿਸੇ ਵੀ ਤਰ੍ਹਾਂ ਦੇ ਮੁੱਦੇ ਬਾਰੇ ਸਾਂਝੇ ਤੌਰ `ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਬਣਾਏਗੀ। ਇਸ ਮੌਕੇ ਇਲੈਕਸ਼ਨ ਕਮੇਟੀ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਕੀਤੇ ਗਏ ਕਿ ਜਿਸ ਦਿਨ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਦੀ ਆਖਰੀ ਤਾਰੀਖ ਸੀ, ਉਸੇ ਸ਼ਾਮ ਨਾਵਾਂ ਦੀ ਸੂਚੀ ਉਮੀਦਵਾਰਾਂ ਜਾਂ ਸੰਗਤ ਨਾਲ ਸਾਂਝੀ ਕਿਉਂ ਨਹੀਂ ਕੀਤੀ ਗਈ? ਇਹ ਦੋਸ਼ ਲਾਇਆ ਗਿਆ ਕਿ ਪੰਥਕ ਸਲੇਟ ਨਾਲ ਮਿਲੀਭੁਗਤ ਕਾਰਨ ਅਜਿਹਾ ਹੋਇਆ (ਚੋਣ ਕਮੇਟੀ ਦੇ ਚੇਅਰਮੈਨ ਅਨੁਸਾਰ ਨਾਮਜ਼ਦਗੀਆਂ ਸਬੰਧੀ ਰਿਵਿਊ ਕਰਨ ਪਿੱਛੋਂ ਹੀ ਸੂਚੀ ਜਾਰੀ ਕਰਨੀ ਸੀ)।
ਇਸ ਮੌਕੇ ਮੰਚ ਸੰਚਾਲਨ ਕਰਦਿਆਂ ਸੁਖਵੰਤ ਸਿੰਘ ਨੇ ਕਿਹਾ ਕਿ ਸਾਰਿਆਂ ਦੀ ਰਜ਼ਾ ਇਹੋ ਹੈ ਕਿ ਸਿਲੈਕਸ਼ਨ ਹੋ ਜਾਵੇ, ਕਿਉਂਕਿ ਇਲੈਕਸ਼ਨ ਵਿੱਚ ਗੁੱਸੇ-ਰਾਜ਼ੀ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਮੌਜੂਦਾ ਸਥਿਤੀ ਇਹ ਹੈ ਕਿ ਜੇ ਕੋਈ ਗੁਰਦੁਆਰਾ ਪੈਲਾਟਾਈਨ ਦੀ ਕਮੇਟੀ ਨੂੰ ਸਵਾਲ ਕਰਦਾ ਹੈ ਤਾਂ ਉਸ ਦਾ ਕੋਈ ਸਪਸ਼ਟ ਜਵਾਬ ਨਹੀਂ ਮਿਲਦਾ। ਅਜਿਹੀਆਂ ਗੱਲਾਂ ਨੂੰ ਦਰੁਸਤ ਕਰਨ ਲਈ ਤਬਦੀਲੀ ਦੀ ਲੋੜ ਹੈ। ਉਨ੍ਹਾਂ ਆਪਣੀ ਧਿਰ ਦੇ ਉਮੀਦਵਾਰਾਂ ਨਾਲ ਜਾਣ-ਪਛਾਣ ਕਰਵਾਈ ਅਤੇ ਭਰੋਸਾ ਦਿੱਤਾ ਕਿ ਇਹ ਕਿਸੇ ਵੀ ਮੁੱਦੇ `ਤੇ ਸੰਗਤ ਨਾਲ ਵਿਚਾਰ ਕਰ ਕੇ ਅੱਗੇ ਵਧਣਗੇ।
ਇਸ ਮੌਕੇ ਬੋਰਡ ਆਫ ਟਰੱਸਟੀ (ਬੀ.ਓ.ਟੀ.) ਲਈ ਉਮੀਦਵਾਰ ਸਵਰਨਜੀਤ ਸਿੰਘ ਨੇ ਆਪਣੀ ਤਕਰੀਰ ਵਿੱਚ ਗੁਰਦੁਆਰਾ ਸੰਵਿਧਾਨ ਦੇ ਹਵਾਲੇ ਨਾਲ ਦੱਸਿਆ ਕਿ ਇਲੈਕਸ਼ਨ ਰੋਕਣ ਲਈ ਕੋਈ ਵੀ ਵਿਧੀ ਅਪਨਾ ਸਕਦੇ ਹੋ, ਯਾਨੀ ਸਿਲੈਕਸ਼ਨ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਸੰਦਰਭ ਵਿੱਚ ਇਲੈਕਸ਼ਨ ਹੈ ਹੀ ਨਹੀਂ। ਇੱਥੋਂ ਤੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਿਸੇ ਵੀ ਗੁਰਦੁਆਰੇ ਵਿੱਚ ਇਲੈਕਸ਼ਨ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਚਾਰ ਗੱਲਾਂ ਮੁੱਖ ਹੁੰਦੀਆਂ ਹਨ- ਪਹਿਲੀ, ਪਰਿਵਾਰ ਇਕੱਠੇ ਹੋ ਜਾਂਦੇ ਹਨ; ਦੂਜੀ, ਇਲਾਕਾ ਇਕੱਠਾ ਹੋ ਜਾਂਦਾ ਹੈ; ਤੀਜੀ, ਜਿਹੜੇ ਕੰਮ ਇਕੱਠੇ ਕਰਦੇ ਹਨ, ਉਹ ਇਕੱਠੇ ਹੋ ਜਾਂਦੇ ਹਨ; ਤੇ ਅਖੀਰ ਵਿੱਚ ਜਾਤ-ਬਰਾਦਰੀ `ਤੇ ਗੱਲ ਆ ਖੜ੍ਹਦੀ ਹੈ। ਗੁਰਦੁਆਰਾ ਸਾਹਿਬ ਦੇ ਉਦੇਸ਼ਾਂ ਵਿੱਚ ਇਹ ਚਾਰੇ ਨਹੀਂ ਹਨ, ਪਰ ਇਹ ਚਾਰੇ ਪ੍ਰੋਮੋਟ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦੋ ਚੀਜ਼ਾਂ ਨੂੰ ਬਚਾਉਣ ਦੀ ਲੋੜ ਹੈ- ਇੱਕ ਹੈ ਅਸਲ (ਗੁਰੂ ਗ੍ਰੰਥ ਸਾਹਿਬ) ਅਤੇ ਦੂਜੀ ਨਸਲ। ਜੇ ਅਸਲ ਨਾਲ ਜੁੜਾਂਗੇ ਤਾਂ ਨਸਲ ਬਚੇਗੀ। ਉਨ੍ਹਾਂ ਕਿਹਾ ਕਿ ਗੁਰੂਘਰ ਵਿੱਚ ਕੰਮ ਕਰਨ ਦੇ ਢੰਗ ਅਤੇ ਸੁਭਾਅ ਕਾਰਨ ਟਕਰਾਅ ਪੈਦਾ ਹੋ ਰਿਹਾ ਹੈ। ਸਿਸਟਮ ਵਿੱਚ ਆ ਗਈਆਂ ਮਨਮਰਜ਼ੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਬੰਦਿਆਂ ਦੀ ਚੋਣ ਜ਼ਰੂਰੀ ਹੈ, ਜੋ ਨਿਰਪੱਖ ਰਹਿ ਕੇ ਗੁਰੂਘਰ ਦਾ ਪ੍ਰਬੰਧ ਚਲਾਉਣ।
ਸਤਨਾਮ ਸਿੰਘ ਗਿੱਲ (ਬੀ.ਓ.ਟੀ. ਲਈ ਉਮੀਦਵਾਰ) ਨੇ ਕਿਹਾ ਕਿ ਉਹ ਸਿਲੈਕਸ਼ਨ ਦੇ ਹੱਕ ਵਿੱਚ ਹਨ। ਉਹ ਚਾਹੁੰਦੇ ਹਨ ਕਿ ਗੁਰਦੁਆਰੇ ਵਿੱਚ ਸ਼ਾਂਤੀ ਵਾਲਾ ਮਾਹੌਲ ਹੋਣਾ ਚਾਹੀਦਾ ਹੈ, ਨਾ ਕਿ ਲੜਾਈ-ਝਗੜੇ! ਉਨ੍ਹਾਂ ਕਿਹਾ ਕਿ ਗੁਰਦੁਆਰੇ ਵਿੱਚ ਕਈ ਵਧੀਆ ਕੰਮ ਹੋਏ ਹਨ ਤੇ ਅਸੀਂ ਵੀ ਵੱਧ ਤੋਂ ਵੱਧ ਕੰਮ ਕਰਾਂਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਗੁਰੂਘਰ ਲਈ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਹਾਜ਼ਰ ਹਨ। ਇਸ ਮੌਕੇ ਸਤਨਾਮ ਸਿੰਘ ਗਿੱਲ ਨੇ ਪੁਰਾਣੇ ਸਮਿਆਂ `ਚ ਗੁਰੂਘਰ ਬਣਾਏ ਜਾਣ ਲਈ ਤਰੱਦਦ ਕਰਨ ਵਾਲੇ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਗੁਰਦੁਆਰਾ ਪੈਲਾਟਾਈਨ ਦੇ ਰੂਪ ਵਿੱਚ ਭਾਈਚਾਰੇ ਲਈ ਵਿਰਾਸਤ ਖੜ੍ਹੀ ਕੀਤੀ। ਉਨ੍ਹਾਂ ਸੁਝਾਅ ਦਿੱਤਾ ਕਿ ਜਿਨ੍ਹਾਂ ਦੀ ਸੇਵਾ ਸਦਕਾ ਗੁਰਦੁਆਰੇ ਵਿੱਚ ਵਿਕਾਸ ਹੋਏ ਹਨ, ਭਵਿੱਖ ਵਿੱਚ ਵੀ ਉਨ੍ਹਾਂ ਦੀ ਸਲਾਹ ਨਾਲ ਅੱਗੇ ਵਧਣਾ ਚਾਹੀਦਾ ਹੈ।
ਬੀ.ਓ.ਟੀ. ਲਈ ਇੱਕ ਹੋਰ ਉਮੀਦਵਾਰ ਤਰਲੋਚਨ ਸਿੰਘ ਨੇ ਦੋ-ਹਰਫ਼ੀ ਗੱਲ ਕਰਦਿਆਂ ਸਵਾਲ ਕੀਤਾ ਕਿ ਅਸੀਂ ਗੁਰਦੁਆਰਾ ਸਾਹਿਬ ਨੂੰ ਉਥੇ ਖੜ੍ਹੇ ਦੇਖਣਾ ਚਾਹੁੰਦੇ ਹਾਂ ਕਿ ਅੱਗੇ ਵਧਾਉਣਾ ਚਾਹੁੰਦੇ ਹਾ? ਉਨ੍ਹਾਂ ਕਿਹਾ ਕਿ ਹੁਣ ਜੋ ਮੈਂ ਦੇਖ ਰਿਹਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਿੱਚ ਯੂਥ ਬਹੁਤ ਘੱਟ ਹੈ, ਜਦਕਿ ਉਨ੍ਹਾਂ ਨੂੰ ਸ਼ਾਮਲ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਸੰਘਾ ਨੇ ਤੌਖਲਾ ਪ੍ਰਗਟਾਇਆ ਕਿ ਜੇ ਆਪਾਂ ਕੋਈ ਉਪਰਾਲਾ ਨਾ ਕੀਤਾ ਤਾਂ ਗੁਰਦੁਆਰਾ ਪੈਲਾਟਾਈਨ ਇੱਕ ਡੇਰਾ ਬਣ ਜਾਣਾ ਹੈ। ਉਨ੍ਹਾਂ ਕਿਹਾ ਕਿ ਜੋ ਅਸੀਂ ਪੁਰਾਣੇ ਆਏ ਸਨ ਤੇ ਗੁਰਦੁਆਰਾ ਸਾਹਿਬ ਕਿੰਨੀਆਂ ਤੰਗੀਆਂ ਨਾਲ ਬਣਾਇਆ, ਸਾਨੂੰ ਇਸ ਦੀ ਤਰੱਕੀ ਕਰਨੀ ਚਾਹੀਦੀ ਹੈ, ਨਾ ਕਿ ਇੱਥੇ ਡੇਰਾਵਾਦ ਨੂੰ ਵਧਾਇਆ ਜਾਵੇ।
ਡਾ. ਰਛਪਾਲ ਸਿੰਘ ਬਾਜਵਾ ਨੇ ਸੁਝਾਅ ਦਿੱਤਾ ਕਿ ਜਿਨ੍ਹੇ ਗੁਰੂਘਰ ਸੇਵਾ ਕਰਨੀ ਹੈ, ਉਹ ਸਿਸਟਮ ਜਾਂ ਕਾਇਦੇ-ਕਾਨੂੰਨ ਬਾਰੇ ਜਾਣੂ ਹੋਣਾ ਚਾਹੀਦਾ ਹੈ। ਸ਼ਿਕਾਗੋ ਦੀ ਸੰਗਤ ਵੱਖ-ਵੱਖ ਤਰ੍ਹਾਂ ਦੀ ਹੈ, ਕਿਉਂਕਿ ਗੁਰੂਘਰ ਦਾ ਕੰਮ ਸਾਂਝਾ ਹੁੰਦਾ ਹੈ, ਇਸ ਵਿੱਚ ਬਹੁਤੀ ਸਖਤਾਈ ਚੰਗਾ ਰੁਝਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀਆਂ ਬਣਦੀਆਂ ਸਨ ਕੰਮ ਨੂੰ ਸੁਖਾਲਾ ਕਰਨ ਲਈ, ਪਰ ਰੋਡ ਬਲੌਕ (ਅੜਿੱਕੇ) ਲਾਉਣਾ ਠੀਕ ਨਹੀਂ। ਡਾ. ਬਾਜਵਾ ਨੇ ਮੌਜੂਦਾ ਪ੍ਰਬੰਧਕ ਕਮੇਟੀ `ਤੇ ਤਨਜ਼ ਕੱਸੀ ਕਿ ਜਦੋਂ ਕਮੇਟੀ ਨੂੰ ਕਿਸੇ ਸੁਝਾਅ ਵਾਸਤੇ ਗੱਲ ਕਰਦੇ ਹਾਂ, ਉਹਦੇ `ਤੇ ਅਸਰ ਨਹੀਂ ਕਰਦੇ। ਇੱਥੋਂ ਤੱਕ ਕਿ ਕੁਝ ਮੈਂਬਰ ਤਾਂ ਸਾਹਮਣੇ ਵਾਲੇ ਦਾ ਸਤਿਕਾਰ ਵੀ ਭੁੱਲ ਜਾਂਦੇ ਹਨ। ਉਨ੍ਹਾਂ ਗੁਰੂਘਰ ਵਿੱਚ ਵਧ ਰਹੇ ਪਰਿਵਾਰਵਾਦ ਉਤੇ ਵੀ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ (ਸ਼ੁਰੂ ਸ਼ੁਰੂ ਵਿੱਚ) ਗੁਰੂਘਰ ਸੇਵਾ ਨਿਭਾਈ, ਉਨ੍ਹਾਂ ਦੀ ਗੁਰਦੁਆਰੇ ਵਿੱਚ ਕੋਈ ਪੁੱਛ-ਪ੍ਰਤੀਤ ਨਹੀਂ ਰਹਿ ਗਈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਗੁਰੂਘਰ ਭਾਵੇਂ ਇੱਕ ਦਿਨ ਹੀ ਜਾਂਦਾ ਹੈ, ਉਹ ਵੀ ਸਾਡੇ ਭਾਈਚਾਰੇ ਲਈ ਅਹਿਮ ਹੈ।
ਕੁਲਵੰਤ ਸਿੰਘ ਹੁੰਦਲ ਨੇ ਕਿਹਾ ਕਿ ਜਦੋਂ ਦਾ ਮੈਂ ਗੁਰਦੁਆਰਾ ਸਾਹਿਬ ਨਾਲ ਜੁੜਿਆ ਹਾਂ, ਇਹ ਇਲੈਕਸ਼ਨਾਂ ਦਾ ਕੈਂਸਰ ਸਾਡੇ ਤੋਂ ਮਿਟਾਅ ਨਹੀਂ ਹੋਇਆ, ਜਿਸ ਕਾਰਨ ਪਰਿਵਾਰਾਂ ਦੇ ਪਰਿਵਾਰ ਇੱਕ ਦੂਜੇ ਨਾਲ ਤਿਊੜੀ ਵੱਟ ਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਬੁੱਧੀਜੀਵੀ ਵਰਗ ਪਿੱਛੇ ਰਹਿ ਜਾਂਦਾ ਹੈ, ਜਦਕਿ ਹੂੜਮੱਤੀਏ ਗੁਰਦੁਆਰੇ ਵਿੱਚ ਘੜੱਮ ਚੌਧਰੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰੇ, ਜਿੱਥੇ ਭਾਈਚਾਰੇ ਵਿੱਚ ਸਾਂਝ ਵਧਾਉਣੀ ਸੀ, ਪਰ ਇੱਥੇ ਅਸੀਂ ਹੋਰ ਹੀ ਬਲਾਵਾਂ ਲੈ ਕੇ ਗਲ਼ ਵਿੱਚ ਪਾਈ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਜੇ ਇਲੈਕਸ਼ਨ ਹੁੰਦੀ ਹੈ ਤਾਂ ਸਾਨੂੰ ਦਿਆਨਤਦਾਰੀ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।
ਕਾਰਸੇਵਾ ਜਥੇ ਦੇ ਇੱਕ ਮੈਂਬਰ ਓਂਕਾਰ ਸਿੰਘ ਢਿੱਲੋਂ ਨੇ ਕਿਹਾ ਕਿ ਨਾਮ ਤਾਂ ਹੈ ਸਿੱਖ ਰਿਲੀਜੀਅਸ ਸੁਸਾਇਟੀ, ਪਰ ਜੋ ਮੌਜੂਦਾ ਪ੍ਰਬੰਧਕ ਕਮੇਟੀ ਹੈ, ਇਹ ਧਰਮ ਦੀ ਗੱਲ ਨੂੰ ਪਿੱਛੇ ਕਰ ਰਹੀ ਹੈ। ਉਨ੍ਹਾਂ ਨਾਮਜ਼ਦਗੀਆਂ ਵਾਪਸ ਲੈਣ ਸਮੇਂ ਪੰਥਕ ਸਲੇਟ ਵੱਲੋਂ ਜਿੱਤ ਯਕੀਨੀ ਬਣਾਉਣ ਲਈ ਕਥਿਤ ਤੌਰ `ਤੇ ਧਾਂਦਲੀ ਕੀਤੇ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਗੁਰੂਘਰ ਵਿੱਚ ਸੱਚ ਦੀ ਗੱਲ ਨਾਲੋਂ ‘ਮੈਂ’ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਬਲਬੀਰ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕਿਸੇ ਵੇਲੇ ਗੁਰਦੁਆਰਾ ਸਾਹਿਬ ਦੀ ਮੈਂਬਰਸ਼ਿਪ ਤਿੰਨ ਹਜ਼ਾਰ ਤੋਂ ਵੀ ਵੱਧ ਸੀ, ਜਦਕਿ ਹੁਣ ਅੱਧੀ ਰਹਿ ਗਈ ਹੈ। ਸੰਗਤ ਵਧੀ ਹੈ, ਪਰ ਮੈਂਬਰਸ਼ਿਪ ਘਟੀ ਹੈ। ਕਿਤੇ ਕੋਈ ਗੈਪ (ਖੱਪਾ) ਹੈ, ਜਿਸ ਨੂੰ ਭਰਨ ਦੀ ਲੋੜ ਹੈ; ਜੇ ਅਸੀਂ ਆਪਣਾ ਵਿਰਸਾ ਸਾਂਭਣਾ ਹੈ। ਗੁਰਮੀਤ ਸਿੰਘ ਬੈਂਸ ਨੇ ਕਿਹਾ ਕਿ ਜੇ ਅਸੀਂ ਆਪਣੇ ਉਮੀਦਵਾਰ-ਸਤਨਾਮ ਸਿੰਘ ਗਿੱਲ, ਤਰਲੋਚਨ ਸਿੰਘ, ਸਵਰਨਜੀਤ ਸਿੰਘ ਤੇ ਸੁਰਿੰਦਰ ਕੌਰ ਸੰਘਾ ਕਾਮਯਾਬ ਬਣਾ ਲਏ ਤਾਂ ਅਗਲੀ ਵਾਰ ਚੋਣਾਂ ਦੀ ਥਾਂ ਸਹਿਮਤੀ ਦੀ ਸੰਭਾਵਨਾ ਬਣ ਜਾਵੇਗੀ। ਜੇ ਅਸੀਂ ਆਪਣੇ-ਆਪਣੇ ਪਰਿਵਾਰ ਸਾਂਭ ਲਏ ਤਾਂ ਆਪਣੇ ਉਮੀਦਵਾਰ ਜਿੱਤ ਜਾਣਗੇ। ਉਨ੍ਹਾਂ ਨੇ ਵਿੱਤੀ ਮਦਦ ਵਜੋਂ ਪੰਜ ਸੌ ਡਾਲਰ ਦੇਣ ਦਾ ਐਲਾਨ ਕੀਤਾ।
ਰਘਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਹੁਣ ਵਾਲੀ ਪ੍ਰਬੰਧਕ ਕਮੇਟੀ ਬਹੁਤ ਜ਼ਿਆਦਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਵਾਲੀ ਲਿਸਟ ਸਾਡੇ ਉਮੀਦਵਾਰਾਂ ਨੂੰ ਦੇਣ ਤੋਂ ਟਾਲਾ ਵੱਟਿਆ ਗਿਆ, ਜਦਕਿ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਚੋਣ ਕਮੇਟੀ ਵੱਲੋਂ ਇਲੈਕਸ਼ਨ/ਸਿਲੈਕਸ਼ਨ ਸਬੰਧੀ ਉਮੀਦਵਾਰਾਂ ਦੀ 8 ਮਾਰਚ ਨੂੰ ਇੱਕ ਮੀਟਿੰਗ ਰੱਖੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਦੂਜੀ ਧਿਰ ਵੱਲੋਂ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਵਕੀਲ ਹਰਲੀਨ ਕੌਰ ਨੇ ਇਲੈਕਸ਼ਨ/ਸਿਲੈਕਸ਼ਨ ਸਬੰਧੀ ਕੁਝ ਸਵਾਲ ਕੀਤੇ, ਜਿਨ੍ਹਾਂ ਬਾਰੇ ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਪ੍ਰਧਾਨ ਡਾ. ਪਰਦੀਪ ਸਿੰਘ ਗਿੱਲ ਨੇ ਚਾਨਣਾ ਪਾਇਆ।
ਡਾ. ਪਰਦੀਪ ਸਿੰਘ ਗਿੱਲ ਨੇ ਵਿਚਾਰ ਰੱਖਿਆ ਕਿ ਜਿਹੜੇ ਬੱਚੇ ਅੰਗਰੇਜ਼ੀ ਵਿੱਚ ਪੜ੍ਹ ਰਹੇ ਹਨ, ਉਨ੍ਹਾਂ ਨੂੰ ਗੁਰਦੁਆਰੇ ਵਿੱਚ ਕੁਝ ਸਮਝ ਨਹੀਂ ਆਉਂਦਾ; ਕਿਉਂਕਿ ਗੁਰਦੁਆਰੇ ਵਿੱਚ ਜਿਹੜੇ ਕਥਾਕਾਰ ਆਉਂਦੇ ਹਨ, ਉਹ ਅੰਗਰੇਜ਼ੀ ਵਿੱਚ ਪਰਪੱਕ ਨਹੀਂ ਹਨ। ਇਸ ਦਾ ਹੱਲ ਹੈ ਕਿ ਗੁਰੂਘਰ ਵਿੱਚ ਪੜ੍ਹੇ-ਲਿਖੇ ਤੇ ਸਿੱਖਿਅਤ ਕਥਾਕਾਰ ਬੁਲਾਉਣੇ ਚਾਹੀਦੇ ਹਨ। ਉਨ੍ਹਾਂ ਸਰਵਣ ਸਿੰਘ ਬੋਲੀਨਾ ਦਾ ਸੁਨੇਹਾ ਵੀ ਸਾਂਝਾ ਕੀਤਾ ਕਿ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਿਹੜੇ ਕੰਮ ਕੀਤੇ ਜਾਂਦੇ ਹਨ, ਉਨ੍ਹਾਂ ਦੀ ਜਾਣਕਾਰੀ ਸੰਗਤ ਨੂੰ ਦੇਣੀ ਚਾਹੀਦੀ ਹੈ। ਡਾ. ਗਿੱਲ ਨੇ ਕਿਹਾ ਕਿ ਇਲੀਨਾਏ ਸਟੇਟ ਵਿੱਚ ਅਪਰੈਲ ਮਹੀਨਾ ਸਿੱਖ ਅਵੇਅਰਨੈਸ ਐਪਰੀਸੀਏਸ਼ਨ ਮੰਥ ਦੇ ਤੌਰ `ਤੇ ਮਾਨਤਾ ਪ੍ਰਾਪਤ ਹੈ। ਇਸ ਸਬੰਧੀ ਵੀ ਸੰਗਤ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਭਾਈਚਾਰਕ ਪਹਿਚਾਣ ਦੇ ਮੱਦੇਨਜ਼ਰ ਜ਼ਰੂਰੀ ਹੈ।
ਅਮਰਦੇਵ ਸਿੰਘ ਬੰਦੇਸ਼ਾ ਨੇ ਗੁਰਦੁਆਰਾ ਸੰਵਿਧਾਨ ਵਿੱਚ ਸੋਧ ਦੇ ਹਵਾਲੇ ਨਾਲ ਕਿਹਾ ਕਿ ਦੂਜੀ ਧਿਰ ਗੁਰਦੁਆਰੇ ਵਿੱਚ ਕੱਟੜਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ, ਜਦਕਿ ਸੰਵਿਧਾਨ ਸਾਰੇ ਸਮਾਜ ਨੂੰ ਇਕੱਠਾ ਰੱਖਣ ਦੇ ਨਜ਼ਰੀਏ ਤੋਂ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਕਿਸੇ ਵੀ ਸੰਸਥਾ ਲਈ ਅਹਿਮ ਹੈ; ਇਸ ਨਾਲ ਇੱਕ ਪੱਕੀ ਆਮਦਨ ਗੁਰਦੁਆਰਾ ਸਾਹਿਬ ਨੂੰ ਆਉਂਦੀ ਹੈ। ਦੂਜੀ ਗੱਲ, ਰਾਜਨੀਤਿਕ ਤੌਰ `ਤੇ ਪ੍ਰਭਾਵ ਵੀ ਵਧਦਾ ਹੈ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਨੂੰ ਸਿਰਫ ਵੋਟਾਂ ਨਾਲ ਜੋੜ ਲੈਣਾ ਵੱਡੀ ਗਲਤੀ ਹੈ, ਜਿਸ ਕਾਰਨ ਲੋਕ ਮੈਂਬਰਸ਼ਿਪ ਲੈਣ ਤੋਂ ਟਲ਼ਣ ਲੱਗ ਪਏ ਹਨ। ਸ. ਬੰਦੇਸ਼ਾ ਨੇ ਸਵਾਲ ਕੀਤਾ ਕਿ ਕੀ ਅਸੀਂ ਗੁਰੂਘਰ ਹੋਰ ਸਮਾਜਿਕ ਲੋੜਾਂ ਪੂਰੀਆਂ ਕਰਨ ਲਈ ਕੁਝ ਕੀਤਾ? ਕੀ ਅਸੀਂ ਭਾਈਚਾਰਕ ਤੌਰ `ਤੇ ਘਰਾਂ ਵਿੱਚ ਇਕੱਲੇ ਬੈਠੇ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਕੁਝ ਕੀਤਾ? ਉਨ੍ਹਾਂ ਕਿਹਾ ਕਿ ਗੁਰੂਘਰ ਦੀ ਇਮਾਰਤ ਵਿਸ਼ੇਸ਼ ਜਾਂ ਨਿੱਜੀ ਸਮਾਗਮਾਂ ਦੇ ਦਿਨਾਂ ਤੋਂ ਬਿਨਾ ਖਾਲੀ ਹੁੰਦੀ ਹੈ, ਉਸ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
ਸੁਖਮੇਲ ਸਿੰਘ ਅਟਵਾਲ ਨੇ ਕਿਹਾ ਕਿ ਗੁਰਦੁਆਰਾ ਬਣੇ ਨੂੰ ਪੰਜਾਹ ਸਾਲ ਹੋ ਗਏ ਹਨ, ਇੱਥੇ ਅਮੁੱਕ ਲੜਾਈ ਹੈ ਤੇ ਇੱਦਾਂ ਹੀ ਰਹਿਣੀ ਹੈ ਜਦੋਂ ਤੱਕ ਅਸੀਂ ਇਕੱਠੇ ਬਹਿਣਾ ਨਹੀਂ ਸਿੱਖਦੇ। ਜੇ ਅਸੀਂ ਅਜੇ ਤੱਕ ਨਹੀਂ ਸਿੱਖਿਆ, ਤਾਂ ਸਿੱਖਣਾ ਅਗਾਂਹ ਵੀ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਮਾਖਤਾ ਜ਼ਾਹਰ ਕੀਤਾ ਕਿ ਚੋਣਾਂ ਸਮੇਂ ਸਰਗਰਮ ਹੋਣ ਨਾਲੋਂ ਸਾਰਾ ਸਾਲ ਮਿਲਦੇ-ਜੁਲਦੇ ਰਹੋ। ਜੇ ਕੋਈ (ਗੁਰੂਘਰ ਵਿੱਚ) ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਸੰਗਤ ਸਾਹਮਣੇ ਲਿਆਓ।
ਇਰਵਿਨਪ੍ਰੀਤ ਸਿੰਘ ਨੇ ਉਮੀਦਵਾਰਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਡੇ ਵਿੱਚ ਵਖਰੇਂਵੇ ਬਹੁਤ ਹਨ, ਪਰ ਸਾਨੂੰ ਜੋੜਨ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਜਿਹੜਾ ਵੀ ਕਿਸੇ ਅਹੁਦੇ `ਤੇ ਆਵੇ, ਉਸ ਨੂੰ ਸਾਂਝੀਵਾਲਤਾ ਦਾ ਸੁਨੇਹਾ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਨੂੰ ਹੀ ਚੁਣੇ ਜੋ ਯੋਗ ਹੋਣ; ਜੇ ਸੰਗਤ ਸੁਚੇਤ ਹੋਵੇਗੀ ਤਾਂ ਲੀਡਰ ਵੀ ਸੁਚੇਤ ਹੋਣਗੇ। ਯਾਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂਘਰ ਵਿੱਚ ਘਿਨਾਉਣੀਆਂ ਹਰਕਤਾਂ ਹੋਣ ਕਾਰਨ ਹੁਣ ਉਹ ਗੁਰੂ ਘਰ ਨਹੀਂ ਰਹਿ ਗਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਬੋਰਡ ਵਿੱਚ ਹੁੰਦਿਆਂ ਜੋ ਮੇਰੇ ਨਾਲ ਵਾਪਰ ਰਿਹਾ ਹੈ, ਮੈਨੂੰ ਹੀ ਪਤਾ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਖਾਲਿਸਤਾਨ ਸਬੰਧੀ ਗਤੀਵਿਧੀਆਂ ਉਤੇ ਵੀ ਕਿੰਤੂ-ਪ੍ਰੰਤੂ ਕੀਤਾ। ਜਗਜੀਤ ਸਿੰਘ ਢੀਂਡਸਾ ਨੇ ਸੁਝਾਅ ਦਿੱਤਾ ਕਿ ਜਦੋਂ ਮੈਂਬਰਸ਼ਿਪ ਬਣਦੀ ਹੈ, ਉਦੋਂ ਗੁਰਦੁਆਰੇ ਵਿੱਚ ਵਿਸ਼ੇਸ਼ ਟੇਬਲ ਲਾ ਕੇ ਜਾਣਕਾਰੀ ਦੇਣੀ ਚਾਹੀਦੀ ਹੈ। ਸੁਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬਲਬੀਰ ਸਿੰਘ, ਗੁਰਮੀਤ ਸਿੰਘ ਬੈਂਸ, ਸੁਖਵੰਤ ਸਿੰਘ ਅਤੇ ਹੋਰਨਾਂ ਨੇ ਉਮੀਦਵਾਰਾਂ ਦੀ ਹਮਾਇਤ ਵਿੱਚ ਵਿੱਤੀ ਸਹਾਇਤਾ ਵੀ ਦਿੱਤੀ।
