ਪੰਜਾਬ ਕਾਂਗਰਸ ਦਾ ‘ਮਿਸ਼ਨ ਇੱਕਜੁਟਤਾ’ : 2027 ਦੀ ਚੋਣ ਤੋਂ ਪਹਿਲਾਂ ਵੱਡੀ ਚੁਣੌਤੀ

ਸਿਆਸੀ ਹਲਚਲ ਖਬਰਾਂ

*ਧੜੇਬੰਦੀ ਦੇ ਸਬਕ- ਹੁਣ ਇਕੱਠੇ ਹੋ ਕੇ ਮੈਦਾਨ ਫ਼ਤਿਹ ਕਰਨ ਦੀਆਂ ਕੋਸ਼ਿਸ਼ਾਂ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਦੀ ਰਾਜਨੀਤੀ ਵਿੱਚ ਇਹ ਗੱਲ ਕਈ ਵਾਰ ਸਾਬਤ ਹੋ ਚੁੱਕੀ ਹੈ ਕਿ ਜਦੋਂ ਵੀ ਕਾਂਗਰਸ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰੀ ਹੈ, ਉਸਨੇ ਸੱਤਾ ਤੱਕ ਦਾ ਸਫ਼ਰ ਤੈਅ ਕੀਤਾ ਹੈ; ਪਰ ਇਸਦੇ ਨਾਲ ਹੀ ਇਹ ਵੀ ਸੱਚ ਹੈ ਕਿ ਅੰਦਰੂਨੀ ਖਿੱਚੋਤਾਣ, ਨੇਤਾਵਾਂ ਵਿਚਾਲੇ ਗੁੱਟਬੰਦੀ ਅਤੇ ਲੀਡਰਸ਼ਿੱਪ ਦੇ ਸੰਘਰਸ਼ ਨੇ ਪਾਰਟੀ ਨੂੰ ਲੰਬੇ ਸਮੇਂ ਲਈ ਸੱਤਾ ਵਿੱਚ ਟਿਕਣ ਨਹੀਂ ਦਿੱਤਾ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਹਾਈਕਮਾਨ ਨੇ ‘ਮਿਸ਼ਨ ਇੱਕਜੁਟਤਾ’ ਦੀ ਸ਼ੁਰੂਆਤ ਕੀਤੀ ਹੈ।

ਇਸ ਮੁਹਿੰਮ ਦੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਸੌਂਪੀ ਗਈ ਹੈ। ਉਨ੍ਹਾਂ ਨੂੰ ਖ਼ਾਸ ਤੌਰ ’ਤੇ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਨ ਅਤੇ ਚੋਣਾਂ ਤੋਂ ਪਹਿਲਾਂ ਪਾਰਟੀ ਮਜਬੂਤ ਕਰਨ ਦਾ ਟਾਸਕ ਦਿੱਤਾ ਗਿਆ ਹੈ।
ਬਰਨਾਲਾ ਰੈਲੀ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਜੋ ਵੀ ਨੇਤਾ ਟੀਮ ਪਲੇਅਰ ਵਜੋਂ ਕੰਮ ਨਹੀਂ ਕਰੇਗਾ, ਉਸਨੂੰ ‘ਰਿਜ਼ਰਵ ਬੈਂਚ’ ’ਤੇ ਬਿਠਾਇਆ ਜਾ ਸਕਦਾ ਹੈ। ਇਹ ਸੰਕੇਤ ਸਿਰਫ਼ ਇੱਕ ਚੇਤਾਵਨੀ ਨਹੀਂ ਸੀ, ਸਗੋਂ ਪਾਰਟੀ ਅੰਦਰ ਅਨੁਸ਼ਾਸਨ ਅਤੇ ਇੱਕਜੁਟਤਾ ਲਿਆਉਣ ਦਾ ਇਸ਼ਾਰਾ ਸੀ।
ਪਾਰਟੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ 2027 ਦੀ ਚੋਣ ਮੁੱਖ ਮੰਤਰੀ ਚਿਹਰੇ ਤੋਂ ਬਿਨਾ ਲੜੀ ਜਾਵੇਗੀ। ਚੋਣ ਨਤੀਜਿਆਂ ਤੋਂ ਬਾਅਦ ਵਿਧਾਇਕ ਦਲ ਫ਼ੈਸਲਾ ਕਰੇਗਾ ਕਿ ਮੁੱਖ ਮੰਤਰੀ ਕੌਣ ਬਣੇਗਾ। ਇਹ ਰਣਨੀਤੀ ਗੁੱਟਬੰਦੀ ਨੂੰ ਰੋਕਣ ਲਈ ਮੰਨੀ ਜਾ ਰਹੀ ਹੈ, ਕਿਉਂਕਿ ਪਹਿਲਾਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਅੰਦਰੂਨੀ ਟਕਰਾਅ ਪਾਰਟੀ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਹਨ।
ਕੀ ਕਹਿੰਦੇ ਹਨ ਇਤਿਹਾਸਕ ਅੰਕੜੇ?
ਪਿਛਲੇ ਲਗਭਗ 50 ਸਾਲਾਂ ਵਿੱਚ ਪੰਜਾਬ ਵਿੱਚ ਹੋਈਆਂ 10 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਚਾਰ ਵਾਰ ਸੱਤਾ ਵਿੱਚ ਆਈ, ਪਰ ਇੱਕ ਵਾਰ ਵੀ ਲਗਾਤਾਰ ਦੂਜੀ ਵਾਰ ਸਰਕਾਰ ਨਹੀਂ ਬਣਾ ਸਕੀ। 1980 ਵਿੱਚ ਕਾਂਗਰਸ ਨੇ 63 ਸੀਟਾਂ ਅਤੇ 45.2 ਫ਼ੀਸਦੀ ਵੋਟਾਂ ਨਾਲ ਸਰਕਾਰ ਬਣਾਈ। ਉਸ ਵੇਲੇ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ। ਹਾਲਾਂਕਿ ਇਸ ਦੌਰਾਨ ਕਾਨੂੰਨ-ਵਿਵਸਥਾ ਦੀਆਂ ਸਮੱਸਿਆਵਾਂ ਕਾਰਨ ਡੇਢ ਸਾਲ ਰਾਸ਼ਟਰਪਤੀ ਸ਼ਾਸਨ ਵੀ ਲਾਗੂ ਰਿਹਾ। 1985 ਵਿੱਚ ਪਾਰਟੀ 32 ਸੀਟਾਂ ’ਤੇ ਆ ਗਈ।
1992 ਦੀ ਚੋਣ ਵਿੱਚ ਕਾਂਗਰਸ ਨੇ 87 ਸੀਟਾਂ ਅਤੇ 43.8 ਫ਼ੀਸਦੀ ਵੋਟ ਹਾਸਲ ਕੀਤੇ। ਇਸ ਕਾਰਜਕਾਲ ਦੌਰਾਨ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਭੱਠਲ ਵਾਰੀ-ਵਾਰੀ ਮੁੱਖ ਮੰਤਰੀ ਬਣੇ; ਪਰ 1997 ਵਿੱਚ ਪਾਰਟੀ 14 ਸੀਟਾਂ ਤੱਕ ਸਿਮਟ ਗਈ। ਸਾਲ 2002 ਵਿੱਚ ਕਾਂਗਰਸ ਨੇ 62 ਸੀਟਾਂ ਅਤੇ 35.8 ਫ਼ੀਸਦੀ ਵੋਟਾਂ ਨਾਲ ਸਰਕਾਰ ਬਣਾਈ, ਪਰ 2007 ਵਿੱਚ ਇਹ ਗਿਣਤੀ 44 ਸੀਟਾਂ ਰਹਿ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੇ ਮਜਬੂਤ ਵਾਪਸੀ ਕੀਤੀ।
2017 ਦੀ ਵੱਡੀ ਜਿੱਤ, 2022 ਦੀ ਹਾਰ
2017 ਵਿੱਚ ਕਾਂਗਰਸ ਨੇ 77 ਸੀਟਾਂ ਅਤੇ 38.8 ਫ਼ੀਸਦੀ ਵੋਟਾਂ ਨਾਲ ਭਾਰੀ ਜਿੱਤ ਦਰਜ ਕੀਤੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਪਰ ਅੰਦਰੂਨੀ ਵਿਵਾਦਾਂ ਕਾਰਨ ਸਾਢੇ ਚਾਰ ਸਾਲ ਬਾਅਦ ਉਨ੍ਹਾਂ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ ਛੇ ਮਹੀਨੇ ਲਈ ਕਮਾਨ ਸੌਂਪੀ ਗਈ। ਐਸ.ਸੀ. ਵੋਟ ਬੈਂਕ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਦੇ ਬਾਵਜੂਦ 2022 ਵਿੱਚ ਪਾਰਟੀ ਸਿਰਫ਼ 18 ਸੀਟਾਂ ਤੱਕ ਹੀ ਸਿਮਟ ਗਈ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਸਰਕਾਰ ਬਣਾਈ ਅਤੇ ਕਾਂਗਰਸ ਦਾ ਵੋਟ ਸ਼ੇਅਰ ਵੀ ਘੱਟ ਕੇ ਲਗਭਗ 23 ਫ਼ੀਸਦੀ ਰਹਿ ਗਿਆ।
ਅੰਦਰੂਨੀ ਚੁਣੌਤੀਆਂ ਅਤੇ ਵਿਰੋਧੀ ਦਲਾਂ ਦੀ ਮੌਜੂਦਗੀ
ਪੰਜਾਬ ਦੀ ਰਾਜਨੀਤੀ ਹੁਣ ਤਿੰਨ-ਕੋਣੀ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਸੱਤਾ ਵਿੱਚ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਰਵਾਇਤੀ ਆਧਾਰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਜਪਾ ਵੀ ਵੱਖ-ਵੱਖ ਸਮਾਜਿਕ ਵਰਗਾਂ ਵਿੱਚ ਆਪਣੀ ਪਹੁੰਚ ਵਧਾ ਰਹੀ ਹੈ। ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਸਿਰਫ਼ ਬਾਹਰੀ ਵਿਰੋਧ ਨਹੀਂ, ਸਗੋਂ ਅੰਦਰੂਨੀ ਕਲੇਸ਼ ਨੂੰ ਮਿਟਾ ਕੇ ਏਕਤਾ ਕਰਨਾ ਹੈ। ਰਾਜਸੀ ਮਾਹਿਰ ਮੰਨਦੇ ਹਨ ਕਿ ਜੇਕਰ 2017 ਵਾਲੀ ਇੱਕਜੁਟਤਾ ਮੁੜ ਬਣ ਗਈ ਤਾਂ ਕਾਂਗਰਸ 2027 ਵਿੱਚ ਸਖ਼ਤ ਮੁਕਾਬਲਾ ਦੇ ਸਕਦੀ ਹੈ।
ਪੰਜਾਬ ਵਿੱਚ ਲਗਭਗ 2.1 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਹਨ। ਇਨ੍ਹਾਂ ਵਿੱਚ ਕਰੀਬ 32 ਫ਼ੀਸਦੀ ਵੋਟਰ ਐਸ.ਸੀ. ਵਰਗ ਨਾਲ ਸੰਬੰਧਿਤ ਹਨ, ਜੋ ਕਿਸੇ ਵੀ ਪਾਰਟੀ ਲਈ ਫ਼ੈਸਲਾਕੁਨ ਸਾਬਤ ਹੋ ਸਕਦੇ ਹਨ। ਪਿੰਡਾਂ ਵਿੱਚ ਕਿਸਾਨ ਮੁੱਦੇ, ਸ਼ਹਿਰਾਂ ਵਿੱਚ ਰੋਜ਼ਗਾਰ ਤੇ ਉਦਯੋਗੀਕਰਨ ਦੇ ਮਸਲੇ ਅਤੇ ਨੌਜਵਾਨਾਂ ਵਿੱਚ ਵਿਦੇਸ਼ ਮਾਈਗ੍ਰੇਸ਼ਨ ਵੱਡੇ ਚਰਚਾ ਦੇ ਵਿਸ਼ੇ ਹਨ।
‘ਮਿਸ਼ਨ ਇੱਕਜੁਟਤਾ’ ਦੀ ਸਫਲਤਾ ਕਿੰਨੀ ਸੰਭਵ?
ਭੂਪੇਸ਼ ਬਘੇਲ ਲਗਾਤਾਰ ਪੰਜਾਬ ਦੇ ਵੱਖ-ਵੱਖ ਨੇਤਾਵਾਂ ਨਾਲ ਮੀਟਿੰਗਾਂ ਕਰ ਰਹੇ ਹਨ। ਦਿੱਲੀ ਵਿੱਚ ਹਾਲ ਹੀ ਦੀ ਬੈਠਕ ਵਿੱਚ ਰਾਹੁਲ ਗਾਂਧੀ ਨੇ ਸਾਰੇ ਧੜਿਆਂ ਨੂੰ ਸਾਫ਼ ਕਿਹਾ ਕਿ ਵਿਅਕਤੀਗਤ ਇਛਾਵਾਂ ਤੋਂ ਉੱਪਰ ਪਾਰਟੀ ਹਿਤ ਰੱਖਣਾ ਲਾਜ਼ਮੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਟਿਕਟ ਵੰਡ ਪ੍ਰਕਿਰਿਆ ਪਾਰਦਰਸ਼ੀ ਹੋਈ ਅਤੇ ਜ਼ਿਲ੍ਹਾ ਪੱਧਰ ’ਤੇ ਸੰਗਠਨ ਮਜਬੂਤ ਕੀਤਾ ਗਿਆ, ਤਾਂ ਕਾਂਗਰਸ ਮੁੜ ਵੋਟਰਾਂ ਵਿੱਚ ਭਰੋਸਾ ਜਗਾ ਸਕਦੀ ਹੈ। ਪਾਰਟੀ ਦਾ ਰਵਾਇਤੀ ਵੋਟ ਬੇਸ- ਦਲਿਤ, ਕਿਸਾਨ ਅਤੇ ਸ਼ਹਿਰੀ ਮੱਧ ਵਰਗ; ਅਜੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਹੈ।
ਇਤਿਹਾਸ ਦੱਸਦਾ ਹੈ ਕਿ ਕਾਂਗਰਸ ਲਈ ਪੰਜਾਬ ਵਿੱਚ ਵਾਪਸੀ ਅਸੰਭਵ ਨਹੀਂ, ਪਰ ਇਸ ਲਈ ਅੰਦਰੂਨੀ ਏਕਤਾ ਬਹੁਤ ਜ਼ਰੂਰੀ ਹੈ। ਜੇ ‘ਮਿਸ਼ਨ ਇੱਕਜੁਟਤਾ’ ਸਫਲ ਰਹਿੰਦਾ ਹੈ ਅਤੇ ਪਾਰਟੀ ਗੁੱਟਬੰਦੀ ਤੋਂ ਉੱਪਰ ਉਠ ਕੇ ਇਕ ਟੀਮ ਵਜੋਂ ਚੋਣ ਲੜਦੀ ਹੈ, ਤਾਂ 2027 ਦੀ ਵਿਧਾਨ ਸਭਾ ਚੋਣ ਕਾਫ਼ੀ ਦਿਲਚਸਪ ਹੋ ਸਕਦੀ ਹੈ।
ਦਰਅਸਲ; ਪੰਜਾਬ ਦੀ ਰਾਜਨੀਤੀ ਵਿੱਚ ਸੱਤਾ ਦੀ ਕੁੰਜੀ ਸਿਰਫ਼ ਰਣਨੀਤੀ ਨਹੀਂ, ਸਗੋਂ ਭਰੋਸੇ ਅਤੇ ਇੱਕਜੁਟਤਾ ਵਿੱਚ ਲੁਕੀ ਹੋਈ ਹੈ। ਹੁਣ ਦੇਖਣਾ ਇਹ ਹੈ ਕਿ ਕਾਂਗਰਸ ਆਪਣੇ ਇਤਿਹਾਸ ਤੋਂ ਸਬਕ ਲੈ ਕੇ ਭਵਿੱਖ ਦੀ ਲੜਾਈ ਕਿਵੇਂ ਲੜਦੀ ਹੈ।

Leave a Reply

Your email address will not be published. Required fields are marked *