ਪੰਜਾਬ ਦੇ ਗੁਲਾਬ `ਤੇ ਤੇਜਾਬ ਦੀਆਂ ਬੂੰਦਾਂ

ਵਿਚਾਰ-ਵਟਾਂਦਰਾ

ਨਿੰਮਾ ਡੱਲੇਵਾਲਾ
ਫੋਨ: 513-432-9754
ਪੰਜਾਬ, ਜਿੱਥੋਂ ਦੇ ਅਸੀਂ ਜੰਮੇ-ਜਾਏ ਹਾਂ, ਜਿਸ ਨੂੰ ਅਸੀਂ ਰੰਗਲਾ ਪੰਜਾਬ ਆਖ ਨਿਵਾਜਦੇ ਹਾਂ, ਜਿਸ ਦੇ ਪੈਰ ਵਿੱਚ ਚੁਭੇ ਕੰਡੇ ਦੀ ਤਕਲੀਫ ਵੀ ਸਾਨੂੰ ਸੱਤ ਸਮੁੰਦਰ ਪਾਰ ਬੈਠਿਆਂ ਨੂੰ ਮਹਿਸੂਸ ਹੁੰਦੀ ਹੈ, ਉਸ ਪੰਜਾਬ ਦੇ ਹਰ ਦਰਦ ਦਾ ਸਾਡੀ ਰੂਹ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ। ਪੰਜਾਬ ਦੇ ਹਰ ਦਰਦ ਦੀ ਪੀੜ ਅਸੀਂ ਕਲਪਨਾ ਰਾਹੀਂ ਹੰਢਾਉਂਦੇ ਹਾਂ।

ਇਹ ਭਾਰਤ ਦਾ ਕਮਾਊ ਪੁੱਤ, ਜੋ ਵੱਧ ਅੰਨ ਉਗਾ ਕੇ ਲੋਕਾਂ ਦੇ ਢਿੱਡ ਭਰਦਾ ਹੈ ਤੇ ਇਸ ਦੀ ਮਾਂ ਜਿਸ ਨੂੰ ਅਸੀਂ ਭਾਰਤ ਕਹਿੰਦੇ ਹਾਂ, ਉਹ ਇਸੇ ਨਾਲ ਹਮੇਸ਼ਾ ਵਿਤਕਰਾ ਕਿਉਂ ਕਰਦੀ ਹੈ? ਕਿਉਂ ਇਸ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਦਿੱਲੀ, ਜਿਸ ਦਾ ਨੰਗਾ ਸਿਰ ਹਮੇਸ਼ਾ ਪੰਜਾਬ ਨੇ ਕੱਜਿਆ ਹੈ, ਜਦੋਂ ਵੀ ਕਿਸੇ ਨੇ ਇਸ ਦੀ ਇੱਜ਼ਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਸਭ ਤੋਂ ਪਹਿਲਾਂ ਡਾਂਗ ਚੱਕ ਕੇ ਮੂਹਰੇ ਹੋਇਆ ਹੈ, ਪਰ ਫਿਰ ਵੀ ਦਿੱਲੀ ਇਸ ਦੀ ਕਦੇ ਸਕੀ ਨਾ ਬਣ ਸਕੀ। ਆਪਣੀਆਂ ਕੋਝੀਆਂ ਚਾਲਾਂ ਨਾਲ ਹਮੇਸ਼ਾ ਇਸ ਨੇ ਪੰਜਾਬ ਸਿੰਘ ਦੀ ਪਿੱਠ ਉਤੇ ਵਾਰ ਕੀਤਾ ਹੈ, ਪਰ ਪੰਜਾਬ ਇੱਕ ਹਿੰਮਤੀ ਅਤੇ ਦਲੇਰ ਜੋ ਆਪਣੇ ਤਰੀਕੇ ਨਾਲ ਇਸ ਦੇ ਮੂੰਹ `ਤੇ ਚਪੇੜ ਵੀ ਮਾਰ ਸਕਦਾ; ਪਰ ਇਸ ਦੀ ਦਰਿਆ-ਦਿਲੀ ਦਿੱਲੀ ਨੂੰ ਸਦਾ ਛੋਟੀ ਭੈਣ ਆਖ ਕੇ ਮਾਫ ਕਰਨ ਲਈ ਆਖ ਦਿੰਦੀ ਹੈ।
ਪੰਜਾਬ ਦਿੱਲੀ ਲਈ ਖੌਫ ਦਾ ਦੂਜਾ ਨਾਮ ਹੈ। ਦਿੱਲੀ ਨੇ ਇਸ ਨੂੰ ਹਮੇਸ਼ਾ ਸੁੱਟਣਾ ਚਾਹਿਆ। ਜਦੋਂ ਕੋੋਈ ਡਿੱਗਦਾ ਹੈ ਤਾਂ ਉਸ ਨੂੰ ਉੱਠਣ ਲਈ ਸਹਾਰਾ ਚਾਹੀਦਾ ਹੁੰਦਾ ਹੈ, ਪਰ ਪੰਜਾਬ ਸੂਰਮਾ ਜਦ ਵੀ ਡਿੱਗਿਆ ਜਾਂ ਡੇਗਿਆ ਗਿਆ, ਆਪ ਹੀ ਉਠਿਆ। ਸਭ ਦਾ ਦੁੱਖ ਵੰਡਾਉਣ ਵਾਲੇ ਪੰਜਾਬ ਨੂੰ ਕਦੇ ਪਾਣੀਆਂ ਵਿੱਚ ਡੋਬਿਆ ਜਾਂਦਾ, ਕਦੇ ਨਸ਼ੇ ਦਿਆਂ ਦਰਿਆਵਾਂ ਵਿੱਚ ਧੱਕਾ ਦਿੱਤਾ ਜਾਂਦਾ ਤੇ ਕਦੇ ਨਸਲਕੁਸ਼ੀ ਬਹਾਨੇ ਕਤਲ ਕੀਤਾ ਜਾਂਦਾ। ਇੰਜ ਲੱਗਦਾ, ਜਿਵੇਂ ਇਹ ਦੇਸ਼ ਦਾ ਹਿੱਸਾ ਹੀ ਨਾ ਹੋਵੇ, ਜਦਕਿ ਦੇਸ਼ ਦਾ ਰਖਵਾਲਾ ਬਣ ਕੇ ਇਹ ਹਮੇਸ਼ਾ ਬਾਰਡਰਾਂ `ਤੇ ਤਣਿਆ ਰਹਿੰਦਾ ਹੈ। ਇਹ ਨਾ ਹੁੰਦਾ ਤਾਂ ਦੇਸ਼ ਆਜ਼ਾਦ ਨਾ ਹੁੰਦਾ, ਪਰ ਬੇਈਮਾਨ ਸਿਆਸਤ ਨੂੰ ਇਸ ਦੀ ਤਾਕਤ ਦਾ ਅੰਦਾਜ਼ਾ ਹੈ। ਇਸੇ ਲਈ ਉਹ ਇਸ ਨੂੰ ਖੋਖਲਾ ਕਰਨ ਲਈ ਹਮੇਸ਼ਾ ਜੁਗਤਾਂ ਘੜਦੀ ਹੈ। ਇਸ ਦੀ ਖੁਸ਼ਹਾਲੀ ਤੇ ਟੌਹਰ ਨਿਰਾਲੀ ਦਿੱਲੀ ਤੋਂ ਜਰੀ ਨਹੀਂ ਜਾਂਦੀ। ਸੋ, ਜਦੋਂ ਦਿਲ ਕਰੇ, ਤੁਰ ਪੈਂਦੀ ਹੈ ਇਸ ਦੇ ਖਿੜੇ ਗੁਲਾਬਾਂ ਉਤੇ ਜ਼ਹਿਰ ਛਿੜਕਣ; ਪਰ ਇਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਗੁਰੂਆਂ-ਪੀਰਾਂ ਦੀ ਧਰਤੀ ਹੈ, ਜੇ ਕਿਸੇ ਲਈ ਖੜ ਸਕਦੀ ਹੈ ਤਾਂ ਆਪਣੇ ਲਈ ਲੜ ਵੀ ਸਕਦੀ ਹੈ। ਇਸ ਦੇ ਨਮੂਨੇ ਇਤਿਹਾਸ ਦਿਆਂ ਪੰਨਿਆਂ ਉਤੋਂ ਪੜ੍ਹ ਲੈਣੇ ਚਾਹੀਦੇ ਹਨ।
ਪੰਜਾਬ ਦੇ ਗੁਲਾਬ `ਤੇ ਤੇਜਾਬ ਦੀਆਂ ਬੂੰਦਾਂ,
ਲੱਗਦਾ ਏ ਪੈਣ ਲੱਗ ਗਈਆਂ ਨੇ ਦੁਬਾਰਾ।
ਅੱਗ ਲਾ ਕੇ ਠਾਰੇ ਸਦਾ ਆਪਣੇ ਕਲੇਜੇ,
ਜਿਹੜੀਆਂ ਵੀ ਜਦ ਜਦ ਆਈਆਂ ਸਰਕਾਰਾਂ।
ਲੱਗਦਾ ਚੁਰਾਸੀ ਇਨ੍ਹਾਂ ਮੋੜ ਕੇ ਲਿਆਉਣੀ,
ਪੈਣੀਆਂ ਨੇ ਪੱਗਾਂ ਅਤੇ ਪਰਨਿਆਂ `ਤੇ ਮਾਰਾਂ।
ਇਸ ਨੂੰ ਹਰਾਉਣ ਵਾਲੇ ਸਦਾ ਹੀ ਨੇ ਹਾਰੇ,
ਜਿੱਤਾਂ ਲਈ ਜੰਮਿਆ, ਇਹ ਮੰਨਦਾ ਨਹੀਂ ਹਾਰਾਂ।
‘ਨਿੰਮਿਆ’ ਨਿਸ਼ਾਨ ਇਹਦੇ ਝੂਲਦੇ ਹੀ ਰਹਿਣੇ,
ਗੂੰਜਦਾ ਵੀ ਰਹਿਣਾ ਨਾਲੇ ਪੰਥ ਦਾ ਜੈਕਾਰਾ।
ਅੱਜ ਪੰਜਾਬ ਅੰਦਰ ਚੱਲ ਰਹੇ ਖੌਫਨਾਕ ਦੌਰ ਵਿੱਚੋਂ ਚੁਰਾਸੀ ਵਾਲੀ ਭਿਆਨਕ ਤਸਵੀਰ ਨਜ਼ਰ ਆ ਰਹੀ ਹੈ। ਪੰਜਾਬ ਦੀ ਫੁੱਲਾਂ ਵਰਗੀ ਜਵਾਨੀ ਉਤੇ ਅੱਜ ਚੁਰਾਸੀ ਵਾਲੇ ਤੇਜਾਬ ਦੀਆਂ ਬੂੰਦਾਂ ਨਜ਼ਰ ਆਉਂਦੀਆਂ ਵੇਖ ਮੇਰੀ ਕਲਮ ਕੋਲੋਂ ਬੋਲੇ ਬਿਨਾ ਰਿਹਾ ਨਾ ਗਿਆ। ਪੰਜਾਬ ਅੰਦਰ ਤਿੰਨ ਦਹਾਕੇ ਪਹਿਲਾਂ ਵਰਗੇ ਝੂਠੇ ਪੁਲਿਸ ਮੁਕਾਬਲਿਆਂ ਦਾ ਜਨਮ ਹੋ ਰਿਹਾ ਹੈ, ਜਿਨ੍ਹਾਂ ਦੀ ਨਸਬੰਦੀ ਜੇ ਅੱਜ ਨਾ ਹੋਈ ਤਾਂ ਜਿਹੜੀ ਜਵਾਨੀ ਨਸ਼ਿਆਂ ਤੋਂ ਬਚ ਗਈ, ਉਹ ਇਨ੍ਹਾਂ ਗੈਂਗਸਟਰਵਾਦ ਮੁਕਾਉਣ ਦੀ ਆੜ ਵਿੱਚ ਖਤਮ ਕਰ ਦੇਣੀ। ਇੰਜ ਕਰਿਆਂ ਗੈਂਗਵਾਦ ਖਤਮ ਨਹੀਂ, ਸਗੋਂ ਹੋਰ ਪੈਦਾ ਹੋਵੇਗਾ। ਇਨ੍ਹਾਂ ਦਾ ਅਸਲ ਮਕਸਦ ਤਾਂ ਪੰਜਾਬ ਨੂੰ ਖਤਮ ਕਰਨਾ ਹੈ, ਜਿਸ ਲਈ ਪਹਿਲਾਂ ਜਵਾਨੀ ਖਤਮ ਕਰਨੀ ਬਣਦੀ ਹੈ, ਨਹੀਂ ਅਸਲ ਗੈਂਗਸਟਰ ਤਾਂ ਇਨ੍ਹਾਂ ਨੇ ਜੇਲ੍ਹਾਂ ਵਿੱਚ ਜਵਾਈਆਂ ਵਾਂਗੂੰ ਰੱਖੇ ਹੋਏ! ਪਹਿਲਾਂ ਉਨ੍ਹਾਂ ਦੇ ਐਨਕਾਊਂਟਰ ਕਿਉਂ ਨਹੀਂ ਕਰਦੇ, ਜੋ ਆਪਣੇ ਜੁਰਮ ਆਪਣੇ ਮੂੰਹੋਂ ਕਬੂਲੀ ਬੈਠੇ ਨੇ?
ਦਿੱਲੀ ਤੋਂ ਤੁਰ ਸਿਆਸਤ ਨੇ ਪੰਜਾਬ ਅੰਦਰ ਵੜ ਐਸਾ ਆਪਸ ਵਿੱਚ ਪਾੜ ਪੁਆਇਆ ਕਿ ਪੱਗਾਂ ਵਾਲੇ ਹੀ ਪੱਗਾਂ ਵਾਲਿਆਂ ਦੇ ਵੈਰੀ ਬਣ ਗਏ। ਜਿਨ੍ਹਾਂ ਘਰਾਂ ਵਿੱਚੋਂ ਪੰਜਾਬ ਪੁਲਿਸ ਆਈ ਹੈ, ਉਨ੍ਹਾਂ ਹੀ ਘਰਾਂ ਦੇ ਮੁੰਡਿਆਂ ਨੂੰ ਨਾਜਾਇਜ਼ ਤਰੀਕੇ ਨਾਲ ਮਾਰ ਰਹੀ ਹੈ ਪੰਜਾਬ ਪੁਲਿਸ। ਕੁਝ ਪੈਸਿਆਂ ਦੇ ਲਾਲਚ ਅੱਗੇ ਲਹੂ ਦਾ ਕੋਈ ਮੁੱਲ ਨਹੀਂ ਰਿਹਾ। ਤਰੱਕੀਆਂ ਵਾਲੀ ਤੱਕੜੀ ਕਿਸੇ ਬੇਕਸੂਰ ਦੀ ਜਾਨ ਨੂੰ ਤੋਲਣ ਲੱਗੇ ਇਹ ਕਿਉਂ ਜੱਲਾਦਾਂ ਵਾਲਾ ਲਿਬਾਸ ਪਾ ਲੈਂਦੇ ਨੇ? ਕਿਸੇ ਦੇ ਘਰ ਦਾ ਚਿਰਾਗ ਬੁਝਾਉਣ ਤੇ ਆਪਣਾ ਘਰ ਰੁਸ਼ਨਾਉਣ ਲੱਗਿਆਂ ਨੂੰ ਇਨ੍ਹਾਂ ਦੀ ਆਤਮਾ ਕੁਝ ਵੀ ਨਹੀਂ ਆਖਦੀ! ਜੇ ਕੋਈ ਗੁਨਾਹਗਾਰ ਹੈ ਤਾਂ ਉਸ ਨੂੰ ਬਣਦੀ ਸਜ਼ਾ ਦੇਣ ਲਈ ਅਦਾਲਤਾਂ ਬਣੀਆਂ ਨੇ, ਪਰ ਇਹ ਬੇਈਮਾਨੀ ਦੀ ਦਲਦਲ ਵਿੱਚ ਧਸੇ ਹੋਏ ਆਪਣੀਆਂ ਜੇਬਾਂ ਭਰਨ ਲਈ ਕਿਸੇ ਦਾ ਵੀ ਘਰ ਖਾਲੀ ਕਰਨ ਸਕਦੇ ਨੇ। ਇੱਕ ਵਰਦੀ ਦੇ ਨਸ਼ੇ ਵਿੱਚ ਕਿਸੇ ਇਨਸਾਨ ਨੂੰ ਕੁੱਟ ਕੁੱਟ ਜਾਨੋਂ ਮਾਰਨ ਮਗਰੋਂ ਇਨ੍ਹਾਂ ਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੋਵੇਗੀ? ਆਪਣੀ ਔਲਾਦ ਦੇ ਚੁਗਣ ਲਈ ਕੰਡੇ ਬੀਜਣ ਦੀ ਬਜਾਏ ਆਪਣਾ ਕਰਮ (ਡਿਊਟੀ) ਵਫਾਦਾਰੀ ਤੇ ਇਮਾਨਦਾਰੀ ਨਾਲ ਕਰਨ ਤਾਂ ਲੋਕਾਂ ਦੇ ਮਨਾਂ ਅੰਦਰ ਇਨ੍ਹਾਂ ਪ੍ਰਤੀ ਪਿਆਰ ਪੈਦਾ ਹੋਵੇ; ਨਾ ਕਿ ਖੌਫ, ਨਫਰਤ ਅਤੇ ਡਰ-ਭੈਅ! ਇਹ ਵੀ ਆਪਣੇ ਹੀ ਨੇ, ਜੇ ਮਿਲੀ ਵਰਦੀ ਦਾ ਢੁਕਵਾਂ ਪ੍ਰਯੋਗ ਕਰਨ ਤਾਂ ਸਤਿਕਾਰ ਦੇ ਪਾਤਰ ਬਣਦੇ ਨੇ। ਇੱਕ ਸੱਚ ਕਿ ਸਾਰੇ ਵੀ ਮਾੜੇ ਨਹੀਂ।
ਜਾਇਜ਼ ਮਾਰੋ ਚਾਹੇ ਨਾਜਾਇਜ਼ ਮਾਰੋ, ਡੁੱਲ੍ਹਦਾ ਤਾਂ ਖੂਨ ਪੰਜਾਬ ਦਾ ਏ।
ਇਹ ਮਰੇ ਚਾਹੇ ਉਹ ਮਰੇ, ਉਜਾੜਾ ਤਾਂ ਮਾਂ ਦੇ ਖਾਬ ਦਾ ਏ।
ਰਲ਼-ਮਿਲ਼ ਪੰਜਾਬ ਬਚਾਈਏ, ਜੋ ਸਾਡਾ ਫੁੱਲ ਗੁਲਾਬ ਦਾ ਏ।
ਡਿੱਗ ਇਮਾਨੋਂ ਮਾਰਦੇ ਜਾਨੋਂ, ਕਹਿੰਦੇ ਹੁਕਮ ਤਾਂ ‘ਸਾਬ੍ਹ’ ਦਾ ਏ।
ਫਰਜ਼ਾਂ ਦਾ ਨਹੀਂ ਗਰਜਾਂ ਦਾ ਮਸਲਾ ਬਣਿਆ ਲਾਭ ਦਾ ਏ।
ਪੰਜਾਬੀ ਨੂੰ ਜਦੋਂ ਮਾਰੇ ਪੰਜਾਬੀ, ਹੰਝੂ ‘ਨਿੰਮਿਆ’ ਡੁੱਲ੍ਹੇ ਝਨਾਬ ਦਾ ਏ।
ਇੱਕ ਗੱਲ ਦਾ ਅਫਸੋਸ ਪੰਜਾਬ ਨੂੰ ਹਮੇਸ਼ਾ ਹੀ ਰਿਹਾ ਹੈ ਕਿ ਉਸ ਦੇ ਵਸਨੀਕਾਂ ਦੁਆਰਾ ਚੁਣੀਆਂ ਗਈਆਂ ਸਰਕਾਰਾਂ ਦੀ ਡੋਰ ਦਿੱਲੀ ਦੇ ਤਖ਼ਤ `ਤੇ ਬੈਠਿਆਂ ਦੇ ਹੱਥ ਹੀ ਕਿਉਂ ਹੁੰਦੀ ਹੈ? ਸ਼ਾਇਦ ਇਹ ਇੱਕ ਸਿਆਸਤੀ ਸੌਦੇਬਾਜ਼ੀ ਹੀ ਹੈ, ਜੋ ਪੰਜਾਬ ਦੀ ਕੁਰਸੀ ਉਤੇ ਬੈਠਿਆਂ ਨੂੰ ਵੀ ਕਿਸੇ ਦੇ ਇਸ਼ਾਰਿਆਂ ਮੁਤਾਬਿਕ ਚੱਲਣਾ ਪੈਂਦਾ ਹੈ, ਜਿਸ ਨਾਲ ਜਨਤਾ ਦੇ ਸੁਪਨਿਆਂ ਦਾ ਘਾਣ ਹੁੰਦਾ ਹੈ ਤੇ ਪੰਜਾਬ ਦੇ ਸੁਖਾਵੇਂ ਮਾਹੌਲ ਨਾਲ ਉਚ ਪੱਧਰ ਦੀ ਛੇੜ-ਛਾੜ ਹੁੰਦੀ। ਜੋ ਅੱਜ ਸੁਣਨ ਵਿੱਚ ਆ ਰਿਹਾ ਕਿ ਇੱਕ ਲੱਖ ਜਵਾਨੀ ਨੂੰ ਨਾਜਾਇਜ਼ ਜ਼ੁਲਮ ਦੀਆਂ ਲੱਕੜਾਂ ਵਿੱਚ ਸਾੜਨ ਦਾ ਟੀਚਾ ਮਿੱਥਿਆ ਗਿਆ- ਕੀ ਪੰਜਾਬ ਐਸੇ ਹੀ ਸੰਤਾਪ ਹੰਢਾਉਂਦਾ ਰਹੇਗਾ? ਕੀ ਪੰਜਾਬ ਨਾਲ ਖੂਨ ਦੀਆਂ ਹੋਲੀਆਂ ਖੇਡਣ ਵਰਗੇ ਹੁਕਮਾਂ ਦਾ ਇਹ ਖੰਡਨ ਨਹੀਂ ਕਰ ਸਕਦੇ। ਪੰਜਾਬ ਦੀ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਲੱਗਦੀ ਕਿ ਇਹ ਵੀ ਡਰਾਈਵਰ ਦੀ ਗੋਦ ਵਿੱਚ ਬੈਠੇ ਬੱਚੇ ਵਾਂਗ ਪੰਜਾਬ ਦੀ ਗੱਡੀ ਨੂੰ ਚਲਾਏਗੀ। ਇਨ੍ਹਾਂ ਸਵਾਰਥੀ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਉਠ ਗਿਆ। ਪੰਜਾਬੀਆਂ ਨੂੰ ਆਪਣੇ ਘਰ ਵਰਗਾ ਪੰਜਾਬ ਅਤੇ ਆਪਣੀ ਨਸਲ ਆਪ ਬਚਾਉਣੀ ਪੈਣੀ ਹੈ। ਜਿਵੇਂ ਪਰਦੇਸੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੇ ਬਣਾਇਆ, ਇਵੇਂ ਹੁਣ ਆਪਣੇ ਪਰਿਵਾਰਾਂ ਤੇ ਬੱਚਿਆਂ ਨੂੰ ਵੀ ਸਰਕਾਰਾਂ ਦੇ ਨਾਜਾਇਜ਼ ਜ਼ੁਲਮਾਂ ਤੋਂ ਬਚਾਉਣ ਦੀ ਲੋੜ ਹੈ। ਪੰਜਾਬ ਦੀ ਜਵਾਨੀ ਅੱਜ ਕੇਂਦਰ ਦੇ ਨਿਸ਼ਾਨੇ `ਤੇ ਹੈ- ਗੌਰ ਕਰੋ ਤੇ ਜਾਗੋ; ਕਿਉਂਕਿ ਪੰਜਾਬ ਦੀ ਕੁਰਸੀ ਤੁਹਾਡਾ ਮੁੱਲ ਵੱਟੇ ਬਿਨਾ ਨਹੀਂ ਮਿਲਦੀ- ਫਿਰ ਚਾਹੇ ਤੁਹਾਡਾ ਖੂਨ ਹੈ ਜਾਂ ਖੂਨ ਪਸੀਨੇ ਦੀ ਕਮਾਈ! ਇਹੋ ਆਖਾਂਗਾ ਕਿ ਆਪਣੀ ਜਵਾਨੀ ਤੇ ਆਪਣੇ ਪੰਜਾਬ ਦਾ ਖਿਆਲ ਰੱਖਿਓ, ਕਿਉਂਕਿ ਅਸੀਂ ਪਰਦੇਸੀ ਤੁਹਾਡਾ ਫਿਕਰ ਰੱਖਦੇ ਹਾਂ।
ਸਮਾਂ ਨਹੀਂ ਹੁਣ ਸੌਣ ਦਾ, ਉਠ ਪੰਜਾਬੀ ਜਾਗ ਪੰਜਾਬਾ।
ਨਸਲ ਤੇਰੀ ਨੂੰ ਡੰਗਣ ਲਈ, ਤੇਰੇ ਹੀ ਬਣ`ਗੇ ਨਾਗ ਪੰਜਾਬਾ।
ਦਿੱਲੀ ਫਿਰੇ ਉਜਾੜਨ ਨੂੰ, ਤੇਰੇ ਫੁੱਲਾਂ ਦਾ ਬਾਗ ਪੰਜਾਬਾ।
ਵੈਣਾਂ ਦੇ ਵਿੱਚ ਬਦਲ ਰਹੇ ਨੇ, ਖੁਸ਼ੀਆਂ ਵਾਲੇ ਰਾਗ ਪੰਜਾਬਾ।
ਸਿਵਿਆਂ ਦੀ ਅੱਗ ਤਪਾਉਣ ਲੱਗਾ, ਤੇਰੇ ਘਰ ਦਾ ਮਾਘ ਪੰਜਾਬਾ।
ਤੇਰੇ ਈ ਜੰਮੇ ਲੁੱਟਦੇ-ਕੁੱਟਦੇ, ਕੈਸੇ ਤੇਰੇ ਭਾਗ ਪੰਜਾਬਾ।
‘ਨਿੰਮਾ’ ਆਖੇ ਮਿਹਰ ਕਰੇ, ਤੇਰੇ ਉਤੇ ਨਾਨਕ ਬਾਬਾ।
ਅਗਰ ਝਾੜੂ ਹੀ ਗੰਦ ਪਾਉਣ ਲੱਗ ਜਾਵੇ ਤਾਂ ਵਿਹੜੇ ਦੀ ਸਫਾਈ ਦੀ ਉਮੀਦ ਕਿਸ ਤੋਂ ਰੱਖੀ ਜਾ ਸਕਦੀ ਹੈ? ਇਹ ਝਾੜੂ ਤਾਂ ਪੰਜਾਬ ਦੇ ਵਿਹੜਿਓਂ ਲੱਗਦਾ ਜ਼ੁਰਮ ਦੀ ਸਫਾਈ ਬਹਾਨੇ ਜਵਾਨੀ ਦੀ ਸਫਾਈ ਕਰਨ ਦੇ ਇਕਰਾਰਨਾਮਿਆਂ ਉਤੇ ਦਸਤਖਤ ਕਰੀ ਫਿਰਦਾ ਹੈ!

Leave a Reply

Your email address will not be published. Required fields are marked *