ਭਾਈ ਮਰਦਾਨੇ ਦੇ ਵਾਰਿਸਾਂ ਦੇ ਘਰ ਜਾਣ ਦਾ ਸਬੱਬ ਅਤੇ ਨਜ਼ਮ ਹੁਸੈਨ ਸੱਯਦ ਤੇ ਅਫ਼ਜ਼ਲ ਸਾਹਿਰ ਨਾਲ਼ ਮੁਲਾਕਾਤ

ਅਧਿਆਤਮਕ ਰੰਗ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਗਿਆਰਵੀਂ ਕਿਸ਼ਤ, ਜਿਸ ਵਿੱਚ ਨਜ਼ਮ ਹੁਸੈਨ ਸੱਯਦ ਤੇ ਅਫ਼ਜ਼ਲ ਸਾਹਿਰ ਨਾਲ਼ ਮੁਲਾਕਾਤ ਅਤੇ ਭਾਈ ਮਰਦਾਨੇ ਦੇ ਵਾਰਿਸਾਂ ਦੇ ਘਰ ਜਾਣ ਦਾ ਸੰਖੇਪ ਵੇਰਵਾ ਦਰਜ ਹੈ…

ਰਵਿੰਦਰ ਸਹਿਰਾਅ
ਫੋਨ: 219-900-1115

ਨਜ਼ਮ ਹੁਸੈਨ ਸੱਯਦ ਨਾਲ਼ ਮੁਲਾਕਾਤ
ਸਾਲ 2024 ਦੀ 29 ਫਰਵਰੀ, ਵੀਰਵਾਰ ਦੁਪਹਿਰ ਵੇਲੇ ਅਸੀਂ ਨਜ਼ਮ ਹੋਰਾਂ ਨੂੰ ਮਿਲਣਾ ਸੀ। ਪਿਛਲੀ ਫੇਰੀ ਦੌਰਾਨ ਅਸੀਂ ਪੰਜਾਬੀ ਸਾਹਿਤ ਦੀ ਇਸ ਵੱਡੀ ਨਾਮਣੇ ਵਾਲੀ ਸ਼ਖ਼ਸੀਅਤ ਦੇ ਦੀਦਾਰੇ ਕਰਨ ਤੋਂ ਵਾਂਝੇ ਰਹਿ ਗਏ ਸੀ। ਕਾਰਨ ਉਨ੍ਹਾਂ ਦੀ ਵਿਗੜਦੀ ਜਾ ਰਹੀ ਸਿਹਤ ਤੇ ਕੋਵਿਡ ਦੌਰਾਨ ਤੇ ਉਸ ਤੋਂ ਬਾਅਦ ਉਹ ਬਹੁਤ ਘੱਟ ਲੋਕਾਂ ਨੂੰ ਮਿਲਦੇ ਸਨ। ਹਫ਼ਤਾਵਰੀ ਸੰਗਤ ਵੀ ਹੁਣ ਜ਼ੂਮ ’ਤੇ ਹੀ ਹੁੰਦੀ ਸੀ। ਆਪਣੀ ਕਾਵਿ ਕਿਤਾਬ ‘ਕੁਝ ਨਾ ਕਹੋ’ ਵਿੱਚ ਮੈਂ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਮਨਜੂਰ ਏਜਾਜ਼, ਜਾਵੇਦ ਬੂਟਾ ਤੇ ਸਫ਼ੀਰ ਰਾਮਾਹ ਹੋਰਾਂ ਤੋਂ ਸੁਣੀਆਂ ਗੱਲਾਂ ਤੋਂ ਅਸਰ ਲੈ ਕੇ ਇੱਕ ਕਾਵਿ ਚਿੱਤਰ ਵੀ ਉਨ੍ਹਾਂ ਬਾਰੇ ਲਿਖਿਆ ਸੀ:
ਸ਼ਬਦਾਂ ਦੀ ਸੰਗਤ: ਨਜ਼ਮ ਹੁਸੈਨ ਸੱਯਦ

ਉਹ ਨਜ਼ਮ ਲਿਖੇ, ਡਰਾਮਾ ਜਾਂ ਪਰਖ਼
ਉਸਦੇ ਅੱਖਰ ਅੰਗਿਆਰ ਬਣ ਮਘਦੇ ਹਨ
ਤੇ ਦੁੱਲੇ ਭੱਟੀ, ਅਹਿਮਦ ਖਰਲ ਜਿਹੇ
ਯੋਧਿਆਂ ਦੀ ਗੱਲ ਕਰਦੇ ਹਨ।

ਉਹ ਸੰਗਤ ਦਾ ਪਿਆਰਾ ਹੈ
ਸੰਗਤ ਨੂੰ ਪ੍ਰਣਾਇਆ ਹੈ
ਪੰਜਾਬੀ ਦਾ ਆਸ਼ਿਕ ਹੈ
ਪੰਜਾਬ ਦਾ ਜਾਇਆ ਹੈ।
ਪਿਛਲੀ ਫੇਰੀ ਦੌਰਾਨ ਉਨ੍ਹਾਂ ਦੀ ਭਤੀਜੀ ਸਰਬਤ ਮੁਹੱਊਦੀਨ ਨੇ ਮਿਲਾਉਣ ਦੀ ਹਾਮੀ ਭਰੀ ਵੀ ਸੀ, ਪਰ ਸਾਡੇ ਕੋਲ ਦਿਨ ਥੋੜ੍ਹੇ ਸਨ ਤੇ ਮੁਲਾਕਾਤ ਨਾ ਹੋ ਸਕੀ। ਇਸ ਵੇਰ ਉਨ੍ਹਾਂ ਦੀ ਧੀਆਂ ਵਰਗੀ ਚਹੇਤੀ ਡਾ. ਆਸਮਾ ਕਾਦਰੀ ਨਾਲ਼ ਤਾਹਿਰ ਸੰਧੂ ਨੇ ਗੱਲ ਕੀਤੀ ਤਾਂ ਉਨ੍ਹਾਂ ਥੋੜ੍ਹੇ ਜਿਹੇ ਸਮੇਂ ਦੀ ਮੁਲਾਕਾਤ ਦੀ ਹਾਮੀ ਭਰ ਦਿੱਤੀ। ਅਸੀਂ ਦਿੱਤੇ ਹੋਏ ਸਮੇਂ ਉਨ੍ਹਾਂ ਦੇ ਘਰ ਪਹੁੰਚ ਗਏ। ਉਹ ਦਸ-ਪੰਦਰਾਂ ਮਿੰਟਾਂ ਬਾਅਦ ਡਰਾਇੰਗ ਰੂਮ ਵਿੱਚ ਆਏ। ਮੂੰਹ ’ਤੇ ਅਜੇ ਵੀ ਮਾਸਕ ਪਹਿਨਿਆ ਹੋਇਆ ਸੀ। ਸਰੀਰ ਕਮਜ਼ੋਰ ਤੇ ਸੁਣਦਾ ਵੀ ਉੱਚਾ ਸੀ। ਆਸਮਾ ਕਾਦਰੀ ਉਨ੍ਹਾਂ ਨੂੰ ਉੱਚੀ-ਉੱਚੀ ਕੰਨ ਕੋਲ ਜਾ ਕੇ ਸਮਝਾ ਰਹੇ ਸਨ। ਉਨ੍ਹਾਂ ਮੇਰੀ ਨਜ਼ਮ ਵੀ ਪੜ੍ਹ ਕੇ ਸੁਣਾਈ। ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪਰਖ਼ (ਆਲੋਚਨਾ) ਦੀ ਕਿਤਾਬ ‘ਫ਼ਰੀਦੋਂ ਨਾਨਕ, ਨਾਨਕੋਂ ਫ਼ਰੀਦ’ ਮੈਂ ਕਾਲਜ ਵੇਲੇ ਦੀ ਪੜ੍ਹੀ ਹੋਈ ਹੈ। ਤੇ ਉਨ੍ਹਾਂ ਦੇ ਨਾਟਕ ਚੜ੍ਹਦੇ ਪੰਜਾਬ ਦੀ ਧਰਤੀ ਉੱਪਰ ਬਹੁਤ ਖੇਡੇ ਗਏ ਸਨ। ਅਸੀਂ ਉਨ੍ਹਾਂ ਦੀ ਦੋ-ਤਿੰਨ ਮਿੰਟ ਦੀ ਵੀਡੀਓ ਵੀ ਬਣਾਈ, ਜਿਸ ਵਿੱਚ ਉਨ੍ਹਾਂ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਨੂੰ ਮਿਲ ਬੈਠਣ ਉੱਪਰ ਜ਼ੋਰ ਦਿੱਤਾ।
ਡਾ. ਆਸਮਾ ਕਾਦਰੀ ਬੜੇ ਸੁਲਝੇ ਹੋਏ ਹਨ ਤੇ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ। ਉਹ ਪੂਰੀ ਤਰ੍ਹਾਂ ਨਜ਼ਮ ਹੋਰਾਂ ਦੀ ਰੰਗਤ ਵਿੱਚ ਰੰਗੇ ਹੋਏ ਹਨ। ਨਜ਼ਮ ਹੋਰਾਂ ਵਾਂਗ ਹੀ ਉਨ੍ਹਾਂ ਦੀ ਬਾਬਾ ਫ਼ਰੀਦ ਅਤੇ ਗੁਰੂ ਨਾਨਕ ਦੇ ਫ਼ਲਸਫ਼ੇ ਉਪਰ ਪੂਰੀ ਪਕੜ ਹੈ। ਇਸ ਸਬੰਧ ਵਿੱਚ ਉਹ ਅਮਰੀਕਾ, ਕੈਨੇਡਾ ਦੇ ਗੁਰੂਘਰਾਂ ਵਿੱਚ ਲੈਕਚਰ ਦੇਣ ਵੀ ਜਾਂਦੇ ਰਹਿੰਦੇ ਹਨ। ਉਹ ਯੂਨੀਵਰਸਿਟੀ ਦੇ ਗੋਲਡ ਮੈਡਲਿਸਟ ਹਨ ਤੇ ਬਹੁਤ ਖ਼ੁਦਦਾਰ ਹਨ। ਪੀਐਚ.ਡੀ. ਕਰਦਿਆਂ ਉਨ੍ਹਾਂ ਦੀ ਨਿਗਰਾਨ ਨਾਲ਼ ਤੂੰ-ਤੂੰ, ਮੈਂ-ਮੈਂ ਹੋ ਗਈ। ਨਿਗਰਾਨ ਨੇ ਉਸਦੀ ਗੱਲ ਨਾ ਮਿਲਣ ’ਤੇ ਪੀਐਚ.ਡੀ. ਨਾ ਮੁਕੰਮਲ ਕਰਨ ਦੀ ਧਮਕੀ ਵੀ ਦਿੱਤੀ, ਪਰ ਉਹਨੇ ਪ੍ਰਵਾਹ ਨਾ ਕੀਤੀ ਤੇ ਯੂਨੀਵਰਸਿਟੀ ਵਿੱਚ ਮੁਕੱਦਮਾ ਕਰ ਦਿੱਤਾ। ਜੋ ਮਰਦ ਪ੍ਰਧਾਨ ਸਮਾਜ ਵਿੱਚ ਉਸਦੇ ਖ਼ਿਲਾਫ਼ ਗਿਆ, ਪਰ ਉਹ ਫਿਰ ਵੀ ਡਟੀ ਰਹੀ। ਨਿਗਰਾਨ ਦੀਆਂ ਲਲਚਾਈਆਂ ਖ਼ਾਹਿਸ਼ਾਂ ਨੂੰ ਬੂਰ ਨਹੀਂ ਪੈਣ ਦਿੱਤਾ। ਵਿਦਿਆਰਥੀਆਂ ’ਚ ਉਹ ਬਹੁਤ ਹਰਮਨ ਪਿਆਰੀ ਹੈ। ਅੱਜ ਕੱਲ੍ਹ ਉਹ ਯੂਨੀਵਰਸਿਟੀ ਦੇ ਨਵੇਂ ਹੋਸਟਲ ਦੀ ਵਾਰਡਨ ਵੀ ਹੈ। ਸਾਨੂੰ ਉਨ੍ਹਾਂ ਘਰ ਰੁਕਣ ਦੀ ਤਾਕੀਦ ਕੀਤੀ। ਅਸੀਂ ਥੋੜ੍ਹਾ ਜਿਹਾ ਸਮਾਂ ਉਸ ਅਤੇ ਉਸਦੇ ਬੇਟੇ ਸੁਮੇਲ ਨਾਲ਼ ਗੁਜ਼ਾਰਿਆ। ਚਾਹ-ਪਾਣੀ ਪੀਤਾ ਤੇ ਅਲਵਿਦਾ ਲਈ।

ਅਫ਼ਜ਼ਲ ਸਾਹਿਰ ਨਾਲ਼ ਇੱਕ ਸ਼ਾਮ
ਡਾ. ਆਸਮਾ ਕਾਦਰੀ ਤੋਂ ਅਜੇ ਵਿਹਲੇ ਹੋਏ ਈ ਸੀ ਕਿ ਤਾਹਿਰ ਨੇ ਅਫ਼ਜ਼ਲ ਨੂੰ ਫ਼ੋਨ ਕੀਤਾ। ਉਹ ਪਹਿਲਾਂ ਹੀ ਸਾਡੀ ਉਡੀਕ ਕਰ ਰਿਹਾ ਸੀ। ਅਸੀਂ ਥੋੜ੍ਹੇ ਲੇਟ ਹੋ ਗਏ ਸੀ, ਪਰ ਪੰਦਰਾਂ-ਵੀਹ ਮਿੰਟਾਂ ਵਿੱਚ ਅਸੀਂ ਉਸਦੇ ਆਸ਼ਿਆਨੇ ਪਹੁੰਚ ਗਏ। ਉਹ ਬੜੀ ਮੁਹੱਬਤੀ ਜੱਫ਼ੀ ਨਾਲ਼ ਮਿਲਿਆ। ਕੁਝ ਦੋਸਤ ਵੀ ਬੁਲਾ ਰੱਖੇ ਸੀ।
ਅਫ਼ਜ਼ਲ ਨੂੰ ਲਹਿੰਦੇ ਪੰਜਾਬ ਦਾ ਸ਼ਿਵ ਕੁਮਾਰ ਬਟਾਲਵੀ ਵੀ ਕਿਹਾ ਜਾਂਦਾ ਹੈ, ਪਰ ਉਹ ਕਹਿੰਦਾ ਹੈ ਕਿ ਉਹ ਸਿਰਫ਼ ਅਫ਼ਜ਼ਲ ਸਾਹਿਰ ਹੀ ਬਣਨਾ ਚਾਹੁੰਦਾ ਹੈ। ਗੱਲਾਂ-ਬਾਤਾਂ ਵਿੱਚ ਉਹਨੇ ਮੇਰਾ ਪਿੰਡ ਦਾ ਨਾਮ ਪੁੱਛਿਆ ਤਾਂ ਮੈਂ ਕਿਹਾ ਫਰਾਲਾ…। ਕਹਿੰਦਾ ਲਉ ਜੀ ਫੇਰ ਤਾਂ ਆਪਾਂ ਗਰਾਈਂ ਆ, ਮੇਰਾ ਪਿੰਡ ਵੀ ਫਰਾਲਾ ਹੈ। ਇਸੇ ਤਰ੍ਹਾਂ ਵਰਿਆਮ ਸੰਧੂ ਤੇ ਭੈਣ ਜੀ ਰਜਵੰਤ ਨੂੰ ਉਸਨੇ ਮਾਸੀ-ਮਾਸੜ ਦੱਸਿਆ। ਉਸਦੀ ਬੇਗ਼ਮ ਸ਼ਿਫ਼ਾ ਅਹਿਮਦ ਸਾਹਿਰ ਵੀ ਬਹੁਤ ਸਲੀਕੇ ਵਾਲੀ ਔਰਤ ਹੈ। ਉਹ ਗੌਰਮਿੰਟ ਕਾਲਜ (ਲੜਕੀਆਂ) ਵਿੱਚ ਪ੍ਰੋਫ਼ੈਸਰ ਹੈ।
ਉਸਦਾ ਜਨਮ 14 ਅਪ੍ਰੈਲ 1953 ਨੂੰ ਪਿੰਡ ਫਰਾਲਾ ਆਰ.ਬੀ. 258, ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਵਿੱਚ ਹੋਇਆ। ਉਸਦੇ ਮਾਪੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਵੰਡ ਵੇਲੇ ਪਾਕਿਸਤਾਨ ਚਲੇ ਗਏ ਸਨ। ਦਹਾਕਿਆਂ ਬੱਧੀ ਉਹ ਐੱਫ਼.ਐੱਮ. 103 ਰੇਡੀਉ ਤੋਂ ਪੰਜਾਬੀ ਪ੍ਰੋਗਰਾਮ ਕਰਦਾ ਰਿਹਾ ਜਿਸਨੂੰ ਲਾਹੌਰ, ਮੁਲਤਾਨ ਤੇ ਕਰਾਚੀ ਤੱਕ ਸੁਣਿਆ ਜਾਂਦਾ ਰਿਹਾ। ਉਸਦੀ ਅਦਾਇਗੀ ਵੀ ਕਮਾਲ ਦੀ ਹੈ ਤੇ ਲਫ਼ਜ਼ਾਂ ਦੀ ਚੋਣ ਵੀ ਬੱਲੇ-ਬੱਲੇ…। ਉਰਦੂ ਸ਼ਾਇਰੀ ਕਰਦਾ ਉਹ ਮਾਂ ਦੇ ਮੂੰਹੋਂ ਸੁਣੀਆਂ ਬੋਲੀਆਂ ਤੇ ਟੱਪੇ ਸੁਣ-ਸੁਣ ਪੰਜਾਬੀ ਵੱਲ ਮੁੜਿਆ। ਉਸਦੀ ਪਹਿਲੀ ਕਿਤਾਬ ‘ਨਾਲ਼ ਸੱਜਣ ਦੇ ਰਹੀਏ’ ਬਹੁਤ ਮਕਬੂਲ ਹੋਈ।
ਉਹ ਕਮਾਲ ਦਾ ਬਰੌਡਕਾਸਟਰ ਵੀ ਹੈ। ਘਰ ਵਿੱਚ ਸਟੂਡੀਓ ਵੀ ਬਣਾ ਰੱਖਿਆ ਹੈ। ਉਹਨੇ ਆਪਣੇ ਬੇਲੀਆਂ ਨੂੰ ਕੈਮਰੇ ਤੇ ਹੋਰ ਸਮੱਗਰੀ ਲਿਆਉਣ ਨੂੰ ਕਿਹਾ। ਫਿਰ ਕੀ ਸੀ, ਉਹਨੇ ਬੜੇ ਹੀ ਨਿਵੇਕਲੇ ਅੰਦਾਜ਼ ਅਤੇ ਅਦਾਵਾਂ ਨਾਲ਼ ਮੇਰੀਆਂ ਦੋ ਨਜ਼ਮਾਂ ਰਿਕਾਰਡ ਕੀਤੀਆਂ। ਭਲਕੇ ਉਹਨੂੰ ਪਿਲਾਕ ਵਿੱਚ ‘ਸੰਗਤ’ (ਜਿਸਦਾ ਉਹ ਸਕੱਤਰ ਹੈ) ਦੀ ਮਿਲਣੀ ਵਿੱਚ ਮਿਲਣ ਦਾ ਵਾਅਦਾ ਕਰਕੇ ਉਸ ਕੋਲੋਂ ਇਜਾਜ਼ਤ ਲਈ।
ਅਫ਼ਜ਼ਲ ਸਾਹਿਰ ਦੀਆਂ ਕਾਵਿ ਵੰਨਗੀਆਂ:
ਸਾਡੇ ਸੁਫ਼ਨੇ ਰਹਿ ਗਏ ਕੋਰੇ
(ਜਮੀਲ ਪਾਲ ਦੀ ਵੇਲ)
ਸੁਫ਼ਨੇ ਰਹਿ ਗਏ ਕੋਰੇ
ਸੱਜਣ!
ਸਾਡੇ ਸੁਫ਼ਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ,
ਜਿਉਂ ਕੰਧਾਂ ਵਿਚ ਮਘੋਰੇ।

ਜੱਗ ਕੂੜ ਪਸਾਰਾ ਕਹਿਰ ਦਾ
ਸਾਨੂੰ ਚਸਕਾ ਲੱਗਾ ਜ਼ਹਿਰ ਦਾ
ਦਿਲ ਪਾਰਾ ਕਿਤੇ ਨਾ ਠਹਿਰਦਾ
ਸਾਨੂੰ ਧੁੜਕੂ ਉੱਠੇ ਪਹਿਰ ਦਾ
ਇੱਕ ਪਾਸਾ ਮਰਿਆ ਸ਼ਹਿਰ ਦਾ
ਵਿੱਚ ਭੁੱਖਾ ਫਨੀਅਰ ਲਹਿਰ ਦਾ।

ਮਾਵਾਂ ਨੇ ਖੀਸੇ ਫੋਲ ਕੇ
ਪੁੱਤ ਸਫ਼ਰਾਂ ’ਤੇ ਟੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ।

ਅਸੀਂ ਸਈਆਂ ਨੈਣਾਂ ਵਾਲੀਆਂ
ਸਾਨੂੰ ਜੋਇਆ ਅੰਨ੍ਹੇ ਹਾਲੀਆਂ
ਮੰਨ ਖੋਬੇ ਸੱਧਰਾਂ ਗਾਲੀਆਂ
ਸਾਡਾ ਜੀਵਨ ਵਿੱਚ ਕੁਠਾਲੀਆਂ
ਖਸਮਾਂ ਦੀਆਂ ਅੱਗਾਂ ਬਾਲੀਆਂ
ਦਿਲ ਗੁਨਹੇ ਵਿੱਚ ਕੁਨਾਲੀਆਂ।

ਇਸ ਔਂਤਰ ਜਾਣੇ ਸਮੇਂ ਨੇ
ਸਾਹ ਬਰਫ਼ਾਂ ਵਾਂਗੂ ਖੋਰੇ
ਸਾਡੇ ਸੁਫ਼ਨੇ ਰਹਿ ਗਏ ਕੋਰੇ।

ਅੱਕ ਸਵਾਦੀ ਲੱਗੇ
ਸਈਓ ਨੀ
ਮੈਨੂੰ ਅੱਕ ਸਵਾਦੀ ਲੱਗੇ
ਪੀੜਾਂ ਹੇਠ ਹੰਢਾਵਾਂ ਜਿੰਦੜੀ
ਸਾਹਵਾਂ ਦੇ ਵਿੱਚ ਖੱਗੇ
ਸਈਓ ਨੀ!
ਮੈਨੂੰ ਅੱਕ ਸਵਾਦੀ ਲੱਗੇ।

ਚੇਤਰ ਮਾਹੀ ਸੱਜਰੀ ਵਾਅ ਨਾਲ਼
ਖਿੜਨ ਫੁੱਲਾਂ ਦੇ ਡੋਡੇ
ਮੈਂ ਕਬਰਾਂ ਵੱਲ ਟੁਰਦੀ ਜਾਵਾਂ
ਲਾ ਹਿਜਰਾਂ ਨੂੰ ਮੋਢੇ
ਸਾਹੋਂ ਟੁਰ ਕੰਡਿਆਲੀਆਂ ਚੀਕਾਂ
ਆ ਰੁਕੀਆਂ ਸ਼ਾਹ ਰਗੇ
ਸਈਓ ਨੀ!
ਮੈਨੂੰ ਅੱਕ ਸਵਾਦੀ ਲੱਗੇ।

ਮੇਰੀ ਅੱਥਰੀ ਆਸ ਤੇ ਸੌਂ ਗਈ
ਰਾਤ ਹਟਕੋਰੇ ਭਰਦੀ
ਓਸੇ ਰਾਤ ਇੱਕ ਘੁੱਗੀ ਮਰ ਗਈ
ਪਾਲ਼ੇ ਦੇ ਵਿੱਚ ਠਰਦੀ
ਟੀਸਾਂ ਵਾਲੀ ਲਹਿਰ ਨੇ ਕੀਤੇ
ਫੁੱਲਾਂ ਦੇ ਰੰਗ ਬੱਗੇ
ਸਈਓ ਨੀ!
ਮੈਨੂੰ ਅੱਕ ਸਵਾਦੀ ਲੱਗੇ।

ਭਾਈ ਮਰਦਾਨੇ ਦੇ ਵਾਰਿਸਾਂ ਦੇ ਘਰ
ਸਾਡਾ ਅਗਲਾ ਪੜਾਅ ਭਾਈ ਮਰਦਾਨੇ ਦੀ ਅਠਾਰਵੀਂ ਪੀੜ੍ਹੀ ਨੂੰ ਮਿਲਣ ਦਾ ਸੀ। ਅਸੀਂ ਭਾਈ ਨਈਮ ਤਾਹਿਰ ਲਾਲ ਹੋਰਾਂ ਨੂੰ ਫ਼ੋਨ ਕਰਕੇ ਪਹਿਲਾਂ ਹੀ ਆਉਣ ਬਾਰੇ ਦੱਸ ਦਿੱਤਾ ਸੀ। ਉਹ ਮੁਹੱਲਾ ਹੁਸੈਨਪੁਰਾ, ਗਾਜ਼ੀਆਬਾਦ ਲਾਹੌਰ ਦੇ ਇਲਾਕੇ ਵਿੱਚ ਰਹਿੰਦੇ ਹਨ। ਡਰਾਈਵਰ ਨੂੰ ਉਨ੍ਹਾਂ ਫ਼ੋਨ ਉੱਪਰ ਰਾਹ ਦੇ ਮੋੜ-ਘੇੜ ਸਮਝਾ ਦਿੱਤੇ। ਬਾਦਸ਼ਾਹੀ ਮਸਜਿਦ ਤੋਂ ਇਹ ਕੋਈ ਅੱਧੇ ਘੰਟੇ ਦੀ ਡਰਾਈਵ ਸੀ। ਉਨ੍ਹਾਂ ਕਿਹਾ ਕਿ ਤੁਸੀਂ ਫਲਾਣੀ ਥਾਂ ’ਤੇ ਆ ਜਾਇਓ ਉੱਥੋਂ ਅਸੀਂ ਤੁਹਾਨੂੰ ਘਰ ਲੈ ਜਾਵਾਂਗੇ, ਕਿਉਂਕਿ ਭੀੜੇ ਬਾਜ਼ਾਰ ਵਿੱਚ ਕਾਰ ਦੇ ਜਾਣ ਦੀ ਸੰਭਾਵਨਾ ਘੱਟ ਸੀ ਤੇ ਡਰ ਸੀ ਕਿਤੇ ਅਸੀਂ ਫਸ ਹੀ ਨਾ ਜਾਈਏ।
ਘਰ ਤੋਂ ਥੋੜ੍ਹੀ ਦੂਰ ਬਾਹਰ ਮੇਨ ਬਾਜ਼ਾਰ ਮੂਹਰੇ ਨਈਮ ਲਾਲ ਜੀ ਤੇ ਉਨ੍ਹਾਂ ਦੇ ਭਰਾ ਮੁਹੰਮਦ ਹੁਸੈਨ, ਜੋ ਭਾਈ ਮਰਦਾਨੇ ਦੀ ਸਤਾਰਵੀਂ ਪੀੜ੍ਹੀ ਦੇ ਪ੍ਰਸਿੱਧ ਕੀਰਤਨੀਏ ਭਾਈ ਲਾਲ ਜੀ ਦੇ ਸਪੁੱਤਰ ਹਨ, ਸਾਡੀ ਉਡੀਕ ਕਰ ਰਹੇ ਸਨ। ਉਹ ਸਾਨੂੰ ਬੜੇ ਤਪਾਕ ਨਾਲ਼ ਮਿਲੇ ਤੇ ਅਸੀਂ ਉਨ੍ਹਾਂ ਦੇ ਘਰ ਨੂੰ ਤੰਗ ਗਲੀ ’ਚੋਂ ਹੁੰਦੇ ਹੋਇਆਂ ਉਨ੍ਹਾਂ ਦੇ ਮਗਰ-ਮਗਰ ਚੱਲ ਪਏ। ਸ਼ਾਹਜੇਬ ਵੀ ਸਾਡੇ ਨਾਲ਼ ਸੀ। ਅਸੀਂ ਚਾਹ ਪਾਣੀ ਛਕਿਆ। ਭਾਈ ਲਾਲ ਜੀ ਬਾਰੇ ਕਾਫ਼ੀ ਗੱਲਾਂ-ਬਾਤਾਂ ਹੋਈਆਂ, ਘਰ ਦੀ ਖ਼ਸਤਾ ਹਾਲਤ ਸੀ।
ਭਾਈ ਮਰਦਾਨਾ ਦੀ ਦੇਣ ਮੇਰੇ ਜ਼ਿਹਨ ਵਿੱਚ ਘੁੰਮ ਰਹੀ ਸੀ। ਉਨ੍ਹਾਂ ਦਾ ਜਨਮ 1459 ਈ. ਵਿੱਚ ਨਨਕਾਣਾ ਸਾਹਿਬ ਵਿੱਚ 6 ਫਰਵਰੀ ਨੂੰ ਅਤੇ ਅਕਾਲ ਚਲਾਣਾ 1534 ਵਿੱਚ ਕਰਤਾਰਪੁਰ ਸਾਹਿਬ ਵਿਖੇ ਹੋਇਆ ਦੱਸਿਆ ਜਾਂਦਾ ਹੈ। ਭਾਈ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਉਮਰ ਵਿੱਚ ਵੱਡੇ ਸਨ। ਉਨ੍ਹਾਂ ਨੂੰ ਸਿੱਖ ਇਤਿਹਾਸ ਦਾ ਪਹਿਲਾ ਕੀਰਤਨੀਆ ਹੋਣ ਦਾ ਮਾਣ ਵੀ ਹਾਸਿਲ ਹੈ। ਉਹ ਉਦਾਸੀਆਂ ਵਿੱਚ ਗੁਰੂ ਨਾਨਕ ਜਾਂ ਸ਼ਾਹ ਫ਼ਕੀਰ ਦੇ ਨਾਲ਼-ਨਾਲ਼ ਰਹੇ ਤੇ ਚੁਰੰਜਾ ਸਾਲ ਤੱਕ ਗੁਰੂ ਜੀ ਦਾ ਸਾਥ ਨਿਭਾਇਆ। ਉਨ੍ਹਾਂ ਦੀ ਮਾਤਾ ਦਾ ਨਾਮ ਲੱਖੋ ਅਤੇ ਪਿਤਾ ਮੀਰ ਬਾਦਰੇ ਸੀ, ਜੋ ਪਿੰਡ ਦਾ ਮਰਾਸੀ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਮਾਂ-ਬਾਪ ਦੀ ਔਲਾਦ ਜਨਮਦੇ ਹੀ ਮਰ ਜਾਂਦੀ ਸੀ। ਮਾਂ-ਬਾਪ ਬਹੁਤ ਨਿਰਾਸ਼ ਸਨ, ਜਦੋਂ ਭਾਈ ਮਰਦਾਨੇ ਦਾ ਜਨਮ ਹੋਇਆ ਤਾਂ ਮਾਂ-ਬਾਪ ਨੇ ਉਹਦਾ ਨਾਮ ‘ਮਰ ਜਾਣਾ’ ਰੱਖ ਦਿੱਤਾ; ਜਿਸ ਕਰਕੇ ਉਹ ਲੋਕਾਂ ਵਿੱਚ ਮਰਜਾਣੇ ਨਾਲ਼ ਹੀ ਜਾਣਿਆ ਜਾਣ ਲੱਗਾ।
ਗੁਰੂ ਨਾਨਕ ਜੀ ਦੇ ਨਾਲ਼ ਉਨ੍ਹਾਂ ਦਾ ਮੇਲ 1480 ਦੇ ਕਰੀਬ ਦੱਸਿਆ ਜਾਂਦਾ ਹੈ। ਇਸ ਬਾਰੇ ਵੀ ਕਈ ਦੰਦ ਕਥਾਵਾਂ ਪ੍ਰਚਲਤ ਹਨ। ਜਦੋਂ ਗੁਰੂ ਜੀ ਨੇ ਮਰਦਾਨੇ ਨੂੰ ਰਬਾਬ ਵਜਾਉਂਦਿਆਂ ਸੁਣਿਆ ਤਾਂ ਉਸਦਾ ਨਾਮ ਪੁੱਛਿਆ ਤਾਂ ਉਹ ਕਹਿੰਦਾ, ਜੀ ‘ਮਰਜਾਣਾ’, ਤਾਂ ਗੁਰੂ ਨਾਨਕ ਨੇ ਕਿਹਾ, ਤੂੰ ਅੱਜ ਤੋਂ ‘ਮਰਜਾਣਾ’ ਨਹੀਂ ‘ਮਰਦਾ ਨਾ’ ਹੈਂ। ਉਸਦਾ ਨਾਮ ਮਰਦਾਨਾ ਹੀ ਪੈ ਗਿਆ, ਜਿਸਨੂੰ ਸ਼ਰਧਾਲੂ ਅੱਜ ਤੱਕ ਯਾਦ ਕਰਦੇ ਹਨ, ਜੋ ਮਰਿਆ ਨਹੀਂ ਅੱਜ ਵੀ ਜਿਊਂਦਾ ਹੈ। ਉਸ ਦਿਨ ਤੋਂ ਬਾਅਦ ਉਸਨੇ ਆਪਣੇ ਆਖ਼ਰੀ ਸਾਹਾਂ ਤੱਕ ਗੁਰੂ ਨਾਨਕ ਦਾ ਸਾਥ ਨਿਭਾਇਆ। ਉਨ੍ਹਾਂ ਗੁਰੂ ਦੀ ਸੰਗਤ ਦੇ ਨਾਲ਼-ਨਾਲ਼ ਆਪਣਾ ਮਜ਼੍ਹਬ ਵੀ ਨਾ ਛੱਡਿਆ ਤੇ ਬਾਲ ਬੱਚਿਆਂ ਦੀ ਪਾਲਣਾ ਪੋਸ਼ਣਾ ਵੀ ਕੀਤੀ। 1487 ਤੋਂ 1491 ਤੱਕ ਉਹ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਹੀ ਰਹੇ। ਜਦੋਂ ਗੁਰੂ ਜੀ ਨੇ ਸੁਲਤਾਨਪੁਰ ਲੋਧੀ ਆਉਣ ਦਾ ਫ਼ੈਸਲਾ ਕੀਤਾ ਤਾਂ ਮਰਦਾਨਾ ਜੀ ਵੀ ਉਨ੍ਹਾਂ ਦੇ ਨਾਲ਼ ਹੀ ਆ ਗਏ। ਸਾਜ਼ ਅਤੇ ਆਵਾਜ਼ ਦਾ ਇਹ ਅਦਭੁੱਤ ਮੇਲ ਸੀ ਜੋ ਉਦਾਸੀਆਂ ਸਮੇਂ ਵੀ ਪੂਰਾ ਨਿਭਿਆ। ਇਸ ਦੀ ਮਹਿਮਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਕੀਤੀ ਹੈ:
ਇੱਕ ਬਾਬਾ ਅਕਾਲ ਪੁਰਖ, ਦੂਜਾ ਰਬਾਬੀ ਭਾਈ ਮਰਦਾਨਾ।
ਕੁਝ ਇਤਿਹਾਸਕਾਰ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਅਫ਼ਗਾਨਿਸਤਾਨ ਦੇ ਕੁਰਮ ਨਗਰ ਦੇ ਦਰਿਆ ਕੁਰਮ ਕਿਨਾਰੇ ਹੋਇਆ ਦੱਸਦੇ ਹਨ। ਕਈ ਸਾਖੀਕਾਰਾਂ ਨੇ ਉਨ੍ਹਾਂ ਨੂੰ ਨਿਰਾਦਰ ਭਰੇ ਸ਼ਬਦਾਂ ਨਾਲ਼ ਲਿਖਿਆ ਹੈ। ਉਸਦੀ ਵੰਸ਼ ’ਚੋਂ ਸਤਾਰਵੀਂ ਸਦੀ ਦੇ ਕੀਰਤਨੀਏ ਭਾਈ ਲਾਲ ਜੀ ਦੀ ਦਿਲੀ ਇੱਛਾ ਸੀ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਆ ਕੇ ਕੀਰਤਨ ਕਰਨ, ਪਰ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ। ਉੱਥੇ ਬੈਠਿਆਂ ਕਿੰਨੀਆਂ ਹੀ ਗੱਲਾਂ ਇੱਕ ਫ਼ਿਲਮ ਦੀ ਤਰ੍ਹਾਂ ਮੇਰੇ ਜ਼ਿਹਨ ਵਿੱਚ ਚੱਲ ਰਹੀਆਂ ਸਨ। ਸਾਡੇ ਧਰਮ ਦੇ ਠੇਕੇਦਾਰਾਂ ਦੀਆਂ ਨਿਕੰਮੀਆਂ ਸੋਚਾਂ ਨੂੰ ਦੁਰਕਾਰ ਰਹੀਆਂ ਸਨ।
ਹੁਣ ਸਾਡੇ ਜਾਣ ਦਾ ਵਕਤ ਆ ਗਿਆ ਸੀ। ਦੋਵੇਂ ਭਰਾ ਸਾਨੂੰ ਕਾਰ ਤੱਕ ਛੱਡਣ ਜਾ ਰਹੇ ਸਨ ਤਾਂ ਇੱਕ ਮਕਾਨ ਮੂਹਰੇ ਖੜ੍ਹੇ ਨਿੱਕੇ-ਨਿੱਕੇ ਬਾਲਾਂ ਨੇ ਨੀਰੂ ਵੱਲ ਤੱਕਿਆ ਜਿਵੇਂ ਕੁਝ ਪੁੱਛਣਾ ਚਾਹੁੰਦੇ ਹੋਣ। ਕੋਈ ਤਿੰਨ ਚਾਰ ਸਾਲ ਦੇ ਇੱਕ ਬੱਚਾ ਤੇ ਬੱਚੀ ਸਨ। ਅਚਾਨਕ ਬੱਚੀ ਨੇ ਨੀਰੂ ਨੂੰ ਕਿਹਾ, “ਆਪ ਇੰਡੀਆ ਸੇ ਹੋ?” ਨੀਰੂ ਕਹਿੰਦੀ ਤੁਹਾਨੂੰ ਕਿਵੇਂ ਪਤਾ ਕਿ ਅਸੀਂ ਇੰਡੀਆ ਤੋਂ ਹਾਂ ਤਾਂ ਕਹਿੰਦੀ, “ਹਮ ਇੰਡੀਆ ਕੇ ਡਰਾਮੇ ਦੇਖਤੇ ਹੈਂ, ਉਸਮੇਂ ਆਪ ਕੀ ਤਰ੍ਹਾ ਡਰੈੱਸ ਪਹਿਨੀ ਹੋਤੀ ਹੈ।” ਅਸੀਂ ਹੈਰਾਨ ਸੀ ਤੇ ਬੱਚਿਆਂ ਨੂੰ ਪਿਆਰ ਦੇ ਕੇ ਕਾਰ ਤੱਕ ਪਹੁੰਚੇ ਤੇ ਦੋਵਾਂ ਭਰਾਵਾਂ ਨਾਲ਼ ਤਸਵੀਰਾਂ ਕਰਵਾ ਕੇ ਫਿਰ ਮਿਲਣ ਦੇ ਵਾਅਦੇ ਨਾਲ਼ ਹੋਟਲ ਲਈ ਰਵਾਨਾ ਹੋਏ। ਇਹ ਦਿਨ ਸਾਡੇ ਲਈ ਬੜਾ ਲਾਹੇਵੰਦਾ ਸੀ।

Leave a Reply

Your email address will not be published. Required fields are marked *