*ਪਾਕਿਸਤਾਨ ਬਣ ਸਕਦਾ ਸਮਝੌਤੇ ਦਾ ਸੂਤਰਧਾਰ
ਜਸਵੀਰ ਸਿੰਘ ਸ਼ੀਰੀ
ਇਰਾਨ ਖਿਲਾਫ ਇਜ਼ਰਾਇਲ ਤੇ ਅਮਰੀਕਾ ਦੀ ਜੰਗ ਮਹੀਨਾ ਪੂਰਾ ਕਰਨ ਦੇ ਨੇੜੇ ਪਹੁੰਚ ਗਈ ਹੈ, ਪਰ ਇਸ ਦੇ ਰੁਕਣ ਦੇ ਆਸਾਰ ਹਾਲੇ ਵੀ ਨਜ਼ਰ ਨਹੀਂ ਆ ਰਹੇ। ਲੰਘੀ 23 ਮਾਰਚ ਨੂੰ ਅਮਰੀਕਾ ਦੇ ਸਦਰ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਪੰਜ ਦਿਨ ਲਈ ਇਰਾਨ ਦੇ ਬਿਜਲਈ ਊਰਜਾ ਦੇ ਟਿਕਾਣਿਆਂ ‘ਤੇ ਹਮਲੇ ਨਹੀਂ ਕਰੇਗਾ, ਕਿਉਂਕਿ ਇਰਾਨ ਦੇ ਕਿਸੇ ਭਰੋਸੇਯੋਗ ਲੀਡਰ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਤੋਂ ਜਦੋਂ ਸੰਬੰਧਤ ਲੀਡਰ ਦਾ ਨਾਮ ਪੁੱਛਿਆ ਗਿਆ ਕਿ ਗੱਲਬਾਤ ਲਈ ਦਿਲ ਕੱਢਣ ਵਾਲਾ ਇਰਾਨੀ ਲੀਡਰ ਕੌਣ ਹੈ, ਤਾਂ ਉਨ੍ਹਾਂ ਨੇ ਨਾਮ ਦੱਸਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਦੀ ਹੱਤਿਆ ਕੀਤੀ ਜਾ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਪਾਵਰ ਸੈਕਟਰ ‘ਤੇ ਪੰਜ ਦਿਨਾਂ ਲਈ ਹਮਲਾ ਨਾ ਕਰਨ ਦਾ ਬਿਆਨ ਕੀ ਦਿੱਤਾ ਕਿ ਸਾਰਾ ਪੱਛਮੀ ਮੀਡੀਆ ਪਿੱਟ ਉਠਿਆ। ਟਰੰਪ ਦੇ ਇਸ ਬਿਆਨ ‘ਤੇ ਇਜ਼ਰਾਇਲ ਮੀਡੀਏ ਨੇ ਤਾਂ ਪਿੱਟਣਾ ਹੀ ਸੀ। ਬੀ.ਬੀ.ਸੀ. ਸਮੇਤ ਬਾਕੀ ਪੱਛਮੀ ਮੁਲਕਾਂ ਦਾ ਮੀਡੀਆ ਧਿੰਗਾਣੇ ਹੀ ਵੈਣ ਪਾਉਣ ਲੱਗਾ ਕਿ ਇਹ ਇਜ਼ਰਾਇਲ ਨਾਲ ਗੱਦਾਰੀ (ਬਿਟਰੇਲ) ਹੈ। ਹਿੰਦੁਸਤਾਨ ਸਮੇਤ ਇਰਾਨ ਦੇ ਪੱਖ ਵਿੱਚ ਸਾਹ ਲੈ ਰਹੇ ਮੀਡੀਆ ਚੈਨਲਾਂ ਨੇ ਅਮਰੀਕਾ ਦੇ ਝੁਕ ਜਾਣ, ਗੋਡੇ ਟੇਕਣ, ਹਾਰ ਜਾਣ ਆਦਿ ਦੀਆਂ ਸੁਰਖੀਆਂ ਜੜ ਦਿੱਤੀਆਂ। ਟਰੰਪ ਦੀ ਹਉਂ ਨੂੰ ਸੱਟ ਮਾਰਨ ਦੀ ਇਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਨੇ ਟਰੰਪ ਨੂੰ ਉਸੇ ਦਿਨ ਸ਼ਾਮ ਨੂੰ ਇਰਾਨ ਦੇ ਊਰਜਾ ਟਿਕਾਣਿਆਂ ‘ਤੇ ਹਮਲਾ ਕਰਨ ਲਈ ਮਜਬੂਰ ਕਰ ਦਿੱਤਾ। ਇਸ ਦਰਮਿਆਨ ਇਰਾਨ ਦੇ ਆਗੂ ਦਾ ਬਿਆਨ ਵੀ ਆ ਗਿਆ ਕਿ ਅਮਰੀਕਾ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ। ਟਰੰਪ ਵੱਲੋਂ ਜਾਰੀ ਕੀਤੀ ਖਬਰ ਫੇਕ ਨਿਊਜ਼ ਹੈ। ਫਿਰ ਖਬਰ ਨਿਕਲੀ ਕਿ ਇਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਗਾਲਿਫ ਨਾਲ ਕਿਸੇ ਦੇਸ਼ ਦੀ ਵਿਚੋਲਗੀ ਨਾਲ ਗੱਲਬਾਤ ਚਲਾਈ ਜਾ ਰਹੀ ਹੈ। ਪਰ ਇਰਾਨ ਦੇ ਸੁਪਰੀਮ ਲੀਡਰ ਨੇ ਗੱਲਬਾਤ ਲਈ ਤਿੰਨ ਸ਼ਰਤਾਂ ਰੱਖ ਦਿੱਤੀਆਂ, ਜਿਨ੍ਹਾਂ ਵਿੱਚ ਪਹਿਲੀ ਹੈ ਕਿ ਅਮਰੀਕਾ ਗਾਰੰਟੀ ਦੇਵੇ ਕਿ ਭਵਿੱਖ ਵਿੱਚ ਇਰਾਨ ‘ਤੇ ਹਮਲਾ ਨਹੀਂ ਕੀਤਾ ਜਾਵੇਗਾ। ਦੂਜੀ ਇਹ ਕਿ ਤਾਜ਼ਾ ਜੰਗ ਵਿੱਚ ਇਰਾਨ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਤੀਜੀ ਇਹ ਕਿ ਅਮਰੀਕਾ ਭਵਿੱਖ ਵਿੱਚ ਕਦੀ ਵੀ ਇਰਾਨ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗਾ। ਟਰੰਪ ਨੇ ਆਪਣੇ ਬਿਆਨ ਵਿੱਚ ਗਾਰੰਟੀਆਂ ਦੀ ਮੰਗ ਤਾਂ ਸਿਰਿਉਂ ਹੀ ਨਕਾਰ ਦਿੱਤੀ; ਬਾਕੀ ਦੋ ਬਾਰੇ ਕੁਝ ਨਹੀਂ ਬੋਲਿਆ।
ਇਹ ਵੀ ਸੁਣਨ ਵਿੱਚ ਆਇਆ ਸੀ ਕਿ ਮਿਸਰ, ਤੁਰਕੀ ਅਤੇ ਸਾਊਦੀ ਅਰਬ ਵਰਗੇ ਮੁਲਕ ਗੱਲਬਾਤ ਦੁਬਾਰਾ ਤੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਈ.ਆਰ.ਜੀ.ਸੀ. ਅਤੇ ਇਰਾਨ ਦੇ ਸੁਪਰੀਮ ਲੀਡਰ ਅਮਰੀਕਾ ਵੱਲੋਂ ਗੱਲਬਾਤ ਦੌਰਾਨ ਕੀਤੇ ਗਏ ਹਮਲੇ ਕਾਰਨ ਬਹੁਤ ਜ਼ਿਆਦਾ ਨਾਰਾਜ਼ ਵਿਖਾਈ ਦਿੰਦੇ ਹਨ ਤੇ ਅਮਰੀਕਾ ਨੂੰ ਜੰਗ ਦੇ ਮੈਦਾਨ ਵਿੱਚ ਹਰਾ ਕੇ ਤੋਰਨ ‘ਤੇ ਜ਼ੋਰ ਦੇ ਰਹੇ ਹਨ। ਫਿਰ ਵੀ ਦੋਹਾਂ ਧਿਰਾਂ ਵਿਚਕਾਰ ਕਿਸੇ ਨਾ ਕਿਸੇ ਰੂਪ ਵਿੱਚ ਪਿੱਠਵਰਤੀ ਗੱਲਬਾਤ ਚੱਲ ਰਹੀ ਹੈ। ਅਜਿਹਾ ਵੱਡੀਆਂ ਜੰਗਾਂ ਵਿੱਚ ਆਮ ਹੀ ਹੁੰਦਾ ਹੈ।
ਇਰਾਨ ਵੱਲੋਂ ਖਾੜੀ ਦੇ ਛੇ ਦੇਸ਼ਾਂ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਵੀ ਇਹ ਮੁਲਕ ਇਰਾਨ ‘ਤੇ ਮੋੜਵਾਂ ਹਮਲਾ ਕਰਨ ਤੋਂ ਬਚ ਰਹੇ ਹਨ। ਕਾਰਨ ਇਸ ਦਾ ਸ਼ਾਇਦ ਇਹ ਕਿ ਇਨ੍ਹਾਂ ਮੁਲਕਾਂ ਦੀ ਆਬਾਦੀ ਭਾਵੇਂ ਸੁੰਨੀ ਮੁਸਲਿਮ ਆਬਾਦੀ ਹੈ, ਪਰ ਇਰਾਨ ‘ਤੇ ਹੋਏ ਹਮਲੇ ਤੇ ਸੁਪਰੀਮ ਲੀਡਰ ਆਇਤੁਲਾ ਖੁਮੇਨੀ ਦੀ ਹੱਤਿਆ ਤੋਂ ਬਾਅਦ ਇਨ੍ਹਾਂ ਵਿੱਚ ਇਰਾਨ ਪ੍ਰਤੀ ਹਮਦਰਦੀ ਅਤੇ ਇਜ਼ਰਾਇਲ ਤੇ ਅਮਰੀਕਾ ਖਿਲਾਫ ਰੋਹ ਪਾਇਆ ਜਾ ਰਿਹਾ ਹੈ। ਇਸ ਰੋਹ ਤੋਂ ਹੀ ਇਹ ਮੁਲਕ ਝਿਜਕਦੇ ਹਨ ਕਿ ਕਿਧਰੇ ਲੋਕ ਬਗਾਵਤਾਂ ਕਾਰਨ ਉਨ੍ਹਾਂ ਦੇ ਤਖਤੇ ਹੀ ਨਾ ਪਲਟ ਦਿੱਤੇ ਜਾਣ। ਜਿੱਥੋਂ ਤੱਕ ਬਹਿਰੀਨ ਦਾ ਸਵਾਲ ਹੈ, ਇਸ ਮੁਲਕ ਦੀ ਬਹੁਗਿਣਤੀ ਆਬਾਦੀ ਵੀ ਸ਼ੀਆ ਮੁਸਲਮਾਨ ਹੈ ਅਤੇ ਜਿਹੜੀ ਇਰਾਨ ਖਿਲਾਫ ਛੋਟੀ ਮੋਟੀ ਬਹਿਰੀਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਵੀ ਆਪਣੇ ਹਾਕਮ ਦਾ ਤਖਤਾ ਪਲਟਣ ਲਈ ਖੜ੍ਹੀ ਹੋ ਸਕਦੀ ਹੈ। ਕਤਰ ਭਾਵੇਂ ਇੱਕ ਅਮੀਰ ਮੁਲਕ ਹੈ, ਪਰ ਆਬਾਦੀ ਅਤੇ ਜੁਗਰਾਫੀਏ ਪੱਖੋਂ ਛੋਟਾ ਦੇਸ਼ ਹੈ। ਇਰਾਨ ਵੱਲੋਂ ਬੀਤੇ ਵਿੱਚ ਉਸ ਦੀ ਕਈ ਵਾਰ ਵੱਡੀ ਮਦਦ ਵੀ ਕੀਤੀ ਗਈ ਹੈ। ਇਸ ਲਈ ਇਰਾਨ ਪ੍ਰਤੀ ਉਸ ਦਾ ਸੌਫਟ ਕਾਰਨਰ ਹੈ।
ਕਤਰ ਦੇ ਵਿਦੇਸ਼ ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਿਸੇ ਦੇਸ਼ ਨੂੰ ਕੋਈ ਵੀ ਵਿਰੋਧੀ ਦੇਸ਼ ਨਕਸ਼ੇ ਤੋਂ ਨਹੀਂ ਮਿਟਾ ਸਕਦਾ। ਇਰਾਨ ਹਜ਼ਾਰਾਂ ਸਾਲਾਂ ਤੋਂ ਇੱਥੇ ਹੈ ਅਤੇ ਇਸ ਨੇ ਭਵਿੱਖ ਵਿੱਚ ਇੱਥੇ ਹੀ ਰਹਿਣਾ ਹੈ ਤੇ ਇਸ ਲਈ ਅਸੀਂ ਆਪਣੇ ਗੁਆਂਢੀਆਂ ਨਾਲ ਵਿਗਾੜ ਨਹੀਂ ਸਕਦੇ; ਜਦਕਿ ਦੁਬਈ ਵਿੱਚ ਦੁਨੀਆਂ ਭਰ ਦੀ ਹਰਾਮ ਦੀ ਕਮਾਈ ਲੱਗੀ ਹੋਈ ਹੈ, ਇਸ ਲਈ ਇਹ ਕੁਰਪਟ ਬਾਣੀਏ ਲੜਨ ਦੀ ਜੁLਰਅਤ ਨਹੀਂ ਕਰ ਸਕਦੇ। ਕੁਵੈਤ ਅਯਾਸ਼ ਸ਼ੇਖ ‘ਵਿਅਗਰਾ’ ਨੇ ਅਪੰਗ ਕੀਤੇ ਹੋਏ ਹਨ। ਉਨ੍ਹਾਂ ਦੇ ਗੋਡਿਆਂ ਦਾ ਗਰੀਸ ਪਹਿਲਾਂ ਹੀ ਮੁੱਕਾ ਹੋਇਆ। ਅਮਰੀਕੀ ਫੌਜੀਆਂ ਨੇ ਇਨ੍ਹਾਂ ਦੀਆਂ ਤੀਵੀਆਂ ਵੇਸਵਾਵਾਂ ਬਣਾ ਦਿੱਤੀਆਂ ਹਨ। ਸੋ, ਲਾ-ਪਾ ਕੇ ਸਾਊਦੀ ਅਰਬ ਰਹਿ ਜਾਂਦਾ ਹੈ, ਜਿਹੜਾ ਥੋੜ੍ਹੇ ਬਹੁਤੇ ਕੰਨ ਚੁੱਕਦਾ। ਉਸ ਨੇ ਇਰਾਨ ਦੇ ਸਫੀਰ ਵਾਪਸ ਭੇਜ ਦਿੱਤੇ ਹਨ ਅਤੇ ਆਪਣੇ ਹਵਾਈ ਅੱਡਿਆਂ ਤੋਂ ਅਮਰੀਕੀ ਫੌਜੀ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ।
ਸਾਊਦੀ ਅਰਬ ਦਾ ਪਾਕਿਸਤਾਨ ਨਾਲ ਰਣਨੀਤਿਕ ਰੱਖਿਆ ਸਮਝੌਤਾ ਹੋ ਚੁੱਕਾ ਹੈ। ਇਹ ਨਾਟੋ ਸਟਾਈਲ ਸਮਝੌਤਾ ਹੀ ਹੈ। ਦੋਹਾਂ ਵਿੱਚੋਂ ਕਿਸੇ ਇੱਕ ‘ਤੇ ਵੀ ਹਮਲਾ ਹੋਵੇ ਤਾਂ ਇਹ ਦੋਹਾਂ ਮੁਲਕਾਂ ‘ਤੇ ਹਮਲਾ ਮੰਨਿਆ ਜਾਵੇਗਾ। ਇਸ ਸਮਝੌਤੇ ਨੇ ਆਰਥਿਕ ਤੌਰ ‘ਤੇ ਟੁੱਟੇ ਹੋਏ ਪਾਕਿਸਤਾਨ ਨੂੰ ਕੁਝ ਤਾਕਤ ਬਖਸ਼ੀ ਹੈ। ਇਸੇ ਕਰਕੇ ਸ਼ਾਇਦ ਪਾਕਿਸਤਾਨ ਹੁਣ ਅੰਤਰਰਾਸ਼ਟਰੀ ਕੂਟਨੀਤੀ ਵਿੱਚ ਖੁੱਲ੍ਹ ਕੇ ਖੇਡਣਾ ਚਾਹੁੰਦਾ ਹੈ। ਇਰਾਨ ਨਾਲ ਅਮਰੀਕਾ ਦਾ ਸਮਝੌਤਾ ਕਰਵਾਉਣ ਲਈ ਸਾਡਾ ਇਹ ਗੁਆਂਢੀ ਮੁਲਕ ਵਿਚੋਲਾ ਬਣਦਾ ਨਜ਼ਰ ਆ ਰਿਹਾ ਹੈ। ਇਸ ਸੰਭਾਵਨਾ ਨੂੰ ਵੇਖਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੇਸ਼ ਦੇ ਮੇਨ ਸਟਰੀਮ ਮੀਡੀਆ ਵੱਲੋਂ ਵਿਚੋਲਗੀ ਲਈ ਉਭਾਰਿਆ ਜਾ ਰਿਹਾ। ਪਰ ਪਾਕਿਸਤਾਨ ਦੇ ਮੁਕਾਬਲੇ ਭਾਰਤ ਦੇ ਨੰਬਰ ਇਸ ਕਰਕੇ ਘਟ ਗਏ ਹਨ, ਕਿਉਂਕਿ ਨਰਿੰਦਰ ਮੋਦੀ ਨੇ ਇਰਾਨ ਜੰਗ ਸ਼ੁਰੂ ਹੋਣ ਤੋਂ ਐਨ ਪਹਿਲਾਂ ਇਜ਼ਰਾਇਲ ਦਾ ਦੌਰਾ ਕਰਕੇ ਇਰਾਨ ਨੂੰ ਕਿਸੇ ਹੱਦ ਤੱਕ ਨਾਰਾਜ਼ ਕਰ ਲਿਆ ਹੈ। ਜਦਕਿ ਇਸ ਦੇ ਮੁਕਾਬਲੇ ਪਾਕਿਸਤਾਨ ਦੀ ਇਰਾਨ ਅਤੇ ਅਮਰੀਕਾ- ਦੋਹਾਂ ਪਾਸਿਆਂ ਵੱਲ ਦਾਲ ਗਲ਼ਦੀ ਹੈ। ਇਸ ਲਈ ਤਕੜੀ ਸੰਭਾਵਨਾ ਇਹੋ ਹੈ ਕਿ ਅਮਰੀਕਾ-ਇਰਾਨ ਵਿਚਕਾਰ ਸਮਝੌਤੇ ਲਈ ਪਾਕਿਸਤਾਨ ਹੀ ਮੁੱਖ ਧੁਰਾ ਬਣੇਗਾ। ਇਸ ਵਿੱਚ ਤੁਰਕੀ, ਮਿਸਰ ਅਤੇ ਕਤਰ ਦੀ ਭੂਮਿਕਾ ਵੀ ਵੇਖੀ ਜਾ ਸਕਦੀ ਹੈ।
ਕਾਂਗਰਸ ਪਾਰਟੀ ਦੇ ਇਕ ਬੁਲਾਰੇ ਨੇ ਕਿਹਾ ਕਿ ਉਪਰੇਸ਼ਨ ਸੰਧੂਰ ਤੋਂ ਬਾਅਦ ਨਰਿੰਦਰ ਮੋਦੀ ਨੇ ਭਾਰਤ ਦੀ ਵਿਦੇਸ਼ ਨੀਤੀ ਲਗਪਗ ਬੇਅਸਰ ਕਰ ਦਿੱਤੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕਿ ਭਾਵੇਂ ਇਰਾਨ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਵਿੱਚ ਬਿਨਾ ਸ਼ਰਤ ਪੈਣ ਤੋਂ ਇਨਕਾਰ ਕਰ ਰਿਹਾ ਹੈ, ਪਰ ਜੰਗ ਦੀ ਪਿੱਠਭੂਮੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਚੱਲਦੀ ਰਹੇਗੀ। ਪਾਕਿਸਤਾਨ ਦੀ ਨਾ ਸਿਰਫ ਦੋਹਾਂ ਧਿਰਾਂ ਵਿੱਚ ਬਣਦੀ ਹੈ, ਸਗੋਂ ਇੱਥੇ ਅਮਰੀਕਾ ਦੇ ਫੌਜੀ ਬੇਸ ਵੀ ਨਹੀਂ ਹਨ। ਪਾਕਿਸਤਾਨ ਨੇ 28 ਫਰਵਰੀ ਨੂੰ ਹੋਏ ਹਮਲੇ ਦੀ ਨਿੰਦਿਆ ਕਰਦਿਆਂ ਖੁਮੇਨੀ ਦੀ ਮੌਤ ਉਪਰ ਅਫਸੋਸ ਵੀ ਜ਼ਾਹਰ ਕੀਤਾ ਸੀ; ਜਦਕਿ ਭਾਰਤ ਨੇ ਇਹ ਹਿੰਮਤ ਨਹੀਂ ਕੀਤੀ। ਸਾਡਾ ਇੱਕ ਗੁਆਂਢੀ ਛੋਟੇ ਜਿਹੇ ਮੁਲਕ, ਸ੍ਰੀ ਲੰਕਾ ਨੇ ਡੁੱਬ ਰਹੇ ਇਰਾਨੀ ਨੇਵੀ ਫੌਜੀਆਂ ਨੂੰ ਨਾ ਸਿਰਫ ਸਾਂਭਿਆ ਸਗੋਂ ਉਸ ਨੇ ਅਮਰੀਕੀ ਜਹਾਜ਼ਾਂ ਨੂੰ ਆਪਣੇ ਮੁਲਕ ਵਿੱਚੋਂ ਉਡਾਨ ਭਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ। ਇਸ ਪੱਖ ਤੋਂ ਹਿੰਦੁਸਤਾਨ ਬਹੁਤ ਕਮਜ਼ੋਰ ਨਜ਼ਰ ਆਇਆ। ਹਾਲਾਂਕਿ ਇਰਾਨੀ ਨੇਵੀ ਦਾ ਇਹ ਜਹਾਜ਼ ਭਾਰਤ ਵਿੱਚ ਟਰੇਨਿੰਗ ਲਈ ਮਹਿਮਾਨ ਵਜੋਂ ਆਇਆ ਸੀ ਅਤੇ ਅਮਰੀਕਾ ਵੱਲੋਂ ਹਮਲੇ ਕਾਰਨ ਜ਼ਖਮੀ ਹੋ ਗਿਆ ਸੀ। ਇਰਾਨ ਸ੍ਰੀ ਲੰਕਾ ਨੂੰ ਆਪਣਾ ਦੋਸਤ ਵੀ ਸਵੀਕਾਰਨ ਲੱਗਾ ਹੈ। ਪੂਰੀ ਸਥਿਤੀ ਵਿੱਚ ਇਰਾਨ-ਅਮਰੀਕਾ ਸਮਝੌਤੇ ਦੇ ਸੰਦਰਭ ਵਿੱਚ ਪਾਕਿਸਤਾਨ ਝੰਡੀ ਪੁੱਟਦਾ ਨਜ਼ਰ ਆ ਰਿਹਾ ਹੈ। ਭਾਰਤ ਨੇ ਜੇ ਆਪਣੀ ਨੀਤੀ ਗੁੱਟ ਨਿਰਲੇਪ ਵੀ ਰੱਖੀ ਹੁੰਦੀ ਤਾਂ ਇਸ ਭੂਮਿਕਾ ਲਈ ਉਸ ਦੇ ਮੌਕੇ ਜ਼ਿਆਦਾ ਸਾਜ਼ਗਾਰ ਹੋਣੇ ਸਨ।
