ਕਿਧਰੇ ਗੁਆਚ ਗਈ ਹੈ ਕਬੱਡੀ ਦੀ ਅਸਲੀ ਵਿਰਾਸਤ

ਗੂੰਜਦਾ ਮੈਦਾਨ ਵਿਚਾਰ-ਵਟਾਂਦਰਾ

ਇਤਿਹਾਸ ਤੋਂ ਵਰਤਮਾਨ ਤੱਕ: ਕੌਡੀ ਤੋਂ ਕਬੱਡੀ
ਸੰਤੋਖ ਸਿੰਘ ਮੰਡੇਰ ਅਤੇ ਡਾ. ਜਤਿੰਦਰ ਸਾਬੀ
ਐਨ.ਆਰ.ਆਈ. ਖੇਡ ਪ੍ਰੋਮੋਟਰਾਂ ਦੇ ਲੋਕ ਵਿਖਾਵੇ ਤੇ ਡਾਲਰਾਂ/ਪੌਂਡਾਂ ਦੀ ਚਮਕ ‘ਚ ਗੁਆਚੀ ਕਬੱਡੀ

ਇਸ ਵਿੱਚ ਕੋਈ ਅਤਿਕਥਨੀ ਨਹੀਂ ਕੀ ਪੈਸੇ ਬਿਨਾ ਕੋਈ ਵੀ ਕੰਮ-ਧੰਦਾ, ਕਾਰੋਬਾਰ ਜਾਂ ਖੇਡ ਮੇਲਾ ਨਹੀਂ ਚਲ ਸਕਦਾ ਤੇ ਉਸ ਦੇ ਵਸੀਲਿਆਂ ਨੂੰ ਪੂਰਾ ਕਰਨ ਲਈ ਪੈਸਾ ਬਹੁਤ ਜ਼ਰੂਰੀ ਹੈ। ਖੇਡ ਕਬੱਡੀ ਦੇ ਵਿੱਚ ਪਰਵਾਸੀ ਭਾਰਤੀਆਂ ਨੇ ਕਬੱਡੀ ਨੂੰ ਜਿੱਥੇ ਪ੍ਰੋਮੋਟ ਕੀਤਾ ਤੇ ਉਸ ਦੇ ਵਿੱਚ ਡਾਲਰਾਂ, ਪੌਂਡਾਂ ਦਾ ਮੋਟਾ ਪੈਸਾ ਲੈ ਕੇ ਆਏ ਅਤੇ ਵੱਡੇ-ਵੱਡੇ ਨਕਦ ਇਨਾਮ, ਮੋਟਰ ਸਾਈਕਲ, ਮਹਿੰਗੀਆਂ ਕਾਰਾਂ, ਟਰੈਕਟਰ, ਕੰਬਾਇਨਾਂ, ਘੋੜੇ, ਮੱਝਾਂ ਤੇ ਵਿਦੇਸ਼ਾਂ ਦੇ ਵੀਜ਼ੇ ਤੇ ਖਿਡਾਰੀਆਂ ਨੂੰ ਵਿਦੇਸ਼ ‘ਚ ਪੱਕੇ ਤੌਰ `ਤੇ ਸੈਟਲ ਕਰਨ ਦੇ ਵਿਖਾਏ ਗਏ ਸੁਪਨਿਆਂ ਨੇ ਕਬੱਡੀ ਖਿਡਾਰੀਆਂ ਨੂੰ ਕੁਝ ਪੋ੍ਰਮੋਟਰਾਂ ਤੇ ਗੈਗਸਟਾਰਾਂ ਦਾ ਗੁਲਾਮ ਬਣਾ ਕੇ ਰੱਖ ਦਿੱਤਾ| ਉਹ ਅੰਤਾਂ ਦਾ ਪੈਸਾ ਲੈ ਕੇ ਕਬੱਡੀ ਵਿੱਚ ਆਏ, ਪਰ ਖੇਡ ਦੀ ਰੂਹ ‘ਕਾਇਦੇ ਕਾਨੂੰਨ’ ਤੇ ਇਸ ਦੀ ਅਸਲੀ ਪਛਾਣ ਨੂੰ ਨਹੀਂ ਸਮਝ ਸਕੇ| ਉਨ੍ਹਾਂ ਨੇ ਕਬੱਡੀ ਫੈਡਰੇਸ਼ਨਾਂ ਅਤੇ ਪ੍ਰਬੰਧਕ ਕਮੇਟੀਆਂ ‘ਤੇ ਦਬਾਅ ਪਾ ਕੇ ਖੇਡ ਕਬੱਡੀ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ| ਕਈ ਲੋਕਾਂ ਨੇ ਥੋੜ੍ਹੇ ਲਾਭ ਖਾਤਰ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣਾ ਛੱਡ ਕੇ ਉਨ੍ਹਾਂ ਸਰਮਾਏਦਾਰਾਂ ਦੇ ਝੋਲੀ ਚੁੱਕ ਬਣ ਕੇ ਕਬੱਡੀ ਦਾ ਨੁਕਸਾਨ ਕੀਤਾ, ਜਿਸ ਨਾਲ ਕਬੱਡੀ ਦੀ ਅਸਲੀ ਪਛਾਣ ਨੁਕਸਾਨੀ ਹੀ ਨਹੀਂ ਗਈ, ਸਗੋਂ ਗੁਆਚਦੀ ਵੀ ਚਲੀ ਗਈ। ਇਸ ਦਾ ਸਿੱਧਾ ਅਸਰ ਪਿੰਡਾਂ, ਸ਼ਹਿਰਾਂ ਤੇ ਨਗਰਾਂ ਦੀਆਂ ਬਣੀਆਂ ਨੌਜਵਾਨ ਕਬੱਡੀ ਖੇਡ ਕਲੱਬਾਂ ਤੇ ਖੇਡ ਕਮੇਟੀਆਂ ਉਪਰ ਪਿਆ ਅਤੇ ਪਿੰਡਾਂ, ਸ਼ਹਿਰਾਂ ਤੇ ਵਿਦੇਸ਼ਾਂ ਦੀਆਂ ਕਮੇਟੀਆਂ ਧੜੇਬੰਦੀ/ਗਰੁੱਪਬੰਦੀ, ਫੋਕੇ ਅਹੰਕਾਰ ਅਤੇ ਝੂਠੇ ਲੋਕ ਦਿਖਾਵੇ ਦਾ ਸ਼ਿਕਾਰ ਬਣ ਕੇ ਰਹਿ ਗਈਆਂ| ਖੇਡ ਕਬੱਡੀ ਨੂੰ ਤਰੱਕੀ ਵਲ ਤੋਰਨ ਦੇ ਨਿਸ਼ਾਨੇ ਨੂੰ ਭੁੱਲ ਕੇ ਵੱਖੋ-ਵੱਖ ਗੁੱਟ ਬਣਾ ਕੇ ਵਿਖਾਵਾ ਕਰਨ ‘ਚ ਰੁੱਝ ਗਈਆਂ ਤੇ ਆਪੋ ਆਪਣੇ ਵੱਖਰੇ ਮੈਚ ਕਰਵਾਉਣਾ, ਵੱਡੇ ਖਿਡਾਰੀਆਂ ਦੇ ਨਾਮਾਂ ਉਪਰ ਦੇਸ਼-ਵਿਦੇਸ਼ ਵਿੱਚ ਕਬੱਡੀ ਟੂਰਨਾਮੈਂਟਾਂ, ਆਪਣੇ ਪਿੰਡਾਂ ਦੇ ਨਾਮਾਂ ਵਾਲੀਆਂ, ਭਾੜੇ ਦੇ ਖਿਡਾਰੀਆਂ ਨਾਲ ਅਖੌਤੀ ਟੀਮਾਂ ਤਿਆਰ ਕਰਨ ਦਾ ਵਿਖਾਵਾ ਕਰਨਾ ਅਤੇ ਫੋਕੀ ਸ਼ਹੁਰਤ ਲਈ ਬੇਹਿਸਾਬ ਪੈਸਾ ਖਰਚ ਕਰਕੇ ਵੱਡੇ ਸ਼ੋਅ ਬਣਾਉਣ ਨਾਲ ਖੇਡ ਕਬੱਡੀ ਦੀ ਅਸਲੀ ਵਿਰਾਸਤ ਨੂੰ ਕਾਫੀ ਨੁਕਸਾਨ ਪੁੱਜਾ| ਪੰਜਾਬ ਵਿੱਚ ‘ਪੰਜਾਬ ਕਬੱਡੀ ਐਸੋਸੀਏਸ਼ਨ’ ਵੱਲੋਂ ਹਰ ਸਾਲ ਹੁੰਦੀ ‘ਪੰਜਾਬ ਕਬੱਡੀ ਚੈਂਪੀਅਨਸ਼ਿਪ’ ਵਿੱਚ ਕਬੱਡੀ ਕਾਨੂੰਨਾਂ ਤੇ ਨਿਯਮਾਂ ਦਾ ਪੂਰਾ ਖਿਆਲ ਰਖਿਆ ਜਾਂਦਾ ਹੈ| ਵਿਦੇਸ਼ਾਂ ਵਿੱਚ ਹੋ ਰਹੇ ਕਬੱਡੀ ਮੈਚਾਂ ਵਿੱਚ ਕਬੱਡੀ ਦੇ ਨਿਯਮਾਂ ਤੇ ਕਾਨੂੰਨਾਂ ਦੀ ਗਿਰਾਵਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਿਆ, ਜੋ ਲਾਲਚ ਤੇ ਲਾਲਸਾ ਨਾਲ ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਸਾਡੀ ਕੌਮੀ ਖੇਡ ਕਬੱਡੀ ਉਸ ਦੇ ਭਾਰ ਹੇਠ ਦਬਦੀ ਹੀ ਚਲੀ ਜਾ ਰਹੀ ਹੈ।
ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੋਢੀ ਪ੍ਰਬੰਧਕ ਬਲਬੀਰ ਸਿੰਘ ਪੁਰੇਵਾਲ ਜਲੰਧਰ, ਹਰਮੁਹਿੰਦਰ ਸਿੰਘ ਭੁੱਲਰ, ਪ੍ਰੇਮ ਪ੍ਰਕਾਸ਼ (ਪੀ.ਪੀ.) ਸਿੰਘ ਕਪੂਰਥਲਾ, ਮੁਖਤਿਆਰ ਸਿੰਘ ਜਗਤਪੁਰ, (ਮਰਹੂਮ) ਸੁਖਦੇਵ ਸਿੰਘ ਢੀਂਡਸਾ, ਸੰਗਰੂਰ ਵਾਲੇ ਸੁਰਜੀਤ ਸਿੰਘ ਮਾਨਸ਼ਾਹੀਆ ਦੇ ਸਮੇਂ ਪੰਜਾਬੀਆਂ ਦੀ ਕੌਮੀ ਖੇਡ ਕਬੱਡੀ ਸਰਕਲ ਸਟਾਇਲ ਦੀਆਂ ਦੇਸ਼-ਵਿਦੇਸ਼ ਵਿੱਚ ਧੂੰਮਾਂ ਸਨ|

ਵਿਦੇਸ਼ੀ ਕਬੱਡੀ ਫੈਡਰੇਸ਼ਨਾਂ, ਖੇਡ ਸੰਸਥਾਵਾਂ ਤੇ ਕਬੱਡੀ ਕਲੱਬਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਕਬੂਲੀ
ਸੰਸਾਰ ਭਰ ਅੰਦਰ ਸੂਬੇ ਜਾਂ ਰਾਜ ਵਿੱਚ ਇੱਕੋ ‘ਖੇਡ ਐਸੋਸੀਏਸ਼ਨ’ ਹੁੰਦੀ ਹੈ ਜੋ ਸੂਬੇ/ਰਾਜ ਜਾਂ ਪ੍ਰੋਵਿਨਸ ਦੀ ‘ਉਲੰਪਿਕ ਐਸੋਸੀਏਸ਼ਨ’ ਥੱਲੇ ਕੰਮ ਕਰਦੀ ਹੈ| ਦੇਸ਼ ਵਿੱਚ ਇੱਕ ਹੀ ‘ਕੌਮੀ ਖੇਡ ਫੈਡਰੇਸ਼ਨ’ ਹੁੰਦੀ ਹੈ, ਜਿਵੇਂ ‘ਕਬੱਡੀ ਫੈਡਰੇਸ਼ਨ ਆਫ ਇੰਡੀਆ’| ਦੁਨੀਆ ਦੇ ਹਰ ਦੇਸ਼ ਵਿੱਚ ਇੱਕ ਹੀ ‘ਉਲੰਪਿਕ ਐਸੋਸੀਏਸ਼ਨ’ ਹੁੰਦੀ ਹੈ, ਜਿਵੇਂ ‘ਇੰਡੀਅਨ ਉਲੰਪਿਕ ਐਸੋਸੀਏਸ਼ਨ’ ਜੋ ਸਾਰੇ ਮੁਲਕ ਦੀਆਂ ਵੱਖੋ-ਵੱਖ ਕੌਮੀ ਖੇਡ ਫੈਡਰੇਸ਼ਨਾਂ ਦੀ ਚੁਣੀ ਹੋਈ ਉਸ ਦੇਸ਼ ਜਾਂ ਸਰਕਾਰ ਦੀ ਮਾਨਤਾ ਪ੍ਰਾਪਤ ਸਰਕਾਰੀ ਸੰਸਥਾ ਹੁੰਦੀ ਹੈ, ਜੋ ਦੇਸ਼ ਦੀਆਂ ਕੌਮੀ ਖੇਡਾਂ ਤੇ ਸੰਸਥਾਵਾਂ ਦਾ ਕੰਮ ਕਾਜ ਦੇਖਦੀ ਹੈ| ‘ਇੰਟਰਨੈਸ਼ਨਲ ਉਲੰਪਿਕ ਕਮੇਟੀ’ ਸੰਸਾਰ ਪੱਧਰ ਦੀ ਇੱਕੋ ਇੱਕ ਸੰਸਥਾ ਹੈ, ਜੋ ਵਿਸ਼ਵ ਪੱਧਰ ਉਪਰ ਸਾਰੇ ਮੁਲਕਾਂ ਦੀਆਂ ਖੇਡਾਂ ਦਾ ਕੰਮ ਕਾਜ ਦੇਖਦੀ ਹੈ ਅਤੇ ਹਰ ਚਾਰ ਸਾਲ ਬਾਅਦ ‘ਉਲੰਪਿਕ ਗੇਮਜ਼’ ਲਈ ਚੁਣੇ ਹੋਏ ਦੇਸ਼ ਦੇ ਨਾਮਜ਼ਦ ਸ਼ਹਿਰ ਵਿੱਚ ਵਿਸ਼ਵ ਦੀਆਂ ‘ਉਲੰਪਿਕ ਖੇਡਾਂ’ ਦਾ ਪ੍ਰਬੰਧ ਕਰਦੀ ਹੈ| ‘ਇੰਟਰਨੈਸ਼ਨਲ ਉਲੰਪਿਕ ਕਮੇਟੀ’ ਵੱਲੋਂ 34ਵੀਆਂ ਉਲੰਪਿਕ ਗੇਮਜ਼ ਅਮਰੀਕਾ ਵਿੱਚ ਤੀਜੀ ਵਾਰ ਗੋਲਡਨ ਸਟੇਟ ਕੈਲੀਫੋਰਨੀਆ ਦੇ ਨਾਮੀ ਸ਼ਹਿਰ ਲਾਸ ਏਂਜਲਸ ਵਿਖੇ ਸੰਨ 2028 ਵਿੱਚ ਹੋ ਰਹੀਆਂ ਹਨ| ‘ਉਲੰਪਿਕ ਕੌਂਸਲ ਆਫ ਏਸ਼ੀਆ’ ਏਸ਼ੀਆ ਮਹਾਂਦੀਪ ਵਿੱਚ ਹਰ ਚਾਰ ਸਾਲ ਬਾਅਦ ‘ਏਸ਼ੀਅਨ ਗੇਮਜ਼’ ਕਰਵਾਉਂਦੀ ਹੈ, ਜੋ ਇਸ ਸਾਲ 2026 ਵਿੱਚ ਜਪਾਨ ਦੇ ਸ਼ਹਿਰ ‘ਨਗੋਆ’ ਵਿੱਚ ਹੋ ਰਹੀਆਂ ਹਨ|
ਪੰਜਾਬ ਤੇ ਵਿਦੇਸਾਂ ਵਿੱਚ ਕਈ ਅਖੌਤੀ ਤੇ ਗੈLਰ-ਮਾਨਤਾ ਪ੍ਰਾਪਤ, ਆਪੇ ਬਣੀਆਂ ‘ਕਬੱਡੀ ਐਸੋਸੀਏਸ਼ਨਾਂ’ ਤੇ ‘ਕਬੱਡੀ ਫੈਡਰੇਸ਼ਨਾਂ’ ਹਨ, ਜਿਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ‘ਐਸੋਸੀਏਸ਼ਨ ਤੇ ਫੈਡਰੇਸ਼ਨ’ ਵਿੱਚ ਫਰਕ ਕੀ ਹੁੰਦਾ ਹੈ? ਕਈ ਸਾਲ ਪਹਿਲਾਂ ਪੰਜਾਬ ਵਿੱਚ ਆਪੇ ਬਣਾਈ ਇੱਕ ‘ਕਬੱਡੀ ਫੈਡਰੇਸ਼ਨ’ ਨੇ ਮੈਨੂੰ ਪੁਕਾਰ ਲਾਈ ਕਿ ਸਾਡੀ ਕਬੱਡੀ ਫੈਡਰੇਸ਼ਨ ਦੀ ਟੀਮ ਪਾਕਿਸਤਾਨ ਖੇਡਣ ਲਈ ਲੈਜਾਈ ਜਾਵੇ, ਪਰ ਜਦੋਂ ਮੈਂ ਉਨ੍ਹਾਂ ਦੇ ਪ੍ਰਧਾਨ ਕੋਲੋਂ ‘ਕਾਗਜ਼ ਪੱਤਰਾਂ’ ਦੀ ਮੰਗ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ, ਆਪੇ ਬਣਾ ਲਉ| ਇਨ੍ਹਾਂ ਕਬੱਡੀ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਦੇ ਆਪੇ ਬਣੇ ‘ਪ੍ਰਧਾਨਾਂ’ ਤੇ ‘ਸਕੱਤਰਾਂ’ ਵੱਲੋਂ ਕਦੇ ਵੀ ਇੱਕ ਝੰਡੇ ਹੇਠ ਇਕੱਠੇ ਹੋ ਕੇ ਕਬੱਡੀ ਖੇਡ ਨੂੰ ਇੱਕ ਮਾਲਾ ਦੇ ਵਿੱਚ ਮਣਕੇ ਬਣ ਕੇ ਪਰੋਣ ਦੀ ਵੀ ਕੋਈ ਪਹਿਲ ਨਹੀਂ ਕੀਤੀ ਗਈ| ਆਪਣਾ ‘ਧੰਦਾ’ ਬਰਕਰਾਰ ਰੱਖਣ ਲਈ ਅਖੌਤੀ ਕਬੱਡੀ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਦੀ ਭੂਮਿਕਾ ਕਬੱਡੀ ਦਾ ਨੁਕਸਾਨ ਕਰਨ ਵਿੱਚ ਸਭ ਤੋਂ ਵੱਧ ਹਾਨੀਕਾਰਕ ਤੇ ਨਿਰਾਸ਼ਾਜਨਕ ਰਹੀਆਂ ਹਨ। ਉਨ੍ਹਾਂ ਨੇ ਕਦੇ ਵੀ ਕਬੱਡੀ ਦੇ ਲਿਖਤੀ ਪੱਕੇ ਤੇ ਸਾਫ-ਸੁਥਰੇ ਨਿਯਮ ਨਹੀਂ ਬਣਾਏ ਅਤੇ ਨਾ ਹੀ ਖਿਡਾਰੀਆਂ ਨੂੰ ਲਿਖਤੀ ਡੋਪ ਟੈਸਟਾਂ ਲਈ ਨੀਤੀ ਦੀ ਸਿਖਲਾਈ ਦਿੱਤੀ; ਤੇ ਨਾ ਹੀ ਉਸ ਨੂੰ ਰੋਕਣ ਲਈ ਕੋਈ ਠੋਸ ਪਹਿਲ ਕਦਮੀ ਕੀਤੀ|
ਵਿਦੇਸ਼ਾਂ ਵਿੱਚ ਕਬੱਡੀ ਦੇ ਹਰ ਟੂਰਨਾਮੈਂਟ ‘ਚ ਕਦੇ ਨਿਯਮ ਕੁਝ ਹੋਰ, ਕਦੇ ਕੁਝ ਹੋਰ ਵਰਗੀ ਇਸ ਦੋਹਰੀ ਨੀਤੀ ਨੇ ਕਬੱਡੀ ਖਿਡਾਰੀਆਂ ਨੂੰ ਆਪਣੇ ਅਸਲੀ ਰਸਤੇ ਤੋਂ ਭਟਕਾ ਦਿੱਤਾ। ਬਿਨਾ ਪੂਰੀ ਜਾਣਕਾਰੀ ਦੇ ਡੋਪ ਟੈਸਟ ਲੈਣਾ ਅਤੇ ਫਿਰ ਰਿਪੋਰਟਾਂ ਨੂੰ ਖਿਡਾਰੀਆਂ, ਖੇਡ ਫੈਡਰੇਸ਼ਨਾਂ ਤੇ ਕਬੱਡੀ ਕਲੱਬਾਂ ਅੱਗੇ ਸੱਚਾਈ ਨਾ ਪੇਸ਼ ਕਰਨ ਕਰਕੇ ਇਸ ਨੇ ਕਬੱਡੀ ਤੇ ਕਬੱਡੀ ਖਿਡਾਰੀਆਂ ਦਾ ਅੰਤਾਂ ਦਾ ਨੁਕਸਾਨ ਕੀਤਾ ਹੈ (ਹੁਣ ਜ਼ਿਆਦਾਤਰ ਖੇਡ ਮੇਲਿਆਂ ਵਿੱਚ ਡੋਪ ਟੈਸਟ ਨਹੀਂ ਲਿਆ ਜਾਂਦਾ, ਕਿਉਂਕਿ ਇਹ ਪ੍ਰਕ੍ਰਿਆ ਬਹੁਤ ਮਹਿੰਗੀ ਪੈਂਦੀ ਹੈ)।
ਸੰਨ 2020 ਵਿੱਚ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਪਹਿਲੀ ਵਾਰ ‘ਕਬੱਡੀ ਵਰਲਡ ਕੱਪ’ ਸਰਕਾਰੀ ਤੌਰ ਤਰੀਕੇ ਨਾਲ ‘ਆਪਣੀ ਮਿੱਟੀ, ਆਪਣਾ ਖੇਲ’ ਦੇ ‘ਮੋਦੀ ਜੁਮਲੇ’ ਨਾਲ ਪੱਛਮੀ ਪੰਜਾਬ ਦੇ ਨਾਮੀ ਸ਼ਹਿਰਾਂ ਵਿੱਚ ਕਰਵਾਉਣ ਦਾ ਫੈਸਲਾ ਲਿਆ| ਭਾਰਤੀ ਪੰਜਾਬ ਦੀ ਕਬੱਡੀ ਟੀਮ ਅੰਮ੍ਰਿਤਸਰ ਤੋਂ ਅਟਾਰੀ-ਵਾਹਗਾ ਬਾਰਡਰ ਰਾਹੀਂ ਲਿਆਉਣ ਦੀ ਜ਼ਿੰਮੇਵਾਰੀ ਮੇਰੀ ਲੱਗ ਗਈ| ਮਂੈ ਰਾਤੋ ਰਾਤ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਆਇਆ ਤੇ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚੋਂ ਦਰਬਾਰ ਸਾਹਿਬ ਮੱਥਾ ਟੇਕ ਕੇ ‘ਕਬੱਡੀ ਦਾ ਕਾਫ਼ਲਾ’ ਅਟਾਰੀ ਸਰਹੱਦ ਨੂੰ ਚੱਲ ਪਿਆ| ਪਾਕਿਸਤਾਨ ਦੇਸ਼ ਦੀ ਪੰਜਾਬ ਸਰਕਾਰ ਤੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ ਸਖਤ ਕਾਨੂੰਨ ਤੇ ਸਰਕਾਰੀ ਹੁਕਮ ਸੀ ਕਿ ਕਬੱਡੀ ਖਿਡਾਰੀ, ਕਿਸੇ ਵੀ ਕਿਸਮ ਦਾ ਨਸ਼ਾ ਜਾਂ ਡੋਪ ਖੇਡ ਮੈਦਾਨ ਵਿੱਚ ਜਾਂ ਪਹਿਲਾਂ ਨਹੀਂ ਕਰ ਸਕਦੇ| ਭਾਰਤੀ ਪੰਜਾਬ ਦੀ ਕਬੱਡੀ ਟੀਮ ਦੇ ਕਪਤਾਨ (ਹੁਣ ਐਮ.ਐਲ.ਏ. ਆਮ ਆਦਮੀ ਪਾਰਟੀ) ਗੁਰਲਾਲ ਘਨੌਰ ਤੇ ਮੈਨੇਜਰ ਦਵਿੰਦਰ ਸਿੰਘ ਬਾਜਵਾ-ਕੁਰਾਲੀ (ਰੋਪੜ) ਤੇ ਸਾਰੀ ਪੰਜਾਬ-ਹਰਿਆਣਾ ਦੇ ਕਬੱਡੀ ਸਰਕਲ ਸਟਾਇਲ ਦੇ ਖਿਡਾਰੀਆਂ ਦੀ ਨਾਮੀ ਕਬੱਡੀ ਟੀਮ, ਭਾਰਤੀ ਤਿਰੰਗੇ ਝੰਡੇ ਹੇਠ ਇਕੱਠੀ ਹੋਈ। ‘ਭਾਰਤੀ ਕਬੱਡੀ ਟੀਮ’ ਨੂੰ ਸਰਲ ਤੇ ਸਾਫ ਸ਼ਬਦਾਂ ਵਿੱਚ ਦੱਸ ਦਿੱਤਾ ਗਿਆ ਕਿ ‘ਕਬੱਡੀ ਵਰਲਡ ਕੱਪ-ਪਾਕਿਸਤਾਨ 2020’ ਵਿੱਚ ਕੋਈ ਵੀ ਕਬੱਡੀ ਖਿਡਾਰੀ ਕਿਸੇ ਵੀ ਕਿਸਮ ਦਾ ਨਸ਼ਾ, ਡੋਪ ਜਾਂ ਟੀਕਾ ਨਹੀਂ ਵਰਤ ਸਕੇਗਾ। ਜੇਕਰ ਕਿਸੇ ਵੀ ਖਿਡਾਰੀ ਕੋਲ ਹੈ ਤਾਂ ਉਹ ਬਾਰਡਰ ਪਾਰ ਕਰਨ ਤੋਂ ਪਹਿਲਾਂ ਹੀ ਸੁੱਟ ਦੇਵੇ|
ਅਟਾਰੀ-ਵਾਹਗਾ ਬਾਰਡਰ ਉਪਰ ਮਹਿਮਾਨ ਭਾਰਤੀ ਕਬੱਡੀ ਟੀਮ ਦਾ ਭਰਵਾਂ ਤੇ ਬਹੁਤ ਨਿੱਘਾ ਸੁਆਗਤ ਹੋਇਆ| ਪਾਕਿਸਤਾਨ ਸਰਕਾਰ ਦੀ ‘ਫੈਡਰਲ ਸਿਕਿਉਰਿਟੀ’ ਪੰਜਾਬ ਪੁਲਿਸ, ਪੱਛਮੀ ਪੰਜਾਬ ਦੇ ਕਬੱਡੀ ਆਫੀਸ਼ਲ ਤੇ ਮਹਿਮਾਨ ਭਾਰਤੀ ਕਬੱਡੀ ਟੀਮ ਵਾਲਾ ਕਾਰਾਂ, ਜੀਪਾਂ ਤੇ ਮਿਨੀ ਬੱਸਾਂ ਦਾ ਲੰਮਾ ਕਾਫਲਾ ਹੂਟਰ ਮਾਰਦਾ, ਲਾਲ-ਨੀਲੀਆ ਲਾਈਟਾਂ ਛੱਡਦਾ ਲਾਹੌਰ ਦੀ ਮਾਲ ਰੋਡ ਦੇ ਸ਼ਾਨਦਾਰ ‘ਅਵਾਰੀ ਹੋਟਲ’ ਵੱਲ ਵੱਧਣ ਲਗਾ| ‘ਅਵਾਰੀ ਲਾਹੌਰ’ ਪੱਛਮੀ ਪੰਜਾਬ ਦੀ ਰਾਜਧਾਨੀ ਲਾਹੌਰ ਦੀ ਮਾਲ ਰੋਡ ਉਪੱਰ ਸਥਿਤ ਬਹੁਤ ਹੀ ਸ਼ਾਨਦਾਰ ‘ਫਾਈਵ ਸਟਾਰ’ ਵਰਲਡ ਕਲਾਸ ਹੋਟਲ ਹੈ| ‘ਕਬੱਡੀ ਵਰਲਡ ਕੱਪ-2020’ ਦੇ ਸਰਕਾਰੀ ਪ੍ਰਬੰਧਕਾਂ ਵੱਲੋਂ ਹੋਟਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਾਈ ਅਲਰਟ ‘ਸਿਕਿਉਰਿਟੀ ਸਕੈਨਰ’ ਲਾਇਆ ਗਿਆ, ਜੋ ਹਰ ਤਰ੍ਹਾਂ ਦੇ ਨਾਜਾਇਜ਼ ਪਦਾਰਥਾਂ, ਅਸਲਾ, ਡਰਗਾਂ ਆਦਿ ਹੋਣ ਉਪਰ ਚੀਕਾਂ ਮਾਰਦਾ ਸੀ| ਮਿੱਤਰੋ ਤੁਸੀਂ ਸੱਚ ਜਾਣਿਉ ‘ਭਾਰਤੀ ਕਬੱਡੀ ਟੀਮ’ ਦੇ ਬੈਗਾਂ ਵਿੱਚੋਂ ਨਿਕਲੇ ਨਾਜਾਇਜ਼ ਸਮਾਨ ਨਾਲ ਇੱਕ ਟੋਕਰੀ ਭਰ ਗਈ ਸੀ|

ਕੌਮਾਂਤਰੀ ਪੱਧਰ ਦੇ ਕਬੱਡੀ ਦੇ ਅੰਪਾਇਰਾਂ ਤੇ ਰੈਫਰੀਆਂ ਦੀ ਘਾਟ ਕਬੱਡੀ ਦੇ ਖੇਡ ਮੈਦਾਨਾਂ ‘ਚ ਆਖਿਰ ਸਦਾ ਹੀ ਰੜਕੀ
ਪੰਜਾਬੀਆਂ ਦੀ ਕੌਮੀ ਖੇਡ ‘ਸਰਕਲ ਸਟਾਇਲ ਕਬੱਡੀ’ ਦੇ ਮੈਚਾਂ ਜਾਂ ਟੂਰਨਾਮੈਂਟਾਂ ਨੂੰ ਸਫਲ ਬਣਾਉਣ ਲਈ ਵਿਦੇਸ਼ਾਂ ਵਿੱਚ ਕੋਈ ਵੀ ਪੱਕੇ ਤੇ ਠੋਸ ਇਸ ਦੇ ਨਿਯਮ ਨਹੀਂ ਬਣੇ ਤੇ ਇਸ ਦੇ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਨੂੰ ਸਫਲ ਬਣਾਉਣ ਲਈ ਜੋ ਵਾਗਡੋਰ ਇੱਕ ਚੰਗੇ ਅੰਪਾਇਰ ਜਾਂ ਰੈਫਰੀ ਨੇ ਸਾਂਭਣੀ ਹੁੰਦੀ ਹੈ, ਉਸ ਦੇ ਵਿੱਚ ਵੀ ਬਹੁਤ ਵੱਡੀ ਘਾਟ ਵੇਖਣ ਨੂੰ ਮਿਲੀ ਹੈ| ਏਸ਼ੀਅਨ ਕਬੱਡੀ ਚੈਂਪੀਅਨਸ਼ਿਪ, ਪਾਕਿਸਤਾਨ ਕਬੱਡੀ ਫੈਡਰੇਸ਼ਨ ਤੇ ਈਰਾਨ ਕਬੱਡੀ ਫੈਡਰੇਸ਼ਨ ਦੇ ਸਾਰੇ ਕੌਮੀ ਕਬੱਡੀ ਮੈਚਾਂ ਵਿੱਚ ਕਬੱਡੀ ਦੇ ਮਾਨਤਾ ਪ੍ਰਾਪਤ ਰੈਫਰੀ ਹੀ ਕਬੱਡੀ ਦਾ ਮੈਚ ਕਰਵਾ ਸਕਦੇ ਹਨ| ਵਿਦੇਸ਼ਾਂ ਤੇ ਪੰਜਾਬ ਦੇ ਪਿੰਡਾਂ ਵਿੱਚ ‘ਕਬੱਡੀ ਰੈਫਰੀ’ ਜਿਨ੍ਹਾਂ ਕੋਲ ਕੋਈ ਠੋਸ ਖੇਡ ਤਜਰਬਾ ਤੇ ਕਬੱਡੀ ਸੰਸਥਾ ਜਾਂ ਸਰਕਾਰ ਦੀ ਮਾਨਤਾ ਪ੍ਰਾਪਤ ਏਜੰਸੀ ਦਾ ਮਨਜ਼ੂਰਸ਼ੁਦਾ ਸਰਟੀਫਿਕੇਟ ਵੀ ਨਹੀਂ ਹੁੰਦਾ, ਕਬੱਡੀ ਦੇ ਮੈਚ ਕਰਵਾਉਂਦੇ ਹਨ| ਇਸ ਵਿੱਚ ਨਾ ਕਾਬਿਲ ਰੈਫਰੀ ਨੂੰ ਨਿਰਪੱਖ ਫੈਸਲੇ ਦੇਣ ਵਿੱਚ ਮੁਸ਼ਕਲਾਂ ਤੇ ‘ਕਬੱਡੀ ਕਬੀਲਾ ਟੋਲੇ’ ਦੀ ਗੱਲ ਮੰਨਣ ਲਈ ਅਕਸਰ ਮਜਬੂਰ ਹੋਣਾ ਪੈਂਦਾ ਹੈ|
ਜਦੋਂ ਰੈਫਰੀ ਜਾਂ ਅੰਪਾਇਰ ਡਰ ਜਾਂ ਭੈਅ ਦੇ ਦਬਾਓ ਜਾਂ ਕਿਸੇ ਵੱਡੇ ਲਾਲਚ ਹੇਠ ਫੈਸਲੇ ਕਰਦਾ ਹੈ, ਤਾਂ ਚੰਗੀ ਟੀਮ ਦੇ ਖਿਡਾਰੀਆਂ ਨਾਲ ਇਨਸਾਫ਼ ਕਮਜ਼ੋਰ ਪੈ ਜਾਂਦਾ ਹੈ ਅਤੇ ਉਨ੍ਹਾਂ ਨਾਲ ਬੇਇਨਸਾਫੀ ਹੁੰਦੀ ਹੈ| ਉਨ੍ਹਾਂ ਕਬੱਡੀ ਖਿਡਾਰੀਆਂ ਨੂੰ ਖੇਡ ਮੈਦਾਨ ‘ਚ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਨਾਲ ਲੜਾਈ-ਝਗੜੇ ਤੇ ਆਪਸੀ ਰੰਜਿਸ਼ ਵਧਦੀ ਹੈ| ਦੂਜੇ ਪਾਸੇ, ਦਰਸ਼ਕ ਵੀ ਲੜਾਈ-ਝਗੜੇ ਅਤੇ ਹੰਗਾਮੇ ਨੂੰ ਤਾਲੀਆਂ ਦੇ ਕੇ ਗਲਤ ਰੁਝਾਨ ਨੂੰ ਪ੍ਰੋਮੋਟ ਕਰਦੇ ਹਨ। ਇਸ ਨਾਲ ਸਾਫ਼-ਸੁਥਰੀ ਅਤੇ ਤਕਨੀਕੀ ਕਬੱਡੀ ਅਕਸਰ ਨਜ਼ਰਅੰਦਾਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਹੌਲੀ ਹੌਲੀ ਇਸ ਨਾਲ ਕਈ ਤਰ੍ਹਾਂ ਦੇ ਜੁਰਮਾਂ ਨੇ ਕਬੱਡੀ ਵਿੱਚ ਆਪਣੀ ਥਾਂ ਬਣਾ ਲਈ ਅਤੇ ਆਪਣੀ ਸ਼ੋਹਰਤ ਦੀ ਭੁੱਖ ਤੇ ਪੈਸੇ ਦੇ ਲਾਲਚ ਕਰਕੇ ਕਈ ਕਤਲ ਵੀ ਕਬੱਡੀ ਦੇ ਖੇਡ ਮੈਦਾਨ ‘ਚ ਹੋਏ, ਜੋ ਕਿ ਇੱਕ ਅਟੱਲ ਸੱਚਾਈ ਹੈ।

ਕਬੱਡੀ ਦੇ ਧੁੰਦਲੇ ਅਕਸ ਨੂੰ ਚਮਕਾਉਣਾ ਦੀ ਵੱਡੀ ਜ਼ਿੰਮੇਵਾਰੀ ਸਾਡੀ ਹੈ
ਪੰਜਾਬੀਓ! ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਅਜੇ ਵੀ ਵੇਲਾ ਹੈ, ਜੇਕਰ ਅਸੀਂ ਸਾਰੇ ਆਪੋ ਆਪਣੇ ਨਿੱਜੀ ਹਿੱਤਾਂ ਤੇ ਸਵਾਰਥਾਂ ਨੂੰ ਤਿਆਗ ਕੇ ਖੇਡ ਕਬੱਡੀ ਦੀ ਬਿਹਤਰੀ ਲਈ ਇੱਕ ਜੁੱਟ ਹੋ ਕੇ ਸਾਨੂੰ ਵਿਸ਼ਵ ਪੱਧਰ ਉਪਰ ਇੱਕ ਐਸਾ ਮੰਚ ਤਿਆਰ ਕਰਨਾ ਚਾਹੀਦਾ ਹੈ, ਜੋ ਇਸ ਦੀ ਤਰੱਕੀ ਲਈ ਯਤਨਸ਼ੀਲ ਹੋਵੇ ਅਤੇ ਇਸ ਨੂੰ ਕਿਵੇਂ ਸੰਸਾਰ ਦੀਆਂ ਸਭ ਤੋਂ ਵੱਧ ਮਾਨਤਾ ਪ੍ਰਾਪਤ ਖੇਡਾਂ ‘ਉਲੰਪਿਕ ਗੇਮਜ਼’ ਦੇ ਪੱਧਰ ਤੱਕ ਲੈ ਕੇ ਜਾਣਾ ਹੈ? ਇਸ ਲਈ ਅਸਲੀ ਤੇ ਠੋਸ ਰੋਡਮੈਪ ਤਿਆਰ ਕਰਕੇ ਸਮੇਂ ਦੀਆਂ ਰਾਜ ਸਰਕਾਰਾਂ, ਫੈਡਰਲ, ਕੇਂਦਰ ਸਰਕਾਰਾਂ ਤੇ ਵਿਦੇਸ਼ੀ ਸਰਕਾਰਾਂ ਨਾਲ ਰਾਬਤਾ ਕਾਇਮ ਕਰਕੇ ਆਪਣੀ ਸਾਂਝ ਮਜਬੂਤ ਕਰੇ ਤੇ ਖੇਡ ਕਬੱਡੀ ਦੇ ਲਿਖਤੀ ਪੱਕੇ ਨਿਯਮ ਬਣਾ ਕੇ ਉਨ੍ਹਾਂ ਨੂੰ ਸਾਰੇ ਵਿਸ਼ਵ ਵਿੱਚ ਲਾਗੂ ਕਰਵਾ ਕੇ ਇਸ ਦੀ ਪਹਿਲ ਕਦਮੀ ਕਰੇ। ਜੇਕਰ ਅਸੀਂ ਸਹੀ ਅਰਥਾਂ ‘ਚ ਕਬੱਡੀ ਨੂੰ ਬਚਾਉਣਾ ਹੈ, ਤਾਂ ਸਾਨੂੰ ਆਪਣੇ ਸਾਰੇ ਗਿਲੇ-ਸ਼ਿਕਵੇ ਭੁੱਲ ਕੇ, ਇੱਕ-ਦੂਜੇ `ਤੇ ਦੋਸ਼ ਲਗਾਉਣ ਦੀ ਥਾਂ ਸਭ ਨੂੰ ਨਾਲ ਮਿਲ ਕੇ ਆਪਣੀ ਬਣਦੀ ਜ਼ਿੰਮੇਵਾਰੀ ਕਬੂਲਣੀ ਪਵੇਗੀ ਤੇ ਇਸ ਲਈ ਸਾਰਿਆਂ ਦਾ ਸਹਿਯੋਗ ਕਰਨਾ ਹੋਵੇਗਾ।
ਪੰਜਾਬੀਓ! ਇਹ ਸਾਡੀ ਖੇਡ ਕਬੱਡੀ ਨੂੰ ਆਪਣੀ ਵੱਖਰੀ ਪਛਾਣ ਪੂਰੇ ਵਿਸ਼ਵ ਦੇ ਵਿੱਚ ਦੇਣ ਦੀ ਇਹ ਖੇਡ ਖੇਤਰ ਦੀ ਲੜਾਈ ਕਿਸੇ ਇੱਕ ਖਿਡਾਰੀ ਜਾਂ ਇੱਕ ਸੰਸਥਾ, ਖੇਡ ਫੈਡਰੇਸ਼ਨ ਦੇ ਖ਼ਿਲਾਫ਼ ਨਹੀਂ, ਸਗੋਂ ਸਾਰੇ ਖੇਡ ਪ੍ਰਬੰਧ ਦੇ ਸਿਸਟਮ ਦੀ ਸੁਧਾਰ ਲਈ ਇੱਕ ਬਹੁਤ ਹੀ ਵਡਮੁੱਲਾ ਕਦਮ ਹੈ। ਜਦ ਤੱਕ ਸਾਡਾ ਸਮਾਜ, ਮਾਪੇ, ਅਧਿਆਪਕ, ਖਿਡਾਰੀ, ਕੋਚ, ਅੰਪਾਇਰ, ਖੇਡ ਪ੍ਰੋਮੋਟਰ, ਟੂਰਨਾਮੈਂਟਾਂ ਦੀਆਂ ਪ੍ਰਬੰਧਕ ਕਮੇਟੀਆਂ, ਮੀਡੀਆ, ਸ਼ੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ, ਕੁਮੈਂਟਰੀ ਕਲਾਕਾਰ, ਖੇਡਾਂ ਨੂੰ ਵੇਖਣ ਵਾਲੇ ਸਾਡੇ ਖੇਡ ਪ੍ਰੇਮੀ, ਦਰਸ਼ਕ ਅਤੇ ਅਖੌਤੀ ਫੈਡਰੇਸ਼ਨ ਤੇ ਫੈਡਰੇਸ਼ਨਾਂ ‘ਚ ਬੈਠੇ ਅਹੁਦੇਦਾਰ ਆਪਣਾ ਬਣਦਾ ਸਹੀ ਤਰੀਕੇ ਨਾਲ ਫ਼ਰਜ਼ ਨਹੀਂ ਨਿਭਾਉਂਦੇ, ਤਦ ਤੱਕ ਖੇਡ ਕਬੱਡੀ ਵਿੱਚ ਸਹੀ ਸੁਧਾਰ ਨਹੀਂ ਹੋਵੇਗਾ ਤੇ ਅਸੀਂ ਆਪੋ ਆਪਣੀ ਡਫਲੀ ਵਜਾਉਂਦੇ ਰਹਾਂਗੇ ਅਤੇ ਅਸੀਂ ਸਭ ਖੇਡ ਕਬੱਡੀ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੇ ਸਹੀ ਰਸਤੇ ਤੋਂ ਭਟਕਦੇ ਰਹਾਂਗੇ| ਸਾਡੀ ਹਰਮਨ ਪਿਆਰੀ ਕੌਮੀ ਖੇਡ ਕਬੱਡੀ ‘ਮਾਂ ਮਿੱਟੀ’ ਦੀ ਖੇਡ ਹੈ, ਜਿਸ ਨੇ ਸਾਨੂੰ ਪੰਜਾਬੀ ਹੋਣ ਦਾ ਮਾਣ ਬਖਸ਼ਿਆ ਹੈ ਤੇ ਸਾਡੀ ਪੂਰੇ ਵਿਸ਼ਵ ‘ਚ ਇੱਕ ਵੱਖਰੀ ਪਹਿਚਾਣ ਕਾਇਮ ਕੀਤੀ ਹੈ| ਵਿਸ਼ਵ ਭਰ ਅੰਦਰ ‘ਕਬੱਡੀ ਸਰਕਲ ਸਟਾਇਲ’ ਇੱਕ ਅਜਿਹੀ ਨਿਰਾਲੀ ਖੇਡ ਹੈ, ਜਿਸ ਵਿੱਚ ਹਰ ਅੱਧੇ ਮਿੰਟ ਯਾਨੀ 25 ਤੋਂ 35 ਸੈਕਿੰਡ ਵਿੱਚ ਨੰਬਰ ਦਾ ਫੈਸਲਾ ਹੋ ਜਾਂਦਾ ਹੈ, ਜਦੋਂ ਕਿ ਸੰਸਾਰ ਭਰ ਦੀਆਂ ਹੋਰ ਖੇਡਾਂ ਵਿੱਚ ਹਾਰ-ਜਿੱਤ ਦਾ ਫੈਸਲਾ ਦੇਖਣ ਲਈ ਕਈ ਕਈ ਮਿੰਟਾਂ ਜਾਂ ਘੰਟੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ| ਦੁਨੀਆ ਦੀ ਇੱਕੋ ਇੱਕ ਖੇਡ ‘ਕਬੱਡੀ ਸਰਕਲ ਸਟਾਇਲ’ ਵਿੱਚ ਐਥਲੈਟਿਕ, ਕੁਸ਼ਤੀ, ਜਿਮਨਾਸਟਿਕ, ਬੌਕਸਿੰਗ ਆਦਿ ਖੇਡਾਂ ਦੇ ਭਰਪੂਰ ਕਰਤੱਵ ਮਿਲਦੇ ਹਨ|
ਆਓ, ਸਾਰੇ ਗਿਲੇ-ਸ਼ਿਕਵੇ ਭੁੱਲ ਕੇ ਖੇਡ ਕਬੱਡੀ ਨੂੰ ਪੂਰੀ ਨੇਕ ਨੀਅਤ ਨਾਲ ਇਸ ਦੇ ਅਸਲੀ ਵਾਰਿਸ ਬਣੀਏ| ‘ਖੇਡ ਕਬੱਡੀ’ ਦੀ ਬਣਦੀ ਸਫਲਤਾ ‘ਚ ਯੋਗਦਾਨ ਪਾ ਕੇ ਆਉਣ ਵਾਲੀਆਂ ਸਾਡੀਆਂ ਨਸਲਾਂ ਲਈ ਇੱਕ ਚੰਗਾ ਸਬਕ ਦੇ ਕੇ ਉਨ੍ਹਾਂ ਨੂੰ ਸੰਸਾਰ ਪੱਧਰ ਦੀਆਂ ਖੇਡਾਂ ਵਿੱਚ ਇਸ ਦੇ ਅਸਲੀ ਵਾਰਸ ਬਣਾ ਕੇ ਨਵਾਂ ਇਤਿਹਾਸ ਸਿਰਜੀਏ| ‘ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ’ ਜੋ ‘ਉਲੰਪਿਕ ਕੌਂਸਲ ਆਫ ਏਸ਼ੀਆ-ਕੂਵੈਤ’ ਦੀ ਮਾਨਤਾ ਪ੍ਰਾਪਤ ਸੰਸਥਾ ਹੈ ਅਤੇ ਏਸ਼ੀਆ, ਅਰਬ ਤੇ ਅਫਰੀਕਨ ਦੇਸ਼ਾਂ ਵਿੱਚ ਖੇਡ ਕਬੱਡੀ ਦੀ ਸਾਫ-ਸੁਥਰੀ ਸਥਾਪਨਾ ਲਈ ਮਹਾਨ ਕੰਮ ਕਰ ਰਹੀ ਹੈ, ਦਾ ਤਨੋ, ਮਨੋ ਤੇ ਧਨੋ ਸਾਥ ਦੇਈਏ|
ਕਬੱਡੀ ਜ਼ਿੰਦਾਬਾਦ!

Leave a Reply

Your email address will not be published. Required fields are marked *