ਪੁਰਸ਼ਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ ਦੁੱਗਣਾ

ਖਬਰਾਂ ਵਿਚਾਰ-ਵਟਾਂਦਰਾ

*35 ਸਾਲ ਦੀ ਉਮਰ ਤੋਂ ਹੀ ਵਧਣ ਲੱਗਦਾ ਹੈ ਜੋਖ਼ਮ, ਖ਼ਰਾਬ ਨੀਂਦ ਤੇ ਇਕੱਲਾਪਣ ਵੀ ਵੱਡੇ ਕਾਰਨ

ਪੰਜਾਬੀ ਪਰਵਾਜ਼ ਬਿਊਰੋ
ਅੱਜ ਕੱਲ੍ਹ ਆਮ ਧਾਰਨਾ ਇਹ ਹੈ ਕਿ ਦਿਲ ਦੀ ਬਿਮਾਰੀ ਸਿਰਫ਼ ਬੁੱਢੇਪੇ ਨਾਲ ਜੁੜੀ ਸਮੱਸਿਆ ਹੈ, ਪਰ ਨਵੀਆਂ ਖੋਜਾਂ ਇਸ ਗੱਲ ਨੂੰ ਗ਼ਲਤ ਸਾਬਤ ਕਰ ਰਹੀਆਂ ਹਨ। ਅਮਰੀਕਾ ਦੀ ਮਸ਼ਹੂਰ ਨਾਰਥਵੈਸਟਰਨ ਯੂਨੀਵਰਸਿਟੀ ਵੱਲੋਂ ਕੀਤੇ ਗਏ ਤਾਜ਼ਾ ਅਧਿਐਨ ਅਨੁਸਾਰ, ਪੁਰਸ਼ਾਂ ਵਿੱਚ 35 ਸਾਲ ਦੀ ਉਮਰ ਤੋਂ ਹੀ ਦਿਲ ਦੀ ਬਿਮਾਰੀ ਦਾ ਖ਼ਤਰਾ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਇੱਕ ਵਿਅਕਤੀ ਆਪਣੇ ਕਰੀਅਰ ਦੀ ਮਜਬੂਤੀ ਵੱਲ ਵਧ ਰਿਹਾ ਹੁੰਦਾ ਹੈ, ਪਰ ਸਰੀਰ ਦੇ ਅੰਦਰ ਖ਼ਾਮੋਸ਼ੀ ਨਾਲ ਧਮਣੀਆਂ ਵਿੱਚ ਬਲਾਕੇਜ ਬਣਨ ਲੱਗ ਪੈਂਦਾ ਹੈ।
ਇਸੇ ਖ਼ਤਰੇ ਨੂੰ ਦੇਖਦੇ ਹੋਏ ਅਮਰੀਕਨ ਹਾਰਟ ਐਸੋਸੀਏਸ਼ਨ ਨੇ ਆਪਣੀਆਂ 2026 ਦੀਆਂ ਗਾਈਡਲਾਈਨਾਂ ਵਿੱਚ 19 ਸਾਲ ਦੀ ਉਮਰ ਤੋਂ ਹੀ ਕੋਲੇਸਟਰੋਲ ਦੀ ਜਾਂਚ (ਸਕਰੀਨਿੰਗ) ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਪਹਿਲਾਂ ਨਾਲੋਂ ਕਾਫ਼ੀ ਪਹਿਲਾਂ ਦੀ ਉਮਰ ਹੈ, ਜੋ ਇਹ ਦਰਸਾਉਂਦੀ ਹੈ ਕਿ ਦਿਲ ਦੀ ਸਿਹਤ ਨੂੰ ਹੁਣ ਜਵਾਨੀ ਤੋਂ ਹੀ ਗੰਭੀਰਤਾ ਨਾਲ ਲੈਣਾ ਪਵੇਗਾ।
35 ਤੋਂ ਬਾਅਦ ਪੁਰਸ਼ਾਂ ਵਿੱਚ ਖ਼ਤਰਾ ਦੁੱਗਣਾ
ਖੋਜ ਮੁਤਾਬਕ 35 ਸਾਲ ਦੀ ਉਮਰ ਤੋਂ ਬਾਅਦ ਅਗਲੇ 10 ਸਾਲਾਂ ਵਿੱਚ ਪੁਰਸ਼ਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ ਔਰਤਾਂ ਨਾਲੋਂ ਲਗਭਗ ਦੁੱਗਣਾ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਖ਼ਤਰਾ ਉਨ੍ਹਾਂ ਲੋਕਾਂ ਵਿੱਚ ਵੀ ਮੌਜੂਦ ਰਹਿੰਦਾ ਹੈ, ਜੋ ਨਾ ਤਾਂ ਸਿਗਰਟਨੋਸ਼ੀ ਕਰਦੇ ਹਨ ਅਤੇ ਨਾ ਹੀ ਸ਼ੂਗਰ (ਡਾਇਬਟੀਜ਼) ਦੇ ਮਰੀਜ਼ ਹਨ।
ਡਾਕਟਰਾਂ ਅਨੁਸਾਰ ਇਸ ਦਾ ਮੁੱਖ ਕਾਰਨ ਨਸਾਂ ਵਿੱਚ ‘ਪਲਾਕ’ (ਚਰਬੀ ਅਤੇ ਕੋਲੇਸਟਰੋਲ ਦੀ ਪਰਤ) ਦਾ ਹੌਲੀ-ਹੌਲੀ ਜਮਣਾ ਹੈ। ਇਹ ਪ੍ਰਕਿਰਿਆ ਬਿਲਕੁਲ ਖ਼ਾਮੋਸ਼ੀ ਨਾਲ ਹੁੰਦੀ ਹੈ ਅਤੇ ਸ਼ੁਰੂਆਤੀ ਦੌਰ ਵਿੱਚ ਕੋਈ ਵੱਡਾ ਲੱਛਣ ਸਾਹਮਣੇ ਨਹੀਂ ਆਉਂਦਾ। ਇਸ ਕਰ ਕੇ ਬਹੁਤ ਸਾਰੇ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਜਦੋਂ ਤੱਕ ਸਮੱਸਿਆ ਪਤਾ ਲੱਗਦੀ ਹੈ, ਉਹ ਗੰਭੀਰ ਰੂਪ ਧਾਰ ਚੁੱਕੀ ਹੁੰਦੀ ਹੈ।
ਤਣਾਅ, ਨੀਂਦ ਅਤੇ ਇਕੱਲਾਪਨ-ਨਵੇਂ ਖ਼ਤਰੇ
ਇਸ ਰਿਪੋਰਟ ਦਾ ਇੱਕ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਸਿਰਫ਼ ਖ਼ੁਰਾਕ ਜਾਂ ਕਸਰਤ ਹੀ ਨਹੀਂ, ਸਗੋਂ ਜੀਵਨ ਸ਼ੈਲੀ ਦੇ ਮਨੋਵਿਗਿਆਨਕ ਪੱਖ ਵੀ ਦਿਲ ਦੀ ਸਿਹਤ ’ਤੇ ਗਹਿਰਾ ਅਸਰ ਪਾਉਂਦੇ ਹਨ; ਜਿਵੇਂ ਕਿ ਲੰਮੇ ਸਮੇਂ ਤੱਕ ਤਣਾਅ ਵਿੱਚ ਰਹਿਣਾ, ਨੀਂਦ ਦੀ ਕਮੀ ਜਾਂ ਖ਼ਰਾਬ ਨੀਂਦ ਅਤੇ ਇਕੱਲਾਪਣ ਤੇ ਸਮਾਜਕ ਦੂਰੀ।
ਇਹ ਸਾਰੇ ਕਾਰਨ ਦਿਲ ਦੀ ਧੜਕਨ ਅਤੇ ਖ਼ੂਨ ਦੀ ਚਲਣ ਪ੍ਰਣਾਲੀ ’ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਮਾਹਿਰਾਂ ਅਨੁਸਾਰ ਇਕੱਲਾਪਣ ਦਾ ਅਸਰ ਸਿਗਰਟਨੋਸ਼ ਜਾਂ ਮੋਟਾਪੇ ਜਿੰਨਾ ਖ਼ਤਰਨਾਕ ਹੋ ਸਕਦਾ ਹੈ।
50 ਦੀ ਉਮਰ ਤੱਕ ਖ਼ਤਰਾ ਕਿੰਨਾ?
ਅਧਿਐਨ ਦੇ ਅੰਕੜਿਆਂ ਅਨੁਸਾਰ, 50 ਸਾਲ ਦੀ ਉਮਰ ਤੱਕ ਲਗਭਗ 4.7 ਫ਼ੀਸਦੀ ਪੁਰਸ਼ਾਂ ਵਿੱਚ ਦਿਲ ਦੀ ਬਿਮਾਰੀ ਵਿਕਸਿਤ ਹੋ ਜਾਂਦੀ ਹੈ; ਜਦਕਿ ਔਰਤਾਂ ਵਿੱਚ ਇਹ ਅੰਕੜਾ 2.9 ਫ਼ੀਸਦੀ ਹੈ ਅਤੇ ਉਹ 57 ਸਾਲ ਦੀ ਉਮਰ ਤੱਕ ਇਸ ਪੱਧਰ ’ਤੇ ਪਹੁੰਚਦੀਆਂ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਪੁਰਸ਼ਾਂ ਵਿੱਚ ਦਿਲ ਦੀ ਬਿਮਾਰੀ ਨਾ ਸਿਰਫ਼ ਜ਼ਿਆਦਾ ਹੈ, ਸਗੋਂ ਇਹ ਔਰਤਾਂ ਨਾਲੋਂ ਪਹਿਲਾਂ ਵੀ ਆਉਂਦੀ ਹੈ।
ਭਾਰਤੀਆਂ ਵਿੱਚ ਖ਼ਤਰਾ ਹੋਰ ਜ਼ਿਆਦਾ ਤੇ ਜਲਦੀ
ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤੀ ਲੋਕਾਂ ਵਿੱਚ ਦਿਲ ਦੀ ਬਿਮਾਰੀ ਦਾ ਖ਼ਤਰਾ ਪੱਛਮੀ ਦੇਸ਼ਾਂ ਨਾਲੋਂ ਕਰੀਬ 10 ਸਾਲ ਪਹਿਲਾਂ ਸਾਹਮਣੇ ਆ ਜਾਂਦਾ ਹੈ। ਇਸ ਦੇ ਕੁਝ ਖਾਸ ਕਾਰਨ ਹਨ: ਪੇਟ ਦੇ ਇਲਾਕੇ ਵਿੱਚ ਚਰਬੀ, ਇਨਸੁਲਿਨ ਰੇਜ਼ਿਸਟੈਂਸ, ਗ਼ਲਤ ਖ਼ੁਰਾਕ (ਜੰਕ ਫੂਡ, ਤੇਲ ਵਾਲੀ ਚੀਜ਼ਾਂ) ਅਤੇ ਘੱਟ ਸਰੀਰਕ ਸਰਗਰਮੀ। ਕਈ ਵਾਰ ਲੋਕ ਬਾਹਰੋਂ ਪਤਲੇ ਦਿਖਦੇ ਹਨ, ਪਰ ਅੰਦਰੂਨੀ ਤੌਰ ’ਤੇ ਉਨ੍ਹਾਂ ਵਿੱਚ ‘ਬੁਰਾ ਕੋਲੇਸਟਰੋਲ’ ਵਧਿਆ ਹੁੰਦਾ ਹੈ, ਜੋ ਦਿਲ ਲਈ ਖ਼ਤਰਨਾਕ ਹੁੰਦਾ ਹੈ।
ਜੀਨਜ਼ ਵੀ ਜ਼ਿੰਮੇਵਾਰ
ਡਾਕਟਰਾਂ ਅਨੁਸਾਰ ਦਿਲ ਦੀ ਬਿਮਾਰੀ ਸਿਰਫ਼ ਜੀਵਨ ਸ਼ੈਲੀ ਨਾਲ ਨਹੀਂ, ਸਗੋਂ ਜੀਨਜ਼ ਨਾਲ ਵੀ ਜੁੜੀ ਹੋ ਸਕਦੀ ਹੈ। ਕੁਝ ਲੋਕਾਂ ਵਿੱਚ ਲਿਪੋਪ੍ਰੋਟੀਨ-ਏ ਨਾਮ ਦੀ ਇੱਕ ਖ਼ਾਸ ਕਿਸਮ ਦੀ ਚਰਬੀ ਜਨਮ ਤੋਂ ਹੀ ਵਧੀ ਹੋਈ ਹੁੰਦੀ ਹੈ। ਇਹ ਚਰਬੀ ਖ਼ੂਨ ਵਿੱਚ ਜੰਮਣ ਦੀ ਸੰਭਾਵਨਾ ਵਧਾਉਂਦੀ ਹੈ, ਧਮਣੀਆਂ ਨੂੰ ਤੰਗ ਕਰਦੀ ਹੈ ਅਤੇ ਅਚਾਨਕ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ। ਇਸ ਲਈ ਕਈ ਵਾਰ ਬਿਲਕੁਲ ਫਿੱਟ ਦਿਖਣ ਵਾਲੇ ਨੌਜਵਾਨਾਂ ਨੂੰ ਵੀ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਹੈ।
ਸ਼ੁਰੂਆਤੀ ਲੱਛਣਾਂ ਨੂੰ ਨਾ ਕਰੋ ਅਣਡਿੱਠਾ
ਹਾਲਾਂਕਿ ਦਿਲ ਦੀ ਬਿਮਾਰੀ ਅਕਸਰ ਖ਼ਾਮੋਸ਼ੀ ਨਾਲ ਵਧਦੀ ਹੈ, ਪਰ ਕੁਝ ਹਲਕੇ ਸੰਕੇਤ ਮਿਲ ਸਕਦੇ ਹਨ; ਜਿਵੇਂ ਕਿ ਛਾਤੀ ਵਿੱਚ ਭਾਰ ਜਾਂ ਦਰਦ, ਜਲਦੀ ਥਕਾਵਟ, ਸਾਹ ਚੜ੍ਹਣਾ, ਬਾਂਹ, ਗਰਦਨ ਜਾਂ ਜਬੜੇ ਵਿੱਚ ਦਰਦ। ਇਹ ਲੱਛਣ ਕਈ ਵਾਰ ਹਲਕੇ ਹੁੰਦੇ ਹਨ, ਜਿਸ ਕਰ ਕੇ ਲੋਕ ਇਨ੍ਹਾਂ ਨੂੰ ਅਣਡਿੱਠਾ ਕਰ ਦਿੰਦੇ ਹਨ।
ਬਚਾਅ ਲਈ ਕੀ ਕਰੀਏ?
ਮਾਹਿਰਾਂ ਅਨੁਸਾਰ ਦਿਲ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਕੁਝ ਆਸਾਨ ਕਦਮ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ:
ਰੈਗੂਲਰ ਜਾਂਚ- 30 ਸਾਲ ਦੀ ਉਮਰ ਤੋਂ ਬਾਅਦ ਕੋਲੇਸਟਰੋਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਵਾਓ।
ਸੰਤੁਲਿਤ ਖ਼ੁਰਾਕ- ਫਲ, ਸਬਜ਼ੀਆਂ, ਦਾਲਾਂ ਅਤੇ ਘੱਟ ਤੇਲ ਵਾਲਾ ਭੋਜਨ ਖਾਓ।
ਰੋਜ਼ਾਨਾ ਕਸਰਤ- ਘੱਟੋ-ਘੱਟ 30 ਮਿੰਟ ਤੇਜ਼ ਚੱਲਣਾ ਜਾਂ ਕਸਰਤ ਕਰੋ।
ਚੰਗੀ ਨੀਂਦ- ਹਰ ਰੋਜ਼ 7-8 ਘੰਟੇ ਦੀ ਨੀਂਦ ਲਓ।
ਤਣਾਅ ਘਟਾਓ- ਧਿਆਨ, ਯੋਗਾ ਜਾਂ ਮਨਪਸੰਦ ਗਤੀਵਿਧੀਆਂ ਕਰੋ।
ਸਮਾਜਕ ਜੁੜਾਅ- ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਓ, ਇਕੱਲਤਾ ਤੋਂ ਬਚੋ।
ਦਿਲ ਦੀ ਬਿਮਾਰੀ ਹੁਣ ਸਿਰਫ਼ ਬੁੱਢੇਪੇ ਦੀ ਸਮੱਸਿਆ ਨਹੀਂ ਰਹੀ। ਬਦਲਦੀ ਜੀਵਨ ਸ਼ੈਲੀ, ਤਣਾਅ, ਖ਼ਰਾਬ ਨੀਂਦ ਅਤੇ ਇਕੱਲਤਾ ਨੇ ਇਸ ਨੂੰ ਜਵਾਨੀ ਵਿੱਚ ਹੀ ਇੱਕ ਵੱਡਾ ਖ਼ਤਰਾ ਬਣਾ ਦਿੱਤਾ ਹੈ।
ਮਾਹਿਰਾਂ ਦਾ ਸਾਫ਼ ਸੁਨੇਹਾ ਹੈ ਕਿ ਜੇ ਅਸੀਂ ਸਮੇਂ ’ਤੇ ਸਾਵਧਾਨ ਹੋ ਜਾਈਏ, ਰੈਗੂਲਰ ਜਾਂਚ ਕਰਵਾਈਏ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਈਏ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ। ਦਿਲ ਸਾਡੀ ਜ਼ਿੰਦਗੀ ਦਾ ਕੇਂਦਰ ਹੈ- ਇਸ ਦੀ ਸੰਭਾਲ ਅੱਜ ਤੋਂ ਹੀ ਸ਼ੁਰੂ ਕਰਨੀ ਸਭ ਤੋਂ ਵੱਡੀ ਸਿਆਣਪ ਹੈ।

Leave a Reply

Your email address will not be published. Required fields are marked *