ਪੈਲਾਟਾਈਨ ਗੁਰੂਘਰ ਚੋਣਾਂ `ਚ ‘ਦੋਹੀਂ ਦਲੀਂ ਮੁਕਾਬਲੇ’ ਦੀ ਸੰਭਾਵਨਾ

ਖਬਰਾਂ ਵਿਚਾਰ-ਵਟਾਂਦਰਾ

ਕੁਲਜੀਤ ਸਿੰਘ
ਸ਼ਿਕਾਗੋ: ਅਠਾਰਵੀਂ ਸਦੀ ਦੌਰਾਨ ਵੀਰ ਰਸੀ ਕਾਵਿ ਰੂਪ ‘ਨਾਦਰਸ਼ਾਹ ਦੀ ਵਾਰ’ ਵਿੱਚ ਉਸ ਵੇਲੇ ਹੋਈ ਕਰਨਾਲ ਦੀ ਲੜਾਈ ਦਾ ਜ਼ਿਕਰ ਛੋਹਣ ਸਮੇਂ ਪ੍ਰਸਿੱਧ ਪੰਜਾਬੀ ਕਵੀ ਨਜਾਬਤ ਨੇ ਜੋ ਹਾਲ ਬਿਆਨ ਕੀਤਾ ਸੀ, ਉਸ ਦੀ ਇੱਕ ਸਤਰ ਦਾ ਪਹਿਲਾ ਅੱਧ ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਲਈ ਮੈਨੂੰ ਐਨ ਢੁਕਵਾਂ ਲੱਗਦਾ ਹੈ- “ਦੋਹੀਂ ਦਲੀਂ ਮੁਕਾਬਲੇ, ਰਣ ਸੂਰੇ ਗੜਕਣ…।”

ਸਤਰ ਦੇ ਦੂਜੇ ਅੱਧ ਯਾਨੀ “ਰਣ ਸੂਰੇ ਗੜਕਣ” ਨੂੰ ਜੇ ਪੈਲਾਟਾਈਨ ਗੁਰੂਘਰ ਦੀਆਂ ਚੋਣਾਂ ਨਾਲ ਜੋੜ ਲਵਾਂ ਤਾਂ ਗੁਸਤਾਖ਼ੀ ਹੋ ਜਾਣ ਦੀ ਸੰਭਾਵਨਾ ਹੈ, ਕਿਉਂਕਿ ਇਹ ਕੋਈ ਲੜਾਈ ਦਾ ਮੈਦਾਨ ਨਹੀਂ! ਦੋਹੇ ਧਿਰਾਂ ਆਪੋ ਆਪਣੀਆਂ ਦਲੀਲਾਂ ਨਾਲ ਗੁਰਦੁਆਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਚੋਣ ਮੈਦਾਨ ਵਿੱਚ ਨਿੱਤਰੀਆਂ ਹੋਈਆਂ ਹਨ, ਇਸ ਲਈ ਇਹ ਕਹਿਣਾ ਕੁਥਾਂ ਨਹੀਂ ਕਿ ਗੁਰਦੁਆਰਾ ਪੈਲਾਟਾਈਨ ਦੀਆਂ 5 ਅਪਰੈਲ, ਦਿਨ ਐਤਵਾਰ ਨੂੰ ਹੋ ਰਹੀਆਂ ਚੋਣਾਂ ਸਬੰਧੀ ਦੋਹੀਂ ਦਲੀਂ ਮੁਕਾਬਲੇ ਦੀ ਸੰਭਾਵਨਾ ਬਣ ਗਈ ਹੈ, ਜਦ ਕਿ ਕੁਝ ਸਮਾਂ ਪਹਿਲਾਂ ਅਜਿਹਾ ਨਹੀਂ ਸੀ ਲੱਗ ਰਿਹਾ।
ਪਿਛਲੇ ਕੁਝ ਹਫਤਿਆਂ ਦੌਰਾਨ ਪਹਿਲਾਂ ਸਿਰਫ ਉਮੀਦਵਾਰਾਂ ਅਤੇ ਉਨ੍ਹਾਂ ਦੀ ਪਿੱਠ `ਤੇ ਖੜੀਆਂ ਧਿਰਾਂ ਵਿਚਾਲੇ ਹੀ ਵਧੇਰੇ ਸਰਗਰਮੀ ਸੀ, ਪਰ ਆਪਸੀ ਸਹਿਮਤੀ ਦੀ ਗੱਲ ਕਿਸੇ ਤਣ-ਪੱਤਣ ਨਾ ਲੱਗਣ ਕਾਰਨ ਚੋਣਾਂ ਹੋਣੀਆਂ ਤੈਅ ਹੋਣ ਪਿੱਛੋਂ ਬਹੁਤੀ ਸੰਗਤ ਦੀ ਦਿਲਚਸਪੀ ਇਸ ਵਿੱਚ ਵਧ ਗਈ ਹੈ। ਹਾਲਾਂਕਿ ਪਹਿਲਾਂ ਚੋਣਾਂ ਸਬੰਧੀ ਆਮ ਸੰਗਤ ਵਿੱਚ ਬਹੁਤੀ ਗੰਭੀਰਤਾ ਨਹੀਂ ਸੀ ਦੇਖੀ ਜਾ ਰਹੀ, ਪਰ ਹੁਣ ਸੰਗਤ ਦੇ ਮੈਂਬਰ ਧਿਰਾਂ ਦੇ ਨੁਮਾਇੰਦਿਆਂ ਨੂੰ ਸਵਾਲ ਕਰਨ ਲੱਗੇ ਹਨ। ਇੱਥੋਂ ਤੱਕ ਕਿ ਪੈਲਾਟਾਈਨ ਗੁਰੂਘਰ ਦੀ ਸਿਆਸਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਰਹੇ ਇੱਕ ਧੜੇ (‘ਪੰਥਕ ਸਲੇਟ’ ਨਹੀਂ) ਦੀ ਨੁਮਾਇੰਦਗੀ ਵਾਲੀ ਪ੍ਰਬੰਧਕ ਕਮੇਟੀ ਦੇ ਕਾਰਜਕਾਲ ਦੌਰਾਨ ਪੈਦਾ ਹੋਏ ਕੁਝ ਮਤਭੇਦਾਂ ਸਬੰਧੀ ਵੀ ਸੰਗਤ ਦੇ ਕੁਝ ਮੈਂਬਰ ਗੱਲੀਂਬਾਤੀਂ ਉਲ੍ਹਾਮਾ ਦੇਣ ਲੱਗੇ ਹਨ। ਇਸੇ ਤਰ੍ਹਾਂ ‘ਪੰਥਕ ਸਲੇਟ’ ਦੀ ਸਰਪ੍ਰਸਤੀ ਵਾਲੀ ਪ੍ਰਬੰਧਕ ਕਮੇਟੀ ਦੇ ਸਮੇਂ ਦੌਰਾਨ ਪੈਦਾ ਹੋਈਆਂ ਕਥਿਤ ਅਣਸੁਖਾਵੀਆਂ ਸਥਿਤੀਆਂ ਦਾ ਵੀ ਚਰਚਾ ਛੋਹਿਆ ਗਿਆ ਹੈ। ਪਰ ਜਿਉਂ ਜਿਉਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਉਮੀਦਵਾਰਾਂ ਤੇ ਖਾਸਕਰ ਉਨ੍ਹਾਂ ਦੀਆਂ ਸਮਰਥਕ ਧਿਰਾਂ ਸੰਗਤ ਨੂੰ ਪ੍ਰਾਪਤੀਆਂ, ਟੀਚੇ ਤੇ ਮਨੋਰਥ ਦੱਸ ਕੇ ਆਪਣੇ ਹੱਕ ਵਿੱਚ ਫਤਵਾ ਦੇਣ ਲਈ ਉਤਸ਼ਾਹਿਤ ਕਰਨ ਲੱਗੀਆਂ ਹਨ। ਉਂਜ ਇੱਕ-ਦੋ ਗੱਲਾਂ ਨੂੰ ਲੈ ਕੇ ਰੋਲ ਘਚੋਲਾ ਹਾਲੇ ਵੀ ਪਿਆ ਹੋਇਆ ਹੈ। ਲੰਘੇ ਐਤਵਾਰ ਗੁਰਦੁਆਰਾ ਸਾਹਿਬ ਵਿੱਚ ਕਾਫੀ ਸੰਗਤ ਜੁੜੀ ਹੋਈ ਸੀ ਤੇ ਵੱਖ-ਵੱਖ ਢਾਣੀਆਂ ਵਿੱਚ ਜੁੜੀ ਕੁਝ ਸੰਗਤ ਵੱਲੋਂ ਦੋਹਾਂ ਧਿਰਾਂ ਕਾਰਨ ਪੈਦਾ ਹੋਈ ਸਥਿਤੀ `ਤੇ ਟੀਕਾ-ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ।
ਜਿਵੇਂ ਕਿ ਆਮ ਚੋਣਾਂ ਵਿੱਚ ਹੁੰਦਾ ਹੀ ਹੈ- ਵਿਰੋਧੀ ਧਿਰ ਦੀਆਂ ਸੌ ਨਘੋਚਾਂ ਕੱਢਣ ਅਤੇ ਆਪਣੀ ਧਿਰ ਨੂੰ ਯੋਗ ਕਰਾਰ ਦੇਣ ਲਈ ਆਪਣੇ ਪੱਖ ਦੇ ਉਮੀਦਵਾਰਾਂ ਦੇ ਗੁਣ ਗਿਣਾਏ ਜਾ ਰਹੇ ਹਨ, ਜਦ ਕਿ ਇਹ ਦੇਖਣਾ ਦਿਲਚਸਪੀ ਭਰਿਆ ਹੋਵੇਗਾ ਕਿ ਸੰਗਤ ਕਿਨ੍ਹਾਂ ਕਿਨ੍ਹਾਂ ਉਮੀਦਵਾਰਾਂ ਦੇ ਹੱਕ ਵਿੱਚ ਮੋਹਰ ਲਾਉਂਦੀ ਹੈ! ਇਸ ਵਿੱਚ ਦੋ ਰਾਏ ਨਹੀਂ ਕਿ ਗੁਰੂਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸੰਗਤ ਨੂੰ ਹੀ ਸੁਪਰੀਮ ਦਾ ਦਰਜਾ ਹਾਸਲ ਹੈ ਅਤੇ ਪੈਲਾਟਾਈਨ ਗੁਰੂਘਰ ਚੋਣਾਂ ਸਬੰਧੀ ਇਹ ਸੰਗਤ `ਤੇ ਹੀ ਮੁਨੱਸਰ ਕਰੇਗਾ ਕਿ ਉਹ ਕਿਸ ਕਿਸ ਨੂੰ ਬੋਰਡ ਆਫ ਟਰੱਸਟੀ ਵਿੱਚ ਮੈਂਬਰ ਅਤੇ ਕਿਸ ਨੂੰ ਸੀ.ਆਈ.ਸੀ. ਦੇ ਨਵੇਂ ਮੈਂਬਰ ਵਜੋਂ ਚੁਣਦੀ ਹੈ। ਫਿਲਹਾਲ ਦੋਵੇਂ ਧਿਰਾਂ ਚੋਣਾਂ ਵਿੱਚ ਆਪਣੀ ਜਿੱਤ ਯਕੀਨੀ ਬਣਾਉਣ ਲਈ ਆਪੋ ਆਪਣਾ ਤਾਣ ਲਾ ਰਹੀਆਂ ਹਨ ਅਤੇ ਸੰਗਤ ਨੂੰ ਆਪਣੇ ਹੱਕ ਵਿੱਚ ਕਰਨ ਤੇ ਜਿੱਤ ਦੇ ਦਾਅਵੇ ਜਿਹੀਆਂ ਗੱਲਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਨੂੰ ਵੋਟਾਂ ਲਈ ਫੋਨ ਕਾਲਾਂ ਜਾਂ ਮੈਸੇਜ ਗਏ ਹਨ, ਉਨ੍ਹਾਂ ਵਿੱਚੋਂ ਕੁਝ ਨੇ ਨੋਟਿਸ ਲੈਂਦਿਆਂ ਇਤਰਾਜ਼ ਪ੍ਰਗਟਾਇਆ ਹੈ ਕਿ ਸਿੱਖ ਰਿਲੀਜੀਅਸ ਸੁਸਾਇਟੀ ਦੇ ਮੈਂਬਰਾਂ ਦਾ ਸੰਪਰਕ ਨੰਬਰ ਚੋਣ ਪ੍ਰਚਾਰ ਲਈ ਵਰਤਿਆ ਜਾਣਾ ਗਲਤ ਹੈ। ਇਸੇ ਤਰ੍ਹਾਂ ‘ਚੜ੍ਹਦੀ ਕਲਾ ਸੇਵਕ’ ਧਿਰ ਵੱਲੋਂ ‘ਪੰਥਕ ਸਲੇਟ’ ਉਤੇ ਕੱਟੜਵਾਦ ਦਾ ਦੋਸ਼ ਲਾਏ ਜਾਣ ਨੂੰ ਲੈ ਕੇ ਵੀ ਸੰਗਤ ਦੇ ਕੁਝ ਮੈਂਬਰਾਂ ਨੇ ਇਤਰਾਜ਼ ਪ੍ਰਗਟਾਇਆ ਹੈ। ਇੱਕ ਸੱਜਣ ਦੀ ਸਪਸ਼ਟ ਟਿੱਪਣੀ ਸੀ ਕਿ ਸਿੱਖੀ ਨੂੰ ਸਮਰਪਿਤ ਹੋਣਾ ਕੱਟੜਵਾਦ ਨਹੀਂ ਹੈ। ਭਾਈਚਾਰੇ ਦੇ ਕੁਝ ਸੁਹਿਰਦ ਸੱਜਣਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਚੋਣਾਂ ਵਿੱਚ ਇੱਕ-ਦੂਜੇ ਵਿਰੁੱਧ ਮਾੜੀ ਸ਼ਬਦਾਵਲੀ ਵਰਤਣੀ ਚੰਗੀ ਗੱਲ ਨਹੀਂ। ਜਿਵੇਂ ਕਿ ਕਹਿੰਦੇ ਹਨ- ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੈ; ਪਰ ਸਿਆਸਤ ਖਾਸਕਰ ਹੁਣ ਗੁਰਦੁਆਰਾ ਸਿਆਸਤ ਵਿੱਚ ਇਹ ਵਰਤਾਰਾ ਆਮ ਹੋ ਗਿਆ ਹੈ।
ਚੇਤੇ ਰਹੇ, ਬੇਸ਼ੱਕ ਧਿਰਾਂ ਨਾਲ ਜੁੜੀ ਸੰਗਤ ਆਪਣੇ ਹਮਾਇਤੀਆਂ ਦਾ ਸਮਰਥਨ ਕਰਦਿਆਂ ਫੈਸਲਾ ਲੈਂਦੀ ਹੈ, ਪਰ ਇੱਕ ਪਹਿਲੂ ਇਹ ਵੀ ਹੈ ਸੰਗਤ ਦਾ ਇੱਕ ਹਿੱਸਾ ਉਹ ਵੀ ਹੈ, ਜੋ ਖੁਲ੍ਹੇਆਮ ਧਿਰਾਂ ਦੇ ਹੱਕ ਵਿੱਚ ਖੜ੍ਹਾ ਨਜ਼ਰ ਨਹੀਂ ਆਉਂਦਾ; ਉਂਜ ਕਈ ਵਾਰ ਨਤੀਜੇ ਬਦਲਣ ਲਈ ‘ਤੁਰਪ ਦਾ ਪੱਤਾ’ ਉਨ੍ਹਾਂ ਦੇ ਹੱਥ ਹੀ ਹੁੰਦਾ ਹੈ। ਕਿਉਂਕਿ ਧਿਰਾਂ ਨੂੰ ਕਈ ਵਾਰ ਇਹ ਅੰਦਾਜ਼ਾ ਲਾਉਣਾ ਔਖਾ ਹੋ ਜਾਂਦਾ ਹੈ ਕਿ ਸੰਗਤ ਦਾ ਜੋ ਹਿੱਸਾ ਗੁਰੂਘਰ ਵਿੱਚ ਨਿਰਪੱਖ ਤੌਰ `ਤੇ/ਚੁੱਪ ਵੱਟ ਕੇ ਵਿਚਰ ਰਿਹਾ ਹੈ ਜਾਂ ਜਿਸ ਨੂੰ ਕਿਸੇ ਵਿਸ਼ੇਸ਼ ਧਿਰ ਨਾਲ ਕੋਈ ਖਾਸ ਲੇਗਾ-ਦੇਗਾ ਨਹੀਂ, ਉਹ ਆਪਣੀ ਵੋਟ ਦਾ ਇਸਤੇਮਾਲ ਕਿਸ ਨੂੰ ਚੁਣਨ ਲਈ ਕਰੇਗਾ!
ਖ਼ੈਰ! ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਇਸ ਵਾਰ ਸੰਗਤ ਕਿਸੇ ਇੱਕ ਧਿਰ ਜਾਂ ਸਲੇਟ ਦੇ ਹੱਕ ਵਿੱਚ ਨਹੀਂ ਹੈ, ਸਗੋਂ ਵਿਅਕਤੀਗਤ ਤੌਰ `ਤੇ ਅਤੇ ਯੋਗਤਾ ਦੇ ਆਧਾਰ `ਤੇ ਵੋਟਾਂ ਭੁਗਤਣ ਦੀ ਸੰਭਾਵਨਾ ਵੱਧ ਹੈ। ਜਿਸ ਤਰ੍ਹਾਂ ਦੋਵੇਂ ਧਿਰਾਂ ਗੁਰਦੁਆਰਾ ਪ੍ਰਬੰਧਨ ਵਿੱਚ ਨੌਜਵਾਨ ਵਰਗ ਦੀ ਸ਼ਮੂਲੀਅਤ ਦੀ ਗੱਲ ਕਰਦੀਆਂ ਹਨ, ਉਸ ਦੇ ਮੱਦੇਨਜ਼ਰ ਫਿਲਹਾਲ ‘ਪੰਥਕ ਸਲੇਟ’ ਦਾ ਹੱਥ ਉਤੇ ਹੈ, ਕਿਉਂਕਿ ਇਸ ਵਿੱਚ ਤਿੰਨ ਨੌਜਵਾਨਾਂ- ਗੁਰਕੀਰਤ ਸਿੰਘ ਗਿੱਲ, ਅਮਨਦੀਪ ਸਿੰਘ ਤੇ ਪ੍ਰਭਜੀਤ ਕੌਰ ਕਲੇਰ ਨੂੰ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।
ਇਸੇ ਦੌਰਾਨ ਬੀ.ਓ.ਟੀ. ਲਈ ‘ਪੰਥਕ ਸਲੇਟ’ ਦੇ ਇੱਕ ਉਮੀਦਵਾਰ ਤਰਲੋਚਨ ਸਿੰਘ ਮੁਲਤਾਨੀ ਦੀ ਨਾਮਜ਼ਦਗੀ ਰੱਦ ਕਰਨ ਜਾਂ ਬਹਾਲ ਰੱਖਣ ਸਬੰਧੀ ਵੀ ਭੰਬਲਭੂਸਾ ਬਣਿਆ ਹੋਇਆ ਹੈ। ਵਿਰੋਧੀ ਧਿਰ ‘ਚੜ੍ਹਦੀ ਕਲਾ ਸੇਵਕ’ ਅਤੇ ਉਸ ਦੇ ਹਮਾਇਤੀਆਂ ਵੱਲੋਂ ਸ. ਮੁਲਤਾਨੀ ਦੀ ਨਾਮਜ਼ਦਗੀ ਰੱਦ ਕਰਨ ਦਾ ਮੁੱਦਾ ਇਹ ਕਹਿ ਕੇ ਚੁੱਕਿਆ ਗਿਆ ਹੈ ਕਿ ਉਹ ਗੁਰਦੁਆਰਾ ਪੈਲਾਟਾਈਨ ਦੀ ਚੋਣ ਲੜਨ ਸਬੰਧੀ ਆਪਣੀ ਟਰਮ (ਵਾਰੀ) ਪੂਰੀ ਕਰ ਚੁਕੇ ਹਨ, ਇਸ ਲਈ ਇਨ੍ਹਾਂ ਚੋਣਾਂ ਲਈ ਮੈਂਬਰਸ਼ਿਪ ਚੋਣ ਕਮੇਟੀ ਵੱਲੋਂ ਉਨ੍ਹਾਂ ਨੂੰ ਅਯੋਗ ਕਰਾਰ ਦੇਣਾ ਚਾਹੀਦਾ ਹੈ; ਪਰ ਚੋਣ ਕਮੇਟੀ ਨੇ ਉਕਤ ਇਤਰਾਜ਼ ਖਾਰਜ ਕਰਦਿਆਂ ਸ. ਮੁਲਤਾਨੀ ਦੀ ਚੋਣ ਲੜਨ ਦੀ ਦਾਅਵੇਦਾਰੀ ਨੂੰ ਬਹਾਲ ਰੱਖਿਆ ਹੈ; ਜਦਕਿ ਦੂਜੀ ਧਿਰ ਵੱਲੋਂ ਇਸ ਸਬੰਧੀ ਹਾਲੇ ਵੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਸੰਗਤ ਦੇ ਇੱਕ ਹਿੱਸੇ ਵਿੱਚ ਇਹ ਚਰਚਾ ਛਿੜ ਪਈ ਹੈ ਕਿ ਸ. ਮੁਲਤਾਨੀ ਦਾ ਕੁਨਬਾ/ਰਿਸ਼ਤੇਦਾਰੀਆਂ ਦਾ ਦਾਇਰਾ ਵੱਡਾ ਹੋਣ ਕਾਰਨ ਉਹ ਚੋਣ ਜਿੱਤ ਸਕਦੇ ਹਨ, ਪਰ ਸੰਵਿਧਾਨਕ ਪੇਚੀਦਗੀ ਕਾਰਨ ਮਾਮਲਾ ਉਲਝਣ ਵਾਲਾ ਬਣਿਆ ਹੋਇਆ ਹੈ।
ਖ਼ੈਰ! ਇਸ ਸਭ ਦੇ ਚੱਲਦਿਆਂ ਭਾਈਚਾਰੇ ਦੇ ਇੱਕ ਸੁਹਿਰਦ ਸੱਜਣ ਦਾ ਵਿਚਾਰ ਹੈ ਕਿ ਕਿਸੇ ਵੀ ਖੇਤਰ ਵਿੱਚ ਇੱਕ ਮਜਬੂਤ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ, ਤਾਂ ਜੋ ਦੂਜੀ ਧਿਰ ਦੀ ਜਵਾਬਦੇਹੀ ਹੁੰਦੀ ਰਹੇ। ਇਸੇ ਤਰ੍ਹਾਂ ਇਲੈਕਸ਼ਨ ਦੀ ਥਾਂ ਸਿਲੈਕਸ਼ਨ ਨੂੰ ਤਰਜੀਹ ਦਿੰਦੇ ਇੱਕ ਹੋਰ ਸੱਜਣ ਦੀ ਟਿੱਪਣੀ ਸੀ ਕਿ ਜੇ ਨਾਮਜ਼ਦਗੀਆਂ ਭਰਨ ਸਮੇਂ ਹਰ ਉਮੀਦਵਾਰ ਤੋਂ ਘੱਟੋ-ਘੱਟ ਪੰਜ-ਪੰਜ ਸੌ ਡਾਲਰ ਫੀਸ ਵਜੋਂ ਲਏ ਜਾਂਦੇ ਹੁੰਦੇ, ਜੋ ‘ਨੌਨ ਰਿਫੰਡਏਬਲ’ ਹੁੰਦੀ ਤਾਂ ਉਮੀਦਵਾਰਾਂ ਦੀ ਗਿਣਤੀ ਘੱਟ ਹੋਣੀ ਸੀ ਤੇ ਚੋਣਾਂ ਹੋਣ ਦੀ ਸਥਿਤੀ ਵੀ ਸ਼ਾਇਦ ਪੈਦਾ ਨਾ ਹੁੰਦੀ।
ਸੰਗਤ ਦੇ ਕੁਝ ਮੈਂਬਰ ਹਾਲੇ ਵੀ ਚੋਣਾਂ ਦੇ ਹੱਕ ਵਿੱਚ ਨਹੀਂ ਹਨ ਅਤੇ ਉਹ ਦੋਹਾਂ ਧਿਰਾਂ ਦੇ ਨੁਮਾਇੰਦਿਆਂ ਨੂੰ ਆਖ ਰਹੇ ਹਨ ਕਿ ਚੋਣਾਂ ਦੇ ਚੱਕਰ ਵਿੱਚ ਪੈਣ ਨਾਲੋਂ ਸਿਲੈਕਸ਼ਨ ਕਰ ਲੈਂਦੇ ਤਾਂ ਚੰਗਾ ਰਹਿੰਦਾ। ਇਹ ਵੀ ਵਿਚਾਰ ਆ ਰਿਹਾ ਹੈ ਕਿ ‘ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ’ ਵਾਂਗ ਹੁਣ ਵੀ ‘ਇਲੈਕਸ਼ਨ ਦੀ ਥਾਂ ਸਿਲੈਕਸ਼ਨ’ ਕਰਨ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਗੁਰਦੁਆਰਾ ਚੋਣ ਕਮੇਟੀ ਵੱਲੋਂ ਪਿਛਲੇ ਦਿਨੀਂ ਸਿਲੈਕਸ਼ਨ/ਸਹਿਮਤੀ ਬਾਰੇ ਸੱਦੀ ਗਈ ਮੀਟਿੰਗ ਲਈ ਨਾਮਜ਼ਦ ਕੀਤੇ ਗਏ ਨਿਰੀਖਕ (ਅਬਜ਼ਰਬਰ) ਹਰਦਿਆਲ ਸਿੰਘ ਦਿਓਲ ਨੇ ਵੀ ਸੰਗਤ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਸੀ ਕਿ ਹੁਣ ਸੰਗਤ ਹੀ ਦਬਾਅ ਪਾ ਕੇ ਉਮੀਦਵਾਰਾਂ ਨੂੰ ਸਿਲੈਕਸ਼ਨ ਲਈ ਮਨਾ ਸਕਦੀ ਹੈ। ਪਰ ਸ਼ਾਇਦ ਧੜੇਬੰਦੀਆਂ ਦੀ ਸ਼ਸ਼ਕੇਰ ਦਾ ਅਸਰ ਹੈ ਕਿ ਹੁਣ ਦੋਵੇਂ ਧਿਰਾਂ ਚੋਣਾਂ ਲਈ ਬਜ਼ਿਦ ਹਨ। ਇੱਕ ਸੱਜਣ ਦਾ ਬੜਾ ਦਿਲਚਸਪ ਵਿਅੰਗ ਹੈ ਕਿ ਜਿਨ੍ਹੇ ਸੇਵਾ ਹੀ ਕਰਨੀ ਹੈ, ਉਸ ਨੂੰ ਅਹੁਦੇਦਾਰੀ ਦੀ ਕੀ ਲੋੜ? ਆਖਰ ਦੋਵੇਂ ਧਿਰਾਂ ਚੋਣਾਂ ਜਿੱਤਣ ਲਈ ਇੰਨੀਆਂ ਤਰਲੋਮੱਛੀ ਕਿਉਂ ਹਨ- ਕੀ ਇਹ ਸਾਰਾ ਮਾਜਰਾ ਗੁਰਦੁਆਰਾ ਪ੍ਰਬੰਧਨ ਨੂੰ ਕੰਟਰੋਲ ਕਰਨ ਦਾ ਹੈ ਜਾਂ ਗੱਲ ਕੋਈ ਹੋਰ ਹੈ!
ਇਸੇ ਦੌਰਾਨ ਸਿੱਖ ਰਿਲੀਜੀਅਸ ਸੁਸਾਇਟੀ ਦੀ ਸੰਵਿਧਾਨ ਆਮਲ ਕਮੇਟੀ (ਸੀ.ਆਈ.ਸੀ.) ਦੇ ਸਾਬਕਾ ਚੇਅਰਮੈਨ ਹਰਵਿੰਦਰ ਪਾਲ ਸਿੰਘ ਨੇ ਐਤਵਾਰ 29 ਮਾਰਚ ਦੇ ਦੀਵਾਨ ਹਾਲ ਦੀ ਸਮਾਪਤੀ ਤੋਂ ਬਾਅਦ ਕਰੀਬ ਡੇਢ ਵਜੇ ਸੰਗਤ ਅਤੇ ਚੋਣ ਮੈਦਾਨ ਵਿੱਚ ਖੜੇ ਸੇਵਾਦਾਰਾਂ ਨੂੰ ਆਖ਼ਰੀ ਮੌਕੇ `ਤੇ ਸਮਝੌਤੇ ਵਾਸਤੇ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਭ ਹੁੰਮਹੁਮਾ ਕੇ ਇਸ ਮੌਕੇ ਦਾ ਹਿੱਸਾ ਬਣਨਗੇ। ਉਨ੍ਹਾਂ ਇਸ ਮੌਕੇ ਨੂੰ ਮਨਜ਼ੂਰੀ ਦੇਣ ਵਾਸਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ।
ਦੂਜੇ ਪਾਸੇ ਮੈਂਬਰਸ਼ਿਪ ਚੋਣ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਘੋਤੜਾ ਅਨੁਸਾਰ ਚੋਣਾਂ ਦੇ ਪ੍ਰਬੰਧ ਸਬੰਧੀ ਰੂਪ-ਰੇਖਾ ਉਲੀਕ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਪਰੰਤ ਨਤੀਜਾ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਸੌ ਤੋਂ ਉਤੇ ਵੋਟਾਂ ਬਣੀਆਂ ਹੋਈਆਂ ਹਨ ਅਤੇ ਮੈਂਬਰ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ; ਆਈ.ਡੀ. ਤੋਂ ਬਿਨਾ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ। ਚੋਣਾਂ ਗੁਰਮਤਿ ਸਕੂਲ ਵਾਲੇ ਪਾਸੇ ਹੋਣਗੀਆਂ, ਜਿਸ ਬਾਰੇ ਪ੍ਰਬੰਧਾਂ ਲਈ ਬੋਰਡ ਆਫ ਟਰੱਸਟੀਜ਼ ਨੂੰ ਦੱਸ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਦੌਰਾਨ ਸੇਵਾ ਲਈ ਵਾਲੰਟੀਅਰ ਸੰਗਤ ਮੈਂਬਰਾਂ `ਚੋਂ ਲਏ ਜਾਣਗੇ, ਉਮੀਦਵਾਰਾਂ ਦਾ ਕੋਈ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਨਹੀਂ ਲਿਆ ਜਾਵੇਗਾ; ਕਿਉਂਕਿ ਸਾਡੇ ਲਈ ਸਾਰੇ ਉਮੀਦਵਾਰ ਇੱਕੋ ਹਨ, ਕੋਈ ਭੇਦਭਾਵ ਨਹੀਂ ਰੱਖਿਆ ਜਾਵੇਗਾ। ਸ. ਘੋਤੜਾ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਉਤੇ ਪੁਲਿਸ ਕਰਮਚਾਰੀ ਤਾਇਨਾਤ ਹੋਵੇਗਾ। ਉਨ੍ਹਾਂ ਚੋਣ ਕਮੇਟੀ ਵੱਲੋਂ ਸਾਰੇ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਸਮੁੱਚੀ ਸੰਗਤ ਨੂੰ ਚੋਣ ਵਾਲੇ ਦਿਨ ਆਪਸੀ ਇਤਫਾਕ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਚੋਣ ਪ੍ਰਬੰਧਾਂ ਲਈ ਚੋਣ ਕਮੇਟੀ ਦੀ ਸੈਕਟਰੀ ਇਮਾਨਪ੍ਰੀਤ ਕੌਰ ਗਿੱਲ ਅਤੇ ਹੋਰ ਕਮੇਟੀ ਮੈਂਬਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

Leave a Reply

Your email address will not be published. Required fields are marked *