ਅਭੈ ਕੁਮਾਰ ਦੂਬੇ
ਅਮਰੀਕਾ ਕਦੇ ਇਹ ਨਹੀਂ ਮੰਨੇਗਾ ਕਿ ਇਰਾਨ ’ਤੇ ਉਸ ਵੱਲੋਂ ਕੀਤਾ ਗਿਆ ਹਮਲਾ-ਜੋ ਇਜ਼ਰਾਇਲ ਦੀ ਮਦਦ ਲਈ ਕੀਤਾ ਗਿਆ, ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਦੁਸ਼ਮਣੀ ਨਾਲ ਵੀ ਜੁੜਿਆ ਹੋਇਆ ਹੈ। ਪਰ ਇਰਾਨ ਜਿਸ ਫ਼ਾਰਸੀ ਸੱਭਿਆਚਾਰ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਮਰੀਕਾ ਜਿਸ ਪੱਛਮੀ ਸੱਭਿਆਚਾਰ ਦਾ ਝੰਡਾਬਰਦਾਰ ਹੈ, ਉਨ੍ਹਾਂ ਵਿਚਕਾਰ ਵਿਰੋਧ ਦੀ ਸ਼ੁਰੂਆਤ ਯਿਸੂ ਮਸੀਹ ਦੇ ਜਨਮ ਤੋਂ ਲਗਭਗ ਪੰਜ ਸੌ ਸਾਲ ਪਹਿਲਾਂ ਹੀ ਹੋ ਗਈ ਸੀ ਅਤੇ ਇਹ ਅੱਜ ਤੱਕ ਜਾਰੀ ਹੈ।
ਇਸ ਟਕਰਾਅ ਦੇ ਸੱਭਿਆਚਾਰਕ ਪੱਖ ਅੱਜ ਵੀ ਯੂਰਪ ਅਤੇ ਅਮਰੀਕਾ ਦੀ ਸੋਚ ਤੇ ਕਲਾਤਮਕ ਪੇਸ਼ਕਾਰੀਆਂ ਵਿੱਚ ਵਾਰ-ਵਾਰ ਸਾਹਮਣੇ ਆਉਂਦੇ ਹਨ। ਚਾਹੇ ਹੌਲੀਵੁੱਡ ਦੀਆਂ ਮਸ਼ਹੂਰ ਫ਼ਿਲਮਾਂ ਹੋਣ ਜਾਂ ਓ.ਟੀ.ਟੀ. ’ਤੇ ਆਉਣ ਵਾਲੀਆਂ ਲੰਬੀਆਂ ਸਿਰੀਜ਼ਾਂ- 21ਵੀਂ ਸਦੀ ਵਿੱਚ ਵੀ ਪੱਛਮ ਵੱਲੋਂ ਇਰਾਨ ਨੂੰ ਖਲਨਾਇਕ ਅਤੇ ਆਪਣੇ ਆਪ ਨੂੰ ਨਾਇਕ ਵਜੋਂ ਦਰਸਾਉਣ ਵਾਲੀ ਇਹ ਟਕਰਾਅ ਭਰੀ ਕਹਾਣੀ ਲਗਾਤਾਰ ਦੱਸੀ ਜਾ ਰਹੀ ਹੈ।
ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਨਾ ਇਸਲਾਮ ਸੀ ਤੇ ਨਾ ਹੀ ਇਸਾਈ ਧਰਮ। ਪੱਛਮ ਜਿਸ ਗ੍ਰੀਕ-ਰੋਮਨ ਸੱਭਿਆਚਾਰ ਨੂੰ ਆਪਣੀ ਨੀਂਹ ਮੰਨਦਾ ਹੈ, ਉਸ ਦੀ ਸ਼ੁਰੂਆਤ ਯੂਨਾਨ ਤੋਂ ਹੋਈ। ਯੂਨਾਨ ਦੇ ਸ਼ਹਿਰ ਅਤੇ ਰਾਜ (ਐਥੇਨਜ਼, ਸਪਾਰਟਾ, ਮੇਸਿਡੋਨ ਤੇ ਥੀਬਜ਼) ਅਤੇ ਉਸ ਸਮੇਂ ਦੇ ਫ਼ਾਰਸੀ ਬਾਦਸ਼ਾਹ ਦਾਰਾ ਅਤੇ ਜਰਕਸੀਜ਼ ਦੇ ਵਿਚਕਾਰ ਹੋਏ ਯੁੱਧਾਂ ਦਾ ਵੇਰਵਾ ਯੂਨਾਨੀ ਇਤਿਹਾਸਕਾਰ ਹੇਰੋਡੋਟਸ ਨੇ ਆਪਣੀ ਕਿਤਾਬ ‘ਦ ਹਿਸਟਰੀਜ਼’ ਵਿੱਚ ਵਿਸਥਾਰ ਨਾਲ ਲਿਖਿਆ ਹੈ।
ਉਸ ਸਮੇਂ ਇਰਾਨੀ ਸੱਭਿਆਚਾਰ ਆਪਣੇ ਸ਼ਹਿਰੀ ਜੀਵਨ ਅਤੇ ਨਫ਼ਾਸਤ ਲਈ ਮਸ਼ਹੂਰ ਸੀ; ਪਰ ਹੇਰੋਡੋਟਸ ਨੇ ਇਰਾਨੀਆਂ ਨੂੰ ਜੰਗਲੀ ਕਿਹਾ। ਉਸ ਨੇ ਲਿਖਿਆ ਕਿ ਇਰਾਨੀ ਇੱਕ ਐਸੀ ਭਾਸ਼ਾ (ਫ਼ਾਰਸੀ) ਬੋਲਦੇ ਹਨ, ਜੋ ਯੂਨਾਨੀ ਨਾਲੋਂ ਘੱਟ ਦਰਜੇ ਦੀ ਹੈ। ਅੱਜ ਵੀ ਪੱਛਮ ਵੱਲੋਂ ਇਹ ਕਹਾਣੀ ਚਲਾਈ ਜਾਂਦੀ ਹੈ ਕਿ ਇਰਾਨ ਪਤਨ, ਅੰਧਵਿਸ਼ਵਾਸ ਅਤੇ ਤਾਨਾਸ਼ਾਹੀ ਦਾ ਪ੍ਰਤੀਕ ਹੈ, ਜਦਕਿ ਪੱਛਮ ਲੋਕਤੰਤਰ ਅਤੇ ਖੁੱਲ੍ਹੇ ਸਮਾਜ ਦੀ ਨੁਮਾਇੰਦਗੀ ਕਰਦਾ ਹੈ।
ਹੌਲੀਵੁੱਡ ਨੇ 2006 ਅਤੇ 2014 ਵਿੱਚ ਦੋ ਮਸ਼ਹੂਰ ਫ਼ਿਲਮਾਂ ਬਣਾਈਆਂ- ‘300’ ਅਤੇ ‘300: ਰਾਇਜ਼ ਆਫ਼ ਐਨ ਐਮਪਾਇਰ।’ ਇਨ੍ਹਾਂ ਵਿੱਚ ਫ਼ਾਰਸ ਦੀ ਵੱਡੀ ਫੌਜ ਦੇ ਖ਼ਿਲਾਫ਼ ਲੜਦੇ ਹੋਏ ਸ਼ਹੀਦ ਹੋਏ ਤਿੰਨ ਸੌ ਸਪਾਰਟਨ ਯੋਧਿਆਂ ਦੀ ਕਹਾਣੀ ਦਿਖਾਈ ਗਈ ਹੈ। ਇਨ੍ਹਾਂ ਫ਼ਿਲਮਾਂ ਵਿੱਚ ਗੂੜ੍ਹੇ ਅਤੇ ਕਾਲੇ ਰੰਗ ਵਾਲੇ ਏਸ਼ੀਆਈ ਇਰਾਨੀਆਂ ਨੂੰ ਹਨੇਰੇ, ਲਾਲਚ ਅਤੇ ਅਗਿਆਨਤਾ ਵਿੱਚ ਫਸਿਆ ਹੋਇਆ ਦਿਖਾਇਆ ਗਿਆ ਹੈ।
ਉਨ੍ਹਾਂ ਦੇ ਮੁਕਾਬਲੇ ਲੜਦੇ ਯੂਨਾਨੀਆਂ ਨੂੰ ਸੁਨਹਿਰੇ ਵਾਲਾਂ ਵਾਲੇ ਗੋਰੇ ਯੂਰਪੀ ਲੋਕਾਂ ਵਾਂਗ ਦਿਖਾਇਆ ਗਿਆ ਹੈ। ਫ਼ਿਲਮਾਂ ਵਿੱਚ ਇਹ ਯੂਨਾਨੀ ਅਨੁਸ਼ਾਸਨ, ਨਿਯਮ, ਪਿਆਰ ਅਤੇ ਤਿਆਗ ਦੇ ਪ੍ਰਤੀਕ ਵਜੋਂ ਦਰਸਾਏ ਗਏ ਹਨ। ਜਦਕਿ ਹਕੀਕਤ ਵਿੱਚ ਯੂਨਾਨੀ ਲੋਕ ਜ਼ਿਆਦਾ ਏਸ਼ੀਆਈ ਲੱਗਦੇ ਹਨ, ਯੂਰਪੀ ਘੱਟ। ਬਹੁਤ ਸਾਰੇ ਯੂਨਾਨੀ ਦਰਸ਼ਨ-ਸ਼ਾਸਤਰੀਆਂ ਨੇ ਆਪਣੀ ਸਿੱਖਿਆ ਮਿਸਰ ਵਿੱਚ ਪ੍ਰਾਪਤ ਕੀਤੀ ਸੀ। ਯੂਨਾਨ ਵਿੱਚ ਖ਼ਾਸ ਤੌਰ ’ਤੇ ਯੂਰਪੀ ਤੱਤ ਨਹੀਂ ਸਨ, ਪਰ ਫ਼ਿਲਮਾਂ ਵਿੱਚ ਯੂਨਾਨੀਆਂ ਦੀ ਨਸਲ ਹੀ ਬਦਲ ਦਿੱਤੀ ਗਈ ਹੈ।
ਇਸੇ ਤਰ੍ਹਾਂ 2014 ਵਿੱਚ ‘ਅਰਗੋ’ ਨਾਮ ਦੀ ਇੱਕ ਹੋਰ ਫ਼ਿਲਮ ਬਣੀ, ਜਿਸ ਦਾ ਨਾਇਕ ਸੀ.ਆਈ.ਏ. ਦਾ ਏਜੰਟ ਹੈ, ਜੋ 1979 ਤੋਂ 1981 ਦੇ ਦਰਮਿਆਨ ਤਹਿਰਾਨ ਵਿਚਲੇ ਅਮਰੀਕੀ ਦੂਤਾਵਾਸ ਵਿੱਚ ਫਸੇ ਬੰਦੀਆਂ ਨੂੰ ਬਚਾਅ ਕੇ ਬਾਹਰ ਲਿਆਉਂਦਾ ਹੈ। 2020 ਤੋਂ ਬਾਅਦ ਇਜ਼ਰਾਇਲ ਨੇ ਵੀ ਇਸ ਕਹਾਣੀ ਵਿੱਚ ਆਪਣੀ ਭੂਮਿਕਾ ਨਿਭਾਈ।
ਉਸ ਨੇ ਓ.ਟੀ.ਟੀ. ’ਤੇ ‘ਤਹਿਰਾਨ’ ਨਾਮ ਦੀ ਸਿਰੀਜ਼ ਬਣਾਈ, ਜਿਸ ਦੀਆਂ ਕਈ ਕਿਸ਼ਤਾਂ ਕਾਫ਼ੀ ਲੋਕਪ੍ਰਿਯ ਰਹੀਆਂ। ਇਸ ਵਿੱਚ ਮੋਸਾਦ ਦੇ ਏਜੰਟ ਇੱਕ ਕੰਪਿਊਟਰ ਹੈਕਰ ਦੀ ਮਦਦ ਨਾਲ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਦਿਖਾਏ ਗਏ ਹਨ।
ਅੱਜ ਦੀ ਭਾਰਤੀ ਆਧੁਨਿਕ ਸੋਚ ਆਪਣੇ ਆਪ ਨੂੰ ਅਮਰੀਕਾ ਅਤੇ ਯੂਰਪ ਨਾਲ ਜੋੜਦੀ ਹੈ। ਉਸ ਨੂੰ ਏਸ਼ੀਆ ਦੇ ਦੋ ਵੱਡੇ ਸੱਭਿਆਚਾਰਾਂ-ਭਾਰਤੀ ਅਤੇ ਫ਼ਾਰਸੀ ਦੀ ਸਾਂਝੀ ਵਿਰਾਸਤ ਦੀ ਯਾਦ ਘੱਟ ਰਹਿ ਗਈ ਹੈ। ਅੱਜ ਭਾਰਤ ਵਿੱਚ ਇਰਾਨ ਨੂੰ ਅਕਸਰ ਸਿਰਫ਼ ਇੱਕ ਮੁਸਲਿਮ ਦੇਸ਼ ਵਜੋਂ ਹੀ ਵੇਖਿਆ ਜਾਂਦਾ ਹੈ।
ਮੌਜੂਦਾ ਟਕਰਾਅ ਨੂੰ ਇੱਕ ਆਮ ਭਾਰਤੀ ਨਜ਼ਰੀਏ ਨਾਲ ਪੱਛਮ ਦੇ ਖੁੱਲ੍ਹੇ ਸੱਭਿਆਚਾਰ ਅਤੇ ਇਰਾਨ ਦੇ ਬੰਦ ਇਸਲਾਮੀ ਰਾਜ ਦੇ ਟਕਰਾਅ ਵਜੋਂ ਹੀ ਦੇਖਿਆ ਜਾਂਦਾ ਹੈ। ਪਰ ਅਸਲ ਵਿੱਚ ਅੱਜ ਦਾ ਇਰਾਨ ਸਿਰਫ਼ ਆਪਣੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਸਹਾਰੇ ਹੀ ਨਹੀਂ ਟਿਕਿਆ ਹੋਇਆ। ਉਸ ਦੇ ਪਿੱਛੇ ਇਸਲਾਮ ਤੋਂ ਪਹਿਲਾਂ ਦੀ ਫ਼ਾਰਸੀ ਸੱਭਿਆਚਾਰ ਅਤੇ ਸੰਸਕ੍ਰਿਤੀ ਦੀ ਇੱਕ ਅਦਿੱਖ ਤਾਕਤ ਵੀ ਹੈ।
ਇਰਾਨ ਦੀ ਇਹ ਸੱਭਿਆਚਾਰਕ ਤਾਕਤ ਉਸ ਨੂੰ ਇੱਕ ਅਜਿਹਾ ਆਧਾਰ ਦਿੰਦੀ ਹੈ, ਜੋ ਅਮਰੀਕਾ ਵਰਗੇ ਨਵੇਂ ਇਤਿਹਾਸ ਵਾਲੇ ਦੇਸ਼ ਦੇ ਵਿਰੁੱਧ ਇੱਕ ਵੱਖਰਾ ਸੰਤੁਲਨ ਪੈਦਾ ਕਰਦੀ ਹੈ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
