ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਫੋਨ:+91-9781646008
ਮਹਾਨ ਵਿਦਵਾਨ ਆਸਕਰ ਵਾਈਲਡ ਦੇ ਬਚਨ ਹਨ, “ਮੈਂ ਰੰਗਮੰਚ ਨੂੰ ਸਾਰੀਆਂ ਕਲਾਵਾਂ ਵਿੱਚੋਂ ਸਰਬੋਤਮ ਮੰਨਦਾ ਹਾਂ, ਕਿਉਂਕਿ ਇਸ ਕਲਾ ਰੂਪ ਰਾਹੀਂ ਮਨੁੱਖ ਹੋਣ ਦੀ ਭਾਵਨਾ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਤੱਕ ਸੰਚਾਰਿਤ ਕੀਤੀ ਜਾਂਦੀ ਹੈ।” ਇੱਕ ਹੋਰ ਸਾਹਿਤਕਾਰ ਲਾਰੈਂਸ ਓਲੀਵਰ ਨੇ ਕਿਹਾ ਸੀ, “ਮੇਰਾ ਵਿਸ਼ਵਾਸ਼ ਹੈ ਕਿ ਚਾਹੇ ਵੱਡਾ ਸ਼ਹਿਰ ਹੋਵੇ ਜਾਂ ਛੋਟਾ; ਜਾਂ ਫਿਰ ਕੋਈ ਪਿੰਡ ਹੀ ਕਿਉਂ ਨਾ ਹੋਵੇ, ਅੰਦਰੂਨੀ ਸੰਸਕ੍ਰਿਤੀ ਦੇ ਪ੍ਰਗਟਾਵੇ ਦੇ ਪ੍ਰਤੱਖ ਸੰਕੇਤ ਦਾ ਦੂਜਾ ਨਾਂ ਰੰਗਮੰਚ ਹੈ।”
ਨਾਟਕਕਾਰਾ ਸਟੈਲਾ ਐਡਲਰ ਅਨੁਸਾਰ ਸ਼ਬਦ ‘ਰੰਗਮੰਚ’ ਅਸਲ ਵਿੱਚ ਯੂਨਾਨ ਤੋਂ ਆਇਆ ਹੈ ਤੇ ਇਸਦਾ ਅਰਥ ਹੁੰਦਾ ਹੈ- ਕਿਸੇ ਥਾਂ ਨੂੰ ਵੇਖਣਾ। ਇਹ ਅਸਲ ਵਿੱਚ ਉਹ ਥਾਂ ਹੁੰਦੀ ਹੈ, ਜਿੱਥੇ ਲੋਕ ਜੀਵਨ ਦੇ ਅਸਲ ਸੱਚ ਨੂੰ ਸਬੰਧਿਤ ਸਮਾਜਿਕ ਹਾਲਾਤਾਂ ਦੀ ਰੌਸ਼ਨੀ ਵਿੱਚ ਵੇਖਣ ਲਈ ਇਕੱਤਰ ਹੁੰਦੇ ਹਨ। ਰੰਗਮੰਚ ਅਸਲ ਵਿੱਚ ਆਪਣੇ ਵਕਤ ਦਾ ਅਧਿਆਤਮਿਕ ਅਤੇ ਸਮਾਜਿਕ ਐਕਸਰੇ ਹੁੰਦਾ ਹੈ। ਸੋ, ਰੰਗਮੰਚ ਦੀ ਰਚਨਾ ਲੋਕਾਂ ਨੂੰ ਜੀਵਨ ਦੀ ਹਕੀਕਤ, ਸਮਾਜਿਕ ਹਾਲਾਤ ਅਤੇ ਵਿਵਸਥਾ ਬਾਰੇ ਭਾਵਪੂਰਤ ਜਾਣਕਾਰੀ ਪ੍ਰਦਾਨ ਕਰਨ ਲਈ ਕੀਤੀ ਗਈ ਸੀ; ਤੇ ਆਪਣੇ ਹੁਣ ਤੱਕ ਦੇ ਸਫ਼ਰ ਵਿੱਚ ਰੰਗਮੰਚ ਆਪਣੇ ਉਦੇਸ਼ਾਂ ਅਤੇ ਟੀਚਿਆਂ ਦੀ ਪ੍ਰਾਪਤੀ ਵਿੱਚ ਸਫ਼ਲ ਰਿਹਾ ਹੈ।
ਸੰਸਾਰ ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਦੇ ਅਮਰ ਬੋਲ ਹਨ, “ਇਹ ਸਾਰੀ ਦੁਨੀਆਂ ਹੀ ਇੱਕ ਰੰਗਮੰਚ ਹੈ।” ਉਸਦੇ ਆਖੇ ਇਹ ਬੋਲ ਹਕੀਕੀ ਤੌਰ ’ਤੇ ਬਿਲਕੁਲ ਸੱਚ ਹਨ, ਕਿਉਂਕਿ ਦੁਨੀਆਂ ਰੂਪੀ ਇਸ ਮੰਚ ’ਤੇ ਆਉਣ ਵਾਲਾ ਹਰੇਕ ਸ਼ਖ਼ਸ ਆਪੋ-ਆਪਣਾ ਕਿਰਦਾਰ ਅਦਾ ਕਰਕੇ ਮੰਚ ਤੋਂ ਚਲਾ ਜਾਂਦਾ ਹੈ ਤੇ ਆਪਣੀ ਚੰਗੀ ਜਾਂ ਮੰਦੀ ਛਾਪ ਦਰਸ਼ਕਾਂ ਭਾਵ ਸੰਸਾਰਵਾਸੀਆਂ ਦੇ ਮਨਾਂ ’ਤੇ ਛੱਡ ਜਾਂਦਾ ਹੈ। ਦੁਨੀਆਂ ਰੂਪੀ ਇਸ ਵੱਡੇ ਕੈਨਵਸ ਤੋਂ ਹਟ ਕੇ ਜੇਕਰ ਰੰਗਮੰਚ ਦੇ ਛੋਟੇ ਕੈਨਵਸ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਰੰਗਮੰਚ ਜੀਵਨ ਦੇ ਹਰੇਕ ਰੰਗ ਨੂੰ ਸਫ਼ਲਤਾਪੂਰਵਕ ਪੇਸ਼ ਕਰਨ ਦੇ ਸਮਰੱਥ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦੁਨੀਆਂ ਭਰ ਵਿੱਚ ਹਰ ਸਾਲ 27 ਮਾਰਚ ਦੇ ਦਿਨ ‘ਵਿਸ਼ਵ ਰੰਗਮੰਚ ਦਿਵਸ’ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਇਸ ਦਿਨ ਮਨਾਉਣ ਦਾ ਸੁਝਾਅ ਸਭ ਤੋਂ ਪਹਿਲੀ ਵਾਰ ‘ਵਰਲਡ ਥੀਏਟਰ ਅਕੈਡਮੀ’ ਦੇ ਨਿਰਦੇਸ਼ਕ ਅਰਵੀ ਕਿਵੀਮਾ ਨੇ ਜੂਨ 1961 ਵਿੱਚ ਹੈਲਿੰਸਕੀ ਵਿਖੇ ਹੋਈ ‘ਨੌਵੀਂ ਵਿਸ਼ਵ ਕਾਂਗਰਸ’ ਦੌਰਾਨ ਦਿੱਤਾ ਸੀ ਅਤੇ ਫਿਰ ਸੰਨ 1962 ਵਿੱਚ ਇੱਕ ਵਾਰ ਫਿਰ ਇਸ ਸੁਝਾਅ ਨੂੰ ਦੁਹਰਾਇਆ ਵੀ ਸੀ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਮਨੁੱਖੀ ਜੀਵਨ ਅਤੇ ਵਿਸ਼ਵ ਕਲਾ ਜਗਤ ਵਿੱਚ ਰੰਗਮੰਚ ਦੇ ਮਹੱਤਵ ਨੂੰ ਉਘਾੜਨਾ, ਉਭਾਰਨਾ ਅਤੇ ਪ੍ਰਚਾਰਨਾ ਹੈ।
ਪ੍ਰਾਚੀਨ ਕਾਲ ਵਿੱਚ ਯੂਨਾਨ ਵਿਖੇ ਨਾਟਕਾਂ ਦੀ ਮੰਚ ਉੱਤੇ ਪੇਸ਼ਕਾਰੀ ਬੜੀ ਹੀ ਸ਼ਿੱਦਤ ਨਾਲ ਕੀਤੀ ਜਾਂਦੀ ਸੀ। ਉਸ ਵਕਤ ਅਦਾਕਾਰ ਤੇ ਸੰਗੀਤਕਾਰ ਅਸਲ ਜੀਵਨ ’ਚੋਂ ਕਿਸੇ ਘਟਨਾ ਦੇ ਬਿਰਤਾਂਤ ਨੂੰ ਬੜੇ ਮਨਮੋਹਕ ਢੰਗ ਨਾਲ ਦਰਸ਼ਕਾਂ ਦੇ ਰੂਬਰੂ ਪੇਸ਼ ਕਰਦੇ ਸਨ। ਭਾਰਤ ਵਿੱਚ ਪ੍ਰਾਚੀਨ ਰੰਗਮੰਚ ਦਾ ਜਨਮਦਾਤਾ ਮਹਾਂਕਵੀ ਭਾਸ਼ ਨੂੰ ਮੰਨਿਆ ਜਾਂਦਾ ਹੈ, ਜਿਸਦਾ ਜੀਵਨਕਾਲ 324-184 ਈਸਾਪੂਰਵ ਦੇ ਨੇੜੇ-ਤੇੜੇ ਮੰਨਿਆ ਜਾਂਦਾ ਹੈ। ਮਹਾਨ ਨਾਟਕਕਾਰ ਕਾਲੀਦਾਸ ਨੇ ਆਪਣੇ ਨਾਟਕ ‘ਮਾਲਵਿਕਾ ਅਗਨੀ ਮਿਤਰਮ’ ਦੀ ਭੂਮਿਕਾ ਵਿੱਚ ਭਾਸ਼ ਦੀ ਨਾਟਕ ਕਲਾ ਦੀ ਭਰਵੀਂ ਤਾਰੀਫ਼ ਕੀਤੀ ਸੀ। ਭਾਸ਼ ਦੇ ਚਰਚਿਤ ਨਾਟਕਾਂ ਵਿੱਚ- ‘ਸਵਪਨ ਵਾਸਵਦੱਤਮ’, ‘ਉਰੂਭੰਗਮ’, ‘ਦੂਰ ਵਾਕਿਅਮ’, ‘ਪੰਚਤੰਤਰਮ’, ‘ਬਾਲ ਚਰਿਤਮ’, ‘ਦੂਤ ਘਟੋਤਕਚਮ’ ਅਤੇ ‘ਪ੍ਰਤਿਮਾ ਨਾਟਕਮ’ ਆਦਿ ਦੇ ਨਾਂ ਵਿਸ਼ੇਸ਼ ਤੌਰ ’ਤੇ ਵਰਣਨਯੋਗ ਹਨ। ਉਂਜ ਆਧੁਨਿਕ ਭਾਰਤੀ ਰੰਗਮੰਚ ਦਾ ਜਨਮਦਾਤਾ ਇਬਰਾਹੀਮ ਅਲਕਾਜ਼ੀ ਨੂੰ ਮੰਨਿਆ ਜਾਂਦਾ ਹੈ, ਜਿਸਦਾ 4 ਅਗਸਤ 2020 ਨੂੰ ਦੇਹਾਂਤ ਹੋ ਗਿਆ ਸੀ।
ਜੇਕਰ ਪੰਜਾਬੀ ਰੰਗਮੰਚ ਦੇ ਪਿਤਾਮਾ ਦੀ ਗੱਲ ਕੀਤੀ ਜਾਵੇ ਤਾਂ ਨਾਟਕਾਕਾਰ ਈਸ਼ਵਰ ਚੰਦਰ ਨੰਦਾ (ਆਈ.ਸੀ. ਨੰਦਾ) ਦਾ ਨਾਂ ਸਾਹਮਣੇ ਆਉਂਦਾ ਹੈ, ਜਿਸਦੇ ਰਚੇ ਨਾਟਕ ‘ਦੁਲਹਨ’ ਦਾ ਸੰਨ 1914 ਵਿੱਚ ਪਹਿਲੀ ਵਾਰ ਮੰਚਨ ਹੋਇਆ ਸੀ ਤੇ ਇਸ ਨਾਟਕ ਦੇ ਮੰਚਨ ਦਾ ਸਿਹਰਾ ਪੰਜਾਬੀ ਰੰਗਮੰਚ ਦੀ ‘ਨੱਕੜਦਾਦੀ’ ਕਹੀ ਜਾਂਦੀ ਨਾਟਕਕਾਰਾ ਨੌਰ੍ਹਾ ਰਿਚਰਡਜ਼ ਨੂੰ ਜਾਂਦਾ ਹੈ। ਸੰਨ 1876 ਵਿੱਚ ਆਇਰਲੈਂਡ ਵਿਖੇ ਜਨਮੀ ਨੌਰ੍ਹਾ ਸੰਨ 1911 ਵਿੱਚ ਪੰਜਾਬ ਆਈ ਸੀ ਤੇ ਸੰਨ 1914 ਵਿੱਚ ਉਸਦੀ ਨਿਰਦੇਸ਼ਨਾ ਹੇਠ ਆਈ.ਸੀ. ਨੰਦਾ ਦੇ ਉਕਤ ਨਾਟਕ ਦਾ ਮੰਚਨ ਕੀਤਾ ਗਿਆ ਸੀ। ਇਸੇ ਤਰ੍ਹਾਂ ਜੇਕਰ ਪੰਜਾਬੀ ਦੇ ਸ੍ਰੇਸ਼ਠ ਨਾਟਕਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਭਾਈ ਵੀਰ ਸਿੰਘ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਅਜਮੇਰ ਸਿੰਘ ਔਲਖ, ਡਾ. ਸਵਰਾਜਬੀਰ, ਡਾ. ਆਤਮਜੀਤ, ਸੁਰਜੀਤ ਸਿੰਘ ਸੇਠੀ, ਭਾਅ ਜੀ ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਸ਼ੀਲਾ ਭਾਟੀਆ, ਕੇਵਲ ਧਾਲੀਵਾਲ ਅਤੇ ਨਜਮ ਹੁਸੈਨ ਸੱਯਦ ਜਿਹੇ ਕੁਝ ਹੋਰ ਵਿਦਵਾਨ ਨਾਟਕਕਾਰਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨਾ ਬਣਦਾ ਹੈ।
ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਣ ਵਾਲੇ ਨਾਟਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਦੱਸਣਾ ਬਣਦਾ ਹੈ ਕਿ 15 ਸਤੰਬਰ 1959 ਨੂੰ ਬਹੁਤ ਹੀ ਛੋਟੇ ਪੱਧਰ ’ਤੇ ਸ਼ੁਰੂ ਹੋਏ ਟੀ.ਵੀ. ਪ੍ਰਸਾਰਨ ਨੂੰ ਸੰਨ 1965 ਵਿੱਚ ਆਕਾਸ਼ਵਾਣੀ ਦਾ ਹਿੱਸਾ ਬਣਾ ਕੇ ਰੋਜ਼ਾਨਾ ਪ੍ਰਸਾਰਨ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਸ ਤੋਂ ਬਾਅਦ ‘ਦੂਰਦਰਸ਼ਨ’ ਦਾ ਜਨਮ ਹੋਇਆ ਸੀ। ਦੂਰਦਰਸ਼ਨ ਤੋਂ ਪ੍ਰਸਾਰਿਤ ਹੋਣ ਵਾਲਾ ਪਹਿਲਾ ਲੜੀਵਾਰ ਨਾਟਕ ‘ਹਮ ਲੋਗ’ ਸੀ, ਜੋ ਕਿ ਆਪਣੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ, ਪਟਕਥਾ, ਸੰਵਾਦ ਅਤੇ ਅਦਾਕਾਰੀ ਕਾਰਨ ਬੇਹੱਦ ਮਕਬੂਲ ਹੋਇਆ ਸੀ। ਇਸ ਲੜੀਵਾਰ ਦੀਆਂ 154 ਕਿਸ਼ਤਾਂ ਪ੍ਰਸਾਰਿਤ ਹੋਈਆਂ ਸਨ।
ਸੰਨ 1987 ਵਿੱਚ ਪ੍ਰਸਾਰਿਤ ਹੋਣ ਵਾਲੇ ਟੀ.ਵੀ. ਲੜੀਵਾਰ ‘ਰਾਮਾਇਣ’ ਅਤੇ ਸੰਨ 1988 ਵਿੱਚ ਆਏ ਲੜੀਵਾਰ ‘ਮਹਾਂਭਾਰਤ’ ਨੇ ਦੇਸ਼ ਭਰ ਵਿੱਚ ਭਗਤੀ ਅਤੇ ਭਾਈਚਾਰੇ ਦੀ ਲਹਿਰ ਚਲਾ ਦਿੱਤੀ ਸੀ ਤੇ ਇਨ੍ਹਾਂ ਲੜੀਵਾਰਾਂ ਨੂੰ ਵੇਖਣ ਲਈ ਲੋਕ ਆਪਣੇ ਕਾਰੋਬਾਰ ਬੰਦ ਕਰਕੇ ਸਮੇਂ ਸਿਰ ਘਰ ਪੁੱਜ ਜਾਂਦੇ ਸਨ ਤੇ ਰਾਮਾਨੰਦ ਸਾਗਰ ਅਤੇ ਬੀ.ਆਰ. ਚੋਪੜਾ ਜਿਹੇ ਮਹਾਨ ਫ਼ਿਲਮਕਾਰਾਂ ਵੱਲੋਂ ਬਣਾਏ ਗਏ ਇਨ੍ਹਾਂ ਮਹਾਨ ਟੀ.ਵੀ. ਲੜੀਵਾਰਾਂ ਦਾ ਅਨੰਦ ਲੈਂਦੇ ਸਨ। ਅੱਜ ਭਾਰਤ ਵਿੱਚ 905 ਦੇ ਕਰੀਬ ਟੀ.ਵੀ. ਚੈਨਲ ਚੱਲਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਚੈਨਲ ਅੱਜ ਵੀ ਕਿਸੇ ਨਾ ਕਿਸੇ ਲੜੀਵਾਰ ਨਾਟਕ ਦੇ ਕਰਕੇ ਵਿਸ਼ੇਸ਼ ਤੌਰ ’ਤੇ ਵੇਖੇ ਅਤੇ ਜਾਣੇ ਜਾਂਦੇ ਹਨ।
_____________________________
ਹੇਰੋਡਸ ਐਟੀਕਸ ਦਾ ਥੀਏਟਰ
ਹੇਰੋਡਸ ਐਟੀਕਸ ਦਾ ਥੀਏਟਰ, ਜਿਸਨੂੰ ਓਡੀਓਨ ਵੀ ਕਿਹਾ ਜਾਂਦਾ ਹੈ, ਇੱਕ ਗ੍ਰੀਕੋ-ਰੋਮਨ ਥੀਏਟਰ ਹੈ, ਜੋ 161 ਈਸਵੀ ਵਿੱਚ ਬਣਾਇਆ ਗਿਆ ਸੀ। ਇਸਦਾ ਨਾਮ ਇੱਕ ਅਮੀਰ ਯੂਨਾਨੀ-ਜਨਮੇ ਰੋਮਨ ਸੈਨੇਟਰ ਹੇਰੋਡਸ ਐਟੀਕਸ ਦੇ ਨਾਮ `ਤੇ ਰੱਖਿਆ ਗਿਆ, ਜਿਸਨੇ ਇਸਨੂੰ ਆਪਣੀ ਪਤਨੀ ਰੇਜੀਲੀਆ ਦੀ ਯਾਦ ਵਿੱਚ ਬਣਾਇਆ ਸੀ।
5,000 ਲੋਕਾਂ ਦੇ ਬੈਠਣ ਦੇ ਯੋਗ ਹੇਰੋਡਸ ਐਟੀਕਸ ਦਾ ਥੀਏਟਰ ਜ਼ਿਆਦਾਤਰ ਸੰਗੀਤ ਸ਼ੋਅ ਅਤੇ ਤਿਉਹਾਰਾਂ ਲਈ ਵਰਤਿਆ ਜਾਂਦਾ ਸੀ। ਇਹ ਥੀਏਟਰ ਯੂਨਾਨ ਵਿੱਚ ਐਥਨਜ਼ ਦੇ ਐਕਰੋਪੋਲਿਸ ਦੇ ਦੱਖਣ-ਪੱਛਮੀ ਢਲਾਨ `ਤੇ ਸਥਿਤ ਹੈ। ਇਹ ਐਥਨਜ਼ ਵਿੱਚ ਬਣਾਇਆ ਗਿਆ ਤੀਜਾ ਓਡੀਓਨ ਸੀ ਅਤੇ ਨੇੜਲੇ ਥੀਏਟਰ ਆਫ਼ ਡਾਇਓਨਿਸਸ ਦੇ ਉਲਟ, ਇਸਦੇ ਰੋਮਨ-ਸ਼ੈਲੀ ਦੇ ਆਰਚ ਅਤੇ ਤਿੰਨ-ਮੰਜ਼ਿਲਾ ਸਟੇਜ ਇਮਾਰਤ ਦੇ ਨਾਲ, ਇੱਕ ਖੜ੍ਹੀ-ਢਲਾਣ ਵਾਲਾ ਥੀਏਟਰ ਵਿੱਚ ਤਿੰਨ-ਮੰਜ਼ਿਲਾ ਪੱਥਰ ਦੀ ਸਾਹਮਣੇ ਵਾਲੀ ਕੰਧ ਅਤੇ ਮਹਿੰਗੇ ਦਿਆਰ ਤੇ ਲੇਬਨਾਨ ਦੀ ਲੱਕੜ ਦੀ ਬਣੀ ਲੱਕੜ ਦੀ ਛੱਤ ਹੁੰਦੀ। ਇਸਨੂੰ ਸੰਗਮਰਮਰ ਦੀਆਂ ਮੂਰਤੀਆਂ ਅਤੇ ਸਿਰੇਮਿਕ ਟੁਕੜਿਆਂ ਨਾਲ ਸਜਾਇਆ ਜਾਂਦਾ।
ਦਰਅਸਲ, ਜਦੋਂ ਦੂਜੀ ਸਦੀ ਈਸਵੀ ਦੇ ਯੂਨਾਨੀ ਯਾਤਰੀ ਅਤੇ ਭੂਗੋਲ ਵਿਗਿਆਨੀ ਪੌਸਾਨੀਅਸ ਨੇ ਹੇਰੋਡਸ ਐਟੀਕਸ ਦੇ ਥੀਏਟਰ ਦਾ ਦੌਰਾ ਕੀਤਾ, ਤਾਂ ਉਸਨੇ ਇਸਨੂੰ ‘ਆਪਣੀ ਕਿਸਮ ਦੀ ਸਭ ਤੋਂ ਵਧੀਆ ਇਮਾਰਤ’ ਦੱਸਿਆ।
ਇਹ ਥੀਏਟਰ 267 ਈਸਵੀ ਵਿੱਚ ਹੇਰੂਲੀ- ਸ਼ੁਰੂਆਤੀ ਜਰਮਨਿਕ ਲੋਕਾਂ ਦੇ ਹਮਲੇ ਦੁਆਰਾ ਤਬਾਹ ਹੋਣ ਤੱਕ ਬਰਕਰਾਰ ਰਿਹਾ, ਜਿਸਨੇ ਇਸਨੂੰ ਖੰਡਰ ਵਿੱਚ ਬਦਲ ਦਿੱਤਾ। ਇਹ ਹੌਲੀ ਹੌਲੀ ਹੋਰ ਵੀ ਬਰਬਾਦ ਹੋ ਗਿਆ, ਖਾਸ ਕਰਕੇ ਓਟੋਮੈਨ ਕਬਜ਼ੇ ਦੌਰਾਨ। ਫਿਰ ਕੁਝ ਬਹਾਲੀ 1898, 1900 ਅਤੇ 1922 ਦੇ ਸਾਲਾਂ ਵਿੱਚ ਹੋਈ। ਇਸਦੀ ਵਰਤੋਂ ਅਸਲ ਵਿੱਚ ਉਦੋਂ ਹੀ ਸ਼ੁਰੂ ਹੋਈ, ਜਦੋਂ ਇਸਨੂੰ ਅਸਲ ਵਿੱਚ 1941-1944 ਦੇ ਜਰਮਨ ਕਬਜ਼ੇ ਦੌਰਾਨ ਬਣਾਇਆ ਗਿਆ ਸੀ, ਜਿੱਥੇ ਇਸਨੂੰ ਐਥਨਜ਼ ਸਟੇਟ ਆਰਕੈਸਟਰਾ ਅਤੇ ਯੂਨਾਨੀ ਨੈਸ਼ਨਲ ਓਪੇਰਾ ਦੁਆਰਾ ਪ੍ਰਦਰਸ਼ਨਾਂ ਦੀ ਮੇਜ਼ਬਾਨੀ ਕਰਨ ਲਈ ਵਰਤਿਆ ਜਾਂਦਾ ਸੀ। ਇਸਨੇ ਸ਼ਹਿਰ ਨੂੰ 1950 ਵਿੱਚ ਬਹਾਲੀ ਦਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। 1955 ਵਿੱਚ ਸ਼ਾਨਦਾਰ ਉਦਘਾਟਨ ਦੇ ਨਾਲ ਇਸਨੂੰ ਐਥਨਜ਼ ਅਤੇ ਐਪੀਡੌਰਸ ਫੈਸਟੀਵਲ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਚਿੰਨਿ੍ਹਤ ਕੀਤਾ ਗਿਆ।
ਹੁਣ, ਗੋਲਾਕਾਰ ਆਰਕੈਸਟਰਾ ਇੱਕ ਅਰਧ-ਚੱਕਰ ਬਣ ਗਿਆ ਹੈ, ਜੋ ਕਾਲੇ ਅਤੇ ਚਿੱਟੇ ਸੰਗਮਰਮਰ ਨਾਲ ਸਜਾਇਆ ਗਿਆ ਹੈ। ਅੱਜ ਤੁਸੀਂ ਸੁੰਦਰ ਰਾਤ ਦੇ ਅਸਮਾਨ ਹੇਠ ਐਥਨਜ਼ ਆਰਟ ਫੈਸਟੀਵਲ, ਸੰਗੀਤਕ ਸੰਗੀਤ ਸਮਾਰੋਹ ਅਤੇ ਕਲਾਸੀਕਲ ਦੁਖਾਂਤਾਂ ਵਿੱਚ ਸ਼ਾਮਲ ਹੋ ਸਕਦੇ ਹੋ। ਸਾਰੇ ਸਮਾਗਮ ਮਈ ਤੋਂ ਅਕਤੂਬਰ ਦੇ ਸ਼ੁਰੂ ਤੱਕ ਆਯੋਜਿਤ ਕੀਤੇ ਜਾਂਦੇ ਹਨ। ਫ੍ਰੈਂਕ ਸਿਨਾਟਰਾ, ਪਾਵਰੋਟੀ, ਸਟਿੰਗ, ਐਲਟਨ ਜੌਨ ਅਤੇ ਬੋਸੇਲੀ ਕੁਝ ਸਿਤਾਰੇ ਹਨ ਜਿਨ੍ਹਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਹੈ।
_____________________________
ਪੰਜਾਬੀ ਨਾਟ ਦੀ ਨੱਕੜਦਾਦੀ ਨੌਰ੍ਹਾ
ਡਾ. ਗੋਪਾਲ ਸਿੰਘ ਬੁੱਟਰ
ਆਪਣੇ ਵਿਲੱਖਣ ਯੋਗਦਾਨ ਸਦਕਾ ਨਾਟ ਮੰਚ ਦੇ ਪ੍ਰੇਮੀਆਂ ਵਿੱਚ ਪੰਜਾਬੀ ਨਾਟ ਦੀ ਨੱਕੜਦਾਦੀ ਵਜੋਂ ਜਾਣੀ ਜਾਂਦੀ ਨੌਰ੍ਹਾ ਰਿਚਰਡਜ਼ ਦਾ ਜਨਮ ਆਇਰਲੈਂਡ ਦੇ ਫਾਰਸੈਟ ਪ੍ਰਾਂਤ ਵਿੱਚ ਗੋਰਵੁਡ ਵਿਖੇ 29 ਅਕਤੂਬਰ 1876 ਨੂੰ ਹੋਇਆ ਸੀ। ਉਸ ਦਾ ਬਚਪਨ ਦਾ ਨਾਮ ‘ਨੀ ਨੌਰ੍ਹਾ ਡਾਇਲ’ ਸੀ। ਉਸ ਨੇ ਨਾਟਕ ਅਤੇ ਗਾਇਨ ਦੀਆਂ ਪੇਸ਼ਕਾਰੀਆਂ ਦੇ ਸ਼ੌਕ ਨਾਲ ਸਟੇਜ ’ਤੇ ਆਉਣਾ ਸ਼ੁਰੂ ਕੀਤਾ ਸੀ। ਉਹ ਜਲਦੀ ਹੀ ਪ੍ਰਸਿੱਧ ਹੋ ਗਈ। ਪ੍ਰੋਫੈਸਰ ਰਿਚਰਡਜ਼ ਨਾਲ ਪ੍ਰੇਮ ਵਿਆਹ ਤੋਂ ਬਾਅਦ ਉਹ 1908 ’ਚ ਮਿਸ ਨੌਰ੍ਹਾ ਡਾਇਲ ਤੋਂ ਮਿਸਿਜ਼ ਨੌਰ੍ਹਾ ਰਿਚਰਡਜ਼ ਬਣ ਗਈ। ਜਦ 1911 ਵਿੱਚ ਪ੍ਰੋਫੈਸਰ ਪੀ.ਈ. ਰਿਚਰਡਜ਼ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਨਿਯੁਕਤ ਹੋ ਗਏ ਤਾਂ ਉਹ ਆਪਣੇ ਪਤੀ ਦੇ ਕਾਲਜ ਦੀਆਂ ਸਰਗਰਮੀਆਂ ਨਾਲ ਜੁੜ ਗਈ। ਉਸ ਨੇ ਆਪਣੇ ਪਤੀ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਨਾਟਕ ਖੇਡਣ ਦੀ ਥਾਂ ਪੰਜਾਬੀ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਅਤੇ ਇੱਕ ਨਾਟਕੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ। ਇਸ ਮੁਕਾਬਲੇ ਦੇ ਪਹਿਲੇ ਸਾਲ 1913 ’ਚ ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ‘ਦੁਲਹਨ’ ਨੂੰ ਪਹਿਲਾ ਇਨਾਮ ਪ੍ਰਾਪਤ ਹੋਇਆ। ਉਸ ਦੁਆਰਾ ਸ਼ੁਰੂ ਕੀਤੀ ਪੰਜਾਬੀ ਨਾਟਕ ਮੰਚ ਦੀ ਇਸ ਲਹਿਰ ਵਿੱਚ ਉਸ ਦੇ ਨਾਲ ਈਸ਼ਵਰ ਚੰਦਰ ਨੰਦਾ, ਜੈ ਦਿਆਲ, ਰਾਜਿੰਦਰ ਸਾਹਨੀ, ਹਰਚਰਨ ਸਿੰਘ ਅਤੇ ਬਲਵੰਤ ਗਾਰਗੀ ਵਰਗੇ ਹੋਰ ਨਾਟ ਪ੍ਰੇਮੀ ਅਤੇ ਲੇਖਕ ਜੁੜਦੇ ਗਏ। ਇੱਥੇ ਹੀ ਉਸ ਨੇ ਨਾਟਕ ਖੇਡਣ, ਲਿਖਣ ਅਤੇ ਨਿਰਦੇਸ਼ਨ ਦੀ ਕਲਾ ਸਿਖਾਉਣ ਲਈ ਸਰਸਵਤੀ ਸਟੇਜ ਸੁਸਾਇਟੀ ਨਾਂ ਦਾ ਇੱਕ ਸਕੂਲ ਸਥਾਪਿਤ ਕੀਤਾ, ਜਿਸ ਦੇ ਪ੍ਰਧਾਨ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਾਈਸ ਚਾਂਸਲਰ ਮਿਸਟਰ ਏ.ਸੀ. ਵੂਲਨਰ ਬਣੇ। ਇਸ ਸਕੂਲ ਦਾ ਸਮੁੱਚਾ ਪ੍ਰਬੰਧ ਪੰਜਾਬ ਯੂਨੀਵਰਸਿਟੀ ਨੂੰ ਸੌਂਪਦਿਆਂ ਉਸ ਨੇ ਸਿੱਖਿਆ ਵਿਭਾਗ ਤੋਂ ਇਹ ਮੰਗ ਵੀ ਕੀਤੀ ਕਿ ਹੁਣ ਉਹ ਸਮਾਂ ਆ ਚੁੱਕਾ ਹੈ ਕਿ ਡਰਾਮੇ ਨੂੰ ਯੂਨੀਵਰਸਿਟੀ ਦੇ ਕੋਰਸ ’ਚ ਲਿਆਂਦਾ ਜਾਵੇ ਅਤੇ ਡਰਾਮੇ ਦੀ ਡਿਗਰੀ ਦਿੱਤੀ ਜਾਵੇ। ਡਰਾਮੇ ਦੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਮੰਚ ਦੀ ਸਿਖਲਾਈ ਲਈ ਹਰ ਯੂਨੀਵਰਸਿਟੀ ਦਾ ਆਪਣਾ ਥੀਏਟਰ ਹੋਵੇ, ਜਿਸ ਵਿੱਚ ਬੜੇ ਵੱਡੇ ਪੱਧਰ ’ਤੇ ਡਰਾਮੇ ਖੇਡੇ ਜਾਣ। ਇਸ ਤੋਂ ਬਿਨਾਂ ਭਾਰਤ ਦਾ ਨੈਸ਼ਨਲ ਥੀਏਟਰ ਵਜੂਦ ਵਿੱਚ ਨਹੀਂ ਆ ਸਕੇਗਾ ਅਤੇ ਭਾਰਤ ਦੇ ਪ੍ਰਾਚੀਨ ਕਲਚਰ ਦਾ ਕੌਮਾਂਤਰੀ ਵਿਸਥਾਰ ਨਹੀਂ ਹੋ ਸਕੇਗਾ।
ਨੌਰ੍ਹਾ ਰਿਚਰਡਜ਼ ’ਤੇ ਪੱਛਮੀ ਅਤੇ ਪੂਰਬੀ ਨਾਟ ਪਰੰਪਰਾਵਾਂ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਸੀ। ਉਹ ਆਪਣੇ ਪਤੀ ਪ੍ਰੋ. ਰਿਚਰਡਜ਼ ਦੀ 1920 ਵਿੱਚ ਹੋਈ ਮੌਤ ਤੋਂ ਬਾਅਦ ਆਪਣੇ ਵਤਨ ਪਰਤ ਗਈ ਸੀ, ਪਰ ਪੰਜਾਬ ਦੀ ਮਿੱਟੀ ਦਾ ਮੋਹ ਉਸ ਨੂੰ ਫਿਰ ਭਾਰਤ ਲੈ ਆਇਆ। ਉਹ ਅੰਦਰੇਟੇ ਆ ਗਈ। ਇੱਥੇ ਉਸ ਨੇ ਇੱਕ ਥੀਏਟਰ ਦੀ ਸਥਾਪਨਾ ਕੀਤੀ, ਜਿਸ ’ਚ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਨਾਟਕ ਦੀਆਂ ਸਮੱਸਿਆਵਾਂ ਅਤੇ ਉਸ ਦੀ ਤਕਨੀਕ ਸਬੰਧੀ ਜਾਣਕਾਰੀ ਦਿੱਤੀ। ਇਸ ਥੀਏਟਰ ਨੂੰ ‘ਵਿਲਜ਼ ਥੀਏਟਰ’ ਦਾ ਨਾਂ ਦਿੱਤਾ ਗਿਆ। ਉਸ ਨੇ ਆਪਣੇ ਨਾਟਕ ਨੂੰ ਲੋਕ ਨਾਟਕ ਨਾਲੋਂ ਵਖਰਿਆਉਂਦਿਆਂ ਉਸ ਨੂੰ ਪਿੰਡ ਦੇ ਨਾਟਕ ਦਾ ਨਾਮ ਦਿੱਤਾ। ਆਪਣੇ ਥੀਏਟਰ ’ਤੇ ਮੰਚਿਤ ਕੀਤੇ ਨਾਟਕਾਂ ਬਾਰੇ ਨੌਰ੍ਹਾ ਰਿਚਰਡਜ਼ ਨੇ ਪਿੰਡ ਦੀਆਂ ਸਮੱਸਿਆਵਾਂ, ਰਸਮਾਂ, ਰੀਤਾਂ ਨੂੰ ਲੋਕ ਨਾਟਕੀ ਮੰਚਨ ਵਿਧੀਆਂ ਦੁਆਰਾ ਰੰਗਮੰਚ ਉੱਤੇ ਪੇਸ਼ ਕਰਵਾਇਆ। ਉਸ ਦਾ ਅੰਦਰੇਟੇ ਵਾਲਾ ਰੰਗਮੰਚ ਖੁੱਲ੍ਹਾ ਰੰਗਮੰਚ ਸੀ, ਜੋ ਬਿਲਕੁਲ ਲੋਕ ਨਾਟ ਦੇ ਥੜ੍ਹੇ ਵਾਂਗ ਸੀ ਅਤੇ ਦਰਸ਼ਕ ਸਾਹਮਣੇ ਅਤੇ ਆਲੇ-ਦੁਆਲੇ ਬੈਠਦੇ ਸਨ। ਉਹ ਆਪਣੇ ਵਿਦਿਆਰਥੀਆਂ ਜਿਨ੍ਹਾਂ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਹਬੀਬ ਤਨਵੀਰ, ਸਨੇਹ ਲਤਾ ਸਾਨਿਆਲ, ਆਈ.ਸੀ. ਨੰਦਾ, ਪ੍ਰੋਫੈਸਰ ਜੈ ਦਿਆਲ, ਬਲਵੰਤ ਗਾਰਗੀ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਅਭਿਨੇਤਾ, ਨਿਰਦੇਸ਼ਕ ਤੇ ਨਾਟਕਕਾਰ ਸ਼ਾਮਲ ਸਨ, ਨੂੰ ਇਸ ਵਿਲੱਖਣ ਕਿਸਮ ਦੇ ਪਿੰਡ ਦੇ ਥੀਏਟਰ ਦੀ ਸਮਰੱਥਾ ਤੇ ਖ਼ੂਬਸੂਰਤੀ ਦੇ ਗੁਣ ਸਮਝਾਉਂਦੀ ਅਤੇ ਇਸ ਦੀਆਂ ਸਾਰੀਆਂ ਖੂਬੀਆਂ ’ਤੇ ਵਿਸ਼ੇਸ਼ ਚਾਨਣਾ ਪਾਉਂਦੀ। ਨੌਰ੍ਹਾ ਰਿਚਰਡਜ਼ ਆਪਣੇ ਇਸ ਥੀਏਟਰ ’ਤੇ ਹਰ ਸਾਲ ਨਾਟਕ ਸਬੰਧੀ ਸਮਾਗਮ ਕਰਵਾਉਂਦੀ ਅਤੇ ਉਸ ਦੇ ਸ਼ਾਗਿਰਦ ਤੇ ਨਾਟਕਕਾਰ ਦੂਰੋਂ-ਦੂਰੋਂ ਇਸ ’ਚ ਸਰਗਰਮ ਸ਼ਮੂਲੀਅਤ ਕਰਨ ਲਈ ਆਉਂਦੇ। ਪੰਜਾਬੀ ਨਾਟ ਮੰਚ ਨੂੰ ਆਧੁਨਿਕ ਅਤੇ ਯਥਾਰਥਵਾਦੀ ਛੋਹ ਦੇਣ ਵਾਲੀ ਪੰਜਾਬੀ ਨਾਟ ਮੰਚ ਦੀ ਇਹ ਜਨਮਦਾਤੀ ਨਾਟ ਮੰਚ ਦੇ ਖੇਤਰ ਵਿੱਚ ਬਿਨਾ ਕੋਈ ਸੰਜੀਦਾ ਤੇ ਸਾਰਥਕ ਯੋਗਦਾਨ ਪਾਏ ਚੌਧਰ ਕਰਨ ਵਾਲੇ ਮੰਚ ਕਰਮੀਆਂ ਤੇ ਨਿਰਦੇਸ਼ਕਾਂ ਦੇ ਖ਼ਿਲਾਫ਼ ਸੀ।
ਸੰਨ 1947 ਦੀ ਦੇਸ਼ ਵੰਡ ਪਿੱਛੋਂ ਜਦੋਂ ਲੋਕ ਦਿੱਲੀ ਆਏ ਆਪੋ-ਆਪਣੇ ਮਕਾਨਾਂ ਤੇ ਜ਼ਮੀਨਾਂ ਅਲਾਟ ਕਰਾਉਣ ਦੇ ਚੱਕਰ ’ਚ ਭੱਜੇ ਫਿਰਦੇ ਸੀ ਤਾਂ ਨੌਰ੍ਹਾ ਵੀ ਦਿੱਲੀ ਵਿੱਚ ਸੀ। ਉਸ ਨੇ ਫਿਰੋਜ਼ਸ਼ਾਹ ਕੋਟਲਾ ਗਰਾਊਂਡ ਵਿੱਚ ਇੱਕ ਤੰਬੂ ਗੱਡ ਕੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਜਦ ਉੱਜੜੇ ਹੋਏ ਲੋਕ ਸਿਰ ਲੁਕਾਉਣ ਲਈ ਥਾਂ ਲੱਭ ਰਹੇ ਸਨ ਤਾਂ ਨੌਰ੍ਹਾ ਨੂੰ ਥੀਏਟਰ ਦੇ ਸਿਰ ਲੁਕਾਉਣ ਦੀ ਥਾਂ ਲੱਭਣ ਦੀ ਚਿੰਤਾ ਸੀ। ਉਹ ਕਹਿੰਦੀ ਹੁੰਦੀ ਸੀ ਕਿ ਅਸੀਂ ਸਾਰੇ ਰਫਿਊਜੀ ਹਾਂ, ਪਰ ਸਭ ਤੋਂ ਵੱਡਾ ਰਫਿਊਜੀ ਥੀਏਟਰ ਹੈ। ਇਸ ਨੂੰ ਘਰ ਚਾਹੀਦਾ ਹੈ।
ਕਲਾ ’ਚੋਂ ਅਰਥ ਤੇ ਭਾਵ ਸ਼ਗੂਫੇ ਵਾਂਗ ਫੁੱਟਦੇ ਹਨ। ਨੌਰ੍ਹਾ ਨੇ ਸਿਰਫ਼ ਪੰਜਾਬੀ ਰੰਗਮੰਚ ਨੂੰ ਹੀ ਪ੍ਰਫੁੱਲਿਤ ਅਤੇ ਆਧੁਨਿਕ ਲੀਹ ’ਤੇ ਬਾਖੂਬੀ ਤੋਰਨ ਦਾ ਕੰਮ ਨਹੀਂ ਕੀਤਾ, ਸਗੋਂ ਉਸ ਨੇ ਆਪ ਵੀ ਨਾਟ ਰਚਨਾ ਕੀਤੀ। ਉਸ ਨੇ ‘ਪੁੱਤਰ ਘਰ ਆਇਆ’ ਤੇ ‘ਸਿਕੰਦਰ ਅਤੇ ਪੋਰਸ’ ਵਰਗੀਆਂ ਮੁੱਲਵਾਨ ਅੱਧੀ ਦਰਜਨ ਨਾਟ-ਰਚਨਾਵਾਂ ਤੋਂ ਇਲਾਵਾ ਅੰਗਰੇਜ਼ੀ ਭਾਸ਼ਾ ਵਿੱਚ ਕਾਫ਼ੀ ਸਾਹਿਤ ਰਚਨਾ ਕੀਤੀ।
ਭਾਵੇਂ ਭਾਰਤੀ ਨਾਟ ਪਰੰਪਰਾ ਬਹੁਤ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਹਜ਼ਾਰਾਂ ਸਾਲ ਪਹਿਲਾਂ ਲਿਖੇ ਪੁਰਾਤਨ ਭਾਰਤੀ ਕਾਵਿ-ਸ਼ਾਸਤਰ ’ਚੋਂ ਨਾਟਕ ਅਤੇ ਰੰਗਮੰਚ ਦੀ ਮਿਲਦੀ ਸਿਧਾਂਤਕ ਜਾਣਕਾਰੀ ਵੀ ਇਸ ਗੱਲ ਦੀ ਸ਼ਾਹਦੀ ਭਰਦੀ ਹੈ, ਪਰ ਪੰਜਾਬ ’ਚ ਲੋਕ ਨਾਟਕ ਦੀਆਂ ਵਿਭਿੰਨ ਵਿਧਾਵਾਂ ਅਤੇ ਧਾਰਮਿਕ ਕਿਸਮ ਦੀਆਂ ਰਾਸ-ਲੀਲ੍ਹਾਵਾਂ ਤੋਂ ਬਿਨਾ ਕਿਸੇ ਸਾਹਿਤਕ ਸੁਹਜਾਤਮਕ ਨਾਟ ਮੰਚ ਪਰੰਪਰਾ ਦੇ ਪੁਖ਼ਤਾ ਸਬੂਤ ਕਿਸੇ ਪਾਸਿਓਂ ਨਹੀਂ ਮਿਲਦੇ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤਕ ਸੰਸਕ੍ਰਿਤ ਤੋਂ ਅਨੁਵਾਦ ਜਾਂ ਕੁਝ ਮੌਲਿਕ ਕਿਸਮ ਦੀਆਂ ਨਾਟਕੀ ਰਚਨਾਵਾਂ ਜਿਨ੍ਹਾਂ ’ਚ ਬਾਵਾ ਬੁੱਧ ਸਿੰਘ ਦਾ ਨਾਟਕ ‘ਚੰਦ੍ਰ ਹਰੀ’ ਅਤੇ ਭਾਈ ਵੀਰ ਸਿੰਘ ਦਾ ‘ਰਾਜਾ ਲਖਦਾਤਾ ਸਿੰਘ’ ਪ੍ਰਮੁੱਖ ਹਨ, ਦੇ ਪ੍ਰਕਾਸ਼ਿਤ ਹੋਣ ਦੇ ਸਮਾਚਾਰ ਤਾਂ ਹਨ ਪਰ ਉਨ੍ਹਾਂ ਦੇ ਰੰਗਮੰਚ ’ਤੇ ਪ੍ਰਦਰਸ਼ਿਤ ਹੋਣ ਦੀ ਕਿਸੇ ਵੀ ਲਿਖਤ ’ਚ ਗਵਾਹੀ ਨਹੀਂ ਮਿਲਦੀ। ਇਸ ਖੇਤਰ ’ਚ ਪਹਿਲਕਦਮੀ ਕਰਨ ਅਤੇ ਪੰਜਾਬੀ ਰੰਗਮੰਚ ਨੂੰ ਪੂਰੀ ਤਰ੍ਹਾਂ ਪੈਰਾਂ ਸਿਰ ਕਰਨ ਦੇ ਯਤਨ ਪਹਿਲੀ ਵਾਰ ਨੌਰ੍ਹਾ ਰਿਚਰਡਜ਼ ਨੇ ਹੀ ਕੀਤੇ।
