*ਫਿਨਲੈਂਡ ਦੀ ਝੰਡੀ, ਕੋਸਟਾ ਰੀਕਾ ਦਾ ਨੰਬਰ ਚੌਥਾ *ਭਾਰਤ 116ਵੇਂ ਸਥਾਨ ‘ਤੇ
ਪੰਜਾਬੀ ਪਰਵਾਜ਼ ਬਿਊਰੋ
ਸੰਯੁਕਤ ਰਾਸ਼ਟਰ ਸਸਟੇਅਨੇਬਲ ਡਿਵੈਲਪਮੈਂਟ ਨੈਟਵਰਕ, ਗੈਲਪ ਵਰਲਡ ਪੋਲ ਅਤੇ ਔਕਸਫੋਰਡ ਵੈਲਬੀਂਗ ਸੈਂਟਰ ਵੱਲੋਂ ਸਾਂਝੇ ਤੌਰ ‘ਤੇ ਹਾਲ ਹੀ ਵਿੱਚ ਜਾਰੀ ਕੀਤੀ ਗਈ ‘ਵਰਲਡ ਹੈਪੀਨੈਸ ਰਿਪੋਰਟ’ ਵਿੱਚ ਕੈਨੇਡਾ ਅਤੇ ਅਮਰੀਕਾ ਸਮੇਤ ਆਸਟਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਨੀਚੇ ਵੱਲ ਖਿਸਕ ਗਏ ਹਨ।
ਕੈਨੇਡਾ ਦਾ ਇਸ ਰਿਪੋਰਟ ਵਿੱਚ ਸਥਾਨ 25ਵਾਂ ਹੈ, ਜਦੋਂਕਿ ਅਮਰੀਕਾ 23ਵੇਂ ਸਥਾਨ ‘ਤੇ ਹੈ। ਪਿਛਲੇ ਸਾਲ ਵਰਲਡ ਹੈਪੀਨੈਸ ਰਿਪੋਰਟ ਵਿੱਚ ਕੈਨੇਡਾ ਦਾ ਸਥਾਨ 15ਵਾਂ ਸੀ। ਭਾਰਤ ਦਾ ਸਥਾਨ ਇਸ ਰਿਪੋਰਟ ਵਿੱਚ 116ਵਾਂ ਹੈ, ਜਦਕਿ ਚੀਨ ਦਾ 65ਵਾਂ। ਇਸ ਤੋਂ ਉਲਟ ਯੂਗੋਸਲਾਵੀਆ ਦੇ ਟੁੱਟਣ ਤੋਂ ਬਾਅਦ ਹੋਂਦ ਵਿੱਚ ਆਏ ਸਰਬੀਆ, ਕਸੋਵੋ ਅਤੇ ਸਲੋਵਾਕੀਆ ਵਰਗੇ ਮੁਲਕ ਕਈ ਦਰਜੇ ਉਪਰਲੀ ਪੌੜੀ ਚੜ੍ਹ ਗਏ ਹਨ। ਕੇਂਦਰੀ ਅਮਰੀਕਾ ਦੇ ਮੁਲਕ ਕੋਸਟਾ ਰੀਕਾ ਨੇ ਖੁਸ਼ਹਾਲੀ ਦੀ ਦ੍ਰਿਸ਼ਟੀ ਤੋਂ ਹੈਰਾਨਕੁਨ ਵਿਕਾਸ ਕੀਤਾ ਹੈ ਅਤੇ ਰਿਪੋਰਟ ਵਿੱਚ ਫਿਨਲੈਂਡ, ਆਈਸਲੈਂਡ ਅਤੇ ਡੈਨਮਾਰਕ ਤੋਂ ਬਾਅਦ ਚੌਥੇ ਸਥਾਨ ‘ਤੇ ਦਰਜ ਹੋਇਆ ਹੈ। ਸੰਸਾਰ ਹੈਪੀਨੈਸ ਦੀ ਦ੍ਰਿਸ਼ਟੀ ਤੋਂ ਪਾਕਿਸਤਾਨ ਦੀ ਸਥਿਤੀ ਵੀ ਭਾਰਤ ਨਾਲੋਂ ਬੇਹਤਰ ਹੈ।
ਇਸ ਰਿਪੋਰਟ ਬਾਰੇ ਉਪਰੋਕਤ ਸੰਸਥਾਵਾਂ ਵੱਲੋਂ ਬਣਾਏ ਗਏ ਸੰਪਾਦਕੀ ਬੋਰਡ ਦਾ ਆਖਣਾ ਹੈ ਕਿ “ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਵਿੱਚ ਨੌਜਵਾਨ ਪੀੜ੍ਹੀ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਖੁਸ਼ ਹੈ।” ਰਿਪੋਰਟ ਨੂੰ ਸਮੇਟਦਿਆਂ ਐਡੀਟੋਰੀਅਲ ਬੋਰਡ ਨੇ ਲਿਖਿਆ ਹੈ ਕਿ “ਇਸ ਸਮੇਂ ਦੌਰਾਨ ਇਨ੍ਹਾਂ ਮੁਲਕਾਂ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਜ਼ਿਆਦਾ ਵਧੀ ਹੈ। ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਸੋਸ਼ਲ ਮੀਡੀਆ ਦੀ ਇਹ ਵਧੀ ਵਰਤੋਂ ਹੀ ਮਨੁਖੀ ਖੁਸ਼ੀ ਦਾ ਹਨਨ ਕਰ ਰਹੀ ਹੈ। ਪਰ ਕੀ ਇਹ ਦਲੀਲ ਦਰੁਸਤ ਵਿਸ਼ਲੇਸ਼ਣ ਦਾ ਸਾਹਮਣਾ ਕਰ ਸਕਦੀ ਹੈ? ਫਿਰ ਉਨ੍ਹਾਂ ਮੁਲਕਾਂ ਬਾਰੇ ਕੀ ਕਿਹਾ ਜਾਵੇ, ਜਿਨ੍ਹਾਂ ਦੀ ਸਥਿਤੀ ਬੇਹਤਰ ਹੈ ਅਤੇ ਉਹ ਸੋਸ਼ਲ ਮੀਡੀਆ ਦੀ ਵਰਤੋਂ ਇਸੇ ਪੱਧਰ ‘ਤੇ ਕਰਦੇ ਹਨ, ਜਿਸ ਪੱਧਰ ‘ਤੇ ਇਹ ਅੰਗਰੇਜ਼ੀ ਭਾਸ਼ੀ ਮੁਲਕਾਂ ਵਿੱਚ ਹੁੰਦੀ ਹੈ?
ਆਪਣੀ ਖੋਜ ਨੂੰ ਆਧਾਰ ਬਣਾ ਕੇ ਇਹ ਰਿਪੋਰਟ ਦੱਸਦੀ ਹੈ ਕਿ ਜਿਹੜੇ ਅੱਲ੍ਹੜ ਮੁੰਡੇ-ਕੁੜੀਆਂ 7 ਘੰਟੇ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ, ਉਹ ਉਨ੍ਹਾਂ ਬੱਚਿਆਂ ਤੋਂ ਕਿਤੇ ਘੱਟ ਤੰਦਰੁਸਤ ਹਨ, ਜਿਹੜੇ ਸੋਸ਼ਲ ਮੀਡੀਆ ਦੀ ਵਰਤੋਂ ਸਿਰਫ ਇੱਕ ਘੰਟਾ ਜਾਂ ਇਸ ਤੋਂ ਘੱਟ ਕਰਦੇ ਹਨ। ਰਿਪੋਰਟ ਦਰਜ ਕਰਦੀ ਹੈ ਕਿ “ਅਮਰੀਕਾ ਦੇ ਇੱਕ ਕਾਲਜ ਦੇ ਵਿਦਿਆਰਥੀ ਆਖਦੇ ਹਨ ਕਿ ਸੋਸ਼ਲ ਮੀਡੀਆ ਹੋਣਾ ਹੀ ਨਹੀਂ ਚਾਹੀਦਾ। ਉਹ ਦੂਸਰਿਆਂ ਨੂੰ ਵੇਖੋ ਵੇਖੀ ਹੀ ਇਸ ਦੀ ਵਰਤੋਂ ਕਰੀ ਜਾਂਦੇ ਹਨ।” ਉਂਝ ਉਪਰੋਕਤ ਦਲੀਲ ਦੇ ਉਲਟ ਲਾਤੀਨੀ ਅਮੀਰੀਕਾ ਵਿੱਚ ਹੋਈ ਖੋਜ ਇਹ ਦੱਸਦੀ ਹੈ ਕਿ ਸੋਸ਼ਲ ਮੀਡੀਆ ਮੰਚ ਮਹੱਤਵਪੂਰਨ ਹਨ। “ਸਮਾਜਿਕ ਮੇਲ-ਜੋਲ ਨੂੰ ਵਧਾਉਣ ਲਈ ਕਾਇਮ ਕੀਤੇ ਗਏ ਸੋਸ਼ਲ ਮੀਡੀਆ ਮੰਚ ਮਨੁੱਖੀ ਪ੍ਰਸੰਨਤਾ ਅਤੇ ਸੰਤੁਸ਼ਟੀ ਵਿੱਚ ਵਾਧਾ ਕਰਦੇ ਹਨ, ਜਦੋਂ ਕਿ ਐਲਗੋਰਿਧਮਾਂ ਵੱਲੋਂ ਸੰਚਾਲਿਤ ਸੋਸ਼ਲ ਮੀਡੀਆ ਮੈਟਰ ਮਨੁੱਖੀ ਮਾਨਸਿਕਤਾ ‘ਤੇ ਉਲਟ ਪ੍ਰਭਾਵ ਸਿਰਜਦਾ ਹੈ।
ਇੰਜ ਇਸ ਵਰ੍ਹੇ ਦੀ ਇਹ ‘ਵਰਲਡ ਹੈਪੀਨੈਸ ਰਿਪੋਰਟ’ ਅਖੀਰ ਵਿੱਚ ਸਿੱਟਾ ਕੱਢਦੀ ਹੈ ਕਿ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਇਸ ਤੋਂ ਮਾੜੇ ਰੁਖ ਪ੍ਰਭਾਵਤ ਹੋ ਸਕਦੇ ਹਨ; ਖਾਸ ਕਰਕੇ ਪੱਛਮੀ ਯੂਰਪ ਅਤੇ ਅੰਗਰੇਜ਼ੀ ਭਾਸ਼ੀ ਮੁਲਕਾਂ ਵਿੱਚ। ਜਿੱਥੋਂ ਤੱਕ ਬੱਚਿਆਂ ਅਤੇ ਅੱਲ੍ਹੜ ਉਮਰ ਜਵਾਨਾਂ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਦਾ ਸਵਾਲ ਹੈ, ਰਿਪੋਰਟ ਪ੍ਰੋਡਕਟ ਸੇਫਟੀ ਦੇ ਨੁਕਤੇ ਤੋਂ ਇਸ ਨੂੰ ਅਸੁਰੱਖਿਅਤ ਮੰਨਦੀ ਹੈ। ਇਸ ਸੰਬੰਧ ਵਿੱਚ ਤੱਥ ਵੰਨ-ਸਵੰਨੁੇ ਸੋਮਿਆਂ ਤੋਂ ਇਕੱਤਰ ਕੀਤੇ ਗਏ ਹਨ। ਇਹ ਰਿਪੋਰਟ ਨੌਜਵਾਨ ਮੁੰਡੇ-ਕੁੜੀਆਂ, ਮਾਪਿਆਂ, ਅਧਿਆਪਕਾਂ, ਡਾਕਟਰਾਂ, ਕਾਰਪੋਰੇਟ ਡਾਕੂਮੈਂਟਾਂ ਆਦਿ ਤੋਂ ਇਕੱਤਰ ਕੀਤੇ ਗਏ ਤੱਥਾਂ, ਲੰਮੇ ਦਾਅ ਦੇ (ਲੋਂਗੀਚਿਊਡਨਲ) ਅਧਿਅਨਾਂ ਅਤੇ ਸੋਸ਼ਲ ਮੀਡੀਆ ਦੀ ਘੱਟ ਵਰਤੋਂ ਦੇ ਤਜਰਬਿਆਂ ਆਦਿ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਉੱਪਰ ਆਧਾਰਤ ਹੈ।
ਇੱਥੇ ਜ਼ਿਕਰਯੋਗ ਹੈ ਕਿ ਨਵੀਂ ਸਦੀ ਦੇ ਆਰੰਭ ਨਾਲ ਮਨੁੱਖੀ ਵਿਕਾਸ ਨੂੰ ਸਿਰਫ ਆਰਥਕ ਦ੍ਰਿਸ਼ਟੀ ਤੋਂ ਵੇਖਣ ਦਾ ਰੁਝਾਨ ਘਟ ਗਿਆ ਹੈ। ਇਸ ਨੂੰ ਮਨੁੱਖੀ ਖੁਸ਼ੀ, ਸਮਾਜਕ ਤੇ ਮਨੋਵਿਗਿਆਨਕ ਸਿਹਤ ਅਤੇ ਸਭਿਆਚਾਰਕ ਦ੍ਰਿਸ਼ਟੀ ਤੋਂ ਵਧੇਰੇ ਵੇਖਿਆ ਜਾਣ ਲੱਗਾ ਹੈ। ਇਸ ਤਰ੍ਹਾਂ ਮਨੁੱਖੀ ਵਿਕਾਸ ਨੂੰ ਮਨੁੱਖ ਦੀ ਅੰਦਰੂਨੀ (ਸਬਜੈਕਟਿਵ) ਸੰਤੁਸ਼ਟੀ ਨੂੰ ਵੀ ਹੁਣ ਵਿਕਾਸਯੋਗ ਯੋਗਤਾ ਵਜੋਂ ਮਿਣਿਆ ਜਾਣ ਲੱਗਾ ਹੈ। ਮਨੁੱਖ ਦੀ ਸਮਾਜਿਕ, ਭਾਵੁਕ ਅਤੇ ਮਨੋਵਿਗਿਆਨਕ ਤੰਦਰੁਸਤੀ ਦਾ ਮਹੱਤਵ ਆਰਥਕ ਵਿਕਾਸ ਨਾਲ ਜੋੜ ਕੇ ਵੇਖਿਆ ਜਾਣ ਲੱਗਾ ਹੈ।
ਪੰਜਾਬ ਵਿੱਚ 1990ਵਿਆਂ ਵਿੱਚ ਡਾ. ਗੁਰਭਗਤ ਸਿੰਘ ਅਤੇ ਬਾਅਦ ਵਿੱਚ ਹਰਸਿਮਰਨ ਸਿੰਘ (ਅਨੰਦਪੁਰ ਸਾਹਿਬ) ਵੱਲੋਂ ਰਾਜਨੀਤਿਕ ਸੰਕਲਪ ਵਜੋਂ ਵਿਕਸਤ ਕੀਤੇ ਗਏ ਮਨੁੱਖੀ ਵਿਕਾਸ ਦੀ ਥਾਂ ‘ਵਿਗਾਸ’ (ਵਿਸਮਾਦ) ਦੇ ਸੰਕਲਪ ਨੂੰ ਵੀ ਮਾਨਵੀ ਬਿਹਤਰੀ ਦੇ ਸੰਕਲਪਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਮਨੋਵਿਗਿਆਨ ਦੇ ਖੇਤਰ ਵਿੱਚ ਇਹ ‘ਫਲੋਰਿਸ਼ਿੰਗ’ ਦੇ ਸੰਕਲਪ ਵਜੋਂ ਵਿਚਾਰਿਆ ਜਾਣ ਲੱਗਾ ਹੈ। ਕੋਰੇ ਅਤੇ ਲੋਪੇਜ਼ (2003) ਨੇ ਇਸ ਨੂੰ ਮਨੋਵਿਗਿਆਨ ਦੇ ਖੇਤਰ ਵਿੱਚ ਲਿਆਂਦਾ। ਯਾਦ ਰਹੇ, 2014 ਵਿੱਚ ਵਰਲਡ ਹੈਪੀਨੈਸ ਇੰਡੈਕਸ ਵਿੱਚ ਕੈਨੇਡਾ ਦਾ ਨੰਬਰ ਪੰਜਵਾਂ ਸੀ ਅਤੇ 2026 ਵਿੱਚ ਇਹ ਖਿਸਕ ਕੇ 25ਵੇਂ ਸਥਾਨ ‘ਤੇ ਚਲਾ ਗਿਆ ਹੈ। ਉਂਝ ਇਨ੍ਹਾਂ ਮੁਲਕਾਂ ਵਿੱਚ ਵਰਲਡ ਹੈਪੀਨੈਸ ਰਿਪੋਰਟ ਨੂੰ ਵੀ ਹੁਣ ਜੀ.ਡੀ.ਪੀ. ਵਾਂਗ ਆਪਣੀਆਂ ਕੌਮੀ ਨੀਤੀਆਂ ਘੜਨ ਲਈ ਡੂੰਘੀ ਤਰ੍ਹਾਂ ਵਿਚਾਰਿਆ ਜਾਂਦਾ ਹੈ।
ਵਰਲਡ ਹੈਪੀਨੈਸ ਰਿਪੋਰਟ ਵਿੱਚ ਸਭ ਤੋਂ ਨਿਚਲਾ ਸਥਾਨ ਅਫਾਗਨਿਸਤਾਨ ਦਾ ਹੈ। ਦੱਖਣੀ ਏਸ਼ੀਆ ਦਾ ਇਹ ਮੁਲਕ 147ਵੇਂ ਸਥਾਨ ‘ਤੇ ਹੈ। ਮਲਾਵੀ ਅਤੇ ਸਿਅਰਾ ਲਿਓਨ ਜਿਹੇ ਮੁਲਕ ਵੀ ਅਫਗਾਨਿਸਤਾਨ ਦੇ ਲਾਗੇ-ਚਾਗੇ ਹੀ ਹਨ। ਰਿਪੋਰਟ ਨੋਟ ਕਰਦੀ ਹੈ ਕਿ ਪਿਛਲੇ ਸਾਲ ਆਸਟਰੇਲੀਆ ਨੇ 10 ਸੋਸ਼ਲ ਮੀਡੀਆ ਮੰਚਾਂ ਲਈ ਪਾਬੰਦੀ ਦੀ ਉਮਰ 13 ਸਾਲ ਤੋਂ ਵਧਾ ਕੇ 16 ਸਾਲ ਕਰ ਦਿੱਤੀ ਹੈ। ਸਪੇਨ, ਡੈਨਮਾਰਕ ਅਤੇ ਫਰਾਂਸ ਜਿਹੇ ਮੁਲਕ ਵੀ ਇਸ ਕਿਸਮ ਦੀਆਂ ਪਾਬੰਦੀਆਂ ਬਾਰੇ ਸੋਚ ਰਹੇ ਹਨ। ਰਿਪੋਰਟ ਨੂੰ ਮੁਕਮੰਲ ਕਰਦਿਆਂ ਆਸ ਪ੍ਰਗਟ ਕੀਤੀ ਗਈ ਹੈ ਕਿ ਇਹ ਰਿਪੋਰਟ ਉਪਰੋਕਤ ਕਿਸਮ ਦੀਆਂ ਨੀਤੀਆਂ ਘੜਨ ਵਿੱਚ ਮੁਲਕਾਂ ਦੇ ਨੀਤੀਘਾੜੀਆਂ ਦੀ ਮਦਦ ਕਰਨ ਲਈ ਸਹਾਈ ਸਿੱਧ ਹੋਵੇਗੀ।
ਵਰਲਡ ਹੈਪੀਨੈਸ ਰਿਪੋਰਟ 2026 ਵਿੱਚ ਸਿਖਰਲੇ 10 ਮੁਲਕ ਫਿਨਲੈਂਡ, ਆਈਸਲੈਂਡ, ਡੈਨਮਾਰਕ, ਕੋਸਟਾ ਰੀਕਾ, ਸਵੀਡਨ, ਨੌਰਵੇ, ਇਜ਼ਰਾਇਲ, ਲਗਜ਼ਮਬਰਗ ਅਤੇ ਸਵਿਟਜ਼ਰਲੈਂਡ ਹਨ। ਅਮਰੀਕਾ ਦਾ ਨੰਬਰ 23ਵਾਂ ਅਤੇ ਕੈਨੇਡਾ ਦਾ 25ਵਾਂ ਹੈ। ਇੰਜ ਕੈਨੇਡਾ ਦਾ ਨੰਬਰ ਅਮਰੀਕਾ, ਸਾਉਦੀ ਅਰਬ, ਪੋਲੈਂਡ ਤੋਂ ਪਿੱਛੇ ਅਤੇ ਤਾਈਵਾਨ, ਬਿਲਜੇ, ਲਿਥੂਨੀਆ ਅਤੇ ਇੰਗਲੈਂਡ ਤੋਂ ਥੋੜ੍ਹਾ ਜਿਹਾ ਉੱਪਰ ਹੈ। ਰਿਪੋਰਟ ਵਿੱਚ ਖੁਸ਼ੀ ਦੀ ਵਿਆਖਿਆ ਆਰਥਕਤਾ, ਸਮਾਜਿਕ ਮਾਨਸਿਕ ਤੰਦਰੁਸਤੀ, ਜ਼ਿੰਦਗੀ ਦੀ ਕਦਰ ਅਤੇ ਜ਼ਿੰਦਗੀ ਤੋਂ ਸੰਤੁਸ਼ਟੀ ਦੇ ਆਧਾਰ ‘ਤੇ ਕੀਤੀ ਗਈ ਹੈ। ਜਾਣਕਾਰੀ ਇਕੱਤਰ ਕਰਨ ਲਈ ਵਰਤੇ ਗਏ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਗਿਆ ਹੈ, “ਸਾਡੀ ਖੁਸ਼ਹਾਲ ਮੁਲਕਾਂ ਬਾਰੇ ਇਹ ਤਰਤੀਬ ਜ਼ਿੰਦਗੀ ਦੇ ਮੁਲੰਕਣ ਸੰਬੰਧੀ ਕੀਤੇ ਜਾਂਦੇ ਇੱਕ ਸੰਕਲਪਿਕ ਸਵਾਲ “ਕੈਂਟਰਿਲ ਲੈਡਰ” ਉੱਪਰ ਆਧਾਰਤ ਹੈ। ਇਸ ਸਕੇਲ ਵਿੱਚ 0-10 ਤੱਕ ਗਰੇਡਿੰਗ ਕੀਤੀ ਜਾਂਦੀ ਹੈ। ਜ਼ਿੰਦਗੀ ਵਿੱਚ ਖੁਸ਼ਹਾਲੀ ਨੂੰ ਮਿਣਨ ਦੀ ਦ੍ਰਿਸ਼ਟੀ ਤੋਂ ਕੈਂਟਰਿਲ ਲੈਡਰ ਲੋਕਾਂ ਨੂੰ ਆਪਣੇ ਬਾਰੇ ਸਭ ਤੋਂ ਮਹੱਤਵਸ਼ੀਲ ਚੀਜ਼ਾਂ ਬਾਰੇ ਖੁਦ ਆਪ ਨਿਰਣਾ ਕਰਨ ਦੀ ਇਜਾਜ਼ਤ ਦਿੰਦਾ ਹੈ। ਖੁਸ਼ੀ ਨੂੰ ਮਾਪਣ ਦਾ ਇਹ ਢੰਗ ਜਮਹੂਰੀ ਵੀ ਹੈ ਅਤੇ ਸਦੀਵੀ (ਯੂਨੀਵਰਸਲ) ਵੀ।
