*ਇਜ਼ਰਾਇਲ ਜੰਗਬੰਦੀ ਕਰਨ ਦੇ ਵਿਰੋਧ ਵਿੱਚ
*ਇਰਾਨ ਦੀ ਪੂਰੀ ਸੱਭਿਅਤਾ ਖਤਮ ਕਰ ਦੇਣ ਦੀ ਧਮਕੀ
ਜਸਵੀਰ ਸਿੰਘ ਸ਼ੀਰੀ
ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਸਾਡੇ ਪੰਜ ਵਜੇ ਤੱਕ ਦੀ ਦਿੱਤੀ ਗਈ ਸਮਾਂ ਹੱਦ ਤੋਂ 90 ਮਿੰਟ ਪਹਿਲਾਂ ਡੋਨਾਲਡ ਟਰੰਪ ਨੇ 2 ਹਫਤੇ ਦੇ ਗੋਲੀਬੰਦੀ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਦੋ ਹਫਤੇ ਤੱਕ ਅਮਰੀਕਾ ਇਰਾਨ ‘ਤੇ ਕੋਈ ਹਮਲਾ ਨਹੀਂ ਕਰੇਗਾ। ਟਰੰਪ ਨੇ ਇਰਾਨ ਵੱਲੋਂ ਸਮਝੌਤੇ ਲਈ ਭੇਜੀਆਂ 10 ਮੰਗਾਂ ਵੀ ਸਵੀਕਾਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੀਜ਼ ਫਾਇਰ ਦੇ ਬਾਵਜੂਦ ਹਾਲੇ ਕਿਸੇ ਸਮਝੌਤੇ ‘ਤੇ ਦਸਤਖਤ ਨਹੀਂ ਕੀਤੇ ਜਾਣਗੇ।
ਉਧਰ ਇਰਾਨ ਨੇ ਆਪਣੀਆਂ ਦਸ ਸ਼ਰਤਾਂ ਸਵੀਕਾਰ ਕੀਤੇ ਜਾਣ ਨੂੰ ਇਰਾਨ ਦੀ ਜਿੱਤ ਕਰਾਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਟਰੰਪ ਦੀ ਜ਼ੁਬਾਨ ‘ਤੇ ਭਰੋਸਾ ਕਰਨਾ ਔਖਾ ਹੈ। ਉਹ ਅਮਲ ਵਿੱਚ ਕੀ ਕਰਦੇ ਹਨ, ਇਰਾਨ ਇਸ ਅਨੁਸਾਰ ਫੈਸਲਾ ਕਰੇਗਾ। ਇਜ਼ਰਾਇਲ ਵੱਲੋਂ ਸੀਜ਼ ਫਾਇਰ ਦਰਮਿਆਨ ਹਮਲੇ ਜਾਰੀ ਰਹਿਣਗੇ ਜਾਂ ਨਹੀਂ, ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।
ਇਸ ਤੋਂ ਪਹਿਲਾਂ 7 ਅਪ੍ਰੈਲ ਦੀ ਅੱਧੀ ਰਾਤ ਨੂੰ ਅਮਰੀਕਾ ਵੱਲੋਂ ਇਰਾਨ ਦੇ ਖਰਗ ਆਈਲੈਂਡ ਉੱਤੇ ਕੀਤੇ ਗਏ ਹਮਲਿਆਂ ਨਾਲ ਇਹ ਜੰਗ ਇੱਕ ਤਰ੍ਹਾਂ ਨਵੇਂ ਦੌਰ ਵਿੱਚ ਦਾਖਲ ਹੋ ਗਈ ਹੈ। ਇਸ ਦੌਰਾਨ ਇਜ਼ਰਾਇਲ ਵੱਲੋਂ ਇਰਾਨ ਦੇ ਪੁਲਾਂ, ਊਰਜਾ ਟਿਕਾਣਿਆਂ, ਸੜਕਾਂ ਤੇ ਰੇਲਵੇ ਲਾਈਨਾਂ ‘ਤੇ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਤੋਂ ਬਾਅਦ ਇਰਾਨ ਨੇ ਕਿਹਾ ਕਿ ਉਸ ਦਾ ਸੰਜਮ ਹੁਣ ਖਤਮ ਹੋ ਗਿਆ ਹੈ। ਇਸ ਦਰਮਿਆਨ ਇਰਾਨ ਨੇ ਆਪਣੇ ਆਮ ਲੋਕਾਂ ਨੂੰ ਆਪੋ ਆਪਣੇ ਨਜ਼ਦੀਕ ਦੇ ਪੁਲਾਂ ਅਤੇ ਪਾਵਰ ਪਲਾਂਟਾਂ ਦੇ ਦੁਆਲੇ ਹਿਊਮਨ ਚੇਨ ਬਣਾ ਦੇਣ ਦੀ ਅਪੀਲ ਕੀਤੀ ਹੈ। ਇਰਾਨ ਦੇ ਖਿਡਾਰੀ ਕਲਾਕਾਰ ਅਤੇ ਆਮ ਲੋਕ ਆਪਣੇ ਪਾਵਰ ਪਲਾਂਟਾਂ ਅਤੇ ਪੁਲਾਂ ਵਗੈਰਾ ਦੁਆਲੇ ਹਿਊਮਨ ਚੇਨ ਬਣਾਉਣ ਲੱਗੇ ਹਨ। ਕਈ ਇਰਾਨ ਦੇ ਵੱਡੇ ਖਿਡਾਰੀ ਅਤੇ ਕਲਾਕਾਰ ਮਸ਼ਹੂਰ ਪੁਲਾਂ ਅਤੇ ਪਾਵਰ ਪਲਾਂਟਾਂ ਕੋਲ ਡੇਰੇ ਲਗਾ ਕੇ ਆਪਣੇ ਫਨ ਦਾ ਪਰਦਰਸ਼ਨ ਕਰਨ ਲੱਗੇ ਹਨ।
ਇਰਾਨ ਦੇ ਫੌਜੀ ਪ੍ਰਤੀਨਿਧ ਨੇ ਖਰਗ ਆਈਲੈਂਡ ‘ਤੇ ਹਮਲਿਆਂ ਤੋਂ ਬਾਅਦ ਕਿਹਾ ਸੀ ਕਿ ਅਮਰੀਕਾ, ਇਜ਼ਰਾਇਲ ਅਤੇ ਇਨ੍ਹਾਂ ਦੇ ਖਾੜੀ ਭਾਈਵਾਲਾਂ ‘ਤੇ ਜਿਹੜੇ ਹਮਲੇ ਹੋਣਗੇ, ਉਹਦੇ ਲਈ ਇਹ ਅਮਰੀਕਾ ਤੇ ਇਜ਼ਰਾਇਲ ਹੀ ਜ਼ਿੰਮੇਵਾਰ ਹੋਣਗੇ, ਜਦਕਿ ਟਰੰਪ ਨੇ ਇਰਾਨ ਦੀ ਮੁਕੰਮਲ ਸੱਭਿਅਤਾ ਨੂੰ ਮਿਟਾ ਦੇਣ ਦੀ ਧਮਕੀ ਦਿੱਤੀ ਸੀ। ਮੱਧ ਪੂਰਬ ਬਾਰੇ ਮਾਹਿਰ ਇਸ ਧਮਕੀ ਦੇ ਅਰਥਾਂ ਨੂੰ ਪ੍ਰਮਾਣੂ ਹਮਲੇ ਦੀ ਸੰਭਾਵਨਾ ਵਿੱਚ ਵੀ ਵੇਖ ਰਹੇ ਹਨ। ਇਰਾਨ ਨੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਖਾੜੀ ਮੁਲਕਾਂ ਦੇ ਤੇਲ ਟਿਕਾਣਿਆਂ ਅਤੇ ਇਜ਼ਰਾਇਲ ਦੇ ਬਿਜਲੀ ਗਰਿੱਡਾਂ ‘ਤੇ 500 ਮਿਜ਼ਾਈਲਾਂ ਦਾਗ ਦਿੱਤੀਆਂ। ਇਨ੍ਹਾਂ ਹਮਲਿਆਂ ਤੋਂ ਹੋਣ ਵਾਲੇ ਨੁਕਸਾਨ ਦੀਆਂ ਖ਼ਬਰਾਂ ਆਉਂਦੇ ਕੁਝ ਸਮੇਂ ਵਿੱਚ ਸਾਹਮਣੇ ਆ ਜਾਣਗੀਅ; ਕਿਉਂਕਿ ਇਜ਼ਰਾਇਲ ਅਤੇ ਅਮਰੀਕਾ ਆਪਣੇ ਨੁਕਸਾਨ ਦੀਆਂ ਖ਼ਬਰਾਂ ਨੂੰ ਸੈਂਸਰ ਕਰ ਰਹੇ ਹਨ। ਅਮਰੀਕਾ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਉਸ ਵੱਲੋਂ ਖਰਗ ਆਈਲੈਂਡ ਦੇ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਗਏ ਹਨ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਇਸ ਦਰਮਿਆਨ ਕਿਹਾ ਕਿ ਅਮਰੀਕਾ ਜੋ ਵੀ ਇਰਾਨ ਵਿੱਚ ਕਰਨਾ ਚਾਹੁੰਦਾ ਸੀ, ਉਹ ਪੂਰਾ ਹੋ ਚੁੱਕਾ ਹੈ। ਇਸ ਲਈ ਜੰਗ ਖਤਮ ਹੋਣ ਦੀ ਆਖਰੀ ਤਾਰੀਖ ਹੁਣ ਇਰਾਨ ਨੇ ਤੈਅ ਕਰਨੀ ਹੈ।
ਉਧਰ ਬਹਿਰੀਨ ਵੱਲੋਂ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਵਿੱਚ ਇਰਾਨ ਵਿਰੁੱਧ ਲਿਆਂਦੇ ਗਏ ਮਤੇ ਨੂੰ ਚੀਨ ਅਤੇ ਰੂਸ ਨੇ ਵੀਟੋ ਕਰ ਦਿੱਤਾ ਹੈ। ਸੁਰੱਖਿਆ ਕੌਂਸਲ ਦੇ ਕੁੱਲ ਮੈਂਬਰਾਂ ਵਿੱਚੋਂ 11 ਮੈਂਬਰ ਮਤੇ ਦੇ ਹੱਕ ਵਿੱਚ ਭੁਗਤੇ, ਜਿਹੜੇ ਕਾਰਵਾਈ ਲਈ ਕਾਫੀ ਸਨ। ਪਰ ਰੂਸ ਅਤੇ ਚੀਨ ਇਰਾਨ ਦੇ ਪੱਖ ਵਿੱਚ ਖੜ੍ਹੇ ਰਹੇ। ਦੋਹਾਂ ਮੁਲਕਾਂ ਨੇ ਕਿਹਾ ਕਿ ਇਜ਼ਰਾਇਲ ਅਤੇ ਅਮਰੀਕਾ ਨੇ ਗੱਲਬਾਤ ਦੇ ਵਿਚਕਾਰ ਇਰਾਨ ‘ਤੇ ਹਮਲਾ ਕੀਤਾ ਹੈ। ਇਸ ਲਈ ਇਸ ਜੰਗ ਲਈ ਇਰਾਨ ਜ਼ਿੰਮੇਵਾਰ ਨਹੀਂ ਹੈ।
ਇਸ ਦੌਰਾਨ ਇਰਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਆਗੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੇ ਅਮਰੀਕਾ ਅਤੇ ਇਜ਼ਰਾਇਲ ਨੇ ਹਮਲੇ ਜਾਰੀ ਰੱਖੇ ਤਾਂ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਨੂੰ ਆਉਂਦੇ ਕਈ ਸਾਲਾਂ ਤੱਕ ਤੇਲ ਦੀ ਥੁੜ੍ਹ ਦਾ ਸਾਹਮਣਾ ਕਰਨਾ ਪਵੇਗਾ। ਡੋਨਾਲਡ ਟਰੰਪ ਨੇ ‘ਟਰੁੱਥ ਸੋਸ਼ਿਲ’ ਉੱਪਰ ਜਾਰੀ ਇੱਕ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਜੇ ਇਰਾਨ ਨੇ ਉਸ ਵੱਲੋਂ ਦਿੱਤੀ ਗਈ ਡੈਡਲਾਈਨ ਤੋਂ ਪਹਿਲਾਂ ਹੌਰਮੂਜ਼ ਲਾਂਘਾ ਨਾ ਖੋਲਿ੍ਹਆ ਤਾਂ “ਇਸ ਰਾਤ ਇੱਕ ਪੂਰੀ-ਸੂਰੀ ਸਿਵੇਲਾਈਜੇਸ਼ਨ ਮਾਰੀ ਜਾਵੇਗੀ।”
ਧਿਆਨ ਰਹੇ, ਇਰਾਨ ਨੇ ਤੇਲ ਦਾ ਵਪਾਰ ਚੀਨੀ ਕਰੰਸੀ ਯੂਆਨ ਵਿੱਚ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਹੌਰਮੂਜ਼ ‘ਤੇ ਲਗਾਇਆ ਗਿਆ ਟੋਲ ਆਪਣੀ ਖੁਦ ਦੀ ਕਰੰਸੀ ਰਿਆਲ ਵਿੱਚ ਲੈ ਰਿਹਾ ਹੈ। ਉਂਝ ਇਸ ਮਸਲੇ ਉੱਤੇ ਪਾਕਿਸਤਾਨ ਦੀ ਵਿਚੋਲਗੀ ਨਾਲ ਗੱਲਬਾਤ ਹਾਲੇ ਵੀ ਚੱਲ ਰਹੀ ਹੈ; ਪਰ ਦੋਹਾਂ ਧਿਰਾਂ ਵਿਚਕਾਰ ਦੂਰੀ ਇੰਨੀ ਹੈ ਕਿ ਜਿਸ ਨੂੰ ਨੇੜੇ ਲਗਾਉਣਾ ਇੰਨਾ ਸੌਖਾ ਨਹੀਂ ਹੈ। ਅਮਰੀਕਾ ਇਰਾਨ ਤੋਂ ਸਰੰਡਰ ਦੀ ਮੰਗ ਕਰ ਰਿਹਾ ਹੈ, ਜਦਕਿ ਇਰਾਨ ਦਾ ਆਖਣਾ ਹੈ ਕਿ ਜੰਗ ਉਦੋਂ ਬੰਦ ਕੀਤੀ ਜਾਵੇਗੀ, ਜਦੋਂ ਇਰਾਨ ‘ਤੇ ਹਮਲੇ ਬੰਦ ਕੀਤੇ ਜਾਣਗੇ ਅਤੇ ਇਰਾਨ ਦੇ ਹੋਏ ਜਾਨੀ-ਮਾਲੀ ਨੁਕਸਾਨ ਦਾ ਹਰਜਾਨਾ ਇਜ਼ਰਾਇਲ ਤੇ ਅਮਰੀਕਾ ਅਦਾ ਕਰਨਗੇ। ਪਾਕਿਸਤਾਨ, ਮਿਸਰ, ਤੁਰਕੀ ਅਤੇ ਸਾਊਦੀ ਅਰਬ ਦੀ ਵਿਚੋਲਗੀ ਨਾਲ ਜੰਗ ਰੋਕਣ ਲਈ ਚੱਲ ਰਹੀ ਗੱਲਬਾਤ ਵਿੱਚ ਟਰੰਪ ਨੇ 45 ਦਿਨਾਂ ਲਈ ਜੰਗਬੰਦੀ ਕਰਵਾਉਣ ਦਾ ਪ੍ਰਸਤਾਵ ਭੇਜਿਆ ਸੀ, ਪਰ ਇਰਾਨ ਇਸ ਲਈ ਤਿਆਰ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਜੰਗਬੰਦੀ ਮੁਕੰਮਲ ਹੋਣੀ ਚਾਹੀਦੀ ਹੈ। ਇਰਾਨ ਅਸਲ ਵਿੱਚ ਵਾਰ-ਵਾਰ ਹੋ ਰਹੇ ਹਮਲਿਆਂ ਦਾ ਜਹਿਣਾ ਵੱਢਣਾ ਚਾਹੁੰਦਾ ਹੈ। ਇਰਾਨ ਸਿਕਿਉਰਿਟੀ ਗਾਰੰਟੀ ਦੀ ਮੰਗ ਵੀ ਕਰ ਰਿਹਾ ਹੈ ਕਿ ਅਗਾਂਹ ਨੂੰ ਇਰਾਨ ‘ਤੇ ਬਿਨਾ ਮਤਲਬ ਹਮਲਾ ਨਹੀਂ ਕੀਤਾ ਜਾਵੇਗਾ। ਮੁਆਵਜ਼ੇ ਦੀ ਅਣਹੋਂਦ ਵਿੱਚ ਇਰਾਨ ਦੀ ਮੰਗ ਹੈ ਕਿ ਉਸ ਨੂੰ ਉਨਾ ਚਿਰ ਤੱਕ ਹੌਰਮੂਜ਼ ਤੋਂ ਟੋਲ ਉਗਰਾਹੁਣ ਦੀ ਇਜਾਜ਼ਤ ਦਿੱਤੀ ਜਾਵੇ, ਜਦੋਂ ਤੱਕ ਉਸ ਦੇ ਜੰਗ ਵਿੱਚ ਹੋਏ ਨੁਕਸਾਨ ਦੀ ਭਰਪਾਈ ਨਾ ਹੋ ਜਾਵੇ। ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਵਿਚੋਲਗੀ ਵਾਲੀ ਗੱਲਬਾਤ ਵਿੱਚ ਅਮਰੀਕਾ ਵੱਲੋਂ 5 ਸ਼ਰਤਾਂ ਵਾਲਾ ਆਪਣਾ ਚਾਰਟਰ ਭੇਜਿਆ ਗਿਆ ਸੀ, ਜਦਕਿ ਇਰਾਨ ਵੱਲੋਂ ਇੱਕ 10 ਨੁਕਾਤੀ ਸ਼ਰਤ ਪੱਤਰ ਪੇਸ਼ ਕੀਤਾ ਗਿਆ ਸੀ। ਦੋਨੋ ਧਿਰਾਂ ਵਿਚਕਾਰ ਗੱਲਬਾਤ ਚਲਾ ਰਹੇ ਮੁਲਕਾਂ ਦਾ ਆਖਣਾ ਹੈ ਕਿ ਇਰਾਨ ਅਤੇ ਅਮਰੀਕਾ-ਇਜ਼ਰਾਇਲ ਇੱਕ ਦੂਜੇ ਤੋਂ ਉਲਟ ਸਿਰਿਆਂ ‘ਤੇ ਖੜ੍ਹੇ ਹਨ। ਭਾਵੇਂ ਗੱਲਬਾਤ ਹਾਲੇ ਟੁੱਟੀ ਨਹੀਂ ਹੈ, ਪਰ ਆਪਸੀ ਕੂਟਨੀਤੀ ਅਤੇ ਗੱਲਬਾਤ ਦਾ ਇਹ ਆਖਰੀ ਦੌਰ ਹੀ ਸਮਝਿਆ ਜਾ ਰਿਹਾ ਹੈ।
