ਕੁਲਜੀਤ ਸਿੰਘ
ਸ਼ਿਕਾਗੋ: ਸਿੱਖ ਰਿਲੀਜੀਅਸ ਸੁਸਾਇਟੀ (ਗੁਰਦੁਆਰਾ ਪੈਲਾਟਾਈਨ), ਸ਼ਿਕਾਗੋ ਦੇ ਬੋਰਡ ਆਫ ਟਰੱਸਟੀ (ਬੀ.ਓ.ਟੀ.) ਦੇ ਪੰਜ ਅਤੇ ਸੰਵਿਧਾਨ ਅਮਲ ਕਮੇਟੀ (ਸੀ.ਆਈ.ਸੀ.) ਦਾ ਇੱਕ ਮੈਂਬਰ ਚੁਣੇ ਜਾਣ ਲਈ ਲੰਘੇ ਐਤਵਾਰ ਨੂੰ ਹੋਈਆਂ ਚੋਣਾਂ ਨਿੱਕੇ-ਮੋਟੇ ਗੁੱਸੇ-ਗਿਲਿਆਂ, ਮਾਮੂਲੀ ਤਲਖੀ ਅਤੇ ਸਿਆਸੀ ਤਿਕੜਮਾਂ ਦੇ ਬਾਵਜੂਦ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈਆਂ।
ਇਨ੍ਹਾਂ ਚੋਣਾਂ ਵਿੱਚ ਬੀ.ਓ.ਟੀ. ਲਈ ਦੋਹਾਂ ਧਿਰਾਂ ਦੇ ਕੁੱਲ 8 ਉਮੀਦਵਾਰਾਂ ਵਿੱਚੋਂ ‘ਪੰਥਕ ਸਲੇਟ’ ਦੇ ਚਾਰ ਉਮੀਦਵਾਰ- ਗੁਰਕੀਰਤ ਸਿੰਘ ਗਿੱਲ, ਤਰਲੋਚਨ ਸਿੰਘ ਮੁਲਤਾਨੀ, ਅਮਨਦੀਪ ਸਿੰਘ ਤੇ ਸਤਿੰਦਰ ਸਿੰਘ ਬ੍ਰਹਮ ਅਤੇ ‘ਚੜ੍ਹਦੀ ਕਲਾ ਸੇਵਕ’ ਧਿਰ ਦਾ ਇੱਕ ਉਮੀਦਵਾਰ ਸਤਿਨਾਮ ਸਿੰਘ ਗਿੱਲ ਚੋਣ ਜਿੱਤ ਗਏ ਹਨ; ਜਦਕਿ ਸੀ.ਆਈ.ਸੀ. ਦੀ ਮੈਂਬਰੀ ‘ਚੜ੍ਹਦੀ ਕਲਾ ਸੇਵਕਾਂ’ ਦੀ ਝੋਲੀ ਪੈ ਗਈ ਹੈ। ਜ਼ਿਕਰਯੋਗ ਹੈ ਕਿ ਸੀ.ਆਈ.ਸੀ. ਲਈ ਦੋਹਾਂ ਧਿਰਾਂ ਵੱਲੋਂ ਇੱਕ-ਇੱਕ ਉਮੀਦਵਾਰ ਮੈਦਾਨ ਵਿੱਚ ਸੀ, ਜਿਸ ਵਿੱਚ ਬੀਬੀ ਸੁਰਿੰਦਰ ਕੌਰ ਸੰਘਾ ਜੇਤੂ ਰਹੇ ਹਨ।
ਇਸ ਤੋਂ ਇਲਾਵਾ ਕਰੀਬ 82 ਹਜ਼ਾਰ ਡਾਲਰ ਦੀ ਲਾਗਤ ਨਾਲ ਪਾਠ ਲਈ ਸਾਊਂਡਪਰੂਫ ਕਮਰਾ ਬਣਾਏ ਜਾਣ ਲਈ ਰੈਫਰੈਂਡਮ 30 ਵੋਟਾਂ ਦੇ ਫਰਕ ਨਾਲ ਫੇਲ੍ਹ ਹੋ ਗਿਆ। ਸੰਗਤ ਨੇ ‘ਹਾਂ’ ਵਿੱਚ 313 ਅਤੇ ‘ਨਾਂਹ’ ਵਿੱਚ 343 ਵੋਟਾਂ ਪਾਈਆਂ। ਕੁਝ ਸੰਗਤਾਂ ਨੇ ਇਸ ਸਬੰਧੀ ਕੋਈ ‘ਹਾਂ’ ਜਾਂ ‘ਨਾਂਹ’ ਨਾ ਕੀਤੀ। ਉਂਜ ਚੋਣ ਵਾਲੇ ਦਿਨ ਵੀ ਇਸ ਸਬੰਧੀ ਚਰਚਾ ਛਿੜੀ ਰਹੀ ਕਿ ਜੇ ਸੰਗਤ ਦੀਆਂ ਲੋੜਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਗੁਰਦੁਆਰਾ ਸਾਹਿਬ ਦਾ ਵਿਸਥਾਰ ਕਰਨ ਦੀ ਯੋਜਨਾ ਹੈ ਤਾਂ ਹੁਣ ਇੰਨੀ ਰਕਮ ਖਰਚਣ ਦਾ ਕੀ ਫਾਇਦਾ! ਵੋਟਾਂ ਦਾ ਨਤੀਜਾ ਉਡੀਕਦੇ ਕੁਝ ਸੱਜਣਾਂ ਦੀ ਦਿਲਚਸਪੀ ਰੈਫਰੈਂਡਮ ਦੇ ਪਾਸ/ਫੇਲ੍ਹ ਹੋਣ ਵਿੱਚ ਵੀ ਸੀ।
ਇਨ੍ਹਾਂ ਚੋਣਾਂ ਵਿੱਚ ਕੁਲ 1030 ਵੋਟਾਂ ਪੋਲ ਹੋਈਆਂ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 666 ਵੋਟਾਂ ਗੁਰਕੀਰਤ ਸਿੰਘ ਗਿੱਲ ਨੂੰ ਪਈਆਂ, ਜਦਕਿ ਵੋਟਾਂ ਦੀ ਗਿਣਤੀ ਪੱਖੋਂ 656 ਵੋਟਾਂ ਨਾਲ ਦੂਜੇ ਨੰਬਰ ਉਤੇ ਤਰਲੋਚਨ ਸਿੰਘ ਮੁਲਤਾਨੀ ਰਹੇ। ਇਸੇ ਤਰ੍ਹਾਂ 624 ਵੋਟਾਂ ਨਾਲ ਤੀਜੇ ਨੰਬਰ ‘ਤੇ ਅਮਨਦੀਪ ਸਿੰਘ, 614 ਵੋਟਾਂ ਪ੍ਰਾਪਤ ਕਰਕੇ ਸਤਿੰਦਰ ਸਿੰਘ ਬ੍ਰਹਮ ਚੌਥੇ ਅਤੇ ਸਤਿਨਾਮ ਸਿੰਘ ਗਿੱਲ 609 ਵੋਟਾਂ ਲੈ ਕੇ ਪੰਜਵੇਂ ਨੰਬਰ ‘ਤੇ ਰਹੇ। ਬੀ.ਓ.ਟੀ. ਲਈ ਚੋਣ ਹਾਰ ਗਏ ਪ੍ਰਭਜੀਤ ਕੌਰ ਕਲੇਰ ਨੂੰ 494, ਤਰਲੋਚਨ ਸਿੰਘ ਨੂੰ 481 ਅਤੇ ਸਵਰਨਜੀਤ ਸਿੰਘ ਨੂੰ 347 ਵੋਟਾਂ ਮਿਲੀਆਂ। ਸੀ.ਆਈ.ਸੀ. ਦੀ ਮੈਂਬਰੀ ਲਈ ਜੇਤੂ ਸੁਰਿੰਦਰ ਕੌਰ ਸੰਘਾ 511 ਵੋਟਾਂ ਲੈ ਕੇ ਕੰਵਰ ਹਰਿੰਦਰ ਸਿੰਘ ਤੋਂ 55 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਕੁੱਲ ਵੋਟਾਂ ਸਾਢੇ ਪੰਦਰਾਂ ਸੌ ਦੇ ਕਰੀਬ ਸਨ। ਅੰਦਾਜ਼ਨ 66 ਪ੍ਰਤੀਸ਼ਤ ਵੋਟਿੰਗ ਹੋਈ ਹੈ। ਕੁਝ ਵੋਟਾਂ ਇਸ ਲਈ ਰੱਦ ਹੋ ਗਈਆਂ, ਕਿਉਂਕਿ ਉਨ੍ਹਾਂ ਵੋਟਰਾਂ ਨੇ ਭੁਲੇਖੇ ਨਾਲ ਛੇ ਉਮੀਦਵਾਰਾਂ ਦੀ ਚੋਣ ਕਰ ਦਿੱਤੀ ਸੀ, ਜਦ ਕਿ ਬੀ.ਓ.ਟੀ. ਦੇ ਅੱਠ ਉਮੀਦਵਾਰਾਂ ਵਿੱਚੋਂ ਸਿਰਫ ਪੰਜ ਹੀ ਚੁਣਨੇ ਸਨ।
ਚੇਤੇ ਰਹੇ, ਸਾਲ 2022 ਦੀਆਂ ਗੁਰਦੁਆਰਾ ਚੋਣਾਂ ਵਿੱਚ ‘ਪੰਥਕ ਸਲੇਟ’ ਦੀ ਹੂੰਝਾ-ਫੇਰੂ ਜਿੱਤ ਹੋਈ ਸੀ, ਪਰ ਇਸ ਵਾਰ ‘ਚੜ੍ਹਦੀ ਕਲਾ ਸੇਵਕ’ ਧਿਰ ਦੇ ਦੋ ਮੈਂਬਰ ਚੁਣੇ ਜਾਣ ਕਾਰਨ ਸਮਝਿਆ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਵੰਝ ਬਰਾਬਰ ਗੱਡਿਆ ਗਿਆ ਹੈ; ਕਿਉਂਕਿ ‘ਪੰਥਕ ਸਲੇਟ’ ਤੋਂ ਨਾਰਾਜ਼ ਕੁਝ ਹਮਾਇਤੀਆਂ ਨੇ ‘ਚੜ੍ਹਦੀ ਕਲਾ ਸੇਵਕ’ ਧਿਰ ਦੀ ਜਿੱਤ ਲਈ ਜਿਸ ਤਰ੍ਹਾਂ ਦੀ ਖੇਡ ਖੇਡੀ ਸੀ, ਉਹ ਕੁਝ ਹੱਦ ਤੱਕ ਅਸਰ ਛੱਡ ਗਈ। ਉਂਜ ‘ਪੰਥਕ ਸਲੇਟ’ ਦੇ ਕੁਝ ਮੈਂਬਰਾਂ ਖਿਲਾਫ ਦੋਸ਼ ਮੜ੍ਹ ਕੇ ਕੀਤੇ ਗਏ ਪ੍ਰਚਾਰ ਨੂੰ ਲੈ ਕੇ ਕੁਝ ਦਿਨਾਂ ਤੋਂ ਪੈਦਾ ਹੋਈ ਤਲਖ਼ੀ ਵੋਟਾਂ ਵਾਲੇ ਦਿਨ ਤੱਕ ਵੀ ਅਸਰਅੰਦਾਜ਼ ਰਹੀ।
ਇੱਕ ਹੋਰ ਸਪਸ਼ਟ ਨਜ਼ਾਰਾ ਇਹ ਸੀ ਕਿ ‘ਪੰਥਕ ਸਲੇਟ’ ਦੇ ਕੁਝ ਹਮਾਇਤੀ ਵੋਟਾਂ ‘ਚੜ੍ਹਦੀ ਕਲਾ ਸੇਵਕ’ ਧਿਰ ਦੇ ਇੱਕ-ਦੋ ਉਮੀਦਵਾਰਾਂ ਨੂੰ ਪਾਉਣ ਲਈ ਵੀ ਪ੍ਰੇਰਦੇ ਦੇਖੇ-ਸੁਣੇ ਗਏ; ਤੇ ਕੁਝ ਹੱਦ ਤੱਕ ਇਹੋ ਜਿਹਾ ‘ਚੜ੍ਹਦੀ ਕਲਾ ਸੇਵਕ’ ਧਿਰ ਦੇ ਇੱਕ-ਦੋ ਹਮਾਇਤੀ ਵੀ ਕਰਦੇ ਦੇਖੇ ਗਏ। ਉਂਜ ਗੁਰੂਘਰ ਵਿੱਚ ਸੰਗਤ ਦੀਆਂ ਰੌਣਕਾਂ ਦੇਖ ਕੇ ਕਰੀਬ-ਕਰੀਬ ਸਾਰਾ ਦਿਨ ਇਹ ਚਰਚਾ ਹੁੰਦੀ ਰਹੀ ਕਿ ਅੱਜ ਉਹ ਲੋਕ ਵੀ ਪਰਿਵਾਰਾਂ ਸਮੇਤ ਨਜ਼ਰ ਆਏ ਹਨ, ਜੋ ਕਦੇ-ਕਦਾਈਂ ਜਾਂ ਸਾਲ ਪਿੱਛੋਂ ਹੀ ਗੁਰੂਘਰ ਆਉਂਦੇ ਹਨ। ਅਸਲ ਵਿੱਚ ਇਹ ਸਭ ਰਿਸ਼ਤੇਦਾਰੀਆਂ ਤੇ ਨਜ਼ਦੀਕੀਆਂ ਦੀ ਠੁੱਕ ਬਣਾਈ ਰੱਖਣ ਦੀ ਪ੍ਰਵਿਰਤੀ ਦਾ ਹਿੱਸਾ ਤਾਂ ਸੀ ਹੀ, ਪਰ ਕਿਧਰੇ-ਕਿਧਰੇ ‘ਪੰਚਾਇਤੀ ਚੋਣਾਂ ਵਿੱਚ ਫਲਾਣੇ ਦੀ ਅੜ ਭੰਨ੍ਹਣ’ ਵਾਂਗ ਆਪਣਿਆਂ ਦੇ ਹੀ ਬਰਖ਼ਿਲਾਫ ਵੋਟ ਭੁਗਤੀ/ਭੁਗਤਾਈ ਗਈ। ਹੁਣ ਅਗਲਾ ਮਸਲਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਆਣ ਪਿਆ ਹੈ। ਸੂਤਰਾਂ ਅਨੁਸਾਰ ਉਸ ਸਬੰਧੀ ਹੁਣੇ ਤੋਂ ਗਿਣਤੀਆਂ-ਮਿਣਤੀਆਂ ਸ਼ੁਰੂ ਹੋ ਗਈਆਂ ਹਨ। ਇਸ ਸਭ ਦੇ ਮੱਦੇਨਜ਼ਰ ਇਹ ਕਹਿਣਾ ਗਲਤ ਨਹੀਂ ਲੱਗਦਾ ਕਿ ਕੜਿਆਲ ਜਿਨ੍ਹਾਂ ਦੇ ਹੱਥਾਂ ਵਿੱਚ ਹੈ, ਉਹ ਹੀ ਸ਼ਾਹਸਵਾਰ ਹਨ!
ਵੋਟਾਂ ਵਾਲੇ ਦਿਨ ਦੋਹਾਂ ਧਿਰਾਂ ਦੇ ਲੱਗੇ ਟੇਬਲਾਂ ਨੇੜੇ ਦਿਲਚਸਪ ਨਜ਼ਾਰਾ ਇਹ ਸੀ ਕਿ ਜਦੋਂ ਕੋਈ ਸੰਗਤ ਮੈਂਬਰ ਇੱਕ ਧਿਰ ਦੇ ਨੁਮਾਇੰਦਿਆਂ ਨਾਲ ਗੱਲ ਕਰਦਾ ਤਾਂ ਦੂਜੀ ਧਿਰ ਨੂੰ ਧੁੜਕੂ ਜਿਹਾ ਲੱਗ ਜਾਂਦਾ ਕਿ ਫਲਾਣੀ ਫਲਾਣੀ ਵੋਟ ਉਸ ਧਿਰ ਨੂੰ ਚਲੇ ਜਾਵੇਗੀ; ਜਦਕਿ ਅਜਿਹਾ ਨਹੀਂ ਸੀ! ਗੁਰਦੁਆਰੇ ਦੀਆਂ ਪ੍ਰਬੰਧਕੀ/ਸਿਆਸੀ ਸਫਾਂ ਵਿੱਚ ਸਰਗਰਮ ਸ਼ਖ਼ਸੀਅਤਾਂ ਨੇ ਪਹਿਲਾਂ ਹੀ ਤੱਥ ਕੱਢ ਲਏ ਸਨ ਕਿ ਕਿਹੜੀ ਧਿਰ ਦਾ ਕਿਹੜਾ ਉਮੀਦਵਾਰ ਜਿੱਤ ਸਕਦਾ ਹੈ। ਬੇਸ਼ੱਕ ਵਧੇਰੇ ਗਿਣਤੀ ਸੰਗਤ ਨੇ ਇਹ ਪਹਿਲਾਂ ਹੀ ਧਾਰ ਲਿਆ ਹੋਇਆ ਸੀ ਕਿ ਕਿਸ ਕਿਸ ਨੂੰ ਵੋਟ ਪਾਉਣੀ ਹੈ, ਪਰ ਫਿਰ ਵੀ ਦੋਹਾਂ ਧਿਰਾਂ ਦੇ ਸਮਰਥਕ ਅਤੇ ਉਮੀਦਵਾਰ ਸਾਰੀ ਸੰਗਤ ਨੂੰ ਵੋਟਾਂ ਉਨ੍ਹਾਂ ਦੇ ਹੱਕ ਵਿੱਚ ਪਾਉਣ ਦੀ ਅਪੀਲ ਕਰਦੇ ਰਹੇ। ਉਂਜ ਵਿਚਾਰਧਾਰਕ ਮਤਭੇਦਾਂ ਦੇ ਬਾਵਜੂਦ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਇਤਫ਼ਾਕੀਆ ਸਾਂਝ ਬਣੀ ਰਹੀ। ਹਾਂ! ਕੁਝ ਕੁ ਸੱਜਣਾਂ ਦਰਮਿਆਨ ਨਿੱਜੀ ਤੌਰ ਉੱਤੇ ਪੈਦਾ ਹੋਈ ਆਪਸੀ ਕੁੜੱਤਣ ਵੀ ਕਈਆਂ ਨੇ ਉਚੇਚੇ ਤੌਰ ‘ਤੇ ਮਹਿਸੂਸ ਕੀਤੀ।
ਹਾਲਾਂਕਿ ਚੋਣ ਵਾਲੇ ਦਿਨ ਵੀ ਕਥਿਤ ਤੌਰ ‘ਤੇ ਜਾਅਲੀ ਵੋਟਾਂ ਬਣਾਏ ਜਾਣ ਅਤੇ ਕੁਝ ਮੈਂਬਰਾਂ ਦਾ ਨਾਂ ਵੋਟਰ ਲਿਸਟਾਂ ਵਿੱਚ ਨਾ ਹੋਣ ਕਾਰਨ ਪ੍ਰਬੰਧਕੀ ਕਮਜ਼ੋਰੀਆਂ ਦੇ ਦੋਸ਼ ਲੱਗਦੇ ਰਹੇ। ਗੁਰਦੁਆਰਾ ਮੈਂਬਰਸ਼ਿਪ ਲਈ ਹੋਈ ਹੋਣ ਦੇ ਬਾਵਜੂਦ ਕੁਝ ਕੁ ਗਿਣਤੀ ਸੰਗਤ ਦਾ ਨਾਂ ਵੋਟਰ ਸੂਚੀ ਵਿੱਚ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਕੁਝ ਨਿਰਾਸ਼ਾ ਹੋਈ, ਪਰ ਬਾਅਦ ਵਿੱਚ ਗੁਰੂਘਰ ਦੇ ਦਫਤਰੀ ਰਿਕਾਰਡ ਦੇ ਆਧਾਰ ‘ਤੇ ਉਨ੍ਹਾਂ ਨੂੰ ਵੋਟ ਪਾਉਣ ਦਿੱਤੀ ਗਈ।
ਇਸੇ ਦੌਰਾਨ ਸੰਗਤ ਦੇ ਕੁਝ ਮੈਂਬਰਾਂ ਨੂੰ ਵੋਟ ਭੁਗਤਾਉਣ ਲਈ ਕਤਾਰ ਵਿੱਚ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਤੇ ਉਨ੍ਹਾਂ ਨੇ ਕਥਿਤ ਨਾਕਸ ਪ੍ਰਬੰਧ ਉੱਤੇ ਨਾਰਾਜ਼ਗੀ ਪ੍ਰਗਟਾਈ। ਨਾਮ ਨਾਲ ਅਖੀਰ ਵਿੱਚ ਲੱਗੇ ‘ਸਿੰਘ ਅਤੇ ਕੌਰ’ ਵਾਲਿਆਂ ਦੀ ਕਤਾਰ ਤੇਜ਼ੀ ਨਾਲ ਅੱਗੇ ਵਧਦੀ ਦੇਖ, ਵੱਖ-ਵੱਖ ਗੋਤਾਂ ਦੇ ਨਾਂਵਾਂ ਵਾਲਿਆਂ ਨੇ ਨਾਰਾਜ਼ਗੀ ਜ਼ਾਹਰ ਕੀਤੀ, ਕਿਉਂਕਿ ਉਨ੍ਹਾਂ ਨੂੰ ਉਡੀਕ ਕਰਨੀ ਪੈ ਰਹੀ ਸੀ। ਇਸ ਸਬੰਧੀ ਚੋਣ ਕਮੇਟੀ ਦੇ ਚੇਅਰਮੈਨ ਨੇ ਸਪਸ਼ਟ ਕੀਤਾ ਕਿ ਬਜ਼ੁਰਗਾਂ ਜਾਂ ਜਿਨ੍ਹਾਂ ਨੇ ਕੰਮਾਂ-ਕਾਰਾਂ ਉਤੇ ਜਾਣਾ ਸੀ, ਉਨ੍ਹਾਂ ਨੂੰ ਪਹਿਲਾਂ ਜਾਣ ਦਿੱਤਾ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਜੋੜਿਆਂ ਵਿੱਚੋਂ ਪਤਨੀ ਦੇ ਨਾਮ ‘ਤੇ ਮੈਂਬਰਸ਼ਿਪ ਲਈ ਫਾਰਮ ਭਰੇ ਗਏ ਸਨ, ਉਨ੍ਹਾਂ ਜਾਂ ਫਿਰ ਜਿਨ੍ਹਾਂ ਦੇ ਘਰ ਦੇ ਪਤੇ ਬਦਲ ਗਏ ਸਨ, ਦੀ ਸ਼ਨਾਖਤ ਸਮੇਂ ਇੱਕਾ-ਦੁੱਕਾ ਮਾਮੂਲੀ ਸਮੱਸਿਆ ਆਈ।
ਮੈਂਬਰਸ਼ਿਪ ਚੋਣ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਘੋਤੜਾ ਅਨੁਸਾਰ ਚੋਣ ਪ੍ਰਕਿਰਿਆ ਦੌਰਾਨ ਚੋਣ ਕਮੇਟੀ ਦੀ ਸਕੱਤਰ ਇਮਾਨਪ੍ਰੀਤ ਕੌਰ ਗਿੱਲ, ਆਬਜ਼ਰਵਰ ਹਰਦਿਆਲ ਸਿੰਘ ਦਿਓਲ ਤੇ ਜਸਵੀਰ ਕੌਰ ਮਾਨ ਅਤੇ ਸੀ.ਆਈ.ਸੀ. ਦੇ ਚੇਅਰਮੈਨ ਗੁਰਦੀਪ ਸਿੰਘ ਸੰਘਾ ਤੇ ਸੈਕਟਰੀ ਕਰਮਜੀਤ ਸਿੰਘ ਭਟਨੂਰਾ ਆਦਿ ਨੇ ਆਪੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਤਿੰਨ ਟੇਬਲਾਂ ਉਤੇ ਦੋਹਾਂ ਧਿਰਾਂ ਦੇ ਦੋ-ਦੋ ਨੁਮਾਇੰਦੇ ਸਹਿਯੋਗ ਲਈ ਉਨ੍ਹਾਂ ਦੇ ਨਾਲ ਸਨ। ਮੈਂਬਰਸ਼ਿਪ ਚੋਣ ਕਮੇਟੀ ਨੇ ਚੋਣਾਂ ਦੌਰਾਨ ਸੰਗਤਾਂ, ਵਾਲੰਟੀਅਰਾਂ, ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਅਮਲ ਦੀ ਪ੍ਰਕਿਰਿਆ ਦੌਰਾਨ ਕੁਝ ਮਸਲੇ ਚੁਣੌਤੀ ਭਰਪੂਰ ਸਨ, ਜਿਨ੍ਹਾਂ ਨੂੰ ਵਿਚਾਰ-ਵਟਾਂਦਰੇ ਤੇ ਦਲੀਲਾਂ ਨਾਲ ਨਜਿੱਠ ਲਿਆ ਗਿਆ।
ਅੰਤਿਕਾ: ਗੁਰਦੁਆਰਾ ਪੈਲਾਟਾਈਨ ਦਾ ਮੰਜ਼ਰ-ਏ-ਚੋਣ ਇਹ ਸੀ ਕਿ ਸਾਲ 2022 ਦੀਆਂ ਚੋਣਾਂ ਦਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਉਦੋਂ ਹੋਈਆਂ ਪ੍ਰਬੰਧਕੀ ਚੋਣਾਂ ਦਾ ਧਿਆਨ ਧਰਦਿਆਂ ਮੈਂ ਛੋਟਾ ਜਿਹਾ ਕਾਵਿ ਟੋਟਾ ਲਿਖਿਆ ਸੀ। ਹਾਲੀਆ ਚੋਣਾਂ ਦੇ ਮੱਦੇਨਜ਼ਰ ਉਸ ਵਿੱਚ ਕੁੱਝ ਤਬਦੀਲੀ ਕਰਕੇ ਪੇਸ਼ ਕਰਨ ਦੀ ਗੁਸਤਾਖ਼ੀ ਕਰ ਰਿਹਾ ਹਾਂ। ਜ਼ਰਾ ਪੜ੍ਹ ਕੇ ਜੀ…
ਮੰਜ਼ਰ-ਏ-ਚੋਣ
ਮਾਹੌਲ ਪਿੰਡ ਦੀ ਪੰਚਾਇਤ ਦੀ ਚੋਣ ਜਿਹਾ ਸੀ
ਲੱਗੀਆਂ ਸਨ ਰੌਣਕਾਂ ਬੜੀਆਂ ਹੀ ਭਾਰੀਆਂ ਜੀ।
ਮਿਥ ਕੇ ਆਈਆਂ ਸਨ ਸੰਗਤਾਂ ਗੁਰੂ ਦੇ ਘਰ ‘ਚ
ਵਿਚਾਰਾਂ ਪਹਿਲਾਂ ਹੀ ਮਨਾਂ ‘ਚ ਸਨ ਧਾਰੀਆਂ ਜੀ।
ਧਿਰ ਆਪਣੀ ਨੂੰ ਜਿਤਾਉਣ ਲਈ ਪੈਲਾਟਾਈਨ ‘ਚ
ਖੁਲ੍ਹੇਆਮ ਤੇ ਚੁੱਪ-ਚੁੱਪੀਤੇ ਜ਼ੋਰ ਲਾਇਆ ਕਈਆਂ ਨੇ।
ਮਾਹੌਲ ਆਖਰੀ ਦਿਨਾਂ ‘ਚ ਮੁਕਾਬਲੇ ਦਾ ਬਣ ਗਿਆ ਸੀ
ਤਾਂਹੀਂ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਵੱਧ ਪਈਆਂ ਨੇ।
ਵਿਚਾਰਧਾਰਕ ਪਾੜ ਬਣ ਜਾਂਦੇ ਖੱਡ ਡੂੰਘੀ ਸਮੇਂ ਨਾਲ
ਪਰ ਇਤਫ਼ਾਕ ਆਪਸ ‘ਚ ਗੁਰੂ ਘਰ ਅੰਦਰ ਰੱਖੀਏ ਜੀ।
ਨਿਤ ਸੂਰਜ ਚੜ੍ਹਦੇ ਤੇ ਲੱਥਦੇ ਰਹਿੰਦੇ ਨੇ ‘ਕੁਲਜੀਤ ਸਿਆਂ’
ਹਕੀਕਤ ਇਸ ਤੋਂ ਨਾ ਪਾਸਾ ਕਦੇ ਭੁੱਲ ਕੇ ਵੀ ਵੱਟੀਏ ਜੀ!
