ਮੰਡੀ ’ਚ ਗੁਆਚਦੀ ਕ੍ਰਿਕਟ ਦੀ ਰੂਹ

ਵਿਚਾਰ-ਵਟਾਂਦਰਾ

ਤੂੰ ਕਿੰਜ ਆਲ੍ਹਣਾ ਸਾਂਭੇਗਾ…
ਸੁਸ਼ੀਲ ਦੁਸਾਂਝ
ਨੀਲਾਮੀਆਂ ਦਾ ਦੌਰ ਹੈ ਅੱਜਕਲ੍ਹ। ਹਰ ਚੀਜ਼ ਨੀਲਾਮ ਹੋ ਰਹੀ ਹੈ। ਚਮਕ-ਦਮਕ, ਤੜਕ-ਭੜਕ ਦੀ ਮਾਰਾ-ਮਾਰੀ ਹੈ। ਮਸਨੂਈ ਰੌਸ਼ਨੀਆਂ ਨਾਲ ਅੰਦਰਲੇ ਹਨੇਰਿਆਂ ਨੂੰ ਕੱਜਣ ਦੇ ਢਕਵੰਜ ਹੋ ਰਹੇ ਹਨ। ਬਾਹਰੋਂ ਖੁਸ਼ ਨਜ਼ਰ ਆ ਰਿਹਾ ਬੰਦਾ ਅੰਦਰੋਂ ਪੀੜੋ-ਪੀੜ ਹੈ। ਰੌਸ਼ਨੀਆਂ ਦੇ ਸੁਪਨਿਆਂ ਨੂੰ ਕਾਲਖਾਂ ਦੇ ਘੇਰੇ ਹਨ। ਬੰਦਾ ਸੁਪਨੇ ਵਿੱਚ ਤਮਾਸ਼ਾਈ ਹੈ, ਪਰ ਹਕੀਕਤ ਵਿੱਚ ਖੁਦ ਤਮਾਸ਼ਾ ਹੈ। ਇਸੇ ਤਮਾਸ਼ੇ ਦੀ ਅਗਲੀ ਕੜੀ ਕ੍ਰਿਕਟ ਦਾ ਨੀਲਾਮ ਹੋ ਜਾਣਾ ਹੈ।

ਕ੍ਰਿਕਟ ਦੀ ਇਸ ਨੀਲਾਮੀ ਵਿੱਚ ਸ਼ਹਿਰਾਂ ਦੇ ਸ਼ਹਿਰ ਹੀ ਨਹੀਂ, ਮਹਾਂਨਗਰ ਤੱਕ ਨੀਲਾਮ ਹੋ ਗਏ ਹਨ। ਜਦੋਂ ਕ੍ਰਿਕਟ ਦਾ ਸੁੱਧ ਵਪਾਰਕ ਸੰਸਕਰਨ ਆਈ.ਪੀ.ਐੱਲ. ਸ਼ੁਰੂ ਹੋਇਆ ਤਾਂ ਅਖਬਾਰਾਂ ਵਿੱਚ ਸੁਰਖੀਆਂ ਸਨ- ਫਿਲਮ ਸਟਾਰ ਸ਼ਾਹਰੁਖ ਖ਼ਾਨ ਨੇ ਕੋਲਕਾਤਾ ਖ਼ਰੀਦ ਲਿਆ ਹੈ ਅਤੇ ਪ੍ਰੀਤੀ ਜ਼ਿੰਟਾ ਨੇ ਆਪਣੇ ਬੁਆਏ ਫਰੈਂਡ ਨੈਸ ਵਾਡੀਆ ਨਾਲ ਮਿਲ ਕੇ ਮੁਹਾਲੀ ਖ਼ਰੀਦ ਲਿਆ ਹੈ। ਮੈਂ ਮੁਹਾਲੀ ਰਹਿੰਦਾ ਹਾਂ। ਆਪਣੇ ਆਪ ਨੂੰ ਸਵਾਲ ਕਰਦਾ ਹਾਂ- “ਕੀ ਮੈਨੂੰ ਵੀ ਵੇਚ ਦਿੱਤਾ ਗਿਆ ਹੈ, ਉਹ ਵੀ ਮੈਨੂੰ ਪੁੱਛੇ ਬਿਨਾਂ ਹੀ?” ਕੈਸਾ ਸਮਾਂ ਆ ਗਿਆ ਹੈ। ਬੰਦਾ ਵਿਕ ਗਿਆ ਹੈ, ਪਰ ਉਹਨੂੰ ਪਤਾ ਹੀ ਨਹੀਂ। ਕਿਸ ਨੂੰ ਇਹ ਹੱਕ ਹੈ ਕਿ ਉਹ ਆਮ ਭਾਰਤੀ ਨਾਗਰਿਕ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਮੰਡੀ ਵਿਚ ਬੋਲੀ ’ਤੇ ਲਾ ਦੇਵੇ? ਤੇ ਕਿਸਨੇ ਦਿੱਤਾ ਹੈ ਇਹ ਹੱਕ? ਇਹ ਅਜਿਹੇ ਸੁਲਘਦੇ ਸਵਾਲ ਹਨ, ਜਿਨ੍ਹਾਂ ਨਾਲ ਦੋ-ਚਾਰ ਹੋਣਾ ਹੀ ਪੈਣਾ ਹੈ। ਅੱਜ ਮੁਹਾਲੀ, ਕੋਲਕਾਤਾ, ਮੁੰਬਈ, ਬੰਗਲੌਰ, ਹੈਦਰਾਬਾਦ, ਦਿੱਲੀ ਵਿਕੇ ਹਨ, ਕੱਲ੍ਹ ਨੂੰ ਸਾਰਾ ਮੁਲਕ ਹੀ ਵੇਚ ਦਿੱਤਾ ਜਾਵੇਗਾ।
ਸ਼ਾਇਰ ਇਨ੍ਹਾਂ ਪ੍ਰਸਥਿਤੀਆਂ ਨੂੰ ਬਾਖ਼ੂਬੀ ਸਮਝਦੇ ਹਨ। ਸ਼ਾਇਰ ਮਿੱਤਰ ਸੁਰਜੀਤ ਜੱਜ ਨੇ ਵੀ ਕਈ ਸਾਲ ਪਹਿਲਾਂ ਹੀ ਲਿਖ ਦਿੱਤਾ ਸੀ:
“ਤੂੰ ਕਿੰਜ ਆਲ੍ਹਣਾ ਸਾਂਭੇਗਾ,
ਜਦ ਬਿਰਖ ਉਨ੍ਹਾਂ ਕਟਵਾ ਦੇਣਾ,
ਤੂੰ ਮਰਦੈਂ ਚੰਦ ਸਿਆੜਾਂ ਲਈ
ਉਨ੍ਹਾਂ ਪੂਰਾ ਦੇਸ਼ ਵਿਕਾ ਦੇਣਾ।”
ਹਾਲਾਤ ਪੂਰਾ ਮੁਲਕ ਵਿਕਾ ਦੇਣ ਵਾਲੇ ਹੀ ਹਨ। ਕ੍ਰਿਕਟ ਦੇ ਨਾਂ ’ਤੇ ਸ਼ੁਰੂ ਹੋਈ ਨੀਲਾਮੀ ਇਸੇ ਪਾਸੇ ਵੱਲ ਹੀ ਸੇਧਤ ਹੈ। ਕ੍ਰਿਕਟ ਆਪਣੇ ਮੁਲਕ ਵਿੱਚ ਖੇਡ ਨਹੀਂ, ਜਨੂੰਨ ਬਣਾ ਦਿੱਤੀ ਗਈ ਹੈ, ਨਿਰਾ-ਪੂਰਾ ਵਪਾਰ।
ਆਈ.ਪੀ.ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਤੱਕ ਕ੍ਰਿਕਟ ਵਪਾਰ ਹੋਣ ਦੇ ਬਾਵਜੂਦ ਖੇਡ ਲੱਗਦੀ ਸੀ, ਪਰ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਬਣਾ ਕੇ ਤੇ ਸ਼ਹਿਰਾਂ ਦੇ ਨਾਂ ’ਤੇ ਟੀਮਾਂ ਵੇਚ ਕੇ ਕ੍ਰਿਕਟ ਨੂੰ ਪੂਰੀ ਤਰ੍ਹਾਂ ਬਾਜ਼ਾਰ ਦੇ ਹਵਾਲੇ ਕਰ ਦਿੱਤਾ ਹੈ। ਇੱਕ ਪਾਸੇ ਮੈਚ ਚੱਲ ਰਿਹਾ ਹੁੰਦਾ ਹੈ ਤੇ ਬਰਾਬਰ ਹੀ ਦਰਸ਼ਕਾਂ ਦੇ ਮਨੋਰੰਜਨ ਲਈ ਦੇਸੀ-ਵਿਦੇਸ਼ੀ ਗਾਇਕ ਅਤੇ ਨ੍ਰਿਤਕ ਆਪਣੀਆਂ ਅਦਾਵਾਂ ਨਾਲ ਥਿਰਕ ਰਹੇ ਹੁੰਦੇ ਸਨ। ਹੁਣ ਮੁਕਾਬਲੇ ਵਿੱਚ ਇਸ ਲੀਗ ਨੂੰ ਹੋਰ ਵੱਡੇ ਪੱਧਰ ’ਤੇ ਨੀਲਾਮ ਕਰਕੇ ਕ੍ਰਿਕਟ ਦੀ ਰੂਹ ਦਾ ਹੀ ਜਨਾਜਾ ਕੱਢ ਦਿੱਤਾ ਗਿਆ ਹੈ।
ਇਹ ਹੁਣ ਹਜ਼ਾਰਾਂ ਕਰੋੜ ਦਾ ਵਪਾਰ ਬਣ ਚੁੱਕੀ ਹੈ। ਅੱਜ ਦੇ ਸਮੇਂ ਵਿੱਚ ਟੈਲੀਵਿਜ਼ਨ ਹੱਕਾਂ, ਡਿਜ਼ਿਟਲ ਪ੍ਰਸਾਰਣ ਅਤੇ ਵਿਗਿਆਪਨਾਂ ਰਾਹੀਂ ਇਸ ਲੀਗ ਦੀ ਕਮਾਈ ਅਸਮਾਨ ਛੂਹ ਰਹੀ ਹੈ। ਦੋ ਹਜ਼ਾਰ ਬਾਈ ਤੋਂ ਬਾਅਦ ਡਿਜ਼ਿਟਲ ਮਾਧਿਅਮਾਂ ’ਤੇ ਇਸ ਦੇ ਦਰਸ਼ਕ ਕਰੋੜਾਂ ਵਿੱਚ ਪਹੁੰਚ ਗਏ ਹਨ। ਨਵੀਆਂ ਟੀਮਾਂ ਦੇ ਸ਼ਾਮਲ ਹੋਣ ਨਾਲ ਇਹ ਮੇਲਾ ਹੋਰ ਫੈਲ ਗਿਆ ਹੈ ਅਤੇ ਹੁਣ ਇਹ ਸਿਰਫ਼ ਭਾਰਤ ਨਹੀਂ, ਸਾਰੀ ਦੁਨੀਆ ਦੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਖਿੱਚਦਾ ਹੈ।
ਜਿਨ੍ਹਾਂ ਵੱਡੇ-ਵੱਡੇ ਉਦਯੋਗਪਤੀਆਂ ਅਤੇ ਫਿਲਮ ਸਟਾਰਾਂ ਨੇ ਵੱਖ-ਵੱਖ ਟੀਮਾਂ ਦੀਆਂ ਫਰੈਂਚਾਈਜ਼ ਲਈਆਂ ਹਨ, ਉਨ੍ਹਾਂ ਲਈ ਇਸ ਖੇਡ ਦਾ ਕੋਈ ਖਾਸ ਜਜ਼ਬਾਤੀ ਮਹੱਤਵ ਨਹੀਂ। ਉਨ੍ਹਾਂ ਨੇ ਇਹਦੇ ’ਚੋਂ ਪ੍ਰਸਿੱਧੀ ਤਾਂ ਲੈਣੀ ਹੀ ਲੈਣੀ ਹੈ, ਨਾਲ ਹੀ ਪੈਸੇ ਵੀ ਕਮਾਉਣੇ ਹਨ। ਅੱਜ ਆਈ.ਪੀ.ਐੱਲ. ਦਾ ਟਵੰਟੀ-20 ਟੂਰਨਾਮੈਂਟ ਸਿਰਫ਼ ਖੇਡ ਨਹੀਂ, ਸਗੋਂ ਮਨੋਰੰਜਨ ਉਦਯੋਗ ਦਾ ਵੱਡਾ ਹਿੱਸਾ ਬਣ ਗਿਆ ਹੈ। ਸਟੇਡੀਅਮ ਦੀ ਆਮਦਨ, ਪ੍ਰਸਾਰਣ ਹੱਕ ਅਤੇ ਸਪਾਂਸਰ- ਇਹ ਸਭ ਮਿਲ ਕੇ ਇੱਕ ਵੱਡੀ ਆਰਥਿਕ ਲੜੀ ਬਣਾਉਂਦੇ ਹਨ।
ਬੋਲੀ ਸਿਰਫ਼ ਟੀਮਾਂ ਦੀ ਹੀ ਨਹੀਂ ਲੱਗਦੀ, ਟੂਰਨਾਮੈਂਟ ਤੋਂ ਪਹਿਲਾਂ-ਪਹਿਲਾਂ ਆਪੋ-ਆਪਣੀ ਟੀਮ ਬਣਾਉਣ ਲਈ ਇੱਕਲੇ ਇੱਕਲੇ ਖਿਡਾਰੀ ਦੀ ਬੋਲੀ ਵੀ ਲੱਗਦੀ ਹੈ। ਇਹਦਾ ਸਾਫ਼ ਮਤਲਬ ਹੈ ਕਿ ਮਹਾਨ ਤੋਂ ਮਹਾਨ ਖਿਡਾਰੀ ਵੀ ਮੰਡੀ ਦਾ ਮਾਲ ਬਣ ਗਏ ਹਨ। ਇਸ ਤਰ੍ਹਾਂ ਸੰਸਾਰ ਵਿੱਚ ਆਪਣੀ ਧਾਕ ਜਮਾਉਣ ਵਾਲੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਦੁਨੀਆ ਭਰ ਦੇ ਹੋਰ ਮਹਾਨ ਖਿਡਾਰੀ ਵੀ ਬਾਜ਼ਾਰ ਵਿੱਚ ਸ਼ੋਅਕੇਸਾਂ ਦਾ ਸਾਮਾਨ ਹੀ ਬਣ ਗਏ ਹਨ- ਜਿਹਨੇ ਜ਼ਿਆਦਾ ਬੋਲੀ ਦਿੱਤੀ, ਉਹ ਲੈ ਗਿਆ।
ਇਸ ਦੇ ਨਾਲ ਹੀ ਅੱਜ ਡਾਟਾ ਵਿਸ਼ਲੇਸ਼ਣ, ਖਿਡਾਰੀਆਂ ਦਾ ਬਰਾਂਡ ਮੁਲੰਕਣ ਅਤੇ ਪ੍ਰਸਾਰਣ ਦੀ ਦੌੜ ਨੇ ਖੇਡ ਨੂੰ ਹੋਰ ਵੀ ਵਪਾਰਕ ਬਣਾ ਦਿੱਤਾ ਹੈ। ਖਿਡਾਰੀ ਹੁਣ ਸਿਰਫ਼ ਮੈਦਾਨ ਦੇ ਹੀਰੋ ਨਹੀਂ ਰਹੇ, ਸਗੋਂ ਵਿਗਿਆਪਨ ਅਤੇ ਸਮਾਜਿਕ ਮੀਡੀਆ ਦੇ ਚਿਹਰੇ ਵੀ ਬਣ ਗਏ ਹਨ।
ਇਹ ਹਾਲਾਤ ਸਾਫ਼ ਤੌਰ ’ਤੇ ਖੇਡ ਵਜੋਂ ਕ੍ਰਿਕਟ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣ ਵਾਲੇ ਹਨ। ਇਹ ਉਹ ਦੌਰ ਹੈ, ਜਦੋਂ ਭਾਰਤ ਦੇ ਆਮ ਬੰਦੇ ਕੋਲ ਦੋ ਜੂਨ ਦੀ ਰੋਟੀ ਦਾ ਵੀ ਜੁਗਾੜ ਨਹੀਂ, ਜਦੋਂ ਮੁਲਕ ਦੀ ਵੱਡੀ ਆਬਾਦੀ ਅਜੇ ਵੀ ਮੁੱਢਲੀਆਂ ਲੋੜਾਂ ਲਈ ਸੰਘਰਸ਼ ਕਰ ਰਹੀ ਹੈ, ਜਦੋਂ ਹਜ਼ਾਰਾਂ ਬੱਚੇ ਹਰ ਸਾਲ ਭੁੱਖ ਅਤੇ ਅਨਾਜ ਦੀ ਕਮੀ ਨਾਲ ਜੂਝਦੇ ਹਨ, ਉਦੋਂ ਹਜ਼ਾਰਾਂ ਕਰੋੜ ਰੁਪਇਆਂ ਦਾ ਤਮਾਸ਼ਾ ਦਿਖਾ ਕੇ ਲੋਕਾਂ ਨੂੰ ਹੋਰ ਹੋਰ ਭਟਕਾਇਆ ਜਾ ਰਿਹਾ ਹੈ।
ਅੱਜ ਦੀ ਤਰੀਕ ਵਿੱਚ ਆਮ ਭਾਰਤੀ ਦੀਆਂ ਲੋੜਾਂ ਅਤੇ ਤਰਜੀਹਾਂ ਇਹ ਨਹੀਂ, ਜੋ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਨ੍ਹਾਂ ਕੰਪਨੀਆਂ ਜਾਂ ਫਿਲਮ ਸਟਾਰਾਂ ਨੂੰ ਜੇਕਰ ਸੱਚਮੁੱਚ ਹੀ ਭਾਰਤੀ ਖੇਡਾਂ ਦੀ ਚਿੰਤਾ ਹੈ ਤਾਂ ਫਿਰ ਇਹ ਸਹਿਕਦੀ ਅਵਸਥਾ ਵਾਲੀਆਂ ਹੋਰਨਾਂ ਭਾਰਤੀ ਖੇਡਾਂ ਨੂੰ ਬਚਾਉਣ ਲਈ ਅੱਗੇ ਕਿਉਂ ਨਹੀਂ ਆਉਂਦੇ? ਖ਼ਾਸ ਤੌਰ ’ਤੇ ਸ਼ਾਹਰੁਖ ਖਾਨ ਬਾਰੇ ਤਾਂ ਗੱਲ ਕਰਨੀ ਹੀ ਬਣਦੀ ਹੈ- ਉਸ ਦੀ ਅਦਾਕਾਰੀ ਵਾਲੀ ‘ਚੱਕ ਦੇ ਇੰਡੀਆ’ ਫਿਲਮ ਨੇ ਹਾਕੀ ਰਾਹੀਂ ਭਾਰਤੀਅਤਾ ਦੀ ਇੱਕ ਗਹਿਰੀ ਛਾਪ ਛੱਡੀ ਸੀ, ਪਰ ਅਮਲ ਵਿੱਚ ਤਰਜੀਹ ਕ੍ਰਿਕਟ ਨੂੰ ਹੀ ਦਿੱਤੀ ਗਈ।
ਸਾਫ ਹੈ ਕਿ ਜਿਹੜਾ ਵੀ ਪੈਸਾ ਲਗਾਉਂਦਾ ਹੈ, ਉਹ ਇਹੀ ਦੇਖਦਾ ਹੈ ਕਿ ਇਹ ਪੈਸਾ ਦੂਣਾ-ਚੌਣਾ ਹੋ ਕੇ ਕਿੱਥੋਂ ਵਾਪਸ ਆਵੇਗਾ! ਹਾਕੀ ਜਾਂ ਹੋਰ ਖੇਡਾਂ ’ਤੇ ਪੈਸਾ ਲਗਾਉਣਾ ਉਨ੍ਹਾਂ ਨੂੰ ਫ਼ਾਇਦੇਮੰਦ ਨਹੀਂ ਲੱਗਦਾ।
ਸੋ, ਕ੍ਰਿਕਟ ਅਤੇ ਖਿਡਾਰੀਆਂ ਦੀ ਨੀਲਾਮੀ ਦੱਸਦੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਹਰ ਚੀਜ਼ ਹੀ ਨੀਲਾਮ ਘਰ ਦਾ ਸ਼ੋਅਪੀਸ ਬਣ ਜਾਵੇਗੀ। ਹੁਣ ਇਹ ਤੁਹਾਡੇ ’ਤੇ ਮੁਨੱਸਰ ਹੈ ਕਿ ਤੁਸੀਂ ਦਰਸ਼ਕ ਬਣੇ ਰਹਿਣਾ ਹੈ ਜਾਂ ਸੋਚਣ ਵਾਲਾ ਇਨਸਾਨ ਬਣਨਾ ਹੈ!

Leave a Reply

Your email address will not be published. Required fields are marked *