*ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦਾ ਟੈਗ ਲੱਥਾ
*ਪੰਜਾਬ ਦੇ ਮਸਲੇ ਨਹੀਂ ਉਠਾਏ ਰਾਘਵ ਚੱਢਾ ਨੇ ਰਾਜ ਸਭਾ ਵਿੱਚ
ਜਸਵੀਰ ਸਿੰਘ ਮਾਂਗਟ
ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਆਮ ਆਦਮੀ ਪਾਰਟੀ ਨੇ ਆਪਣੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ। ਰਾਜ ਸਭਾ ਸਕੱਤਰੇਤ ਨੂੰ ਪਾਰਟੀ ਨੇ ਲਿਖ ਕੇ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਸਮੇਂ ਵਿੱਚੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਪਾਰਟੀ ਆਗੂਆਂ ਨੇ ਆਪਣੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਪਾਰਟੀ ਅਤੇ ਇਸ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ
ਵੱਡੇ ਅਹੁਦਿਆਂ ਨਾਲ ਨਿਵਾਜਿਆ, ਪਰ ਜਦੋਂ ਪਾਰਟੀ ਅਤੇ ਇਸ ਦੇ ਸੀਨੀਅਰ ਲੀਡਰਾਂ ‘ਤੇ ਭੀੜ ਪਈ ਤਾਂ ਰਾਘਵ ਚੱਢਾ ਪਾਰਟੀ ਨਾਲ ਨਹੀਂ ਖਲੋਤੇ। ਉਪਰੋਕਤ ਤੋਂ ਇਲਾਵਾ ‘ਆਪ’ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਅਮਨ ਅਰੋੜਾ ਤੇ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਰਾਘਵ ਚੱਢਾ ਖਿਲਾਫ ਆਪਣੇ ਬਿਆਨ ਵਿੱਚ ਕਿਹਾ ਕਿ ਰਾਜ ਸਭਾ ਵਿੱਚ ਰਹਿੰਦਿਆਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਕੇਂਦਰੀ ਮੁੱਦੇ ਨਹੀਂ ਚੁੱਕੇ।
ਸ. ਧਾਲੀਵਾਲ ਨੇ ਕਿਹਾ ਕਿ ਕੇਂਦਰ ਕੋਲ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ 8500 ਕਰੋੜ, ਜੀ.ਐਸ.ਟੀ. ਦੇ 60,000 ਕਰੋੜ ਅਤੇ ਹੜ੍ਹਾਂ ਵੇਲੇ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਕੇਂਦਰ ਕੋਲ ਪਏ ਹਨ। ਇਨ੍ਹਾਂ ਬਕਾਇਆਂ ਬਾਰੇ ਰਾਘਵ ਨੇ ਕੋਈ ਆਵਾਜ਼ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਵਾਰ ਵਾਰ ਕਹਿਣ ਦੇ ਬਾਵਜੂਦ ਰਾਘਵ ਚੱਢਾ ਨੇ ਇਨ੍ਹਾਂ ਮਸਲਿਆਂ ‘ਤੇ ਪਾਰਲੀਮੈਂਟ ਵਿੱਚ ਚੁੱਪ ਧਾਰੀ ਰੱਖੀ। ਉਪਰੋਕਤ ਲੀਡਰਾਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿਸਾਨਾਂ ਦੇ ਮਸਲਿਆਂ ਅਤੇ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੇ ਮਸਲੇ ਪਾਰਲੀਮੈਂਟ ਵਿੱਚ ਨਾ ਉਠਾਉਣਾ ਪਾਰਟੀ ਨੂੰ ਬੰਪਰ ਜਿੱਤ ਦਿਵਾਉਣ ਵਾਲੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਦੇ ਤੁਲ ਹੈ।
ਉਪਰੋਕਤ ਤੋਂ ਇਲਾਵਾ ਰਾਘਵ ਚੱਢਾ ‘ਤੇ ਪਾਰਟੀ ਵੱਲੋਂ ਤਿੰਨ ਪ੍ਰਮੁੱਖ ਦੋਸ਼ ਲਾਏ ਗਏ ਹਨ। ਪਹਿਲੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਰਾਜ ਸਭਾ ਵਿੱਚ ਵਿਰੋਧੀ ਧਿਰ ਵਾਕ ਆਊਟ ਕਰਦੀ ਹੈ ਤਾਂ ਉਹ ਸਦਨ ਵਿੱਚ ਕੁਰਸੀ `ਤੇ ਇਕੱਲੇ ਬੈਠੇ ਰਹਿੰਦੇ ਹਨ। ਦੂਜੇ ਦੋਸ਼ ਤਹਿਤ ਕਿਹਾ ਗਿਆ ਹੈ ਕਿ ਜਦੋਂ ਮੁੱਖ ਚੋਣ ਕਮਿਸ਼ਨ ਨੂੰ ਹਟਾਉਣ ਲਈ ਦੋਸ਼ ਪੱਤਰ ਲਿਆਂਦਾ ਗਿਆ ਸੀ ਤਾਂ ਰਾਘਵ ਚੱਢਾ ਨੇ ਉਸ ਉੱਪਰ ਦਸਤਖਤ ਨਹੀਂ ਕੀਤੇ। ਤੀਜਾ ਇਹ ਕਿ ਰਾਘਵ ਚੱਢਾ ਭਾਜਪਾ ਦੀ ਅਲੋਚਨਾ ਤੋਂ ਡਰ ਗਿਆ ਸੀ। ਇਸ ਲਈ ਉਸ ਨੇ ਗੌਣ ਮੁੱਦੇ ਉਠਾਉਣੇ ਸ਼ੁਰੂ ਕਰ ਦਿੱਤੇ। ਉਸ ਨੂੰ ਕਿਹਾ ਵੀ ਗਿਆ ਸੀ ਕਿ ਸਦਨ ਵਿੱਚ ਉਠਾਉਣ ਤੋਂ ਪਹਿਲਾਂ ਉਹ ਮੁੱਦਿਆਂ ਨੂੰ ਪਾਰਟੀ ਅੰਦਰ ਵਿਚਾਰ ਲਿਆ ਕਰੇ, ਪਰ ਉਸ ਨੇ ਇਸ ਸਲਾਹ ਦੀ ਕੋਈ ਪ੍ਰਵਾਹ ਨਹੀਂ ਕੀਤੀ।
ਆਮ ਆਦਮੀ ਪਾਰਟੀ ਵਿੱਚ ਪੂਰੀ ਸਜ-ਧਜ ਨਾਲ ਅੱਗੇ ਵਧਾਏ ਗਏ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੂੰ ਪਾਰਟੀ ਨੇ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਹੈ। ਰਾਜ ਸਭਾ ਸਕੱਤਰੇਤ ਨੂੰ ਪਾਰਟੀ ਨੇ ਇਹ ਵੀ ਲਿਖ ਕੇ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਸਮੇਂ ਵਿੱਚੋਂ ਰਾਜ ਸਭਾ ਵਿੱਚ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। ਪਾਰਟੀ ਦਾ ਇਹ ਨੋਟ ‘ਆਪ’ ਦੇ ਇੱਕ ਹੋਰ ਸੀਨੀਅਰ ਨੇਤਾ ਸੰਜੇ ਸਿੰਘ ਨੇ ਰਾਜ ਸਭਾ ਸਕੱਤਰੇਤ ਨੂੰ ਸੌਂਪਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਸਲੇ ‘ਤੇ ਬੋਲਦਿਆਂ ਕਿਹਾ ਕਿ ਰਾਘਵ ਚੱਢਾ ਭਾਜਪਾ ਪ੍ਰਤੀ ਸਮਝੌਤਾ-ਪ੍ਰਸਤ ਹੋ ਗਏ ਸਨ। ਕੁਝ ਹੋਰ ਆਗੂਆਂ ਨੇ ਉਨ੍ਹਾਂ ਨੂੰ ਭਾਜਪਾ ਸਰਕਾਰ ਤੋਂ ਡਰਿਆ ਹੋਇਆ ਆਗੂ ਵੀ ਕਿਹਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੱਢਾ ਨੇ ਪਾਰਟੀ ਵੱਲੋਂ ਆਖੇ ਜਾਣ ‘ਤੇ ਵੀ ਪਾਰਲੀਮੈਂਟ ਵਿੱਚ ਪੰਜਾਬ ਦੇ ਮੁੱਦੇ ਨਹੀਂ ਉਠਾਏ, ਸਗੋਂ ਹੋਰ ਛੋਟੇ-ਛੋਟੇ ਮੁੱਦਿਆਂ ‘ਤੇ ਬੋਲਦਾ ਰਿਹਾ। ਰਾਘਵ ਚੱਢਾ ‘ਤੇ ਇਹ ਦੋਸ਼ ਵੀ ਲੱਗਿਆ ਹੈ ਕਿ ਉਸ ਨੇ ਸੰਕਟ ਵਿੱਚ ਪਾਰਟੀ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਚਲੇ ਗਏ ਸਨ ਤਾਂ ਉਨ੍ਹਾਂ ਨੂੰ ਸਲਾਖਾਂ ਪਿੱਛੇ ਬੰਦ ਕੇਜਰੀਵਾਲ ਦੀ ਆਪਣੇ ਫੋਨ ‘ਤੇ ਡੀ.ਪੀ. ਲਗਾਉਣ ਲਈ ਕਿਹਾ ਸੀ, ਪਰ ਉਨ੍ਹਾਂ ਇਹ ਨਹੀਂ ਕੀਤਾ।
ਪਾਰਟੀ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਇੱਕ ਵੀਡੀਓ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਮੇਤ ਆਮ ਲੋਕਾਂ ਦੇ ਮਸਲੇ ਰਾਜ ਸਭਾ ਵਿੱਚ ਜ਼ੋਰ ਨਾਲ ਉਠਾਏ ਹਨ। ਪੇਸ਼ ਕੀਤੀ ਗਈ ਵੀਡੀਓ ਵਿੱਚ ਰਾਘਵ ਚੱਢਾ ਰਾਜ ਸਭਾ ਵਿੱਚ ਨਨਕਾਣਾ ਸਾਹਿਬ ਲਾਂਘੇ ਦਾ ਮਸਲਾ ਉਠਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਉਤੇ ਐਮ.ਐਸ.ਪੀ. ਦੇ ਤਸ਼ੱਦਦ ਦਾ ਮਸਲਾ ਵੀ ਰਾਜ ਸਭਾ ਵਿੱਚ ਉਠਾਇਆ। ਉਨ੍ਹਾਂ ਸ਼ਹੀਦ ਭਗਤ ਸਿੰਘ ਨੂੰ ਸ਼ਹਾਦਤ ਪਿੱਛੋਂ ਭਾਰਤ ਰਤਨ ਦੇਣ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਤਖਤ ਨੂੰ ਵਾਪਸ ਲਿਆਉਣ ਦੀ ਵੀ ਮੰਗ ਕੀਤੀ ਹੈ। ਰਾਘਵ ਚੱਢਾ ਨੇ ਕਿਹਾ ਕਿ ‘ਪੰਜਾਬ’ ਮੇਰੇ ਲਈ ਸਿਰਫ ਗੱਲਾਂਬਾਤਾਂ ਦਾ ਵਿਸ਼ਾ ਨਹੀਂ ਹੈ, ਇਹ ਮੇਰੀ ਆਪਣੀ ਧਰਤੀ ਹੈ, ਮੇਰੀ ਰੂਹ ਹੈ। ਆਪਣੀ ਇੱਕ ਹੋਰ ਸੋਸ਼ਲ ਪੋਸਟ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਉਸ ਨੂੰ ਖਾਮੋਸ਼ ਕੀਤਾ ਗਿਆ, ਪਰ ਉਹ ਹਾਰਿਆ ਨਹੀਂ ਹੈ। ਉਨ੍ਹਾਂ ‘ਆਪ’ ਲੀਡਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗਿਣ ਮਿੱਥ ਕੇ ਇੱਕੋ ਭਾਸ਼ਾ ਬੋਲੀ ਜਾ ਰਹੀ ਹੈ।
ਇਹ ਵੀ ਸਾਹਮਣੇ ਆਇਆ ਹੈ ਕਿ ਰਾਘਵ ਚੱਢਾ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਵਾਲੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਡਿਲੀਟ ਕਰ ਦਿੱਤੀਆਂ ਸਨ। ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਰਾਘਵ ਚੱਢਾ ਦੀ ਆਲੋਚਨਾ ਕਰਦਿਆਂ ਕਿਹਾ ਸ੍ਰੀ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵੱਡਾ ਰੁਤਬਾ ਦਿੱਤਾ, ਪਰ ਜਦੋਂ ਸਮਾਂ ਆਇਆ ਤਾਂ ਉਨ੍ਹਾਂ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਸਭਾ ਵਿੱਚ ਪੰਜਾਬ ਨਾਲ ਸੰਬੰਧਤ ਮਸਲੇ ਵੀ ਨਹੀਂ ਉਠਾਏ। ਸੀਨੀਅਰ ‘ਆਪ’ ਲੀਡਰ ਸੌਰਭ ਭਾਰਦਵਾਜ ਨੇ ਕਿਹਾ ਕਿ ਰਾਘਵ ਚੱਢਾ ਕਦੇ ਬੀ.ਜੇ.ਪੀ. ਅਤੇ ਪ੍ਰਧਾਨ ਮੰਤਰੀ ਦੇ ਤਿੱਖੇ ਆਲੋਚਕ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਭਾਜਪਾ ਅਤੇ ਮੋਦੀ ਵਿਰੁਧ ਆਪਣੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ। ਇਸ ਮਗਰੋਂ ਆਪਣਾ ਬਦਲਿਆ ਅਤੇ ਧੋਤਾ ਸਵਾਰਿਆ ਚਿਹਰਾ ਮੀਡੀਆ ਵਿੱਚ ਪੇਸ਼ ਕੀਤਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਵਾਸ਼ਿੰਗ ਮਸ਼ੀਨ ਵਿੱਚੋਂ ਧੋਅ ਸਵਾਰ ਕੇ ਬਾਹਰ ਕੱਢਿਆ ਹੋਵੇ।
ਯਾਦ ਰਹੇ, ਰਾਘਵ ਚੱਢਾ ਸ਼ੁਰੂ ਤੋਂ ਹੀ ਪਾਰਟੀ ਦੇ ਨਾਲ ਰਹੇ ਹਨ ਅਤੇ ਕਿੱਤੇ ਵਜੋਂ ਚਾਰਟਡ ਅਕਾਊਂਟੈਂਟ ਹਨ। ਅੰਨਾ ਹਜ਼ਾਰੇ ਲਹਿਰ ਦੇ ਆਖਰੀ ਦੌਰ ਵਿੱਚ ਉਹ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ, ਜਦੋਂ ਪਾਰਟੀ ਬਣਾਉਣ ਜਾਂ ਨਾ ਬਣਾਉਣ ਬਾਰੇ ਲੀਡਰਸ਼ਿਪ ਵਿਚਕਾਰ ਗੱਲਬਾਤ ਚੱਲ ਰਹੀ ਸੀ। ਉਨ੍ਹਾਂ ਨੂੰ ਪਾਰਟੀ ਨੇ ਦਿੱਲੀ ਦੇ ਲੋਕਪਾਲ ਬਿਲ ਨੂੰ ਡਰਾਫਟ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ਬਾਅਦ ਵਿੱਚ ਰਾਘਵ ਚੱਢਾ ਨੂੰ ਪਾਰਟੀ ਦਾ ਸਪੋਕਸਪਰਸਨ ਅਤੇ ਖਜ਼ਾਨਚੀ ਵੀ ਥਾਪਿਆ ਗਿਆ ਸੀ। 2020 ਦੀਆਂ ਦਿੱਲੀ ਚੋਣਾਂ ਵਿੱਚ ਚੱਢਾ ਰਾਜਿੰਦਰ ਨਗਰ ਦਿੱਲੀ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ ਸੀ। ਉਹ ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਰਹੇ। 2022 ਵਿੱਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਚੁਣਿਆ ਗਿਆ ਸੀ। ਪਿਛਲੇ ਕਾਫੀ ਸਮੇਂ ਤੋਂ ਰਾਘਵ ਚੱਢਾ ਪ੍ਰਮੁੱਖ ਪਾਰਟੀ ਸਰਗਰਮੀਆਂ ਤੋਂ ਦੂਰ ਰਹਿ ਰਹੇ ਹਨ। ਉਨ੍ਹਾਂ ਨੇ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਰਿਹਾਈ ਵੇਲੇ ਕੋਈ ਖਾਸ ਪ੍ਰਤੀਕਰਮ ਵੀ ਨਹੀਂ ਸੀ ਜ਼ਾਹਰ ਕੀਤਾ।
