‘ਰੰਗਲਾ ਪੰਜਾਬ’ ਲਈ ਟੀਮਾਂ ਵੱਲੋਂ ਅਭਿਆਸ ਜ਼ੋਰਾਂ-ਸ਼ੋਰਾਂ ਨਾਲ

ਖਬਰਾਂ

*ਪ੍ਰੋਗਰਾਮ 25 ਅਪਰੈਲ, ਸਨਿਚਰਵਾਰ ਨੂੰ *ਪੀ.ਸੀ.ਐੱਸ. ਵੱਲੋਂ ਤਿਆਰੀਆਂ ਮੁਕੰਮਲ
ਸ਼ਿਕਾਗੋ: ਪੰਜਾਬੀ ਕਲਚਰਲ ਸੁਸਾਇਟੀ ਆਫ ਸ਼ਿਕਾਗੋ (ਪੀ.ਸੀ.ਐੱਸ.) ਵੱਲੋਂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਕਰਵਾਏ ਜਾਂਦੇ ਸਾਲਾਨਾ ਸਮਾਗਮ ‘ਰੰਗਲਾ ਪੰਜਾਬ’ ਲਈ ਗਿੱਧਾ-ਭੰਗੜਾ ਤੇ ਹੋਰ ਟੀਮਾਂ ਵੱਲੋਂ ਅਭਿਆਸ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਸਬੰਧੀ ਰਿਹਰਸਲਾਂ ਪਿਛਲੇ ਕਈ ਹਫਤਿਆਂ ਤੋਂ ਇੰਡੀਆ ਹੱਬ, ਸ਼ਾਮਬਰਗ ਵਿਖੇ ਹੋ ਰਹੀਆਂ ਹਨ, ਜਿਸ ਦੌਰਾਨ ਕਈ ਟੀਮਾਂ ਆਪਣੀ ਪੇਸ਼ਕਾਰੀ ਲਈ ਅਭਿਆਸ ਕਰ ਰਹੀਆਂ ਹਨ।

ਇਸ ਤੋਂ ਇਲਾਵਾ ਕੁਝ ਗਿੱਧੇ ਦੀਆਂ ਟੀਮਾਂ ਦੀ ਤਿਆਰੀ ਘਰਾਂ ਵਿੱਚ ਚੱਲ ਰਹੀ ਹੈ। ‘ਰੰਗਲਾ ਪੰਜਾਬ-2026’ ਵਿੱਚ ਸ਼ਾਨਦਾਰ ਭੰਗੜਾ ਤੇ ਗਿੱਧਾ ਟੀਮਾਂ ਤੋਂ ਇਲਾਵਾ ਸੰਗੀਤਕ ਤੇ ਸਕਿੱਟ ਪ੍ਰਤਿਭਾ ਰਾਹੀਂ ਮਨੋਰੰਜਨ ਕੀਤਾ ਜਾਵੇਗਾ। ਸਮਾਗਮ 25 ਅਪਰੈਲ 2026 (ਸਨਿਚਰਵਾਰ), ਸ਼ਾਮ 5 ਵਜੇ ਤੋਂ ਕੋਪਰਨਿਕਸ ਸੈਂਟਰ (5216 ਵੈਸਟ ਲਾਰੈਂਸ ਐਵੇਨਿਊ, ਸ਼ਿਕਾਗੋ) ਵਿਖੇ ਹੋਵੇਗਾ।
ਪੀ.ਸੀ.ਐੱਸ. ਦੇ ਨੁਮਾਇੰਦੇ ਸੰਸਥਾ ਦੇ ਇਸ ਵੱਡੇ ਸਾਲਾਨਾ ਸਮਾਗਮ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰੀਂ ਆਉਂਦੇ ਹਨ। ਉਂਜ ਤਿਆਰੀਆਂ ਲਗਪਗ ਮੁਕੰਮਲ ਹਨ, ਪਰ ਜਿਉਂ ਜਿਉਂ ‘ਰੰਗਲਾ ਪੰਜਾਬ’ ਸਮਾਗਮ ਦੇ ਦਿਨ ਨੇੜੇ ਆ ਰਹੇ ਹਨ, ਤਿਉਂ ਤਿਉਂ ਟੀਮਾਂ ਤਿਆਰ ਕਰਨ ਵਾਲੇ ਕੋਆਰਡੀਨੇਟਰ ਬੱਚਿਆਂ ਨੂੰ ਵਾਧੂ ਸਮਾਂ ਅਭਿਆਸ ਕਰਵਾਉਣ ਲੱਗੇ ਹਨ। ਜਿਨ੍ਹਾਂ ਘਰਾਂ ਵਿੱਚ ਦੋਹਰੀਆਂ-ਦੋਹਰੀਆਂ ਰਿਹਰਸਲਾਂ ਹੋਣ ਲੱਗੀਆਂ ਹਨ, ਉਨ੍ਹਾਂ ਪਰਿਵਾਰਾਂ ਨੂੰ ਬੱਚਿਆਂ ਨਾਲ ਆਏ ਮਾਪਿਆਂ ਦੀ ਟਹਿਲ-ਸੇਵਾ ਲਈ ਮੇਜ਼ਬਾਨੀ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈ ਰਹੀ ਹੈ। ਉਂਜ ਪਿਛਲੇ ਕਈ ਐਤਵਾਰਾਂ ਤੋਂ ‘ਇੰਡੀਆ ਹੱਬ’ ਵਿੱਚ ਬੱਚੇ ਜਦੋਂ ਆਪਣੇ ਅਭਿਆਸ ਵਿੱਚ ਰੁੱਝੇ ਹੋਏ ਹੁੰਦੇ ਹਨ ਤਾਂ ਉਥੇ ਹੋਰਨਾਂ ਭਾਈਚਾਰਿਆਂ ਦੇ ਕਿਸੇ ਹੋਰ ਪ੍ਰੋਗਰਾਮ ਜਾਂ ਸੈਮੀਨਾਰ ਲਈ ਪਹੁੰਚੇ ਲੋਕ ਵੀ ‘ਰੰਗਲਾ ਪੰਜਾਬ’ ਦੀ ਤਿਆਰੀ ਵਿੱਚ ਲੱਗੇ ਬੱਚਿਆਂ `ਤੇ ਝਾਤ ਮਾਰ ਕੇ ਖੁਸ਼ਦਿਲ ਹੋ ਜਾਂਦੇ ਹਨ ਅਤੇ ਪੰਜਾਬੀ ਗੀਤਾਂ ਦੀਆਂ ਧੁਨਾਂ ਉਨ੍ਹਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਦੂਜੇ ਪਾਸੇ ਮਾਪੇ ਇੱਕ-ਦੂਜੇ ਨਾਲ ਗੱਲਾਂ ਵਿੱਚ ਜਾਂ ਫਿਰ ਆਪੋ-ਆਪਣੇ ਫੋਨਾਂ ਵਿੱਚ ਵਿਅਸਥ ਨਜ਼ਰ ਆਉਂਦੇ ਹਨ, ਕਿਉਂਕਿ ਜਿਨ੍ਹਾਂ ਮਾਪਿਆਂ ਦੇ ਦੋ-ਦੋ ਜਵਾਕ ਜਾਂ ਜਿਨ੍ਹਾਂ ਪਰਿਵਾਰਾਂ ਦੇ ਦੋ ਤੋਂ ਵੱਧ ਬੱਚੇ ਗਿੱਧੇ-ਭੰਗੜੇ ਦੇ ਅਭਿਆਸ ਲਈ ਆਏ ਹੁੰਦੇ ਹਨ, ਉਹ ਲੰਮਾ ਸਮਾਂ ਇੰਤਜ਼ਾਰ ਕੀਤੇ ਜਾਣ ਕਾਰਨ ਜਾਂ ਤਾਂ ਅਕੇਵਾਂ ਮਹਿਸੂਸ ਕਰਨ ਲੱਗ ਜਾਂਦੇ ਹਨ ਜਾਂ ਫਿਰ ਬੱਚਿਆਂ ਨੂੰ ਕਲਾਸ ਵਿੱਚ ਛੱਡ ਕੇ ਗਰੌਸਰੀ ਵਗੈਰਾ ਲਈ ਚਲੇ ਜਾਂਦੇ ਹਨ। ਖ਼ੈਰ! ਇਸ ਸਭ ਦੇ ਬਾਵਜੂਦ ਇੰਡੀਆ ਹੱਬ ਵਿੱਚ ਪੰਜਾਬੀ ਭਾਈਚਾਰੇ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ।
ਸੰਸਥਾ ਅਨੁਸਾਰ ਟੀਮਾਂ ਤਾਂ ਪਿਛਲੀ ਵਾਰ ਵਾਂਗ ਕਾਫੀ ਹੋ ਗਈਆਂ ਹਨ ਅਤੇ ਉਨ੍ਹਾਂ ਨੂੰ ਸਮਾਗਮ ਲਈ ਤਿਆਰ-ਬਰ-ਤਿਆਰ ਕਰਨਾ ਉਤਸ਼ਾਹ ਭਰਪੂਰ ਜ਼ਿੰਮੇਵਾਰੀ ਹੈ, ਜਿਸ ਵਿੱਚ ਸੰਸਥਾ ਦੇ ਨੁਮਾਇੰਦੇ ਅਤੇ ਕੋਆਰਡੀਨੇਟਰ ਆਪੋ-ਆਪਣੇ ਪੱਧਰ `ਤੇ ਸਹਿਯੋਗ ਕਰ ਰਹੇ ਹਨ।
ਪੀ.ਸੀ.ਐੱਸ. ਦੇ ਮੌਜੂਦਾ ਪ੍ਰਧਾਨ ਬਿਕਰਮ ਸਿੰਘ ਸੋਹੀ ਅਨੁਸਾਰ ਸੰਸਥਾ ਹਰ ਸਾਲ ਭਾਈਚਾਰੇ ਦੇ ਬੱਚਿਆਂ ਨੂੰ ਬਿਨਾ ਕਿਸੇ ਫੀਸ ਦੇ ਗਿੱਧੇ-ਭੰਗੜੇ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਲਈ ਸਿਖਲਾਈ ਦੇਣ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਨੇ ਵੱਖ-ਵੱਖ ਟੀਮਾਂ ਵਿੱਚ ਭਾਗ ਲੈ ਰਹੇ ਬੱਚਿਆਂ ਦੇ ਮਾਪਿਆਂ ਦਾ ਵੀ ਸਮਾਂ ਕੱਢ ਕੇ ਪੀ.ਸੀ.ਐਸ. ਦੇ ‘ਰੰਗਲਾ ਪੰਜਾਬ’ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਪ੍ਰਧਾਨ ਸੋਹੀ ਅਨੁਸਾਰ ਸਮਾਗਮ ਵਿੱਚ ਪਰਵਾਸੀ ਭਾਰਤੀ ਸਨਮਾਨ ਅਵਾਰਡ ਦੇ ਪ੍ਰਾਪਤਕਰਤਾ ਤੇ ਉਘੇ ਸਿੱਖ ਬਿਜਨਸਮੈਨ ਸ. ਦਰਸ਼ਨ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਡੈਬਰਾ ਧਾਲੀਵਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਸ਼ਿਕਾਗੋਲੈਂਡ ਤੋਂ ਇਲਾਵਾ ਨੇੜਲੀਆਂ ਸਟੇਟਾਂ-ਵਿਸਕਾਨਸਿਨ, ਮਿਸ਼ੀਗਨ ਤੇ ਇੰਡੀਆਨਾ ਤੋਂ ਵੀ ਮਹਿਮਾਨ ਆਉਣਗੇ। ਪ੍ਰਧਾਨ ਸੋਹੀ ਨੇ ਭਾਈਚਾਰੇ ਨੂੰ ‘ਰੰਗਲਾ ਪੰਜਾਬ’ ਲਈ ਨਿੱਘਾ ਸੱਦਾ ਦਿੱਤਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਸੋਹੀ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਸਮੇਤ ਕਈ ਪੀ.ਸੀ.ਐਸ. ਬੋਰਡ ਅਹੁਦਿਆਂ `ਤੇ ਸੇਵਾ ਨਿਭਾਅ ਚੁੱਕੇ ਹਨ ਅਤੇ ਵਰਤਮਾਨ ਵਿੱਚ ਪੈਂਪਰਡ ਸ਼ੈੱਫ – ਏ ਬਰਕਸ਼ਾਇਰ ਹੈਥਵੇ ਕੰਪਨੀ ਵਿੱਚ ਮੁੱਖ ਸੰਚਾਲਨ ਅਧਿਕਾਰੀ ਦਾ ਅਹੁਦਾ ਸੰਭਾਲਦੇ ਹਨ। ਪ੍ਰਧਾਨ ਸੋਹੀ ਅਨੁਸਾਰ ਸੰਸਥਾ ਦੇ ਇਸ ਸਾਲ ਦੇ ਚੇਅਰਵੂਮਨ ਡਾ. ਪ੍ਰਿਮਲ ਕੌਰ ਵੀ ‘ਰੰਗਲਾ ਪੰਜਾਬ’ ਲਈ ਕਾਫੀ ਉਤਸ਼ਾਹਿਤ ਹਨ ਅਤੇ ਉਹ ਉਚੇਚੇ ਤੌਰ `ਤੇ ਸਹਿਯੋਗ ਕਰ ਰਹੇ ਹਨ। ਪੀ.ਸੀ.ਐਸ. ਲਈ ਇਹ ਮਾਣ ਵਾਲੀ ਗੱਲ ਹੈ ਕਿ ਡਾ. ਪ੍ਰਿਮਲ ਕੌਰ ਐਮ.ਡੀ., ਐਮ.ਬੀ.ਏ., ਇੱਕ ਪ੍ਰਤਿਸ਼ਠਾਵਾਨ ਬਾਇਓਟੈਕ ਕਾਰਜਕਾਰੀ, ਬਾਇਓਫਾਰਮਾ ਉਦਯੋਗ ਵਿੱਚ 15 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਦੇ ਹਨ ਅਤੇ ਵਰਤਮਾਨ ਵਿੱਚ ਐਬਵੀ ਵਿਖੇ ਗਲੋਬਲ ਡਿਵੈਲਪਮੈਂਟ ਆਫ਼ ਇਮਯੂਨੋਲੋਜੀ, ਨਿਊਰੋਸਾਇੰਸ, ਆਈ ਕੇਅਰ ਤੇ ਸਪੈਸ਼ਲਿਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਜੋਂ ਸੇਵਾ ਨਿਭਾਅ ਰਹੇ ਹਨ।
ਸੰਸਥਾ ਅਨੁਸਾਰ ‘ਰੰਗਲਾ ਪੰਜਾਬ’ ਪੰਜਾਬੀ ਨੌਜਵਾਨਾਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਆਪਣੇ ਭਾਈਚਾਰੇ ਦੇ ਨੇੜੇ ਆਉਣ ਅਤੇ ਲੰਬੇ ਸਮੇਂ ਲਈ ਦੋਸਤ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਅਸਲ ਵਿੱਚ ਇੱਕ ਭਾਈਚਾਰਕ ਨਿਰਮਾਣ ਦਾ ਯਤਨ ਹੈ।

Leave a Reply

Your email address will not be published. Required fields are marked *