ਕੈਨੇਡਾ ਚੋਣਾਂ: ਟੈਰਿਫ ਤੇ ਜਨਤਕ ਸੁਰੱਖਿਆ ਜਿਹੇ ਮਾਮਲਿਆਂ ‘ਤੇ ਕੇਂਦਰਿਤ ਰਹੀ ਆਖਰੀ ਬਹਿਸ

ਸਿਆਸੀ ਹਲਚਲ ਖਬਰਾਂ

*ਕੈਨੇਡਾ ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦਾ ਦਬਦਬਾ ਜਾਰੀ
*ਮਾਰਕ ਕਾਰਨੀ ਦੀ ਆਰਥਿਕ ਮੁਹਾਰਤ ਤੋਂ ਹਨ ਪਬਲਿਕ ਨੂੰ ਆਸਾਂ
ਪੰਜਾਬੀ ਪਰਵਾਜ਼ ਬਿਊਰੋ
28 ਅਪਰੈਲ ਨੂੰ ਹੋ ਰਹੀਆਂ ਕੈਨੇਡਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਿਚਾਲੇ ਬੀਤੇ ਹਫਤੇ ਆਖਰੀ ਵੱਡੀ ਬਹਿਸ ਹੋਈ। ਇਹ ਬਹਿਸ ਮੁੱਖ ਤੌਰ ‘ਤੇ ਅਮਰੀਕਾ ਵਿੱਚ ਟਰੰਪ ਦੇ ਉਭਾਰ ਅਤੇ ਉਸ ਵੱਲੋਂ ਸ਼ੁਰੂ ਕੀਤੀ ਗਈ ਟੈਰਿਫ ਮੁਹਿੰਮ, ਇਸ ਦੇ ਕੈਨੇਡੀਅਨ ਆਰਥਿਕਤਾ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਕੇਂਦਰਿਤ ਰਹੀ।

ਇਸ ਤੋਂ ਇਲਾਵਾ ਕੈਨੇਡੀਅਨ ਲੋਕਾਂ ਦੀ ਸੁਰੱਖਿਆ, ਵਧ ਰਹੀ ਮਹਿੰਗਾਈ ਅਤੇ ਵਧ ਰਹੇ ਰਿਹਾਇਸ਼ੀ ਖਰਚਿਆਂ, ਊਰਜਾ ਸੈਕਟਰ ਨੂੰ ਪੱਕੇ ਪੈਰੀਂ ਕਰਨ ਅਤੇ ਵਾਤਾਵਰਣਿਕ ਵਿਗਾੜਾਂ ਜਿਹੇ ਮੁੱਦਿਆਂ ਨੂੰ ਵੀ ਬਹਿਸ ਵਿੱਚ ਲਿਆਂਦਾ ਗਿਆ। ਇਸ ਬਹਿਸ ਵਿੱਚ ਲਿਬਰਲ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ, ਨਿਊ ਡੈਮੋਕਰੇਟਿਕ ਪਾਰਟੀ ਵੱਲੋਂ ਸਿੱਖ ਆਗੂ ਜਗਮੀਤ ਸਿੰਘ, ਕਨਜ਼ਰਵੇਟਿਵ ਪਾਰਟੀ ਵੱਲੋਂ ਪੀਅਰੇ ਪੋਲੀਵਰ, ਬਲੌਕ ਕਿਊਬੈਕ ਵੱਲੋਂ ਫਰੈਨਕੋ ਬਲੈਂਚੈਟ ਨੇ ਹਿੱਸਾ ਲਿਆ। ਇਹ ਕੈਨੇਡਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਹੋਈ ਦੂਜੀ ਤੇ ਆਖਰੀ ਵੱਡੀ ਬਹਿਸ ਸੀ। ਇਸ ਤੋਂ ਪਹਿਲਾਂ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਫਰਾਂਸੀਸੀ ਭਾਸ਼ਾ ਵਿੱਚ ਇਕ ਬਹਿਸ ਆਯੋਜਤ ਕੀਤੀ ਜਾ ਚੁੱਕੀ ਹੈ।
ਕੈਨੇਡਾ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਉਭਾਰੇ ਜਾ ਰਹੇ ਮੁੱਦਿਆਂ ਨੂੰ ਲੈ ਕੇ ਹੋਈ ਇਸ ਦੋ ਘੰਟੇ ਦੀ ਬਹਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੀ ਜਸਟਿਨ ਟਰੂਡੋ ਦੀ ਵਿਰਾਸਤ ਦੇ ਮਾਮਲੇ ਵਿੱਚ ਵਾਰ ਵਾਰ ਰੱਖਿਆਤਮਕ ਪੈਂਤੜਾ ਅਖਤਿਆਰ ਕਰਦੇ ਨਜ਼ਰ ਆਏ। ਯਾਦ ਰਹੇ, ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਾਰਜਕਾਲ ਵਿੱਚ ਖੁੱਲ੍ਹੇ ਪਰਵਾਸ, ਵਧ ਰਹੀਆਂ ਤੇਲ ਤੇ ਗੈਸ ਦੀਆਂ ਕੀਮਤਾਂ ਅਤੇ ਸਿੱਟੇ ਵਜੋਂ ਮਨੁੱਖੀ ਜੀਵਨ ਜੀਣ ਦੀ ਵਧ ਰਹੀ ਕੀਮਤ ਨੇ ਤਤਕਾਲੀ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਕਾਫੀ ਘੱਟ ਕਰ ਦਿੱਤੀ ਸੀ। ਇਸ ਸੰਕਟ ਦਰਮਿਆਨ ਉਨ੍ਹਾਂ ਦੇ ਕਈ ਮੰਤਰੀ ਵੀ ਟਰੂਡੋ ਦਾ ਸਾਥ ਛੱਡ ਗਏ ਸਨ। ਟਰੂਡੋ ਵੱਲੋਂ ਅਚਾਨਕ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ, ਕਿੱਤੇ ਵਜੋਂ ਮਸ਼ਹੂਰ ਅਰਥਸ਼ਾਸਤਰੀ ਰਹੇ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਨੇ ਪ੍ਰਧਾਨ ਮੰਤਰੀ ਬਣਾ ਦਿੱਤਾ ਸੀ। ਮਾਰਕ ਕਾਰਨੀ ਕੋਲ ਭਾਵੇਂ ਸਿਆਸੀ ਤਜ਼ਰਬੇ ਦੀ ਤਾਂ ਘਾਟ ਦਿਸਦੀ ਹੈ, ਪਰ ਆਰਥਿਕ ਮਾਮਲਿਆਂ ਉੱਤੇ ਉਨ੍ਹਾਂ ਦੀ ਡੂੰਘੀ ਪਕੜ ਹੈ। ਉਹ ਸੈਂਟਰਲ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਡਾਇਰੈਕਟਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਹੋਰ ਆਰਥਕ ਪ੍ਰਸ਼ਾਸਨਿਕ ਉੱਚ ਅਹੁਦਿਆਂ ‘ਤੇ ਵੀ ਰਹੇ ਹਨ। ਇਸੇ ਕਾਰਨ ਉਹ ਟਰੂਡੇ ਦੇ ਗੈਰ-ਪ੍ਰਭਾਵੀ ਦੂਜੇ ਕਾਰਜਕਾਲ ਦੇ ਬਾਵਜੂਦ ਚੋਣ ਪੰਡਿਤਾਂ ਦੀ ਨਜ਼ਰ ਵਿੱਚ ਮੌਜੂਦਾ ਚੋਣ ਮੁਹਿੰਮ ਵਿੱਚ ਬਾਕੀ ਪਾਰਟੀਆਂ ਦੇ ਮੁਕਾਬਲੇ ਲੀਡ ਕਰਦੇ ਵਿਖਾਈ ਦੇ ਰਹੇ ਹਨ। ਲੋਕਾਂ ਨੂੰ ਆਸ ਹੈ ਕਿ ਲਿਬਰਲ ਪਾਰਟੀ ਦਾ ਨਵਾਂ ਆਗੂ ਕਿਉਂਕਿ ਆਰਥਕ ਮਾਮਲਿਆਂ ਦਾ ਮਾਹਿਰ ਹੈ, ਇਸ ਲਈ ਵਿੱਤੀ ਅਤੇ ਕਾਰੋਬਾਰੀ ਖੇਤਰ ਵਿੱਚ ਦੇਸ਼ ਨੂੰ ਮੁੜ ਪੈਰਾਂ ਸਿਰ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ ਤਾਂ ਲਿਬਰਲ ਪਾਰਟੀ ਦਾ ਗਰਾਫ ਕਾਫੀ ਨੀਵਾਂ ਚਲਾ ਗਿਆ ਸੀ ਅਤੇ ਕਨਜ਼ਰਵੇਟਿਵ ਪਾਰਟੀ ਨੂੰ ਇਸ ਦਾ ਲਾਭ ਹੁੰਦਾ ਵਿਖਾਈ ਦੇ ਰਿਹਾ ਸੀ। ਪਰ ਚੋਣਾਂ ਦੇ ਐਲਾਨ ਤੋਂ ਬਾਅਦ ਸਰਵੇਖਣਾਂ ਅਨੁਸਾਰ ਕਾਰਨੀ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਨੇ ਆਪਣੀ ਲੀਡ ਬਣਾ ਕੇ ਰੱਖੀ ਹੋਈ ਹੈ।
ਇਸ ਹਾਲਤ ਦੇ ਦਰਮਿਆਨ ਬੀਤੇ ਹਫਤੇ ਹੋਈ ਬਹਿਸ ਵਿੱਚ ਮਾਰਕ ਕਾਰਨੀ ‘ਟਰੂਡੋ ਵਿਰਾਸਤ’ ਨੂੰ ਲੈ ਕੇ ਤਕਰੀਬਨ ਸਾਰੀਆਂ ਪਾਰਟੀਆਂ ਦੀ ਆਲੋਚਨਾ ਦਾ ਕੇਂਦਰ ਬਣੇ, ਪਰ ਫਿਰ ਵੀ ਉਨ੍ਹਾਂ ਨੇ ਆਪਣਾ ਦਾਮਨ ਕਿਸੇ ਨਾ ਕਿਸੇ ਤਰ੍ਹਾਂ ਬਚਾ ਕੇ ਰੱਖਿਆ। ਵਿਰੋਧੀਆਂ ਦੇ ਲਿਬਰਲ ਰਾਜ ‘ਤੇ ਹਮਲਿਆਂ ਦਰਮਿਆਨ ਉਨ੍ਹਾਂ ਨੇ ਆਪਣੀ ਜਵਾਬਦੇਹੀ ਆਪਣੇ ਹੀ ਪ੍ਰਧਾਨ ਮੰਤਰੀ ਕਾਰਜਕਾਲ ਤੱਕ ਸੀਮਤ ਰੱਖੀ।
ਬਹਿਸ ਦੌਰਾਨ ਕਨਜ਼ਰਵੇਟਿਵ ਪਾਰਟੀ ਦੇ ਆਗੂ ਨੇ ਲਿਬਰਲ ਪਾਰਟੀ ਦੀ ਸਰਕਾਰ ‘ਤੇ ਇਹ ਦੋਸ਼ ਵਾਰ-ਵਾਰ ਲਾਇਆ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਕਾਰਜਕਾਲ ਵਿੱਚ ਕੈਨੇਡੀਅਨ ਆਰਥਿਕਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ, ਇਸ ਲਈ ਉਨ੍ਹਾਂ ਨੂੰ ਤੀਜੀ ਟਰਮ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਊਰਜਾ ਖੇਤਰ ਸਮੇਤ ਵਾਤਾਵਰਣ ਤਬਦੀਲੀ, ਪਬਲਿਕ ਅਤੇ ਕੌਮੀ ਸੁਰੱਖਿਆ ਸਮੇਤ ਕਈ ਮਸਲੇ ਉਠਾਏ। ਉਨ੍ਹਾਂ ਕਿਹਾ ਕਿ ਕਾਰਨੀ ਨੂੰ ਚੋਣਾਂ ਦਾ ਐਲਾਨ ਕਰਨ ਵਿੱਚ ਜਲਦੀ ਨਹੀਂ ਸੀ ਕਰਨੀ ਚਾਹੀਦੀ। ਉਧਰ ਬਲਾਕ ਕਿਊਬਿਕ ਪਾਰਟੀ ਦੇ ਆਗੂ ਫਰੈਨਕੋ ਬਲੈਂਚੈਟ ਨੇ ਕਿਹਾ ਕਿ ਕਿਊਬਿਕ ਦੀਆਂ ਆਰਥਿਕ ਸਿਆਸੀ ਸਮੱਸਿਆਵਾਂ ਬਾਕੀ ਕੈਨੇਡਾ ਨਾਲੋਂ ਵੱਖਰੀਆਂ ਹਨ। ਇੱਥੋਂ ਦੀਆਂ ਵਿਸ਼ੇਸ਼ ਹਾਲਤਾਂ ਅਤੇ ਸਮੱਸਿਆਵਾਂ ਨੂੰ ਸਮਝ ਕੇ ਹੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਛੇੜੀ ਗਈ ਟਰੇਡ ਵਾਰ ਦੇ ਮੱਦੇਨਜ਼ਰ ਫੈਡਰਲ ਸਰਕਾਰ ਨੇ ਕਿਊਬਿਕ ਦੇ ਸਨਅਤੀ ਖੇਤਰ ਨੂੰ ਬਚਾਉਣ ਵਿੱਚ ਮਦਦ ਨਹੀਂ ਦਿੱਤੀ। ਭਾਵੇਂ ਅੰਗਰੇਜ਼ੀ ਭਾਸ਼ਾ ਵਿੱਚ ਦੋ ਘੰਟੇ ਤੱਕ ਚੱਲੀ ਇਸ ਬਹਿਸ ਵਿੱਚ ਬਾਕੀ ਤਿੰਨ ਪਾਰਟੀਆਂ ਦੇ ਆਗੂਆਂ ਨੇ ਮੁੱਖ ਹਮਲੇ ਮਾਰਕ ਕਾਰਨੀ ਵੱਲ ਹੀ ਸੇਧਤ ਰੱਖੇ, ਪਰ ਵਿੱਚ ਵਿਚਾਲੇ ਉਹ ਕੁਝ ਸਵਾਲਾਂ ਨੂੰ ਲੈ ਕੇ ਆਪਸ ਵਿੱਚ ਵੀ ਉਲਝਦੇ ਰਹੇ। ਬਹਿਸ ਦੌਰਾਨ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਨਜ਼ਰਵੇਟਿਵ ਆਗੂ ਪੋਲੀਵਰ ‘ਤੇ ਦੋਸ਼ ਲਾਇਆ ਕਿ ਉਹ ਅਮੀਰ ਕੈਨੇਡੀਅਨਾਂ ਅਤੇ ਵੱਡੇ ਵਪਾਰੀਆਂ ਨੂੰ ਟੈਕਸ ਛੋਟਾਂ ਪ੍ਰਦਾਨ ਕਰਨਾ ਚਾਹੁੰਦੇ ਹਨ। ਮੰਚ ਦਾ ਸੰਚਾਲਨ ਕਰ ਰਹੇ ਸਟੀਵ ਪੇਕਿਨ ਨੇ ਇਸ ਸਵਾਲ ਦਾ ਜਵਾਬ ਦੇਣ ਲਈ ਪੋਲੀਵਰ ਵੱਲ ਇਸ਼ਾਰਾ ਕੀਤਾ, ਪਰ ਉਨ੍ਹਾਂ ਨੇ ਫਿਰ ਵੀ ਆਪਣੀ ਅਲੋਚਨਾਤਮਕ ਸੂਈ ਕਾਰਨੀ ‘ਤੇ ਕੇਂਦਰਤ ਰੱਖੀ।
ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਕਨਜ਼ਰਵੇਟਿਵ ਆਗੂ ਪੋਲੀਵਰ ‘ਤੇ ਕੀਤੇ ਗਏ ਇਕ ਸਵਾਲ ਵਿੱਚ ਕਿਹਾ ਕਿ ਪੋਲੀਵਰ ਜਦੋਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਵਸੇਬੇ ਦੇ ਮਾਮਲਿਆਂ ਬਾਰੇ ਮੰਤਰੀ ਸਨ ਤਾਂ ਉਨ੍ਹਾਂ ਨੇ ਸਿਰਫ ਛੇ ਮਕਾਨ ਬਣਾਏ। ਇਸ ਦੇ ਜਵਾਬ ਵਿੱਚ ਪੋਲੀਵਰ ਨੇ ਮੋੜਵਾਂ ਹਮਲਾ ਕਰਦਦਿਆਂ ਕਿਹਾ, ‘ਸਿੰਘ ਹਿਸਾਬ ਵਿੱਚ ਢਿੱਲੇ ਜਾਪਦੇ ਹਨ।’ ਪੋਲੀਵਰ ਨੇ ਕਿਹਾ ਕਿ ਜਦੋਂ ਉਹ ਮੰਤਰੀ ਸਨ ਤਾਂ 2 ਲੱਖ ਘਰ ਬਣਾਏ ਗਏ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ 2015 ਵਿੱਚ ਪੋਲੀਵਰ ਹਾਰਪਰ ਸਰਕਾਰ ਵਿੱਚ ਮੰਤਰੀ ਸਨ ਤਾਂ ਉਨ੍ਹਾਂ ਇਹ ਛੇ ਘਰ ਮੁਨਾਫਾ ਰਹਿਤ ਕਮਿਊਨਿਟੀ ਖੇਤਰ ਵਿੱਚ ਬਣਾਏ ਗਏ ਸਨ। ਇਸ ਤੋਂ ਇਲਾਵਾ ਫੈਡਰਲ ਸਰਕਾਰ ਦੀ ਮੱਦਦ ਨਾਲ 3742 ਘਰ ਹੋਰ ਬਣਾਏ ਗਏ ਸਨ।
ਉਂਝ ਬਹਿਸ ਦੌਰਾਨ ਪੋਲੀਵਰ ਨੇ ਆਪਣੇ ਮੁੱਖ ਵਿਰੋਧੀ ਕਾਰਨੀ ਨੂੰ ਵਾਰ-ਵਾਰ ਘੇਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਟਰੂਡੋ ਸਰਕਾਰ ਕੋਵਿਡ ਬਿਮਾਰੀ ਦੇ ਫੈਲਣ ਵੇਲੇ ਕਾਰਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੁੱਖ ਸਲਾਹਕਾਰ ਸਨ; ਪਰ ਕਾਰਨੀ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੀਆਂ ਨਵੇਕਲੀਆਂ ਨੀਤੀਆਂ ਕਾਰਨ ਵੱਖਰੇ ਵਿਅਕਤੀ ਹਨ। ਉਨ੍ਹਾਂ ਕਨਜ਼ਰਵੇਟਿਵ ਆਗੂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਲਾਂ ਤੋਂ ਜਿਸ ਕਾਰਬਨ ਟੈਕਸ ਅਤੇ ਟਰੂਡੋ ਦਾ ਉਹ ਵਿਰੋਧ ਕਰਦੇ ਰਹੇ ਹਨ, ਉਹ ਦੋਨੋ ਚਲੇ ਗਏ ਹਨ।
ਉਪਰੋਕਤ ਤੋਂ ਇਲਾਵਾ ਮੁਲਕ ਅਤੇ ਕੈਨੇਡਾ ਦੇ ਸ਼ਹਿਰੀਆਂ ਦੀ ਸੁਰੱਖਿਆ ਦਾ ਮਸਲਾ ਵੀ ਅੰਗਰੇਜ਼ੀ ਬਹਿਸ ਦਾ ਮੁੱਦਾ ਬਣਿਆ। ਇਸ ਮਸਲੇ ਨੂੰ ਲੈ ਕੇ ਪੋਲੀਵਰ ਨੇ ਹੱਦੋਂ ਵਧ ਗਏ ਜੁਰਮਾਂ ਲਈ ਲਿਬਰਲ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਸਭ ਤੋਂ ਵੱਡਾ ਖਤਰਾ ਚੀਨ ਤੋਂ ਹੈ। ਉਹ ਸਾਡੇ ਚੋਣ ਅਮਲ ਵਿੱਚ ਦਖਲ ਦੇਣ ਦਾ ਯਤਨ ਕਰ ਸਕਦਾ ਹੈ। ਜਗਮੀਤ ਸਿੰਘ ਨੇ ਸਰਹੱਦ ਪਾਰੋਂ ਸਮਗਲ ਕੀਤੇ ਜਾ ਰਹੇ ਅਸਲੇ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ।
ਉਧਰ ਬਲਾਕ ਕਿਊਬਿਕ ਪਾਰਟੀ ਦੇ ਆਗੂ ਫਰੈਨਕੋ ਬਲੈਂਚੈਟ ਨੇ ਕਿਹਾ ਕਿ ਮੇਰੀ ਸਭ ਤੋਂ ਵੱਡੀ ਚਿੰਤਾ ਸਾਡੀ ਕੌਮੀ ਸੁਰੱਖਿਆ ਦਾ ਅਮਰੀਕਾ ‘ਤੇ ਮੁਨੱਸਰ ਹੋਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਸੁਰੱਖਿਆ ਫੋਰਸਾਂ ਨੂੰ ਮਜਬੂਤ ਕਰਨਾ ਚਾਹੀਦਾ ਹੈ। ਇਸ ਬਹਿਸ ਦੇ ਅੰਤ ਜਿਹੇ ਵਿੱਚ ਹਰ ਇੱਕ ਲੀਡਰ ਨੂੰ ਕਿਸੇ ਦੂਜੇ ਨੂੰ ਸਵਾਲ ਕਰਨ ਲਈ ਕਿਹਾ ਗਿਆ, ਪਰ ਸਾਰਿਆਂ ਨੇ ਆਪਣੇ ਸਵਾਲ ਪ੍ਰਧਾਨ ਮੰਤਰੀ ਕਾਰਨੀ ਨੂੰ ਹੀ ਕੀਤੇ। ਅਖੀਰ ਵਿੱਚ ਮਜ਼ਾਕੀਆ ਲਹਿਜੇ ਵਿੱਚ ਕਾਰਨੀ ਨੇ ਕਿਹਾ ਕਿ, ‘ਮੈਂ ਪੋਲੀਵਰ ਦੀ ਥਾਂ ਆਪਣੇ ਆਪ ਨੂੰ ਸਵਾਲ ਕਰਨ ਜਾ ਰਿਹਾ ਹਾਂ।’

Leave a Reply

Your email address will not be published. Required fields are marked *