*ਨਵੇਂ ਸਿੱਖ ਸਿਆਸੀ ਗਰੁੱਪਾਂ ਦੇ ਉਭਾਰ ਲਈ ਆਦਰਸ਼ਕ ਮੌਕੇ ਬਣੇ
*ਅੰਮ੍ਰਿਤਪਾਲ ਸਿੰਘ ਅਤੇ ਪੰਜ ਮੈਂਬਰੀ ਕਮੇਟੀ ਸਹਿਯੋਗੀ ਹੋ ਸਕਦੇ?
ਜਸਵੀਰ ਸਿੰਘ ਸ਼ੀਰੀ
ਅਕਾਲੀ ਸਿਆਸਤ ਹਾਲ ਦੀ ਘੜੀ ਜਿਸ ਤਰ੍ਹਾਂ ਬਿਖਰੀ ਹੋਈ ਹੈ, ਉਸ ਵਿੱਚੋਂ ਕਿਸ ਧਿਰ ਦਾ ਭਵਿੱਖ ਵਿੱਚ ਉਭਾਰ ਹੋਵੇਗਾ, ਉਸ ਬਾਰੇ ਹਾਲ ਦੀ ਘੜੀ ਕਿਆਸ ਅਰਾਈਆਂ ਹੀ ਹੋ ਸਕਦੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਅਕਾਲੀ ਦਲ (ਬਾਦਲ) ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਆਮ ਆਦਮੀ ਪਾਰਟੀ 94 ਸੀਟਾਂ ਨਾਲ ਪੰਜਾਬ ਵਿੱਚ ਤਕਰੀਬਨ ਹੂੰਝਾ ਫੇਰ ਗਈ ਸੀ।
ਇਸ ਹਾਰ ਤੋਂ ਬਾਅਦ ਅਕਾਲੀ ਦਲ (ਬਾਦਲ) ਵਿੱਚ ਜਿਹੜੀ ਨਿਰਾਸ਼ਾ ਫੈਲੀ, ਉਸ ਕਾਰਨ ਪਾਰਟੀ ਵਿੱਚ ਇੱਕ ਵੱਡੀ ਦੁਫੇੜ ਉਭਰ ਆਈ। ਇਸ ਦੁਫੇੜ ਨੇ ਸਿੱਖ ਸਿਆਸੀ ਸਪੇਸ ਵਿੱਚ ਕੁਝ ਦਿਲਚਸਪ ਵਰਤਾਰੇ ਸਾਹਮਣੇ ਲਿਆਂਦੇ ਹਨ। ਪਾਰਟੀ ਦਾ ਇੱਕ ਧੜਾ ਆਪਣੇ ਸਿਆਸੀ ਗੁਨਾਹਾਂ ਦੀਆਂ ਭੁੱਲਾਂ ਬਖਸ਼ਾਉਣ ਲਈ ਅਕਾਲ ਤਖਤ ਸਾਹਿਬ ‘ਤੇ ਚਲਾ ਗਿਆ, ਜਿਸ ਕਾਰਨ ਤਕਰੀਬਨ ਪੂਰੀ ਅਕਾਲੀ ਲੀਡਰਸ਼ਿੱਪ ਨੂੰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣਾ ਪਿਆ। ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਤਾਂ ਭਾਵੇਂ ਲੀਡਰਸ਼ਿੱਪ ਨੇ ਪੂਰੀ ਕਰ ਲਈ, ਪਰ ਉਸ ਦੇ ਸਿਆਸੀ ਹਿੱਸੇ ਨੂੰ ਅਕਾਲੀ ਦਲ ਦੀ ਲੀਡਰਸ਼ਿੱਪ ਨੇ ਨਕਾਰ ਦਿੱਤਾ।
ਯਾਦ ਰਹੇ, ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਬਾਦਲ ਦੀ ਲੀਡਰਸ਼ਿੱਪ ਨੂੰ ‘ਸਿੱਖ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ’ ਕਰਾਰ ਦਿੱਤਾ ਸੀ ਅਤੇ ਅਗਲੇ ਛੇ ਮਹੀਨੇ ਵਿੱਚ ਨਵੇਂ ਅਕਾਲੀ ਦਲ ਦੀ ਭਰਤੀ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ 7 ਮੈਂਬਰੀ ਭਰਤੀ ਕਮੇਟੀ ਦਾ ਗਠਨ ਕਰ ਦਿੱਤਾ ਸੀ। ਅਕਾਲੀ ਦਲ ਦੇ ਬਾਦਲ ਧੜੇ ਵੱਲੋਂ ਆਨੀ ਬਹਾਨੀਂ ਇਸ ਕਮੇਟੀ ਰਾਹੀਂ ਨਵੀਂ ਭਰਤੀ ਦੇ ਆਦੇਸ਼ ਨੂੰ ਨਾਕਾਰ ਦਿੱਤਾ ਗਿਆ ਅਤੇ ਆਪਣੇ ਵੱਲੋਂ ਹੀ ਨਵੀਂ ਭਰਤੀ ਦੀ ਇੱਕ ਸਿਆਸੀ ਸਰਕਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਮੁੜ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਪਿਛੋਂ ਇੱਕ ਪਾਸੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਉੱਘੇ ਕਥਾਵਾਚਕ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖਤ ਸਾਹਿਬ ਦਾ ਨਵਾਂ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ। ਦੂਜੇ ਪਾਸੇ, ਆਪਣੇ ਧੜੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਪਣੀ ਲੀਡਰਸ਼ਿੱਪ ਨੂੰ ਪੱਕੇ ਪੈਰੀਂ ਕਰਨਾ ਸ਼ੁਰੂ ਕਰ ਦਿੱਤਾ। ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਭਾਰੀ ਸਿੱਖ ਵਿਰੋਧ ਦੇ ਮੱਦੇਨਜ਼ਰ ਜਿਸ ਤਰ੍ਹਾਂ ਲੁਕ ਛਿਪ ਕੇ ਤਾਜ਼ਪੋਸੀ ਕੀਤੀ ਗਈ, ਇਸ ‘ਤੇ ਵੀ ਸੁਆਲ ਉਠ ਰਹੇ ਹਨ। ਇਸ ਕਾਰਨ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਅਤੇ ਕਈ ਹੋਰ ਸਿੱਖ ਸੰਸਥਾਵਾਂ ਇਸ ਨਿਯੁਕਤੀ ਨੂੰ ਮਾਨਤਾ ਦੇਣ ਤੋਂ ਆਕੀ ਹਨ।
ਇਸ ਸਮੁੱਚੇ ਹਾਲਾਤ ਵਿੱਚ ਦੋਹਾਂ ਪ੍ਰਮੁੱਖ ਅਕਾਲੀ ਦਲਾਂ ਵਿਚਕਾਰ ਦੁਫੇੜ ਹੋਰ ਵਧ ਗਈ ਹੈ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਵੱਲੋਂ ਕਾਇਮ ਕੀਤੀ ਗਈ ਭਰਤੀ ਕਮੇਟੀ ਤੋਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ ਅਤੇ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਕੀ ਪੰਜ ਮੈਂਬਰਾਂ ਨੂੰ ਨਵੇਂ ਅਕਾਲੀ ਦਲ ਦੀ ਭਰਤੀ ਲਈ ਅੱਗੇ ਵਧਣ ਦਾ ਆਦੇਸ਼ ਦਿੱਤਾ ਹੋਇਆ ਹੈ। ਇਸ ਆਦੇਸ਼ ਤਹਿਤ ਪੰਜ ਮੈਂਬਰੀ ਭਰਤੀ ਕਮੇਟੀ ਜਿਸ ਵਿੱਚ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਧੀਅ ਬੀਬੀ ਸਤਵੰਤ ਕੌਰ ਸ਼ਾਮਲ ਹਨ, ਵੱਲੋਂ ਨਵੀਂ ਭਰਤੀ ਉਤਸ਼ਾਹ ਨਾਲ ਅੱਗੇ ਵਧਾਈ ਜਾ ਰਹੀ ਹੈ। ਇਸ ਭਰਤੀ ਤੋਂ ਬਾਅਦ ਇੱਕ ਹੋਰ ਅਕਾਲੀ ਦਲ ਦੇ ਹੋਂਦ ਵਿੱਚ ਆਉਣ ਦੇ ਹਾਲਾਤ ਬਣੇ ਹੋਏ ਹਨ। ਅਕਾਲੀ ਦਲ (ਬਾਦਲ) ਦਾ ਕਾਡਰ ਅਤੇ ਲੀਡਰਸ਼ਿੱਪ ਇਸ ਅਕਾਲੀ ਦਲ ਵੱਲ ਪਲਟਣ ਦੇ ਆਸਾਰ ਵੀ ਬਣੇ ਹੋਏ ਹਨ।
ਇਨ੍ਹਾਂ ਦੋਹਾਂ ਧੜਿਆਂ ਦੇ ਸਮਾਨੰਤਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ (ਵਾਰਸ ਪੰਜਾਬ ਦੇ) ਵੀ ਆਪਣੀ ਸਰਗਰਮੀ ਜਾਰੀ ਰੱਖ ਰਿਹਾ ਹੈ। ਇਸ ਨਵੇਂ ਦਲ ਦਾ ਐਲਾਨ ਇਸੇ ਸਾਲ ਵਿਸਾਖੀ ਮੌਕੇ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਇੱਕ ਪ੍ਰਭਾਵਸ਼ਾਲੀ ਕਾਨਫਰੰਸ ਦੌਰਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਚੁਰਾਸੀਵਿਆਂ ਵਿੱਚ ਸਿੱਖ ਸੰਘਰਸ਼ ਦੌਰਾਨ ਸਰਗਰਮ ਰਹੀਆਂ ਕੁਝ ਖਾੜਕੂ ਧਿਰਾਂ ਅਤੇ ਦਲ ਖਾਲਸਾ ਵੀ ਆਪਣੀ ਸਰਗਰਮੀ ਨੂੰ ਕਾਇਮ ਰੱਖ ਰਹੇ ਹਨ ਭਾਵੇਂ ਕਿ ਇਹ ਸਿੱਖ ਸਿਆਸਤ ਦੀ ਸਪੇਸ ਵਿੱਚ ਪ੍ਰੈਸ਼ਰ ਗਰੁੱਪਾਂ ਦੀ ਹੀ ਭੂਮਿਕਾ ਨਿਭਾਉਂਦੇ ਹਨ।
ਅਕਾਲੀ ਦਲ ਦੀ ਲੀਡਰਸ਼ਿੱਪ ਲਈ ਸੰਘਰਸ਼ ਕਰ ਰਹੇ ਦੋ ਗਰੁਪਾਂ ਦੇ ਮੱਦੇਨਜ਼ਰ ਅੰਮ੍ਰਿਤਪਾਲ ਵਾਲਾ ਅਕਾਲੀ ਦਲ ਵੀ ਇਨ੍ਹਾਂ ਦਿਨਾਂ ਵਿੱਚ ਚਰਚਾ ਵਿੱਚ ਹੈ, ਵਿਸ਼ੇਸ਼ ਕਰਕੇ ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ. ਇੱਕ ਸਾਲ ਲਈ ਹੋਰ ਵਧਾਏ ਜਾਣ ਕਾਰਨ। ਇੰਝ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਨਜ਼ਰਬੰਦੀ ਹੁਣ ਤੀਜੇ ਸਾਲ ਵਿੱਚ ਦਾਖਲ ਹੋ ਗਈ ਹੈ, ਜਦਕਿ ਉਸ ਦੇ ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਬੀਤੇ ਕੁਝ ਦਿਨਾਂ ਵਿੱਚ ਇਹ ਚਰਚਾ ਵੀ ਚਲਦੀ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚੋਂ ਪੰਜਾਬ ਵਿੱਚ ਤਬਦੀਲ ਕੀਤਾ ਜਾਵੇਗਾ, ਪਰ ਪੰਜਾਬ ਸਰਕਾਰ ਨੇ ਪੰਜਾਬ ਦੇ ਅਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਦੱਸ ਕੇ ਉਸ ਦੀ ਨਜ਼ਰਬੰਦੀ ਨੂੰ ਇੱਕ ਸਾਲ ਲਈ ਹੋਰ ਵਧਾ ਦਿੱਤਾ, ਜਿਸ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਕਈ ਧਿਰਾਂ ਵੱਲੋਂ ਨਿਖੇਧੀ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਵਿੱਚ ਵਾਧਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਸਿਫਾਰਸ਼ ‘ਤੇ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਕੀਤਾ ਗਿਆ ਹੈ। ਯਾਦ ਰਹੇ, ਪੰਜਾਬ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ।
ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਉਸ ਦੀ ਨਜ਼ਰਬੰਦੀ ‘ਤੇ ਦੁਖ ਜ਼ਾਹਰ ਕਰਦਿਆਂ ਇਸ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀਭੁਗਤ ਕਰਾਰ ਦਿੱਤਾ ਹੈ। ਉਨ੍ਹਾਂ ਉਸ ਦੀ ਜਾਨ ਨੂੰ ਖਤਰੇ ਦਾ ਖਦਸ਼ਾ ਵੀ ਪ੍ਰਗਟ ਕੀਤਾ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਵੀ ਇਸ ਵਾਧੇ ਦੀ ਨਿਖੇਧੀ ਕੀਤੀ ਹੈ ਅਤੇ ਇਸ ਹਿਰਸਾਤੀ ਵਾਧੇ ਨੂੰ ਸਿਆਸੀ ਵਧੀਕੀ ਕਰਾਰ ਦਿੱਤਾ ਹੈ ਅਤੇ ਇਸ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦੇਣ ਦਾ ਫੈਸਲਾ ਕੀਤਾ ਹੈ। ਕਾਨੂੰਨੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਰੇ ਸਾਥੀਆਂ ਤੋਂ ਐਨ.ਐਸ.ਏ. ਹਟਾ ਦਿੱਤੀ ਗਈ ਹੈ ਤਾਂ ਉਸ ‘ਤੇ ਇਸ ਨੂੰ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਅੰਮ੍ਰਿਤਪਾਲ ਸਿੰਘ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਲੱਖਾਂ ਵੋਟਾਂ ਦੇ ਫਰਕ ਨਾਲ ਹਰਾ ਕੇ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਇਸ ਤੋਂ ਇਲਾਵਾ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁਤਰ ਸਰਬਜੀਤ ਸਿੰਘ ਵੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣ ਗਏ ਸਨ। ਉਹ ਵੀ ਅੰਮ੍ਰਿਤਪਾਲ ਸਿੰਘ ਵਾਲੇ ਅਕਾਲੀ ਦਲ ਨਾਲ ਜੁੜੇ ਹੋਏ ਹਨ। ਜਿੱਥੋਂ ਤੱਕ ਚੁਣੇ ਹੋਏ ਪ੍ਰਤੀਨਿਧਾਂ ਦਾ ਸਵਾਲ ਹੈ, ਉਸ ਵਿੱਚ ਅਕਾਲੀ ਦਲ (ਵਾਰਸ ਪੰਜਾਬ ਦੇ) ਸਭ ਤੋਂ ਮੋਹਰੀ ਵਿਖਾਈ ਦਿੰਦਾ ਹੈ, ਪਰ ਇਸ ਦਲ ਨੇ ਆਪਣਾ ਮਜਬੂਤ ਪਾਰਟੀ ਢਾਂਚਾ ਹਾਲੇ ਖੜ੍ਹਾ ਕਰਨਾ ਹੈ, ਜਿਸ ਤੋਂ ਬਿਨਾ ਪੰਜਾਬ ਦੀ ਚੋਣ ਸਿਆਸਤ ਵਿੱਚ ਇੱਕ ਮਜਬੂਤ ਧਿਰ ਬਣ ਕੇ ਉਭਰਨਾ ਖਾਮ ਖਿਆਲੀ ਤੋਂ ਵੱਧ ਕੁਝ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੁੱਢ ਵਿੱਚ ਇਸ ਧੜੇ ਨੂੰ ਹੋਰ ਭਰਾਤਰੀ ਅਕਾਲੀ ਧਿਰਾਂ ਨਾਲ ਗੱਠਜੋੜ ਵੱਲ ਵੀ ਵਧਣਾ ਪੈ ਸਕਦਾ ਹੈ। ਪਾਰਟੀ ਸੰਗਠਨ ਦੇ ਪੱਖ ਤੋਂ ਅਕਾਲੀ ਦਲ (ਬਾਦਲ) ਹਾਲੇ ਵੀ ਬਾਕੀ ਅਕਾਲੀ ਧੜਿਆਂ ਦੇ ਮੁਕਾਬਲੇ ਮਜਬੂਤ ਜਾਪਦਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਉਸੇ ਦਾ ਹੀ ਕਬਜ਼ਾ ਹੈ; ਪਰ ਇਸ ਦੀ ਲੀਡਰਸ਼ਿਪ ਦੀ ਮਕਬੂਲੀਅਤ ਅਤੇ ਇਖਲਾਕੀ ਵਾਜ਼ਬੀਅਤ ਸਿੱਖ ਆਵਾਮ ਦੇ ਮਨਾਂ ਵਿੱਚ ਕਾਫੀ ਨੀਵੀਂ ਚਲੀ ਗਈ ਹੈ।
ਇਸ ਦੌਰ ਵਿੱਚ ਜਦੋਂ ਸਾਰੀਆਂ ਪਾਰਟੀਆਂ 2027 ਵਿੱਚ ਆ ਰਹੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰ ਰਹੀਆਂ ਹਨ ਤਾਂ ਕੋਈ ਵੀ ਅਕਾਲੀ ਧਿਰ ਵਿਖਾਈ ਨਹੀਂ ਦਿੰਦੀ ਜਿਹੜੀ ਪੰਜਾਬ ਵਿੱਚ ਸਿੱਖ ਨੁਮਾਇੰਦਗੀ ਨੂੰ ਯਕੀਨੀ ਬਣਾ ਸਕੇ। ਸਿੱਖ ਆਵਾਮ ਪੰਜ ਮੈਂਬਰੀ ਭਰਤੀ ਕਮੇਟੀ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ। ਸਿਮਰਨਜੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੀ ਰੜਕਵੀਂ ਹੋਂਦ ਤੋਂ ਭਾਵੇਂ ਕੋਈ ਇਨਕਾਰ ਨਹੀਂ ਕਰ ਸਕਦਾ, ਪਰ ਇਸ ਪਾਰਟੀ ਤੋਂ ਪੰਜਾਬ ਵਿੱਚ ਸਰਕਾਰ ਬਣਾ ਲੈਣ ਦੀ ਸਮਰਥਾ ਪੰਜਾਬ ਦੇ ਲੋਕਾਂ ਨੇ ਤਿਆਗ ਦਿੱਤੀ ਹੋਈ ਹੈ। ਇਸ ਹਾਲਤ ਵਿੱਚ ਪੰਜ ਮੈਂਬਰੀ ਕਮੇਟੀ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਵਾਲੀਆਂ ਧਿਰਾਂ ਹੀ ਹਨ, ਜੋ ਪੰਜਾਬ ਵਿੱਚ ਸਿੱਖ ਨੁਮਾਇੰਦਗੀ ਨੂੰ ਯਕੀਨੀ ਬਣਾ ਸਕਦੀਆਂ ਹਨ। ਇਨ੍ਹਾਂ ਦੋਹਾਂ ਧਿਰਾਂ ਨੂੰ ਮੁੱਢ ਵਿੱਚ ਆਪਸ ਵਿੱਚ ਮਿਲ ਕੇ ਚੱਲਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਪੰਜਾਬ ਅਤੇ ਸਿੱਖ ਹਿੱਤਾਂ ਲਈ ਇੱਕ ਸੰਤੁਲਿਤ ਲਿਬਰਲ ਪਹੁੰਚ ਅਪਣਾ ਕੇ ਇਹ ਧਿਰਾਂ ਆਪਣੀ ਸਿਆਸਤ ਅੱਗੇ ਵਧਾ ਸਕਦੀਆਂ ਹਨ। ਬਸ਼ਰਤੇ ਕਿ ਇਹ ਪੰਜਾਬ ਦੇ ਅਸਲ ਮਸਲਿਆਂ ‘ਤੇ ਬਿਨਾ ਕੋਈ ਸਮਝੌਤਾ ਕੀਤੇ ਪਾਰਲੀਮਾਨੀ ਸਿਆਸਤ ਕਰਦੀਆਂ ਰਹਿਣ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹਨ।