ਅਨੁਰੀਤ ਕੌਰ ਢਿੱਲੋਂ
ਸ਼ਿਕਾਗੋ: ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਲੰਘੇ ਦਿਨੀਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਖਾਲਸੇ ਦੀ ਵਿਰਾਸਤ ਸਬੰਧੀ ਤਕਰੀਰਾਂ ਕੀਤੀਆਂ ਤੇ ਧਾਰਮਿਕ ਕਵਿਤਾਵਾਂ ਪੜ੍ਹੀਆਂ, ਜਿਨ੍ਹਾਂ ਦੇ ਵਿਸ਼ੇ ਸਨ- ਖੰਡੇ ਬਾਟੇ ਦਾ ਅੰਮ੍ਰਿਤ, ਖਾਲਸਾ ਪੰਥ, ਪੰਜ ਪਿਆਰੇ, ਸਿੱਖੀ ਦਾ ਬੂਟਾ, ਸੇਵਾ ਆਦਿ। ਵਿਸ਼ੇਸ਼ ਇਹ ਸੀ ਕਿ ਸਾਰੇ ਬੱਚੇ ਚਿੱਟੇ ਰੰਗ ਦੇ ਬਾਣੇ ਵਿੱਚ ਆਏ ਸਨ। ਮੁੰਡਿਆਂ ਨੇ ਸਿਰ ਉਤੇ ਸਰ੍ਹੋਂ ਦੇ ਪੀਲੇ ਫੁੱਲ ਰੰਗ ਦੀਆਂ ਕੇਸਕੀਆਂ/ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਕੁੜੀਆਂ ਨੇ ਦੁਮਾਲੇ ਤੇ ਚੁੰਨੀਆਂ ਲਈਆਂ ਹੋਈਆਂ ਸਨ। ਕੁੱਝ ਬੱਚਿਆਂ ਨੇ ਨੀਲਾ ਬਾਣਾ ਪਾਇਆ ਹੋਇਆ ਸੀ। ਤਸੱਲੀ ਵਾਲੀ ਗੱਲ ਇਹ ਸੀ ਕਿ ਬਹੁਤੇ ਬੱਚਿਆਂ ਨੇ ਤਕਰੀਰਾਂ ਤੇ ਕਵਿਤਾਵਾਂ ਪੰਜਾਬੀ ਬੋਲੀ ਵਿੱਚ ਪੜ੍ਹੀਆਂ, ਜਦਕਿ ਇੱਕਾ-ਦੁੱਕਾ ਦੀ ਪਕੜ ਪੰਜਾਬੀ `ਤੇ ਬਹੁਤੀ ਨਾ ਹੋਣ ਕਾਰਨ ਤੇ ਸੌਖ ਮਹਿਸੂਸ ਕਰਦਿਆਂ ਉਹ ਅੰਗਰਜ਼ੀ ਵਿੱਚ ਬੋਲੇ।
ਦਰਬਾਰ ਹਾਲ ਵਿੱਚ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਕਈ ਬੱਚੇ ਸਕੂਲ ਵਿੱਚ ਕੀਰਤਨ ਤੇ ਤਕਰੀਰਾਂ ਆਦਿ ਦਾ ਅਭਿਆਸ ਕਰ ਰਹੇ ਸਨ ਅਤੇ ਉਨ੍ਹਾਂ ਦੇ ਅਧਿਆਪਕ, ਸਹਿ-ਅਧਿਆਪਕ ਤੇ ਮਾਪੇ ਕਮੀ-ਬੇਸ਼ੀ ਲੱਭ ਕੇ ਨਾਲੋ ਨਾਲ ਦਰੁਸਤ ਕਰਵਾ ਰਹੇ ਸਨ। ਬੱਚੇ ਤਕਰੀਰਾਂ ਤੇ ਕਵਿਤਾਵਾਂ ਵਾਲੇ ਪਰਚੇ ਹੱਥਾਂ ਵਿੱਚ ਫੜ੍ਹ ਕੇ ਇਸ ਤਰ੍ਹਾਂ ਰਟ ਰਹੇ ਸਨ, ਜਿਵੇਂ ਕਿਸੇ ਮੁਕਾਬਲੇ ਦੇ ਇਮਤਿਹਾਨ ਲਈ ਜਾਣਾ ਹੋਵੇ; ਪਰ ਇੱਕ ਗੱਲ ਜ਼ਰੂਰ ਸੀ ਕਿ ਉਹ ਆਪੋ-ਆਪਣੀ ਪ੍ਰਤਿਭਾ ਦਿਖਾਉਣ ਲਈ ਉਤਸ਼ਾਹਿਤ ਸਨ। ਇਸ ਮੌਕੇ ਕੁਝ ਵਾਲੰਟੀਅਰਾਂ ਨੇ ਦਸਤਾਰਾਂ/ਕੇਸਕੀਆਂ/ਦੁਮਾਲੇ ਸਜਾਉਣ ਦੀ ਸੇਵਾ ਨਿਭਾਈ, ਜਦਕਿ ਕੁਝ ਬੱਚੇ ਘਰੋਂ ਹੀ ਤਿਆਰ-ਬਰ-ਤਿਆਰ ਹੋ ਕੇ ਆਏ ਸਨ। ਸਾਰੇ ਬੱਚੇ ਗੁਰਮਤਿ ਸਕੂਲ ਤੋਂ ਵਹੀਰ ਦੇ ਰੂਪ `ਚ ਦਰਬਾਰ ਹਾਲ ਵਿੱਚ ਗਏ। ਕੁਝ ਬੱਚਿਆਂ ਨੇ ਨਿਸ਼ਾਨ ਸਾਹਿਬ ਅਤੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਵਾਲਾ ਬੈਨਰ ਚੁੱਕਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕੇ ਬੱਚੇ ਸਟੇਜ `ਤੇ ਸਾਹਮਣੇ ਆ ਬੈਠੇ। ਵਾਰੋ ਵਾਰੋ ਬੱਚਿਆਂ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਨ ਦੀ ਸੇਵਾ ਵੀ ਨਿਭਾਈ।
ਇਸ ਮੌਕੇ ਸਕੂਲ ਵਿੱਚ ਪੜ੍ਹਦੇ ਲੈਵਲ-2 ਦੇ ਬੱਚਿਆਂ ਨੇ ‘ਅੰਮ੍ਰਿਤ ਹਰ ਕਾ ਨਾਮ ਹੈ’ ਦਾ ਗਾਇਨ ਕੀਤਾ ਤੇ ਸਾਰੇ ਬੱਚਿਆਂ ਨੇ ਖਾਲਸਾ ਸਾਜਨਾ ਦਿਵਸ, ਪੰਜ ਪਿਆਰਿਆਂ ਦੇ ਨਾਂ ਦਾ ਮਤਲਬ ਦੱਸ ਕੇ ਅਤੇ ਵਿਸਾਖੀ ਸਬੰਧੀ ਸੰਖੇਪ ਵਿੱਚ ਭਾਸ਼ਣ ਦਿੱਤੇ। ਅਜੂਨੀ ਕੌਰ ਨੇ ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਬਾਰੇ ਸੰਖੇਪ ਵਿੱਚ ਤਕਰੀਰ ਕੀਤੀ। ਲੈਵਲ-3 ਦੀ ਆਸੀਸ ਕੌਰ ਤੇ ਸੁਖਮਨੀ ਕੌਰ ਨੇ ‘ਅੰਮ੍ਰਿਤ ਨਾਮ ਨਿਧਾਨ ਹੈ’ ਦਾ ਕੀਰਤਨ ਕੀਤਾ; ਪ੍ਰਭਤੇਜ ਸਿੰਘ ਨੇ ਤਬਲੇ `ਤੇ ਸਾਥ ਦਿੱਤਾ। ਲੈਵਲ-3 ਦੇ ਹੀ ਕਿਆਨ ਸਿੰਘ ਤੇ ਹਰਮਨ ਸਿੰਘ; ਸਿਦਕ ਕੌਰ ਤੇ ਅਸੀਸ ਕੌਰ ਨੇ ਕਵਿਤਾਵਾਂ ਪੜ੍ਹੀਆਂ ਅਤੇ ਮੀਰਾਨ ਸ਼ੀਓਰਨ ਨੇ ਤਕਰੀਰ ਕੀਤੀ, ਜਦਕਿ ਨਵਦੀਪ ਸਿੰਘ ਨੇ ਪ੍ਰੈਜ਼ੈਂਟੇਸ਼ਨ ਰਾਹੀਂ ਸੇਵਾ ਦੇ ਸੰਕਲਪ ਬਾਰੇ ਚਾਨਣਾ ਪਾਇਆ।
ਇਸੇ ਤਰ੍ਹਾਂ ਲੈਵਲ-4 ਦੇ ਬਿਨੈ ਸਿੰਘ ਨੇ ‘ਵਾਹੁ ਵਾਹੁ ਗੋਬਿੰਦ ਸਿੰਘ’ ਦਾ ਗਾਇਨ ਕੀਤਾ ਅਤੇ ਗੁਨਤਾਸ ਸਿੰਘ ਨੇ ਤਲਬੇ `ਤੇ ਸਾਥ ਦਿੱਤਾ। ਰਿਸ਼ਵੀਨ ਕੌਰ ਨੇ ਕਵਿਤਾ ਸੁਣਾਈ। ਲੈਵਲ-5 ਦੀ ਸੁਖਮੀਤ ਕੌਰ ਨੇ ‘ਇਨ ਹੀ ਕਿਰਪਾ ਸੇ ਸਜੇ ਹਮ ਹੈਂ’ ਦਾ ਕੀਰਤਨ ਕੀਤਾ। ਮਨਜੋਤ ਸਿੰਘ ਨੇ ਕੌਮ ਦੇ ਪਹਿਲੇ ਸ਼ਹੀਦ ਭਾਈ ਜੈ ਸਿੰਘ ਬਾਰੇ ਜਾਣਕਾਰੀ ਦਿੱਤੀ ਅਤੇ ਏਕਮ ਸਿੰਘ ਨੇ ਵਿਸਾਖੀ ਬਾਰੇ ਕਵਿਤਾ ਪੜ੍ਹੀ। ਲੈਵਲ-6 ਦੀ ਪ੍ਰਭਗੁਨ ਕੌਰ ਤੇ ਅਰਜਨ ਸਿੰਘ ਨੇ ਵੱਖ-ਵੱਖ ਸ਼ਬਦਾਂ ਦਾ ਗਾਇਨ ਕੀਤਾ ਅਤੇ ਜੁਝਾਰ ਸਿੰਘ ਨੇ ਧਾਰਮਿਕ ਕਵਿਤਾ ਸੁਣਾਈ।
ਇਸ ਤੋਂ ਇਲਾਵਾ ਲੈਵਲ-7 ਦੇ ਜਾਗਤਜੋਤ ਸਿੰਘ ਨੇ ਤਕਰੀਰ ਕੀਤੀ ਅਤੇ ਨਵਰੂਪ ਕੌਰ ਨੇ ‘ਗਗਨ ਦਮਾਮਾ ਬਾਜਿਓ’ ਤੇ ਬਾਣੀ ਕੌਰ ਨੇ ਇੱਕ ਸ਼ਬਦ ਦਾ ਗਾਇਨ ਕੀਤਾ। ਸਮਾਗਮ ਦੌਰਾਨ ਤਬਲੇ `ਤੇ ਸੇਵਾ ਅਜੀਤ ਸਿੰਘ, ਜਾਗਤਜੋਤ ਸਿੰਘ, ਗੁਨਤਾਸ ਸਿੰਘ, ਕਰਮਨ ਸਿੰਘ ਅਤੇ ਹੀਰਸ਼ ਸਿੰਘ ਨੇ ਨਿਭਾਈ। ਅਨੰਦ ਸਾਹਿਬ ਦਾ ਪਾਠ ਕਰਮਨ ਸਿੰਘ ਨੇ ਕੀਤਾ। ਪ੍ਰੀ-ਕੇ ਦੇ ਬੱਚਿਆਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ‘ਹੇ ਗੋਬਿੰਦ ਹੇ ਗੋਪਾਲ’ ਦਾ ਗਾਇਨ ਕੀਤਾ। ਲੈਵਲ-1 ਦੀ ਮਿਹਰ ਕੌਰ ਨੇ ‘ਸੁਰ ਨਰ ਮੁਨ ਜਨ ਖੋਜਤੇ’ ਸ਼ਬਦ ਦਾ ਗਾਇਨ ਕੀਤਾ, ਜਦਕਿ ਰੀਆ ਕੌਰ ਨੇ ਕਵਿਤਾ ਸੁਣਾਈ।
ਮੰਚ ਸੰਭਾਲਦਿਆਂ ਗੁਰਮਤਿ ਸਕੂਲ ਦੀ ਪ੍ਰਿੰਸੀਪਲ ਬੀਬੀ ਸਲਵਿੰਦਰ ਕੌਰ ਸੰਧੂ ਨੇ ਸਕੂਲ ਦੇ ਅਧਿਆਪਕਾਂ ਤੇ ਸਹਾਇਕ ਅਧਿਆਪਕਾਂ ਵੱਲੋਂ ਬੱਚਿਆਂ ਦੀ ਤਿਆਰੀ ਲਈ ਕੀਤੇ ਉਦਮਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਨੌਜਵਾਨ ਸਹਾਇਕ ਅਧਿਆਪਕ ਨਵੇਂ ਨਵੇਂ ਵਿਚਾਰਾਂ ਨਾਲ ਸਕੂਲੀ ਪੱਧਰ ਨੂੰ ਹੋਰ ਬਿਹਤਰ ਕਰਨ ਲਈ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਮਤਿ ਸਕੂਲ ਵਿੱਚ ਪੰਜ ਬੱਚੇ ਖਾਲਸਾ ਸਜੇ ਹੋਏ ਹਨ, ਜਿਨ੍ਹਾਂ ਦਾ ਨਾਂ ਹੈ- ਕੰਵਲਨੈਨ ਸਿੰਘ, ਅਰਜਣ ਸਿੰਘ, ਅਜੀਤ ਸਿੰਘ, ਜਾਗਤਜੋਤ ਸਿੰਘ ਅਤੇ ਨਵਦੇਵ ਸਿੰਘ। ਇਸ ਮੌਕੇ ਸਟੇਜ ਸਕੱਤਰ ਸ. ਤਰਲੋਚਨ ਸਿੰਘ ਮੁਲਤਾਨੀ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜੈਰਾਮ ਸਿੰਘ ਕਾਹਲੋਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਗੁਰਬਾਣੀ ਤੇ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ।