ਭਾਰਤ-ਪਾਕਿ ਤਣਾਅ ਸਿਖਰਾਂ ‘ਤੇ
ਪੰਜਾਬੀ ਪਰਵਾਜ਼ ਬਿਊਰੋ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਕਸਬੇ ਵਿੱਚ ਕਥਿਤ ਇਸਲਾਮਿਕ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ਪਿਛੋਂ ਵਾਪਰੇ ਘਟਨਾਕ੍ਰਮ ਦੌਰਾਨ ਦੋਹਾਂ ਦੇਸ਼ਾਂ ਦੀਆਂ ਫੌਜਾਂ ਇੱਕ ਵਾਰ ਫਿਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋ ਗਈਆਂ ਹਨ। ਭਾਰਤੀ ਹਥਿਆਰਬੰਦ ਬਲਾਂ ਨੇ ਬੁੱਧਵਾਰ ਤੜਕੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਬਹਾਵਲਪੁਰ ਵੀ ਸ਼ਾਮਲ ਹੈ, ਜੋ ਦਹਿਸ਼ਤੀ ਸੰਗਠਨ ਜੈਸ਼-ਏ-ਮੁਹੰਮਦ ਦਾ ਗੜ੍ਹ ਹੈ। ਰਾਇਟਰਜ਼ ਨਿਊਜ਼ ਏਜੰਸੀ ਮੁਤਾਬਕ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਤੋਂ ਵੀ ਭਾਰੀ ਗੋਲਾਬਾਰੀ ਅਤੇ ਜ਼ੋਰਦਾਰ ਧਮਾਕਿਆਂ ਦੀਆਂ ਰਿਪੋਰਟਾਂ ਹਨ। ਮਿਜ਼ਾਈਲਾਂ ਡਿੱਗਣ ਨਾਲ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ। ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਹੋਰ ਹਮਲੇ ਹੋ ਸਕਦੇ ਹਨ। ਬਹੁਤੇ ਲੋਕ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਥਾਵਾਂ ਦੀ ਭਾਲ ਵਿੱਚ ਭਟਕ ਰਹੇ ਹਨ।
ਇਸੇ ਦੌਰਾਨ ਭਾਰਤੀ ਫੌਜ ਵੱਲੋਂ ਹਵਾਈ ਹਮਲਿਆਂ ਮਗਰੋਂ ਅਥਾਰਿਟੀਜ਼ ਨੇ ਸ੍ਰੀਨਗਰ ਸਣੇ ਉੱਤਰੀ ਭਾਰਤ ਦੇ ਕਈ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਹੈ। ਅਥਾਰਿਟੀਜ਼ ਅਨੁਸਾਰ ਫਿਲਹਾਲ ਸ੍ਰੀਨਗਰ ਹਵਾਈ ਅੱਡੇ ਤੋਂ ਕੋਈ ਵੀ ਗੈਰ-ਫੌਜੀ ਉਡਾਣ ਨਹੀਂ ਚੱਲੇਗੀ। ਕਈ ਹੋਰ ਏਅਰਲਾਈਨਾਂ ਨੇ ਵੀ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰ ਇੰਡੀਆ ਨੇ ਸਥਿਤੀ ਦੇ ਮੱਦੇਨਜ਼ਰ ਜੰਮੂ, ਸ੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਭੁਜ, ਜਾਮਨਗਰ, ਚੰਡੀਗੜ੍ਹ ਅਤੇ ਰਾਜਕੋਟ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ। ਅੰਮ੍ਰਿਤਸਰ ਜਾ ਰਹੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ। ਅੰਮ੍ਰਿਤਸਰ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਵਾਈ ਅੱਡੇ ਅਗਲੇ ਨੋਟਿਸ ਤੱਕ ਬੰਦ ਹਨ।
ਭਾਰਤੀ ਫੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਹਥਿਆਰਬੰਦ ਬਲਾਂ ਨੇ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਸੀ। ਉਂਜ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਭਾਰਤ ਸਰਕਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਕਾਰਵਾਈ ਹੇਠ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੋਂ ਭਾਰਤ ਉੱਤੇ ਹੋਏ ਅਤਿਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਤੇ ਉਨ੍ਹਾਂ ਨੂੰ ਅੰਜਾਮ ਦਿੱਤਾ ਗਿਆ ਸੀ।
ਚੇਤੇ ਰਹੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਅਪਰੈਲ ਨੂੰ ਸਿਖਰਲੇ ਰੱਖਿਆ ਅਧਿਕਾਰੀਆਂ ਨਾਲ ਇੱਕ ਉਚ ਪੱਧਰੀ ਮੀਟਿੰਗ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਜਵਾਬ ਦੇ ਢੰਗ, ਟੀਚਿਆਂ ਅਤੇ ਸਮੇਂ ਬਾਰੇ ਫੈਸਲਾ ਲੈਣ ਲਈ ਪੂਰੀ ਖੁੱਲ੍ਹ ਦਿੱਤੀ ਸੀ। ਸ੍ਰੀ ਮੋਦੀ ਨੇ ‘ਅਤਿਵਾਦ ਨੂੰ ਕਰਾਰਾ ਝਟਕਾ’ ਦੇਣ ਦੇ ਕੌਮੀ ਅਹਿਦ ‘ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਪਾਕਿਸਤਾਨ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਭਾਰਤ ਵੱਲੋਂ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਦੇ ਕੋਟਲੀ ਅਤੇ ਮੁਜ਼ੱਫਰਾਬਾਦ ਅਤੇ ਪੰਜਾਬ ਦੇ ਬਹਾਵਲਪੁਰ ਵਿੱਚ ਮਿਜ਼ਾਈਲ ਹਮਲੇ ਕੀਤੇ ਗਏ। ਉਨ੍ਹਾਂ ਕਿਹਾ, ਇਹ ਬੁਜ਼ਦਿਲਾਨਾ ਅਤੇ ਸ਼ਰਮਨਾਕ ਹਮਲਾ ਭਾਰਤ ਦੇ ਹਵਾਈ ਖੇਤਰ ਦੇ ਅੰਦਰੋਂ ਕੀਤਾ ਗਿਆ ਹੈ। ਸ਼ਰੀਫ ਚੌਧਰੀ ਨੇ ਅੱਗੇ ਕਿਹਾ, ਇਸ ਘਿਨਾਉਣੀ ਭੜਕਾਹਟ ਦਾ ਜਵਾਬ ਦਿੱਤਾ ਜਾਵੇਗਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਹਮਲੇ `ਤੇ ਪ੍ਰਤੀਕਿਰਿਆ ਦਿੰਦੀਆਂ ਸੋਸ਼ਲ ਮੀਡਿਆ ਪਲੇਟਫਾਰਮ ਐਕਸ ਦੀ ਇੱਕ ਪੋਸਟ `ਚ ਲਿਖਿਆ, “ਪਾਕਿਸਤਾਨ ਨੂੰ ਭਾਰਤ ਵੱਲੋਂ ਥੋਪੀ ਗਈ ਇਸ ਜੰਗ ਦਾ ਜ਼ੋਰਦਾਰ ਜਵਾਬ ਦੇਣ ਦਾ ਪੂਰਾ ਹੱਕ ਹੈ, ਅਤੇ ਜ਼ੋਰਦਾਰ ਜਵਾਬ ਦਿੱਤਾ ਜਾ ਰਿਹਾ ਹੈ।… ਪੂਰਾ ਦੇਸ਼ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਦੇ ਨਾਲ ਖੜ੍ਹਾ ਹੈ ਅਤੇ ਪੂਰੇ ਪਾਕਿਸਤਾਨੀ ਰਾਸ਼ਟਰ ਦਾ ਮਨੋਬਲ ਤੇ ਭਾਵਨਾ ਮਜ਼ਬੂਤ ਹੈ।” ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਾਕਿਸਤਾਨ ਦੇ ਅੰਦਰ ਭਾਰਤੀ ਹਮਲਿਆਂ `ਤੇ ਦਿੱਤੀ ਆਪਣੀ ਟਿੱਪਣੀ ਵਿੱਚ ਕਿਹਾ, “ਇਹ ਇੱਕ ਸ਼ਰਮਨਾਕ ਗੱਲ ਹੈ। ਮੈਨੂੰ ਲੱਗਦਾ ਹੈ ਕਿ ਲੋਕ ਅਤੀਤ ਦੇ ਆਧਾਰ `ਤੇ ਜਾਣਦੇ ਸਨ ਕਿ ਕੁਝ ਹੋਣ ਵਾਲਾ ਹੈ। ਉਹ ਲੰਬੇ ਸਮੇਂ ਤੋਂ ਲੜ ਰਹੇ ਹਨ। ਜੇ ਤੁਸੀਂ ਇਸ ਬਾਰੇ ਵਿਚਾਰੋ ਤਾਂ ਉਹ ਦਹਾਕਿਆਂ ਅਤੇ ਸਦੀਆਂ ਤੋਂ ਲੜ ਰਹੇ ਹਨ।”
ਇਸੇ ਦੌਰਾਨ ਭਾਰਤ ਨੇ ਅੰਸ਼ਕ ਤੌਰ `ਤੇ ਝਨਾਂ ਦਰਿਆ ਦਾ ਪਾਣੀ ਰੋਕ ਦਿੱਤਾ ਹੈ। ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਅਤੇ ਪਾਕਿਸਤਾਨ ਵੱਲੋਂ ਸ਼ਿਮਲਾ ਸਮਝੌਤਾ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ। ਦੋਹਾਂ ਮੁਲਕਾਂ ਵਿਚਕਾਰ ਚੱਲ ਰਹੀ ਕਸ਼ੀਦਗੀ ਦਰਮਿਆਨ ਸਰਹੱਦੀ ਖੇਤਰਾਂ ਵਿੱਚ ਫੌਜ ਤੇ ਬੀ.ਐਸ.ਐਫ. ਅਤੇ ਨੀਮ ਫੌਜੀ ਦਸਤਿਆਂ ਦੀ ਨਕਲੋਹਰਕਤ ਵਧ ਗਈ ਸੀ। ਜੰਮੂ-ਕਸ਼ਮੀਰ ਵਾਲੇ ਪਾਸੇ ਕਈ ਥਾਵਾਂ ‘ਤੇ ਦੋਹਾਂ ਧਿਰਾਂ ਵਿਚਕਾਰ ਬੀਤੇ ਕਈ ਦਿਨਾਂ ਤੋਂ ਰੁਕ ਰੁਕ ਕੇ ਗੋਲੀਬਾਰੀ ਹੋ ਰਹੀ ਸੀ। ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਕੰਮ ਤੇਜ਼ੀ ਨਾਲ ਮੁਕਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਸਿੱਖ ਸ਼ਰਧਾਲੂਆਂ ਨੂੰ ਖਦਸ਼ਾ ਹੈ ਕਿ ਇਸ ਤਣਾਅ ਦਰਮਿਆਨ ਕਰਤਾਰਪੁਰ ਲਾਂਘਾ ਬੰਦ ਹੋ ਸਕਦਾ ਹੈ। ਦਿਲਚਸਪ ਤੱਥ ਇਹ ਵੀ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਤਣਾਅ ਦੇ ਮੱਦੇਨਜ਼ਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਸ਼ਰਧਾਲੂਆਂ ਦੀ ਆਮਦ ਘਟ ਗਈ ਹੈ।
ਪਹਿਲਗਾਮ ਦੀ ਅਤਿਵਾਦੀ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪਣੇ ਕੂਟਨੀਤਿਕ ਸੰਬੰਧ ਤੋੜੇ ਹੋਏ ਹਨ ਅਤੇ ਭਾਰਤ ਸਰਕਾਰ ਨੇ ਬਹੁਤ ਸਾਰੇ ਪਾਕਿਸਤਾਨੀ ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਾਈ ਹੋਈ ਹੈ। ਸਰਕਾਰ ਵੱਲੋਂ ਦੇਸ਼ ਵਿੱਚ ਮਹਿਮਾਨ ਵਜੋਂ ਜਾਂ ਰਿਸ਼ਤੇਦਾਰੀਆਂ ਆਦਿ ਵਿੱਚ ਆਏ ਪਾਕਿਸਤਾਨੀਆਂ ਨੂੰ ਦੇਸ਼ ਛੱਡ ਜਾਣ ਦੀਆਂ ਹਦਾਇਤਾਂ ਹਨ। ਇਸ ਤਰ੍ਹਾਂ ਪਾਕਿਸਤਾਨ ਗਏ ਭਾਰਤੀ ਸ਼ਹਿਰੀਆਂ ਨੂੰ ਫੌਰੀ ਵਾਪਸ ਪਰਤ ਆਉਣ ਦੇ ਹੁਕਮ ਦਿੱਤੇ ਗਏ। ਭਾਰਤ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਵੱਲੋਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਫੋਨ ਕਰਕੇ ਭਾਰਤ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।
ਉਂਝ ਇਸ ਨਾਲ ਦੋਹਾਂ ਦੇਸ਼ਾਂ ਵਿੱਚ ਰਿਸ਼ਤੇਦਾਰੀਆਂ ਰੱਖਣ ਵਾਲੇ ਮੁਸਲਿਮ ਪਰਿਵਾਰ ਪਿਸਣ ਲੱਗੇ ਹਨ। ਨਵੇਂ ਵਿਆਹੁੰਦੜਾਂ ਲਈ ਖਾਸ ਤੌਰ ‘ਤੇ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ। ਇਨ੍ਹਾਂ ਵਿੱਚ ਕੁਝ ਪਰਿਵਾਰ ਇਹੋ ਜਿਹੇ ਹਨ, ਜਿਹੜੇ ਇਧਰ ਵੱਸ ਗਏ ਸਨ ਅਤੇ ਉਨ੍ਹਾਂ ਦੇ ਬਾਲ ਬੱਚੇ ਵੀ ਹੋ ਗਏ ਸਨ। ਇਨ੍ਹਾਂ ਪਰਿਵਾਰ ਦੇ ਅੱਧ-ਪਚੱਧ ਜੀਆਂ ਨੂੰ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਜਿਨ੍ਹਾਂ ਬੱਚਿਆਂ ਦਾ ਜਨਮ ਭਾਰਤ ਵਿੱਚ ਹੋਇਆ ਹੈ, ਉਹ ਇਧਰ ਰਹਿ ਜਾਣਗੇ ਅਤੇ ਦੂਜੇ ਵਾਪਸ ਭੇਜੇ ਜਾਣਗੇ। ਕਈ ਮਾਂਵਾਂ ਆਪਣੇ ਬੱਚਿਆਂ ਨਾਲੋਂ ਜੁਦਾ ਹੋ ਗਈਆਂ ਹਨ। ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਵਿੱਚੋਂ ਨਿਕਲਣ ਲਈ 48 ਘੰਟੇ ਦਿੱਤੇ ਸਨ ਅਤੇ ਕਿਹਾ ਸੀ ਕਿ ਇਸ ਸਮਾਂ ਸੀਮਾ ਤੋਂ ਬਾਅਦ ਭਾਰਤ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਅਟਾਰੀ ਬਾਰਡਰ ਹੁਣ ਪੂਰੀ ਤਰ੍ਹਾਂ ਬੰਦ ਹੈ। ਦੋਹਾਂ ਮੁਲਕਾਂ ਵਿਚਕਾਰ ਹਰ ਕਿਸਮ ਦਾ ਵਪਾਰ ਵੀ ਬੰਦ ਹੈ। ਪੰਜਾਬ ਸਰਕਾਰ ਨੇ ਰੈਡ ਅਲਰਟ ਜਾਰੀ ਕੀਤਾ ਹੈ। ਪੰਜਾਬ ਨਾਲ ਲਗਦੀ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਕਿਸਮ ਦੀਆਂ ਘਟਨਾਵਾਂ ਬਾਰੇ ਸਤਰਕ ਰਹਿਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸਰਕਾਰ ਵੱਲੋਂ ਰੱਖਿਆ ਮੰਤਰੀ ਦੀ ਪ੍ਰਧਾਨਗੀ ਹੇਠ ਸੱਦੀ ਗਈ ਇੱਕ ਸਰਬ ਪਾਰਟੀ ਮੀਟਿੰਗ ਵਿੱਚ ਸਮੁੱਚੀ ਵਿਰੋਧੀ ਧਿਰ ਨੇ ਸਰਕਾਰ ਦਾ ਸਾਥ ਦੇਣ ਦਾ ਵਾਅਦਾ ਕੀਤਾ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਸਮੂਹਿਕ ਰੂਪ ਵਿੱਚ ਸਰਕਾਰ ਦੀ ਪਿੱਠ ‘ਤੇ ਖੜ੍ਹੇ ਹੋਣ ਦਾ ਵਾਅਦਾ ਕੀਤਾ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਹਮਾਇਤ ਕੀਤੀ। ਵਿਰੋਧੀ ਪਾਰਟੀਆਂ ਵੱਲੋਂ ਸੈਲਾਨੀਆਂ ਦੀ ਸੁਰੱਖਿਆ ਵਿੱਚ ਹੋਈਆਂ ਕੁਤਾਹੀਆਂ ਦਾ ਮੁੱਦਾ ਵੀ ਚੁੱਕਿਆ ਗਿਆ ਸੀ। ਇਸ ਤੋਂ ਇਲਾਵਾ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜਖਮੀਆਂ ਦੇ ਪਰਿਵਾਰਾਂ ਨਾਲ ਮੁਲਾਕਤ ਕੀਤੀ।
ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਵੱਲੋਂ ਲੰਘੇ ਹਫਤੇ ਅਤਿਵਾਦੀ ਹਮਲੇ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ। ਮੁੱਖ ਮੰਤਰੀ ਨੇ ਆਗਾਹ ਕੀਤਾ ਕਿ ਇਸ ਹਮਲੇ ਕਾਰਨ ਸਾਧਾਰਨ ਲੋਕਾਂ ਖਿਲਾਫ ਨਾਜਾਇਜ਼ ਕਾਰਵਾਈ ਤੋਂ ਗਰੇਜ਼ ਕੀਤਾ ਜਾਵੇ। ਅਤਿਵਾਦੀ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਲਈ ਜੰਮੂ-ਕਸ਼ਮੀਰ ਅਸੈਂਬਲੀ ਵੱਲੋਂ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ। ਯਾਦ ਰਹੇ, ਧਾਰਾ 370 ਰੱਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਨੂੰ ਯੂਨੀਅਨ ਟੈਰੇਟਰੀ ਐਲਾਨਣ ਤੋਂ ਬਾਅਦ ਹਿੰਸਕ ਘਟਨਾਵਾਂ ਦੀ ਦਰ ਘਟਣ ਮਗਰੋਂ ਸੈਲਾਨੀਆਂ ਦੀ ਗਿਣਤੀ ਕਾਫੀ ਵਧ ਗਈ ਸੀ। ਕਸ਼ਮੀਰ ਵਿੱਚ ਵਾਪਰ ਰਹੀ ਪਹਿਲੀ ਹਿੰਸਾ ਨਾਲੋਂ ਇਸ ਵਾਰ ਇਹ ਫਰਕ ਜ਼ਰੂਰ ਦਿਸ ਰਿਹਾ ਹੈ ਕਿ ਸਥਾਨਕ ਲੋਕਾਂ ਅਤੇ ਟੂਰਿਸਟ ਗਾਈਡਾਂ ਨੇ ਜਖ਼ਮੀ ਹੋਏ ਤੇ ਘਟਨਾ ਕਾਰਨ ਘਬਰਾਏ ਹੋਏ ਸੈਲਾਨੀਆਂ ਦੀ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਇਸ ਘਟਨਾ ਦਾ ਲੋਕਾਂ ਨੇ ਆਪ ਮੁਹਾਰੇ ਵਿਰੋਧ ਕੀਤਾ।