*ਫਿਰ ਸਮੇਂ ਦੇ ਹਾਣ ਦੀ ਨਹੀਂ ਹੋ ਰਹੀ ਅਕਾਲੀ ਲੀਡਰਸ਼ਿੱਪ
ਜਸਵੀਰ ਸਿੰਘ ਮਾਂਗਟ
ਪਿਛਲੇ ਦਿਨੀਂ ਚੰਡੀਗੜ੍ਹ ਤੋਂ ਛਪਦੇ ਇੱਕ ਅਖ਼ਬਾਰ ਨੇ ਦਿੱਲੀ ਦੀ ਸਿੱਖ ਸਿਆਸਤ ਸੰਬੰਧੀ ਦੋ ਖ਼ਬਰਾਂ ਛਪੀਆਂ ਹਨ। ਇਨ੍ਹਾਂ ਖਬਰਾਂ ਨੂੰ ਪੜ੍ਹ/ਵੇਖ ਕੇ ਪਤਾ ਲਗਦਾ ਹੈ ਕਿ ਸਾਡੀ ਰਵਾਇਤੀ ਸਿੱਖ ਸਿਆਸਤ ਕਿਸ ਪੱਧਰ ਤੱਕ ਡਿੱਗ ਪਈ ਹੈ। ਦੂਜੇ ਪਾਸੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਿਆਸੀ ਹਾਲਾਤ ਇੱਕ ਬੇਹੱਦ ਸੂਝਵਾਨ ਲੀਡਰਸ਼ਿੱਪ ਦੀ ਮੰਗ ਕਰਦੇ ਹਨ। ਅਸੀਂ ਉਨ੍ਹਾਂ ਸਮਿਆਂ ਵਿੱਚ ਜੀਅ ਰਹੇ ਹਾਂ, ਜਦੋਂ ਲਮਹਿਆਂ ਵਿੱਚ ਕੀਤੀ ਹੋਈ ਖਤਾ ਦੀ ਕੌਮਾਂ/ਭਾਈਚਾਰਿਆਂ ਨੂੰ ਸਦੀਆਂ ਤੱਕ ਸਜ਼ਾ ਭੁਗਤਣੀ ਪੈਂਦੀ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੇ ਬਿਆਨ ‘ਤੇ ਆਧਾਰਤ 16 ਮਈ ਨੂੰ ਛਪੀ ਇੱਕ ਖ਼ਬਰ ਦੀਆਂ ਆਰੰਭਕ ਲਾਈਨਾਂ ਹਨ, “ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਹਾਇਸ਼ੀ ਖ਼ੇਤਰ ਵਿੱਚ ਕਮੇਟੀ ਦੇ ਇੱਕ ਮੈਨੇਜਰ ਪੱਧਰ ਦੇ ਅਧਿਕਾਰੀ ਵੱਲੋਂ ਇੱਕ ਔਰਤ ਨਾਲ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ ਨੂੰ ਲੈ ਕੇ ਦਿੱਲੀ ਦੀ ਸਿੱਖ ਸਿਆਸਤ ਭਖ ਗਈ ਹੈ!” ਕਿੱਡਾ ਪੰਥਕ ਮੁੱਦਾ ਹੈ, ਜਿਸ ‘ਤੇ ਸਿੱਖ ਸਿਆਸਤ ਭਖੀ ਹੈ? ਲਾਉ ਹਿਸਾਬ, ਸਾਡੇ ਪਵਿੱਤਰ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧਨ ਕਰਨ ਵਾਲੇ ਲੋਕ ਕਿਸ ਕਿਰਦਾਰ ਦੇ ਮਾਲਕ ਹਨ! ਹੁਣ ਅੱਗੇ ਪੜ੍ਹੋ ਖ਼ਬਰ ਵਿੱਚ ਕੀ ਲਿਖਿਆ ਹੈ, “ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਹੰਗਾਂ ਦੇ ਇੱਕ ਟੋਲੇ ਨੂੰ ਨਾਲ ਲੈ ਕੇ ਲਾਏ ਗਏ ਦੋਸ਼ਾਂ ਦੇ ਜਵਾਬ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕਥਿਤ ਔਰਤ ਵੱਲੋਂ ਕੋਈ ਸ਼ਿਕਾਇਤ ਕਿਤੇ ਵੀ ਨਹੀਂ ਕੀਤੀ ਗਈ। ਪਰ ਫਿਰ ਵੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸੰਬੰਧਤ ਮੁਲਜ਼ਮ ਅਤੇ ਉਸ ਔਰਤ ਨੂੰ ਮੁਅੱਤਲ ਕਰ ਦਿੱਤਾ ਹੈ (ਸਾਫ ਹੈ ਪੀੜਤ ਔਰਤ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮ ਹੈ) ਅਤੇ ਦੋਨਾਂ ਕਥਿਤ ਮੁਲਜ਼ਮਾਂ ਨੂੰ ਬਰਖਾਸਤ ਕਰਨ ਲਈ ਕਾਨੂੰਨੀ ਅਤੇ ਸੇਵਾਵਾਂ ਤਹਿਤ ਲੋੜੀਂਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਦੋਨਾਂ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਬਰਖਾਸਤ ਕੀਤਾ ਜਾਵੇਗਾ ਕਿ ਉਹ ਅਦਾਲਤ ਰਾਹੀਂ ਨੌਕਰੀ ਹਾਸਲ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਗੁਰਦੁਆਰਿਆਂ ਨੂੰ ਬਦਨਾਮ ਕਰਨ ਤਹਿਤ ਦੋਸ਼ ਲਾਏ ਗਏ ਹਨ।”
ਸੋ, ਸਮਝੇ ਸਰਦਾਰੋ ਕੀ ਘੁੰਡੀ ਹੈ ਖ਼ਬਰ ਵਿੱਚ? ਬਲਾਤਕਾਰ ਤੋਂ ਪੀੜਤ ਔਰਤ ਨੇ ਨਾ ਤਾਂ ਪ੍ਰਬੰਧਕਾਂ ਕੋਲ ਹੀ ਕੋਈ ਸ਼ਿਕਾਇਤ ਕੀਤੀ ਹੈ ਅਤੇ ਨਾ ਥਾਣੇ ਵਗੈਰਾ ਕੋਈ ਰਪਟ ਲਿਖਾਈ ਹੈ। ਤਦ ਵੀ ਬਲਾਤਕਾਰ ਸਿੱਧ ਹੋ ਗਿਆ ਹੈ ਅਤੇ ਦੋਨੋਂ ਬਰਖਾਸਤ ਕਰ ਦਿੱਤੇ ਗਏ ਹਨ। ਅਦਾਲਤ ਰਾਹੀਂ ਵਾਪਸ ਨੌਕਰੀ ਵਿੱਚ ਨਾ ਆ ਜਾਣ, ਇਸ ਲਈ ਪੱਕੇ ਪ੍ਰਬੰਧ ਕੀਤੇ ਜਾ ਰਹੇ ਹਨ? ਨਾ ਕੋਈ ਵਕੀਲ-ਨਾ ਦਲੀਲ, ਨਾ ਜੱਜ-ਨਾ ਅਦਾਲਤ; ਪਰ ਫੈਸਲਾ ਕਰ ਦਿੱਤਾ ਗਿਆ ਹੈ। ਹੁਣ ਜ਼ਰਾ ਸੋਚੋ! ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦਾ ਕਿਧਰੇ ਦਿੱਲੀ ਗਏ ਸਾਡੇ ਲੋਕ ਰਾਤ ਬਰਾਤੇ ਓਟ ਆਸਰਾ ਤੱਕਦੇ ਹਨ, ਉਨ੍ਹਾਂ ਦੇ ਮੈਨੇਜਰਾਂ/ਮੁਲਾਜ਼ਮਾਂ ਦੀ ਮਾਨਸਿਕਤਾ ਅਤੇ ਇਖ਼ਲਾਕ ਕਿਸ ਪੱਧਰ ਦਾ ਹੈ?
ਹੁਣ ਇਸੇ ਤਰ੍ਹਾਂ ਦੀ ਇੱਕ ਹੋਰ “ਪੰਥਕ” ਖ਼ਬਰ ਦੇ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ: “ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਸਮਰਥਕਾਂ ਨੇ ਇੱਕ ਗੁਰਦੁਆਰੇ ‘ਤੇ ਕਬਜ਼ਾ ਕਰਨ ਦੇ ਮਨਸ਼ੇ ਤਹਿਤ ਗ੍ਰੰਥੀ ਨੂੰ ਅਗਵਾ ਕਰਕੇ ਪੰਜਾਬ ਛੱਡ ਦਿੱਤਾ। ਇਸ ਮਗਰੋਂ ਦਿੱਲੀ ਵਿੱਚ ਅਗਵਾ ਕਰਨ ਦੀ ਐਫ.ਆਈ.ਆਰ. ਦਰਜ ਹੋ ਗਈ। ਇਸ ਦੌਰਾਨ ਜੀ.ਕੇ. ਨੇ ਸੁੱਖ ਆਸਣ ਵਾਲੀ ਥਾਂ ਛੋਟੀ ਕਰਕੇ ਆਪਣਾ ਦਫਤਰ ਖੋਲ੍ਹਣ ਦੇ ਹੁਕਮ ਦੇ ਦਿੱਤੇ (ਗੁਰੂ ਦੇ ਆਸਣ ਦੀ ਥਾਂ ਆਪਣੀ ਕੁਰਸੀ!) ਅਖੇ ਸਾਰੀ ਕਹਾਣੀ ਦਾ ਪਤਾ ਉਦੋਂ ਲੱਗਾ, ਜਦੋਂ ਕੁੱਟਮਾਰ ਕਰਕੇ ਪੰਜਾਬ ਛੱਡੇ ਗ੍ਰੰਥੀ (ਤਰਸੇਮ ਸਿੰਘ) ਨੇ ਵਾਪਸ ਆਣ ਕੇ ਸਾਰੀ ਕਹਾਣੀ ਦੱਸੀ।”
ਅਸਲ ਖ਼ਬਰਾਂ ਲੰਬੀਆਂ ਹਨ ਅਤੇ ਦਿੱਲੀ ਦੇ ‘ਪੰਥਕ’ ਲੀਡਰਾਂ ਦੀਆਂ ਮੂਰਤਾਂ ਵੀ ਛਪੀਆਂ ਹਨ। ਇੱਥੇ ਇਹ ਵੀ ਸਾਫ ਕਰ ਦੇਈਏ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਿੰਗ ਵਾਂਗ ਹੀ ਹੈ ਅਤੇ ਮਨਜੀਤ ਸਿੰਘ ਜੀ.ਕੇ. ਜੇ ਮੈਂ ਭੁਲਦਾ ਨਹੀਂ ਤਾਂ ਉਹੋ ‘ਆਗੂ’ ਹੈ, ਜਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਿਆਂ ਇੱਕ ਵਾਰ ਇੱਕ ਦਿੱਲੀ ਦੰਗਿਆਂ ਦੀ ਪੀੜਤ ਔਰਤ ਕੁੱਟ ਧਰੀ ਸੀ।
ਪੰਜਾਬ ਵਿੱਚ ਪਹਿਲਾਂ ਹੀ ਅਕਾਲੀ/ਸਿੱਖ ਸਿਆਸਤ ਆਪਣੀ ਨਿਵਾਣਾਂ ਛੂਹ ਰਹੀ ਹੈ ਅਤੇ ਪਾਟੋਧਾੜ ਦਾ ਸ਼ਿਕਾਰ ਹੈ। ਪੰਜਾਬ ਵਿੱਚ ਅਕਾਲੀ ਦਲ ਦਾ ਬਾਦਲ ਧੜਾ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਬਿਨਾ ਸਵਿਕਾਰੇ ਹੀ ਲੋਕਾਂ ਵਿੱਚ ਪ੍ਰਵਾਨ ਹੋਣ ਦਾ ਯਤਨ ਕਰ ਰਿਹਾ ਹੈ। ਬਾਦਲ ਧੜੇ ਵੱਲੋਂ ਪਹਿਲੇ ਜਥੇਦਾਰ ਸਾਹਿਬ ਨੂੰ ਅਹੁਦੇ ਤੋਂ ਲਾਹ ਕੇ ਚੋਰੀ ਛਿੱਪੇ ਥਾਪੇ ਗਏ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਿੱਖ ਪ੍ਰਚਾਰ ਦੇ ਮਾਮਲੇ ਵਿੱਚ ਹਮਲਾਵਰ ਹੋਣ ਦਾ ਯਤਨ ਕਰ ਰਹੇ ਹਨ ਅਤੇ ਰੈਡੀਕਲ ਸਿੱਖ ਧਿਰਾਂ ਨਾਲ ਨਜ਼ਦੀਕੀ ਬਣਾਉਣ ਦੇ ਯਤਨ ਵਿੱਚ ਹਨ, ਪਰ ਹਾਲ ਦੀ ਘੜੀ ਉਨ੍ਹਾਂ ਦੇ ਇਸ ਕਿਸਮ ਦੇ ਯਤਨਾਂ ਨੂੰ ਕੋਈ ਫਲ ਪੈਂਦਾ ਵਿਖਾਈ ਨਹੀਂ ਦੇ ਰਿਹਾ। ਅਕਾਲੀ ਦਲ (ਬਾਦਲ) ਦੀ ਭਾਰਤ-ਪਾਕਿ ਜੰਗ ਬਾਰੇ ਭਾਜਪਾਈ ਪਹੁੰਚ ਵੀ ਪੰਜਾਬ ਅਤੇ ਸਿੱਖਾਂ ਦੇ ਅਨੁਕੂਲ ਨਹੀਂ ਹੈ। ਪੰਜਾਬ ਦੇ ਲੋਕ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਲੱਗਣ ਦੇ ਖਦਸ਼ਿਆਂ ਦੇ ਮੱਦੇਨਜ਼ਰ ਤ੍ਰਾਹ ਤ੍ਰਾਹ ਕਰ ਰਹੇ ਹਨ। ਬਾਰਡਰ ਸਟੇਟਾਂ ਹੋਣ ਕਾਰਨ ਜੰਗ ਦਾ ਸਭ ਤੋਂ ਜ਼ਿਆਦਾ ਅਸਰ ਪੰਜਾਬ ‘ਤੇ ਹੀ ਪੈਣਾ ਹੈ। ਸਿੱਖ ਸਿਆਸੀ ਸਫਾਂ ਵਿੱਚ ਸਿਮਰਨਜੀਤ ਸਿੰਘ ਮਾਨ ਸਿਰਫ ਇਕੱਲੇ ਸਿਆਸਤਦਾਨ ਹਨ, ਜਿਨ੍ਹਾਂ ਨੇ ਜੰਗ ਦਾ ਵਿਰੋਧ ਕੀਤਾ ਹੈ।
ਇੱਥੇ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਦੋਨੋ ਮੁਲਕ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ। ਪਾਕਿਸਤਾਨ ਦੀ ਮੌਜੂਦਾ ਫੌਜੀ ਹਾਲਤ ਭਾਰਤ ਦੇ ਮੁਕਾਬਲੇ ਕਾਫੀ ਕਮਜ਼ੋਰ ਹੈ। ਜੰਗ ਦੀ ਹਾਲਤ ਵਿੱਚ ਜਾਂਦੀ ਵਾਹ ਜੇਕਰ ਪਾਕਿਸਤਾਨ ਨੇ ਪ੍ਰਮਾਣੂ ਹਥਿਆਰ ਵਰਤ ਦਿੱਤੇ ਤਾਂ ਇਧਰਲੇ ਪੰਜਾਬ ਦਾ ਤੇ ਘੱਟੋ ਘੱਟ ਨਾਮੋ ਨਿਸ਼ਾਨ ਮਿਟ ਸਕਦਾ ਹੈ। ਇਸ ਲਈ ਇਸ ਖਿੱਤੇ ਵਿੱਚ ਜੰਗ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਨੂੰ ਕਤਈ ਵਾਰਾ ਨਹੀਂ ਖਾਂਦੀ। ਸੰਸਾਰ/ਦੇਸ਼ ਪੱਧਰ ‘ਤੇ ਬਾਹਰਮੁਖੀ ਹਾਲਾਤ ਸਿੱਖ ਸਿਆਸਤ ਦੇ ਵਿਚਰਨ ਲਈ ਜਿੰਨੇ ਸਾਜ਼ਾਗਰ ਹਨ, ਸਿੱਖ ਸਿਆਸਤ ਦਾ ਸੰਗਠਨਾਤਮਕ ਅਤੇ ਵਿਚਾਰਧਾਰਕ ਪੱਖ ਉਨਾ ਹੀ ਕਮਜ਼ੋਰ ਹੈ। ਇਸ ਹਾਲਾਤ ਵਿੱਚ ਦੇਸ਼ ਅਤੇ ਸੰਸਾਰ ਪੱਧਰ ‘ਤੇ ਸਿੱਖ ਸਿਆਸਤ ਦੇ ਹੱਕ ਵਿੱਚ ਬਣ ਰਹੇ ਮੌਜੂਦ ਮੌਕਿਆਂ ਨੂੰ ਸਾਂਭਣ ਦੀ ਦ੍ਰਿਸ਼ਟੀ ਤੋਂ ਸਾਡੀ ਲੀਡਰਸ਼ਿਪ ਹਾਲੇ ਵੀ ਸਮੇਂ ਦੇ ਹਾਣ ਦੀ ਨਹੀਂ ਹੈ। ਸੰਸਾਰ ਦੇ ਆਰਥਕ ਸਿਆਸੀ ਖੇਤਰ ਵਿੱਚ ਤੇਜ਼ੀ ਨਾਲ ਟੁੱਟ ਭੱਜ ਹੋ ਰਹੀ ਹੈ। ਇਸ ਦੇ ਅਸਰ ਏਸ਼ੀਆ ਅਤੇ ਭਾਰਤ ‘ਤੇ ਵੀ ਪੈ ਰਹੇ ਹਨ।
ਸਾਰੀ ਦੁਨੀਆਂ ਦੇ ਵੱਡੇ ਮੁਲਕ ਸੰਸਾਰੀਕਰਣ ਦਾ ਪੱਲਾ ਛੱਡ ਕੇ ਵਾਪਸ ਆਪੋ ਆਪਣੇ ਕੌਮੀ ਘੁਰਨਿਆਂ (ਕੱਟੜਤਾ) ਵੱਲ ਮੁੜਨ ਦਾ ਯਤਨ ਕਰ ਰਹੇ ਹਨ। ਅਮਰੀਕਾ ਤਕਰੀਬਨ ਸਾਰੀਆਂ ਸੰਸਾਰ ਪੱਧਰੀ ਸੰਸਥਾਵਾਂ ਤੋਂ ਬਾਹਰ ਹੋ ਰਿਹਾ ਹੈ। ਯੂਰਪ ਖਸਤਾ ਹਾਲ ਹੈ ਅਤੇ ਯੂਕਰੇਨ ਨੂੰ ਰੂਸ ਨਾਲ ਲੜਾਉਣ ਵਿੱਚ ਰੁਝਿਆ ਹੋਇਆ ਹੈ। ਅਮਰੀਕਾ ਭਾਰਤ ਅਤੇ ਚੀਨ ਦੇ ਸਿੰਗ ਫਸਾਉਣ ਦੇ ਆਹਰ ਵਿੱਚ ਹੈ। ਚੀਨ ਇਸ ਲੜਾਈ ਨੂੰ ਭਾਰਤ ਅਤੇ ਪਾਕਿਸਤਾਨ ਵੱਲ ਖਿਸਕਾ ਕੇ ਖੁਸ਼ ਹੈ। ਸਿੱਖ/ਪੰਜਾਬ ਦੋਹਾਂ ਦੀ ਸੰਨ੍ਹ ਵਿੱਚ ਆਏ ਹੋਏ ਹਨ। ਇਨ੍ਹਾਂ ਸਥਿਤੀਆਂ ਨਾਲ ਨਿਪਟਣ ਲਈ ਮਨਜੀਤ ਸਿੰਘ ਜੀ.ਕੇ. ਅਤੇ ਹਰਮੀਤ ਸਿੰਘ ਗੁਰਦੁਆਰਿਆਂ `ਤੇ ਕਬਜ਼ਾ ਕਰਨ ਦੀ ਸਿਆਸਤ ਵਿੱਚ ਰੁਝੇ ਹੋਏ ਹਨ ਅਤੇ ਇੱਕ ਦੂਜੇ ‘ਤੇ ਬਲਾਤਕਾਰ ਦੇ ਦੋਸ਼ ਲਾ ਰਹੇ ਹਨ। ਅਕਾਲ ਤਖਤ ਸਾਹਿਬ ਵੱਲੋਂ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਹਾਲੇ ਭਰਤੀ ਵਿੱਚ ਰੁਝੀ ਹੋਈ ਹੈ। ਉਸ ਤੋਂ ਕੋਈ ਆਸ ਰੱਖੀਏ ਜਾਂ ਅੰਮ੍ਰਿਤਪਾਲ ਸਿੰਘ ਤੋਂ? ਵਕਤ ਬਹੁਤ ਤੇਜ਼ੀ ਨਾਲ ਗੁਜ਼ਰ ਰਿਹਾ ਹੈ। ਹਾਲਾਤ ਫਿਰ ਹੱਥੋਂ ਨਿਕਲ ਸਕਦੇ ਹਨ। ਜਿਸ ਨੇ ਜੋ ਕਰਨਾ ਹੈ, ਜਲਦੀ ਨਾਲ ਕਰੇ ਤਦ ਹੀ ਭਲਾ ਹੈ!