ਧਿਆਨ ਨਾਲ ਸੁਣੋ: ਇੱਕ ਪਿਆਰ ਕਹਾਣੀ

ਸਾਹਿਤਕ ਤੰਦਾਂ

ਅਨੁਵਾਦਿਤ ਕਹਾਣੀ
ਅੰਗਰੇਜ਼ੀ ਕਹਾਣੀਕਾਰ: ਉਰਨਾ ਬੋਸ
ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ, ਕੈਲਗਰੀ (ਕੈਨੇਡਾ)
ਮੈਂ ਧਿਆਨ ਨਾਲ ਸੁਣ ਰਹੀ ਸੀ, ਦੂਰ ਕਿਤੇ ਹਵਾ ਦੇ ਗੂੰਜਣ ਦੀ ਆਵਾਜ਼। ਕੀ ਹਵਾ ਨੂੰ ਨਹੀਂ ਸੀ ਪਤਾ ਕਿ ਮੈਂ ਕੁਝ ਦੇਰ ਇਕੱਲਿਆਂ ਰਹਿਣਾ ਚਾਹੁੰਦੀ ਸੀ?
ਮੈਂ ਉਸ ਹਨੇਰੀ ਖੱਡ ਵਿੱਚ ਕੁਝ ਹੋਰ ਸਰਕ ਗਈ। ਮੈਂ ਇੱਕ ਅਜਿਹੇ ਡਰਾਉਣੇ ਚਿੱਕੜ ਵਿੱਚ ਇਕੱਲੀ ਹੀ ਰਹਿਣਾ ਚਾਹੁੰਦੀ ਸੀ। ਮੈਨੂੰ ਨਹੀਂ ਪਤਾ ਮੈਂ ਉਸ ਹਾਲਤ ਵਿੱਚ ਕਿੰਨੀ ਦੇਰ ਪਈ ਰਹੀ? ਪੂਰਾ ਹਨੇਰਾ। ਹੋ ਸਕਦਾ ਹੈ ਕੁਝ ਮਿੰਟ, ਕੁਝ ਘੰਟੇ। ਸਮੇਂ ਦੀ ਲਗਾਤਾਰ ਟਿਕ-ਟਿਕ ਅਤੇ ਅਣਚਾਹੀ ਹੋਂਦ ਦੀ ਕੋਈ ਅਹਿਮੀਅਤ ਨਹੀਂ ਸੀ, ਖ਼ਾਸਕਰ ਜਦੋਂ ਤੁਸੀਂ ਇਕੱਲੇ ਰਹਿਣਾ ਚਾਹੁੰਦੇ ਹੋਵੋ।

ਸਿਰਫ ਇਕੱਲੀ ਹੀ ਨਹੀਂ ਸੀ ਰਹਿਣਾ ਚਾਹੁੰਦੀ, ਮੇਰੀ ਤਾਂ ਇੱਛਾ ਸੀ ਕਿ ਮੈਨੂੰ ਭੁਲਾ ਦਿੱਤਾ ਜਾਵੇ। ਮੈਂ ਚਾਹੁੰਦੀ ਸੀ ਕਿ ਮੇਰਾ ਨਾਂ, ਮੇਰੀ ਪਹਿਚਾਣ, ਮੇਰਾ ਸਰੀਰ ਅਤੇ ਮੇਰੀ ਹੋਂਦ ਦੀ ਹਰ ਨਿਸ਼ਾਨੀ ਜ਼ਿੰਦਗੀ ਦੇ ਨਕਸ਼ੇ ਤੋਂ ਮਿਟ ਜਾਵੇ। ਸਮੇਂ ਦੇ ਵਿਸ਼ਾਲ ਹੱਥ ਮੇਰੀ ਹਸਤੀ ਮਿਟਾ ਦੇਣ ਅਤੇ ਜਾਂ ਆਪਣੇ ਕੰਢਿਆਂ ਨਾਲ ਖਹਿੰਦਾ ਪਾਣੀ ਮੈਨੂੰ ਆਪਣੇ ਨਾਲ ਹੀ ਰੋਹੜ ਕੇ ਲੈ ਜਾਵੇ। ਸਾਡੇ ਛੋਟਾ ਜਿਹਾ ਬੰਦਰਗਾਹ ਵਾਲਾ ਸ਼ਹਿਰ, ਜੋ ਨਾ ਖਤਮ ਹੋਣ ਵਾਲੇ ਅਰੇਬੀਅਨ ਸਮੁੰਦਰ ਵੱਲ ਦੇਖ ਰਿਹਾ ਸੀ, ਤੋਂ ਮੇਰਾ ਨਾਂ ਮਿਟ ਜਾਵੇ। ਰਤਨਾਗਿਰੀ, ਮਹਾਰਾਸ਼ਟਰ ਵਿੱਚ ਸਾਡਾ ਛੋਟਾ ਜਿਹਾ ਬੰਦਰਗਾਹ ਵਾਲਾ ਆਪਣਾ ਸ਼ਹਿਰ, ਜਿਸ ਨੂੰ ਮੈਂ ਆਪਣਾ ਘਰ ਕਹਿਣਾ ਸਿੱਖ ਗਈ ਸੀ।
ਮੈਂ ਉਸ ਖੂਹ ਵਿੱਚ ਹੋਰ ਕੁਝ ਦੇਰ ਪਿਆ ਰਹਿਣਾ ਚਾਹੁੰਦੀ ਸੀ। ਇਹ ਰਤਨਾਗਿਰੀ ਦਾ ਉਹ ਖੂਹ ਨਹੀਂ ਸੀ, ਜਿੱਥੋਂ ਲੋਕ ਪਾਣੀ ਲੈਂਦੇ ਸੀ। ਇਹ ਪੁਰਾਣਾ ਖੂਹ ਸੀ, ਜਿਸ ਨੂੰ ਅੱਜ ਕੱਲ ਵਰਤਿਆ ਨਹੀਂ ਸੀ ਜਾਂਦਾ ਅਤੇ ਇਹ ਅੰਗਰੇਜ਼ਾਂ ਦੀ ਹਕੂਮਤ ਸਮੇਂ ਦੀਆਂ ਇਮਾਰਤਾਂ ਦੇ ਖੰਡਰ ਵਾਂਗ ਸੀ, ਜੋ ਰੁੱਖਾਂ ਅਤੇ ਵਹਿਮਾਂ-ਭਰਮਾਂ ਨਾਲ ਭਰਿਆ ਹੋਇਆ ਸੀ। ਇਸ ਸੁੱਕੇ ਖੂਹ ਨੂੰ ਲੋਕ ਭੁੱਲ ਚੁੱਕੇ ਸਨ। ਮੇਰੇ ਲਈ ਇਸ ਤੋਂ ਵਧੀਆ ਜਗਾ ਹੋਰ ਕਿਹੜੀ ਹੋ ਸਕਦੀ ਸੀ, ਮੈਂ ਵੀ ਕਿਸੇ ਕੰਮ ਦੀ ਨਹੀਂ ਸੀ ਅਤੇ ਚੰਗਾ ਸੀ ਕਿ ਭੁਲਾ ਦਿੱਤੀ ਜਾਵਾਂ। ਆਪਣੇ ਛੋਟੇ ਸ਼ਹਿਰ ਦੀਆਂ ਯਾਦਾਂ ਵਿੱਚੋਂ ਮਿਟਾ ਦਿੱਤੀ ਜਾਵਾਂ ਜਾਂ ਖਤਮ ਹੋ ਜਾਵਾਂ।
ਮੈਨੂੰ ਲੱਗਿਆ ਕਿ ਕੋਈ ਚੀਜ਼ ਮੇਰੇ ਉਪਰ ਰੀਂਗ ਰਹੀ ਹੈ। ਮੈਂ ਉਸਦੇ ਕੰਬਦੇ ਛੋਟੇ ਪੈਰਾਂ ਦੀ ਡਗਮਗਾਉਂਦੀ ਚਾਲ ਨੂੰ ਮਹਿਸੂਸ ਕਰ ਰਹੀ ਸੀ। ਪਹਿਲਾਂ ਤਾਂ ਮੈਂ ਉਸ ਨੂੰ ਝਾੜਨ ਦਾ ਇਰਾਦਾ ਕੀਤਾ, ਪਰ ਜਦੋਂ ਮੈਂ ਅਜਿਹਾ ਨਾ ਕਰ ਸਕੀ ਤਾਂ ਉਸ ਵੱਲ ਦੇਖਿਆ। ਇਹ ਤਾਂ ਅਸਲ ਵਿੱਚ ਇੱਕ ਰੱਸੀ ਸੀ, ਜੋ ਮੇਰੀਆਂ ਝਰੀਟਾਂ ਵਾਲੇ ਗਿੱਟੇ ਉਪਰ ਲਮਕ ਰਹੀ ਸੀ ਅਤੇ ਇਸਦਾ ਦੂਜਾ ਸਿਰਾ ਕਿਸੇ ਨੇ ਪਕੜਿਆ ਹੋਇਆ ਸੀ, ਜਿਸ ਨੂੰ ਭਾਵੇਂ ਮੇਰਾ ਪਤਾ ਨਹੀਂ ਸੀ, ਪਰ ਲੱਭ ਰਿਹਾ ਸੀ। ਪੱਕਾ ਪਤਾ ਨਾ ਹੋਣ ਦੇ ਬਾਵਜੂਦ ਡਟਿਆ ਹੋਇਆ ਸੀ।
ਮੈਨੂੰ ਸਮੇਂ ਦਾ ਕੁਝ ਵੀ ਪਤਾ ਨਹੀਂ ਸੀ, ਪਰ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਰਤਨਾਗਿਰੀ ਦੇ ਸਭ ਤੋਂ ਵੱਡੇ ਰੱਸੇ ਬਣਾਉਣ ਵਾਲੇ ਦਾ ਮੁੰਡਾ ਰਾਜੂ, ਮੇਰੇ ਵੱਲ ਝਾਕ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਚਮਕ ਸੀ। ਰਾਜੂ ਦੀਆਂ ਅੱਖਾਂ ਤੋਂ ਇਹ ਦਿਖ ਰਿਹਾ ਸੀ, ਜਿਵੇਂ ਉਸ ਨੂੰ ਇਹ ਪਤਾ ਹੋਵੇ ਕਿ ਮੇਰੇ ਅੰਕਲ ਨੇ ਹੀ ਮੇਰੇ ਨਾਲ ਮੂੰਹ ਕਾਲਾ ਕੀਤਾ ਸੀ।
ਮੈਂ ਰਾਜੂ ਦੀਆਂ ਅੱਖਾਂ ਵੱਲ ਦੁਬਾਰਾ ਦੇਖਿਆ ਕਿ ਉਨ੍ਹਾਂ ਵਿੱਚ ਮੇਰੇ ਲਈ ਮਜ਼ਾਕ, ਤਰਸ, ਸਰਮ ਜਾਂ ਕੋਈ ਹਾਂ-ਮੁਖੀ ਭਾਵਨਾ, ਕੀ ਹੈ? ਹੈਰਾਨੀ ਹੈ ਕਿ ਉਸ ਦੀਆਂ ਕਾਲੀਆਂ, ਭੂਰੀਆਂ ਅੱਖਾਂ ਵਿੱਚ ਅਜਿਹਾ ਕੁਝ ਵੀ ਨਹੀਂ ਸੀ। ਰਾਜੂ ਨੇ ਸਿਰਫ ਇੱਕ ਗੱਲ ਹੀ ਕਹੀ, “ਰਤਨਾ, ਮੇਰੀ ਗੱਲ ਧਿਆਨ ਨਾਲ ਸੁਣ। ਤੇਰੇ ਅੰਕਲ ਨੂੰ ਸ਼ਰਮ ਆਉਣੀ ਚਾਹੀਦੀ ਹੈ, ਤੈਨੂੰ ਨਹੀਂ।” ਰਾਜੂ ਦੇ ਇਹ ਸ਼ਬਦ ਵਾਰ-ਵਾਰ ਮੇਰੇ ਦਿਮਾਗ ਵਿੱਚ ਗੂੰਜ ਰਹੇ ਸਨ।
ਮੈਨੂੰ ਆਪਣੀ ਅੰਦਰਲੀ ਅਵਾਜ਼ ਸਾਫ ਸੁਣ ਰਹੀ ਸੀ, “ਭਾਵੇਂ ਕੁਝ ਦੇਰ ਪਹਿਲਾਂ ਮੈਂ ਮਰ ਜਾਣਾ ਚਾਹੁੰਦੀ ਸੀ।” ਮੈਂ ਇੱਕ ਵਾਰ ਫੇਰ ਧਿਆਨ ਨਾਲ ਸੁਣਿਆ, ਇਸ ਵਾਰ ਹਵਾ ਨੂੰ। ਹਵਾ ਬੜੀ ਸ਼ਾਂਤੀ ਨਾਲ ਵਗ ਰਹੀ ਸੀ। ਕੀ ਹਵਾ ਨੂੰ ਇਹ ਪਤਾ ਸੀ, ਉਸ ਪਲ-ਛਿਣ ਵਿੱਚ ਹੀ ਪਿਆਰ ਦੀ ਇੱਕ ਚਿੰਗਾਰੀ ਮੇਰੇ ਅੰਦਰ ਪੈਦਾ ਹੋ ਗਈ ਸੀ, ਠੀਕ ਉਸ ਰੱਸੀ ਦੀ ਤਰ੍ਹਾਂ ਜਿਸ ਨਾਲ ਰਾਜੂ ਨੇ ਇੱਕ ਕੁੜੀ ਨੂੰ ਹਨੇਰੇ, ਸਿਲ੍ਹੇ, ਵਾਪਿਸ ਨਾ ਆਉਣ ਵਾਲੇ ਖੂਹ ਵਿੱਚੋਂ ਬਾਹਰ ਖਿੱਚਿਆ ਸੀ, ਜੋ ਆਤਮ ਹੱਤਿਆ ਦਾ ਹੀ ਰੂਪ ਸੀ।
ਪੰਜ ਦਿਨਾਂ ਬਾਅਦ ਜਦੋਂ ਰਾਜੂ ਨੇ ਪਿੰਡ ਦੇ ਬਜ਼ੁਰਗਾਂ ਨੂੰ ਦੱਸਿਆ, “ਰਤਨਾ ਦੇ ਅੰਕਲ ਨੂੰ ਸ਼ਰਮ ਆਉਣੀ ਚਾਹੀਦੀ ਹੈ, ਰਤਨਾ ਨੂੰ ਨਹੀਂ”, ਮੈਂ ਗੁੱਸੇ ਨਾਲ ਕੰਬ ਰਹੀ ਸੀ। ਮੇਰੇ ਅੰਦਰਲੀ ਸ਼ਰਮ ਨੇ ਇੱਕ ਨਵੀਂ ਰੌਸ਼ਨੀ ਦੀ ਸ਼ਕਲ ਅਖਤਿਆਰ ਕਰ ਲਈ ਸੀ, ਇੱਕ ਸਮਝ, ਇੱਕ ਨਵੀਂ ਰੌਸ਼ਨੀ ਦੀ ਕਿਰਨ।
ਰਤਨਾਗਿਰੀ ਦੀ ਰਤਨਾ ਲਗਾਤਾਰ ਰਤਨਾਗਿਰੀ ਹੀ ਰਹਿ ਰਹੀ ਸੀ। ਹਾਂ, ਉਹ ਮੈਂ ਹੀ ਹਾਂ, ਇੱਕ ਕੁੜੀ ਜਿਸਦਾ ਪੁਨਰ-ਜਨਮ ਖੂਹ ਦੀ ਕੁੱਖ ਵਿੱਚ ਹੋਇਆ ਸੀ, ਕਿਉਂ ਕਿ ਇੱਕ ਰਾਜੂ ਨਾਂ ਦੇ ਮੁੰਡੇ ਨੇ ਇੱਕ ਵਾਕ ਵਿੱਚ ਹੀ ਉਸ ਨੂੰ ਸ਼ਰਮ, ਪਿਆਰ ਅਤੇ ਨਵੀਂ ਰੌਸ਼ਨੀ ਬਾਰੇ ਕੁਝ ਦੱਸਿਆ ਸੀ, ਜੋ ਉਸਨੇ ਜ਼ਿੰਦਗੀ ਦੇ 19 ਸਾਲਾਂ ਦੌਰਾਨ ਸਿੱਖਿਆ ਸੀ।

ਹੁਣ ਰਾਜੂ ਅਤੇ ਮੇਰੀ ਇੱਕ ਬੇਟੀ ਹੈ। ਮੇਰੀ 17 ਸਾਲ ਦੀ ਧੀ ਜਿਹੜੀ ਹਮੇਸ਼ਾ ਹੀ ਪਿਆਰ ਬਾਰੇ ਉਤਸੁਕ ਰਹਿੰਦੀ ਹੈ, ਅੱਜ ਸਵੇਰੇ ਕਹਿਣ ਲੱਗੀ, “ਮਾਂ ਮੈਨੂੰ ਕਿਵੇਂ ਪਤਾ ਲਵੇਗਾ ਕਿ ਪਿਆਰ ਕਦੋਂ ਹੋ ਗਿਆ?”
“ਤੈਨੂੰ ਧਿਆਨ ਨਾਲ ਸੁਣਨਾ ਪਏਗਾ-ਬਹੁਤ, ਬਹੁਤ ਧਿਆਨ ਨਾਲ”, ਮੈਂ ਆਪਣੇ ਬੀਤ ਚੁੱਕੇ ਸਮੇਂ ਦੀਆਂ ਯਾਦਾਂ ਵਿੱਚ ਗੁਆਚਦੇ ਹੋਏ ਕਿਹਾ, ਜਦੋਂ ਮੇਰੀ ਧੀ ਅਜੇ ਪੈਦਾ ਵੀ ਨਹੀਂ ਸੀ ਹੋਈ। ਉਸ ਨੇ ਚਿਹਰੇ ‘ਤੇ ਮੁਸਕਰਾਹਟ ਲਿਆਉਂਦਿਆਂ ਪੁੱਛਿਆ, “ਇਸਦਾ ਕੀ ਮਤਲਬ ਹੋਇਆ ਬਹੁਤ, ਬਹੁਤ ਧਿਆਨ ਨਾਲ?” ਉਸਨੇ ਸਿੱਧਾ ਮੇਰੀਆਂ ਅੱਖਾਂ ‘ਚ ਦੇਖਦੇ ਹੋਏ ਕਿਹਾ।
ਉਸ ਵੇਲੇ ਮੈਂ ਸੋਚਿਆ ਕਿ ਉਸ ਨੂੰ ਸਭ ਕੁਝ ਦੱਸ ਦਿਆਂ, ਜੋ ਮੈਨੂੰ ਉਸ ਉਮਰ ਵਿੱਚ ਕਿਸੇ ਨੇ ਨਹੀਂ ਸੀ ਦੱਸਿਆ। “ਬੱਚੂ, ਇਹ ਤੈਨੂੰ ਆਪਣੇ ਦਿਲ ਦੇ ਧੁਰ ਅੰਦਰ ਤੋਂ ਸਿੱਖਣਾ ਪਏਗਾ।” ਉਹ ਹੱਸ ਪਈ, “ਫੇਰ?” ਮੈਂ ਵੀ ਹੱਸ ਪਈ ਅਤੇ ਫੇਰ ਉਸਦੀ ਗੱਲ ਤੋਂ ਇਸ਼ਾਰਾ ਲੈ ਕੇ ਬੋਲੀ, “ਫੇਰ ਹਵਾ ਹੌਲੀ ਜਿਹੀ ਰੁਮਕੇਗੀ ਅਤੇ ਉਸੇ ਪਲ, ਪਿਆਰ ਦੀ ਇੱਕ ਝਲਕ ਅਛੋਪਲੇ ਅਤੇ ਅਣਜਾਣੇ ਢੰਗ ਨਾਲ ਤੇਰੇ ਕੋਲ ਆਏਗੀ,” ਮੈਂ ਹੌਲੀ ਜਿਹੀ ਕਿਹਾ ਤਾਂ ਜੋ ਇਹ ਸ਼ਬਦ ਉਸ ਸਤਾਰਾਂ ਸਾਲਾਂ ਦੀ ਬੇਟੀ ਦੇ ਰੋਮ-ਰੋਮ ‘ਚ ਸਮਾ ਜਾਣ। ਮੈਂ ਉਸ ਦੀਆਂ ਡੂੰਘੀਆਂ ਕਾਲੀਆਂ-ਭੂਰੀਆਂ ਅੱਖਾਂ ਨੂੰ ਨਿਹਾਰ ਰਹੀ ਸੀ।
ਮੈਂ ਉਸ ਨੂੰ ਇੱਕ ਵਿਰਾਸਤ ਸੌਂਪ ਰਹੀ ਸੀ-ਜੋ ਹਰ ਮਾਂ ਨੂੰ ਆਪਣੀ ਧੀ ਨੂੰ ਦੇਣੀ ਚਾਹੀਦੀ ਹੈ-ਸੁਨਹਿਰੀ ਲਾਲ ਰਤਨਾਂ ਨਾਲ ਸਜੀ ਹੋਈ ਵਿਰਾਸਤ, ਜੀਵਣ ਨੂੰ ਸੁਣਨਾ ਸਿੱਖਣਾ, ਕਿਉਂਕਿ ਜੀਵਣ, ਜਿਵੇਂ ਮੈਂ ਸਮਝ ਸਕੀ ਹਾਂ, ਸਾਡੇ ਨਾਲ ਹਮੇਸ਼ਾ ਗੱਲ ਕਰਦਾ ਹੈ। ਹਮੇਸ਼ਾ।

Leave a Reply

Your email address will not be published. Required fields are marked *