ਯਾਰਾਂ ਦਾ ਯਾਰ ਸੁਖਦੇਵ ਸਿੰਘ ਢੀਂਡਸਾ (1936-2025)

ਅਦਬੀ ਸ਼ਖਸੀਅਤਾਂ

ਬਲਕਾਰ ਸਿੰਘ ਪਟਿਆਲਾ
ਹਾਲਾਤ ਇਹ ਹੋ ਗਏ ਹਨ ਕਿ ਸੁਖਦੇਵ ਸਿੰਘ ਢੀਂਡਸਾ ਦੇ ਤੁਰ ਜਾਣ ਦੀ ਖਬਰ ਮੈਨੂੰ ਮੇਰੇ ਬੇਟੇ ਨੇ ਵੈਨਕੂਵਰ ਤੋਂ ਦਿੱਤੀ ਸੀ। ਫਿਰ ਤਾਂ ਮੀਡੀਆ ਵੱਲੋਂ ਉਨ੍ਹਾਂ ਬਾਰੇ ਜਾਣਕਾਰੀ ਲੈਣ ਵਾਸਤੇ ਫੋਨ ਲਗਾਤਾਰ ਆਉਣੇ ਸ਼ੁਰੂ ਹੋ ਗਏ ਸਨ। ਤੁਰ ਗਿਆਂ ਨੂੰ ਨਾਲ ਲੈ ਕੇ ਤੁਰਨ ਦੀ ਥਾਂ ਸਿਫਤਾਂ ਦੇ ਟੰਗਣੇ ਤੇ ਤੁਰ ਗਏ ਨੂੰ ਟੰਗਣ ਦਾ ਸੱਭਿਆਚਾਰ ਭੋਗਾਂ `ਤੇ ਬਿਨਾ ਤਿਆਰੀ ਭਾਸ਼ਣ ਦੇਣ ਵਾਲੇ ਸਿਆਸਤਦਾਨਾਂ ਦੇ ਪੈਰੋਂ ਸ਼ੁਰੂ ਹੋ ਕੇ ਬੇਮੁਹਾਰੇਪਨ ਵਾਂਗ ਚੱਲੀ ਜਾ ਰਿਹਾ ਹੈ।

ਢੀਂਡਸਾ ਸਾਹਿਬ ਮਧਵਰਗੀ ਕਿਸਾਨੀ ਵਿੱਚੋਂ ਤੁਰ ਕੇ ਸਿਆਸੀ ਬੁਲੰਦੀਆਂ ਤੱਕ ਕਿਵੇਂ ਪਹੁੰਚੇ, ਇਸ ਨੂੰ ਜਾਣੇ ਜਾਣ ਵਿੱਚ ਹੀ ਵਿਛੜ ਗਏ ਯਾਰ ਦੀ ਨੇਤਾਗਿਰੀ ਦੇ ਗੁਣ ਲੁਕੇ ਹੋਏ ਹਨ। ਇਹ ਮਨੋਵਿਗਿਆਨਕ ਸੱਚ ਹੈ ਕਿ ਕਿਸਾਨ ਨੂੰ ਜ਼ਮੀਨ ਦੀ ਮਾਲਕੀ ਦਾ ਅਹਿਸਾਸ ਹਲੀਮ ਸੰਵੇਦਨਾ ਵੱਲ ਨਹੀਂ ਤੁਰਨ ਦਿੰਦਾ। ਕਿੱਤਿਆਂ ਅਤੇ ਸਥਾਨਕਤਾ ਨਾਲ ਜੁੜੀਆਂ ਹੋਈਆਂ ਕਮਜ਼ੋਰੀਆਂ ਤੋਂ ਬਚ ਕੇ ਤੁਰਨ ਦਾ ਰਾਹ ਗੁਰਮਤਿ ਨੇ ਸਿਖਾਇਆ ਹੋਇਆ ਹੈ। ਇਹੀ ਕਿਸੇ ਨਾ ਕਿਸੇ ਮਾਤਰਾ ਵਿੱਚ ਬਰਾਸਤਾ ਪੁਰਖਿਆਂ, ਇਹ ਹਰ ਸਿੱਖ ਦੇ ਲਹੂ ਵਿੱਚ ਰਮਿਆ ਹੋਇਆ ਹੈ।
ਢੀਂਡਸਾ ਸਾਹਿਬ ਦੀ ਸਿਆਸਤ ਵਿੱਚ ਇਹ ਵਜੂਦ ਸਮੋਏ ਗੁਣਾ ਵਾਂਗ ਕਿਸੇ ਨਾ ਕਿਸੇ ਮਾਤਰਾ ਵਿੱਚ ਸਾਹਮਣੇ ਆਉਂਦੇ ਰਹੇ ਹਨ। ਉਹ ਮੇਰੇ ਨਾਲੋਂ ਚਾਰ ਸਾਲ ਵੱਡੇ ਸਨ ਅਤੇ ਮੈਂ ਉਨ੍ਹਾਂ ਨੂੰ ਰਣਬੀਰ ਕਾਲਜ (ਇਸ ਵੇਲੇ ਸਰਕਾਰੀ ਕਾਲਜ) ਸੰਗਰੂਰ ਵੇਲੇ ਦੇ ਵਿਦਿਆਰਥੀ ਜੀਵਨ ਤੋਂ ਜਾਣਦਾ ਹਾਂ, ਕਿਉਂਕਿ ਮੈਂ ਵੀ ਉਨ੍ਹਾਂ ਦਾ ਜੂਨੀਅਰ ਸਹਿਪਾਠੀ ਸੀ। ਉਸ ਵੇਲੇ ਉਹ ਆਪਣੇ ਪਿੰਡ ਉਭਾਵਾਲ ਨਾਲੋਂ ਮਾਨਸਾਹੀਆਂ ਹਾਊਸ ਕਚਹਿਰੀਆਂ ਰੋਡ ਸੰਗਰੂਰ ਵਿੱਚ ਵਧ ਰਹਿੰਦੇ ਸਨ। ਦੋਹਾਂ ਦੋਸਤਾਂ ਵਿਚਕਾਰ ਸਾਂਝ ਖੇਡਾਂ ਦੀ ਸਿਆਸਤ ਨਾਲ ਜੁੜੀ ਹੋਈ ਸੀ। ਢੀਂਡਸਾ ਸਾਹਿਬ ਦਾ ਗੁਣ ਇਹ ਸੀ ਕਿ ਉਹ ਦੋਸਤਾਂ ਦੀ ਮਰਜ਼ੀ ਦੀ ਨੁਮਾਇੰਦਗੀ ਸਿਦਕਦਿਲੀ ਨਾਲ ਕਰਦੇ ਹੁੰਦੇ ਸਨ। ਇਸੇ ਗੁਣ ਕਰਕੇ ਉਨ੍ਹਾਂ ਨੇ ਸੁਤੰਤਰ ਉਮੀਦਵਾਰ ਦੇ ਤੌਰ `ਤੇ ਧਨੌਲਾ ਹਲਕੇ ਤੋਂ ਅਸੈਂਬਲੀ ਚੋਣ ਜਿੱਤ ਲਈ ਸੀ। ਉਸ ਵਿੱਚ ਜਸਦੇਵ ਸਿੰਘ ਸੰਧੂ ਪਟਿਆਲਾ ਦੀ ਅਹਿਮ ਭੂਮਿਕਾ ਸੀ, ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਆਏ ਇਲਾਕੇ ਦੇ ਲੋਕਾਂ ਨੂੰ ਢੀਂਡਸਾ ਸਾਹਿਬ ਦੇ ਹੱਕ ਵਿੱਚ ਤੋਰ ਲਿਆ ਸੀ। ਉਸ ਵੇਲੇ ਸੰਗਰੂਰ ਜ਼ਿਲੇ ਵਿੱਚ ਖੱਬੇਪੱਖੀ ਸਿਆਸਤ ਦਾ ਬੋਲਬਾਲਾ ਸੀ ਅਤੇ ਢੀਂਡਸਾ ਸਾਹਿਬ ਇਸ ਨਾਲੋਂ ਵੱਖਰੀ ਸਿਆਸੀ ਸੁਰ ਦੇ ਪ੍ਰਤੀਨਿਧ ਹੋ ਗਏ ਸਨ। ਸੰਗਰੂਰ ਕਾਲਜ ਦੀਆਂ ਖੇਡ ਪ੍ਰਾਪਤੀਆਂ ਵਿੱਚ ਉਸ ਵੇਲੇ ਬਾਕਸਿੰਗ ਦੇ ਕੋਚ ਪ੍ਰੀਤਮ ਸਿੰਘ ਅਤੇ ਸਪੋਰਟਸ ਪ੍ਰੋਫੈਸਰ ਸੋਮ ਨਾਥ ਜੀ, ਖੇਡ ਜਗਤ ਵਿੱਚ ਵੱਡੇ ਨਾਮ ਸਨ। ਇਨ੍ਹਾਂ ਨਾਲ ਢੀਂਡਸਾ ਸਾਹਿਬ ਦੀ ਕਾਫੀ ਨੇੜਤਾ ਸੀ। ਸੰਗਰੂਰ ਜ਼ਿਲੇ ਦੇ ਖਿਡਾਰੀਆਂ ਦਾ ਸਹਿਯੋਗ ਸਿਆਸਤ ਵਿੱਚ ਢੀਂਡਸਾ ਸਾਹਿਬ ਦੇ ਬਹੁਤ ਕੰਮ ਆਇਆ ਸੀ। ਸੰਗਰੂਰ ਦੀ ਸਿਆਸਤ ਵਿੱਚ ਢੀਂਡਸਾ ਸਾਹਿਬ ਦੇ ਸਮਕਾਲੀ ਸੀਨੀਅਰ ਸਿਆਸਤਦਾਨ ਕਮਿਊਨਿਸਟਾਂ ਵਿੱਚੋਂ ਪ੍ਰਤਾਪ ਸਿੰਘ ਬਾਗ਼ੀ ਅਤੇ ਕਾਂਗਰਸ ਦੇ ਰਜਿੰਦਰ ਸਿੰਘ ਸਨ। ਮਾਲਵੇ ਵਿੱਚ ਉਠ ਰਹੀ ਅਕਾਲੀ ਸਿਆਸਤ ਵਿੱਚ ਢੀਂਡਸਾ ਸਾਹਿਬ ਸ਼ਾਮਲ ਹੋ ਗਏ ਸਨ ਅਤੇ ਵਿਛੜ ਜਾਣ ਵੇਲੇ ਤੱਕ ਟਕਸਾਲੀ ਅਕਾਲੀਆਂ ਵਿੱਚ ਗਿਣੇ ਜਾਂਦੇ ਰਹੇ ਸਨ।
ਚੇਤਨਾ ਦੀ ਕਦਰ ਉਨ੍ਹਾਂ ਦੇ ਸੁਭਾਅ ਵਿੱਚ ਮੁਢ ਤੋਂ ਹੀ ਨਜ਼ਰ ਆਉਣ ਲੱਗ ਪਈ ਸੀ, ਕਿਉਂਕਿ ਉਹ ਸੁਣਦੇ ਵੱਧ ਸਨ ਅਤੇ ਸੁਣਾਉਂਦੇ ਘੱਟ ਸਨ। ਸਿਆਸਤ ਵਿੱਚ ਪੈਰ ਜੰਮ ਜਾਣ ਦੇ ਬਾਵਜੂਦ ਉਨ੍ਹਾਂ ਨੇ ਦਰਵੇਸ਼ ਅਤੇ ਮਹਾਨ ਵਰਗੀਆਂ ਫੌੜੀਆਂ ਨਾਲ ਤੁਰਨ ਦੀ ਕੋਸ਼ਿਸ਼ ਬਹੁਤ ਘੱਟ ਕੀਤੀ ਸੀ। ਪਿੱਛੇ ਰਹਿ ਕੇ ਸਿਆਸਤ ਕਰਨ ਦਾ ਸਲੀਕਾ ਉਨ੍ਹਾਂ ਨੂੰ ਬਹੁਤ ਰਾਸ ਆਇਆ ਸੀ। ਯਾਰਾਂ ਦੀਆਂ ਵਧੀਕੀਆਂ ਨਾਲ ਨਿਭਣ ਦਾ ਸੁਭਾਅ ਉਨ੍ਹਾਂ ਨੇ ਬਣਾ ਲਿਆ ਹੋਇਆ ਸੀ ਅਤੇ ਸਿਆਸਤ ਵਿੱਚ ਵੀ ਇਸੇ ਨਾਲ ਹੀ ਨਿਭਦੇ ਰਹੇ ਸਨ। ਗੁਸੈਲੀਆਂ ਟਿੱਪਣੀਆਂ ਉਨ੍ਹਾਂ ਨੂੰ ਬਹੁਤ ਘਟ ਵਿਚਲਤ ਕਰਦੀਆਂ ਸਨ। ਜੱਟ ਸੱਭਿਆਚਾਰ ਵਿੱਚੋਂ ਨਿਕਲ ਰਹੀ ਸਿਆਸਤ ਦੇ ਉਹ ਪ੍ਰਤੀਨਿਧ ਹੁੰਦੇ ਗਏ ਸਨ। ਇਸ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਥੰਮੀਆਂ ਵਜੋਂ ਸਾਹਮਣੇ ਆਏ ਸਨ- ਸੰਗਰੂਰ ਵਿੱਚੋਂ ਸੁਖਦੇਵ ਸਿੰਘ ਢੀਂਡਸਾ ਅਤੇ ਬਠਿੰਡਾ ਵਿੱਚੋਂ ਬਲਵਿੰਦਰ ਸਿੰਘ ਭੂੰਦੜ। ਢੀਂਡਸਾ ਸਾਹਿਬ ਰਹੇ ਤਾਂ ਬਾਦਲ ਸਾਹਿਬ ਨਾਲ, ਪਰ ਸਤਿਕਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਵੀ ਬਹੁਤ ਕਰਦੇ ਸਨ। ਸਿਆਸੀ ਅਣਦੇਖੀ ਦੀ ਸ਼ਿਕਾਇਤ ਕਰਨ `ਤੇ ਟੌਹੜਾ ਸਾਹਿਬ ਨੇ ਕਿਹਾ ਕਿ ‘ਕੱਲ ਨੂੰ ਬ੍ਰੇਕ ਫਾਸਟ ਤੇਰੇ ਕੋਲ ਕਰਾਂਗਾ।’ ਟੌਹੜਾ ਸਾਹਿਬ ਨੇ ਮੈਨੂੰ ਵੀ ਨਾਲ ਲ਼ੈ ਲਿਆ। ਬ੍ਰੇਕਫਾਸਟ ਵੀ ਹੋ ਗਿਆ ਤੇ ਹਾਸਾ-ਠੱਠਾ ਵੀ ਹੋ ਗਿਆ ਅਤੇ ਟੌਹੜਾ ਸਾਹਿਬ ਜਾਣ ਲਈ ਖੜੇ ਹੋ ਗਏ। ਢੀਂਡਸਾ ਸਾਹਿਬ ਨੇ ਪੁੱਛਿਆ ਕਿ ਮੇਰੀ ਸਮੱਸਿਆ ਬਾਰੇ ਕੀ ਸੋਚਿਆ? ਟੌਹੜਾ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਕਿ ਉਡੀਕ ਕਰ। ਬਾਦਲ ਸਾਹਿਬ ਮੁੱਖ ਮੰਤਰੀ ਸਨ। ਉਨ੍ਹਾਂ ਨੂੰ ਪਤਾ ਲੱਗਣਾ ਹੀ ਸੀ, ਕਿਉਂਕਿ ਮੌਕਾ ਪੈਦਾ ਹੀ ਇਸ ਕਰਕੇ ਕੀਤਾ ਗਿਆ ਸੀ। ਪਤਾ ਲੱਗਾ ਕਿ ਢੀਂਡਸਾ ਸਾਹਿਬ ਨੂੰ ਬਿਜਲੀ ਬੋਰਡ ਦਾ ਚੇਅਰਮੈਨ ਲਾ ਦਿੱਤਾ ਗਿਆ ਹੈ।
ਦੋਸਤਾਂ ਵਿੱਚ ਆਮ ਸਹਿਮਤੀ ਰਹੀ ਹੈ ਕਿ ਢੀਂਡਸਾ ਸਾਹਿਬ ਬਹੁਤ ਕਿਸਮਤ ਵਾਲੇ ਹਨ, ਕਿਉਂਕਿ ਉਨ੍ਹਾਂ ਨੂੰ ਬਿਨ ਮੰਗੇ ਮੋਤੀ ਮਿਲਦੇ ਰਹੇ ਹਨ। ਸ਼ਾਇਦ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੈ। ਜਿੰਨਾ ਸੱਚ ਇਹ ਹੈ ਕਿ ਢੀਂਡਸਾ ਸਾਹਿਬ ਨੂੰ ਬਾਦਲ ਸਾਹਿਬ ਨੇ ਬਹੁਤ ਨਿਵਾਜਿਆ ਹੈ, ਓਡਾ ਹੀ ਸੱਚ ਇਹ ਵੀ ਹੈ ਕਿ ਉਨ੍ਹਾਂ ਨੂੰ ਮਨਿਸਟਰ ਬਣਨ ਤੋਂ ਅਤੇ ਗਵਰਨਰ ਬਣਨ ਤੋਂ ਬਾਦਲ ਸਾਹਿਬ ਨੇ ਹੀ ਰੋਕਿਆ ਸੀ। ਫਿਰ ਵੀ ਉਨ੍ਹਾਂ ਬਾਦਲ ਸਾਹਿਬ ਦਾ ਸਾਥ ਇਹ ਸਮਝ ਕੇ ਛੱਡਣ ਦਾ ਮਨ ਬਣਾਇਆ ਸੀ ਕਿ ਜਿਸ ਤਰ੍ਹਾਂ ਦੀ ਬੇਇੱਜ਼ਤੀ ਬਾਦਲ ਸਾਹਿਬ ਦੇ ਹੁੰਦਿਆਂ ਬਾਦਲ ਪਰਿਵਾਰ ਨੇ ਸ਼ੁਰੂ ਕਰ ਦਿੱਤੀ ਹੈ, ਉਸ ਨਾਲ ਨਹੀਂ ਨਿਭਿਆ ਜਾ ਸਕਦਾ। ਇਸੇ ਸੋਚ ਦੇ ਅਧੀਨ ਜਿਸ ਵੇਲੇ ਬਾਦਲ ਸਾਹਿਬ ਤੋਂ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਬੁਲਵਾਇਆ ਜਾ ਰਿਹਾ ਸੀ, ਉਸ ਵੇਲੇ ਢੀਂਡਸਾ ਸਾਹਿਬ ਮਿਲੇ ਹੋਏ ਕੌਮੀ ਅਵਾਰਡ ਨੂੰ ਰੋਸ ਵਜੋਂ ਵਾਪਸ ਕਰ ਰਹੇ ਸਨ। ਭਰੋਸੇ `ਤੇ ਪਹਿਰਾ ਦੇਣ ਦੀ ਸਾਖ ਨਾਲ ਨਿਭਣ ਦੀ ਸਿਆਸਤ ਕਰਦੇ ਆ ਰਹੇ ਢੀਂਡਸਾ ਸਾਹਿਬ ਨੂੰ ਵੱਖਰਾ ਅਕਾਲੀ ਦਲ ਬਣਾਉਣਾ ਵੀ ਪਿਆ ਸੀ ਅਤੇ ਬਾਦਲ ਸਾਹਿਬ ਦੇ ਕਹਿਣ `ਤੇ ਘਰ ਵਾਪਸੀ ਵੀ ਕਰਨੀ ਪਈ ਸੀ।
ਦਰਪੇਸ਼ ਸਮੱਸਿਆ ਬਾਰੇ ਉਹ ਦੋਸਤਾਂ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਸਨ। ਇਸੇ ਵਿੱਚੋਂ ਸੁਧਾਰ ਲਹਿਰ ਸਾਹਮਣੇ ਆਈ ਸੀ। ਸਿਆਸਤ ਦੇ ਹੱਕ ਵਿੱਚ ਦੀ ਸੌਖ ਅਤੇ ਸਿਆਸਤ ਦੇ ਵਿਰੋਧ ਵਿੱਚ ਰਹਿਣ ਦੇ ਜੋਖਮ ਦੀ ਸਿਆਸਤ ਤੋਂ ਉਹ ਭਲੀਭਾਂਤ ਜਾਣੂ ਸਨ। ਅਕਾਲ ਤਖਤ ਸਾਹਿਬ ਤੋਂ ਸਿਆਸਤ ਦੇ ਪੈਰੋਂ ਹੋਈਆਂ ਵਧੀਕੀਆਂ ਦੀ ਖਿਮਾ ਜਾਚਨਾ ਦੇ ਵੀ ਢੀਂਡਸਾ ਸਾਹਿਬ ਮੁੱਦਈ ਸਨ। ਸੰਤੁਲਨ ਗਵਾਏ ਬਿਨਾ ਸਿਆਸਤ ਕਰਨ ਦੀ ਵਕਾਲਤ ਵੀ ਉਹ ਲਗਾਤਾਰ ਕਰਦੇ ਰਹੇ ਸਨ। ਗੁੱਸੇ ਨੂੰ ਅੰਦਰ ਉਤਾਰ ਕੇ ਊਰਜਾ ਵਿੱਚ ਢਾਲਣ ਦੀ ਵਿਧੀ ਵੀ ਉਨ੍ਹਾਂ ਦੀ ਸਿਆਸਤ ਦਾ ਹਿੱਸਾ ਸੀ। ਸੰਤ ਅਤਰ ਸਿੰਘ ਦੀ ਸੋਚ ਅਤੇ ਯਾਦ ਨਾਲ ਜੁੜੀ ਹੋਈ ਸੰਸਥਾ ਮਸਤੂਆਣਾ ਸਾਹਿਬ ਦੀ ਅਗਵਾਈ ਉਹ ਲਗਾਤਾਰ ਕਰਦੇ ਆਏ ਹਨ। ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਪੈਦਾ ਹੋਣ ਵਾਲੀਆਂ ਵੰਗਾਰਾਂ ਬਾਰੇ ਉਨ੍ਹਾਂ ਦੇ ਹਾਮੀਆਂ ਹਿਤੈਸ਼ੀਆਂ ਨੂੰ ਸਿਰ ਜੋੜ ਕੇ ਸੋਚਣਾ ਚਾਹੀਦਾ ਹੈ। ਉਨ੍ਹਾਂ ਦੇ ਤੁਰ ਜਾਣ ਨਾਲ ਹਾਮੀਆਂ ਹਿਤੈਸ਼ੀਆਂ ਨੂੰ ਪੈ ਗਏ ਘਾਟੇ ਦੀ ਭਰਪਾਈ ਸਿਰ ਜੋੜ ਕੇ ਸੰਗਤੀ ਸੁਰ ਵਿੱਚ ਹੀ ਕੀਤੀ ਜਾ ਸਕਦੀ ਹੈ। ਪਰਿਵਾਰ ਨੂੰ ਭਾਣੇ ਵਿੱਚ ਰਹਿ ਕੇ ਵਿਰਾਸਤੀ ਮਾਰਗ `ਤੇ ਤੁਰਦੇ ਰਹਿਣ ਵਾਸਤੇ ਬਲ ਅਤੇ ਬੁੱਧੀ ਗੁਰੂ ਜੀ ਅੰਗਸੰਗ ਹੋ ਕੇ ਹੀ ਬਖਸ਼ ਸਕਦੇ ਹਨ। ਪੰਥਕ ਪ੍ਰਸੰਗ ਉਸਾਰਨ ਦੀਆਂ ਸੰਭਾਵਨਾਵਾਂ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਦੇਖ-ਰੇਖ ਵਿੱਚ ਉਸਾਰੀਆਂ ਜਾ ਰਹੀਆਂ ਹਨ। ਪਰਿਵਾਰਕ ਪ੍ਰਸੰਗ ਤੇ ਪਹਿਰੇਦਾਰੀ ਗੁਰੂ ਜੀ ਮਿਹਰ ਕਰਕੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਕੋਲੋਂ ਲੈ ਲ਼ੈਣ, ਇਹ ਮੇਰੀ ਇੱਛਾ ਵੀ ਹੈ ਅਤੇ ਅਰਦਾਸ ਵੀ ਹੈ।

Leave a Reply

Your email address will not be published. Required fields are marked *