ਆਬਰੂ

ਸ਼ਬਦੋ ਵਣਜਾਰਿਓ

ਪਰਮਜੀਤ ਢੀਂਗਰਾ
94173 58120
ਆਮ ਵਰਤੋਂ ਵਿੱਚ ਆਉਣ ਵਾਲੇ ਸ਼ਬਦਾਂ ਵਿੱਚ ਆਬਰੂ ਅਕਸਰ ਵਰਤਿਆ ਜਾਂਦਾ ਹੈ। ਪੰਜਾਬੀ ਵਿੱਚ ਇਹਦੇ ਨਾਲ ਇੱਜ਼ਤ ਸ਼ਬਦ ਜੋੜ ਕੇ ਇੱਜ਼ਤ-ਆਬਰੂ ਵਰਤ ਲਿਆ ਜਾਂਦਾ ਹੈ। ਮੂਲ ਰੂਪ ਵਿੱਚ ਇਹ ਫ਼ਾਰਸੀ ਦਾ ਸ਼ਬਦ ਹੈ। ਅਰਬੀ-ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ ‘ਆਬਰੂ-ਫ਼. ਆਬ=ਚਮਕ+ਫ਼ਾ. ਰੂ=ਚੇਹਰਾ।’ ਇਸਦਾ ਸ਼ਬਦੀ ਅਰਥ ਹੈ- ਚਿਹਰੇ ਦਾ ਨੂਰ, ਮੁਖੜੇ ਦੀ ਚਮਕ; ਤੇ ਰੂਪਕੀ ਅਰਥ ਹੈ- ਇੱਜ਼ਤ, ਨੇਕਨਾਮੀ, ਕਦਰ, ਵਡਿਆਈ, ਸਾਖ, ਇਤਬਾਰ, ਸ਼ਰਮ, ਲਾਜ। ਆਮ ਬੋਲ-ਚਾਲ ਵਿੱਚ ‘ਆਬਰੋ’ ਹੈ। ਆਬਰੂਦਾਰ ‘ਫ਼ਾ। ਆਬਰੂ=ਇੱਜ਼ਤ+ ਫ਼ਾ. ਦਾਰ=ਰੱਖਣ ਵਾਲਾ/ ਅਰਥਾਤ ਇੱਜ਼ਤਦਾਰ।

ਦਾਰ ਮੂਲ ਫ਼ਾਰਸੀ ਕਿਰਿਆ ਹੈ ‘ਦਾਸ਼ਤਨ=ਰੱਖਣਾ–>ਮੁਜ਼ਾਰਿਅ=ਦਾਰਦ–>ਦਾਰ= ਰੱਖਣ ਵਾਲਾ/ ਜਿਵੇਂ ਇੱਜ਼ਤਦਾਰ, ਜ਼ੋਰਦਾਰ, ਚੋਬਦਾਰ, ਕਬੀਲਦਾਰ, ਹਯਾਦਾਰ ਆਦਿ। ਦਿਲਗੀਰ ਕੋਸ਼ ਵਿੱਚ ‘ਆ+ਭਰੂ’ ਦਾ ਇੱਕ ਅਰਥ ਭਰਵੱਟੇ ਕੀਤਾ ਗਿਆ ਹੈ, ਕਿਉਂਕਿ ਭਰਵੱਟੇ ਵੀ ਚਿਹਰੇ ਦੀ ਸ਼ਾਨ ਨੂੰ ਪ੍ਰਗਟ ਕਰਦੇ ਹਨ। ਮੂਲ ਰੂਪ ਵਿੱਚ ਇਹ ‘ਆਬ+ਈ+ਰੂ’ ਹੈ। ‘ਰੂ’ ਦਾ ਅਰਥ ਚਿਹਰੇ ਦੀ ਆਬ ਜਾਂ ਚਮਕ ਕੀਤਾ ਜਾਂਦਾ ਹੈ। ਯੋਗਿਕ ਬਣਨ ਕਰਕੇ ‘ਈ’ ਖਾਰਜ ਹੋ ਗਿਆ ਤੇ ਆਬਰੂ ਰਹਿ ਗਿਆ।
ਫ਼ਾਰਸੀ ਵਿੱਚ ਦੋ ‘ਆਬ’ ਸ਼ਬਦ ਹਨ। ਇੱਕ ਦਾ ਸੰਬੰਧ ਸੰਸਕ੍ਰਿਤ ਦੇ /ਅਪੑ/= ਪਾਣੀ ਨਾਲ ਹੈ, ਜਿਸਦਾ ਇਕ ਰੂਪ ‘ਆਪ’ ਵੀ ਹੈ, ਜੋ ਸੰਸਕ੍ਰਿਤ ਵਿੱਚੋਂ ਚਲ ਕੇ ਇਰਾਨ ਦੀ ਪ੍ਰਾਚੀਨ ਭਾਸ਼ਾ ਜ਼ੇਂਦ ਜਾਂ ਅਵੇਸਤਾ ਵਿੱਚ ਗਿਆ ਤੇ ਫਿਰ ਪਹਿਲਵੀ ਵਿੱਚ। ਪਹਿਲਵੀ ਤੋਂ ਪ੍ਰਾਚੀਨ ਫ਼ਾਰਸੀ ਨੇ ਗ੍ਰਹਿਣ ਕੀਤਾ ਤੇ ਜਿੱਥੇ ਇਹਦਾ ਰੂਪ ‘ਆਵ’ ਹੋ ਗਿਆ। ਫਿਰ ਆਧੁਨਿਕ ਫ਼ਾਰਸੀ ਵਿੱਚ ਇਹ ‘ਆਬ’ ਬਣ ਗਿਆ। ਉਰਦੂ ਵਿੱਚ ਆਬ-ਓ-ਹਵਾ, ਆਬ-ਹਵਾ ਵਿੱਚ ਇਹ ਪਾਣੀ ਦਾ ਬੋਧਕ ਆਬ ਹੈ। ਆਬਰੂ ਵਿੱਚ ‘ਆਬ’ ਦਾ ਸੰਬੰਧ ਪਾਣੀ ਬੋਧਕ ਨਾਲ ਨਹੀਂ ਸਗੋਂ ਦੂਸਰੇ ‘ਆਬ’ ਨਾਲ ਹੈ। ਇਹ ਵੀ ਸੰਸਕ੍ਰਿਤ ਮੂਲ ਦਾ ਸ਼ਬਦ ਹੈ, ਜਿਸਦਾ ਵਿਕਾਸ ‘ਆਭਾ’ ਤੋਂ ਹੋਇਆ ਹੈ। ਸੰਸਕ੍ਰਿਤ ਆਭਾ ਦਾ ਰੂਪ ਯੋਗਿਕ ਸ਼ਬਦਾਂ ਦੇ ਅੰਤ ‘ਤੇ ਆਭ ਹੋ ਜਾਂਦਾ ਹੈ, ਜਿਵੇਂ ਅਭਿਤਾਬ ਅਰਥਾਤ ਉਹ, ਜਿਸਦੀ ਆਭਾ ਨੂੰ ਮਾਪਿਆ ਨਹੀਂ ਜਾ ਸਕਦਾ ਜਾਂ ਬਹੁਤ ਜ਼ਿਆਦਾ ਆਭਾ ਵਾਲਾ ਵਿਅਕਤੀ।
ਇਸ ਤਰ੍ਹਾਂ ਸੰਸਕ੍ਰਿਤ ‘ਆਭ’ ਦੇ ਅਨੁਕੂਲ ਫ਼ਾਰਸੀ ਆਬ ਵਰਤਿਆ ਜਾਂਦਾ ਹੈ, ਜਿਸਦੇ ਲੱਖਣਾ ਮੂਲਕ ਅਰਥ ਹਨ- ਆਭਾ, ਚਮਕ, ਮਹਿਮਾ, ਗੌਰਵ, ਮੋਤੀ, ਰਤਨ, ਤਲਵਾਰ, ਚਮਕਦਾਰ, ਸੰਕੋਚੀ ਆਦਿ। ਮੁੱਖ ਜਾਂ ਚਿਹਰੇ ਦੇ ਰੂਪ ਵਿੱਚ ਮੁੱਖ ਦੀ ਰੌਣਕ, ਮੁੱਖ ਮੰਡਲ ਦੀ ਚਮਕ ਆਦਿ ਅਰਥ ਇਸਨੂੰ ਦਿੱਤੇ ਗਏ। ਸਨਮਾਨਿਤ ਪਦਵੀ ਵਜੋਂ ਵੀ ਇਹਨੂੰ ਮਾਨਤਾ ਮਿਲੀ। ਇਸ ਤਰ੍ਹਾਂ ਇਹਦੇ ਦੋ ਅਰਥ ਵਿਕਸਤ ਹੋਏ- ਪਹਿਲਾ, ਕਿਸੇ ਵੱਡੇ ਵੱਲੋਂ ਸਨਮਾਨਿਤ ਕੀਤਾ ਜਾਣਾ, ਜਾਂ ਸਨਮਾਨ ਪ੍ਰਾਪਤੀ। ਦੂਜਾ ਕਿਸੇ ਫੌਜ ਜਾਂ ਨਗਰ ਦਾ ਮੁਖੀ। ਆਬਰੂ ਨਾਲ ਕਿਰਿਆ ਪਦ ਜੋੜ ਕੇ ਆਬਰੂ ਦਾਦਨ ਜਾਂ ਆਬਰੂ ਕਰਦਨ ਵਰਗੇ ਸ਼ਬਦ ਬਣਾਏ ਜਾਂਦੇ ਹਨ। ਕਰਦਨ (=ਸਨਮਾਨ ਜਾਂ ਆਦਰ ਸਤਿਕਾਰ ਕਰਨਾ) ਇਸੇ ਲੜੀ ਵਿੱਚ ‘ਆਬਰੂ-ਏ-ਸ਼ਹਿਰ’ ਨਗਰ ਦਾ ਗੌਰਵ ਭਾਵ ਮੈਜਿਸਟਰੇਟ। ਆਬਰੂ-ਏ-ਅਸਕਰ ਭਾਵ ਫੌਜ ਦਾ ਸਨਮਾਨ ਜਾਂ ਫੌਜ ਦਾ ਮੁਖ ਕਮਾਂਡਰ।
ਫ਼ਾਰਸੀ ਆਬਰੂ ਦੇ ਬਰਾਬਰ ਸੰਸਕ੍ਰਿਤ ਦਾ ਸ਼ਬਦ ‘ਛਵੀ’ ਦੇਖਿਆ ਜਾ ਸਕਦਾ ਹੈ, ਜਿਸਦਾ ਮੂਲ ਅਰਥ ਹੈ- ਚਮੜੀ, ਖਾਲ, ਜਿਲਦ, ਚਰਮ ਆਦਿ। ਇਸ ਵਿੱਚ ਵੀ ਅਰਥ ਵਿਕਾਸ ਹੋਇਆ ਹੈ ਤੇ ਇਹ ਅੱਗੇ ਜਾ ਕੇ ਚਮੜੀ, ਜਿਲਦ ਜਾਂ ਚਮੜੀ ਦੇ ਰੰਗ ਦਾ ਬੋਧਕ ਬਣਿਆ। ਇਸਤੋਂ ਵੀ ਅੱਗੇ ਜਾ ਕੇ ਇਹ ਸੁੰਦਰਤਾ ਤੇ ਚਮਕ ਦਾ ਬੋਧਕ ਬਣ ਗਿਆ। ਅੱਜ ਕੱਲ੍ਹ ਹਰ ਇੱਕ ਦੀ ਨਜ਼ਰ ਆਪਣੀ ਛਵੀ ਜਾਂ ਨੁਹਾਰ ‘ਤੇ ਰਹਿੰਦੀ ਹੈ। ਇਸ ਤਰ੍ਹਾਂ ਇਹ ਸ਼ਬਦ ਵਿਕਾਸ ਕਰਦਾ ਕਈ ਅਰਥਾਂ ਦਾ ਧਾਰਨੀ ਬਣਿਆ।

Leave a Reply

Your email address will not be published. Required fields are marked *