ਅਹਿਮਦਾਬਾਦ `ਚ ਏਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ
*ਢਾਈ ਸੌ ਤੋਂ ਵੱਧ ਮੌਤਾਂ *ਇੱਕ ਵਿਅਕਤੀ ਨੇ ਮੌਤ ਨੂੰ ਝਕਾਨੀ ਦਿੱਤੀ
ਪੰਜਾਬੀ ਪਰਵਾਜ਼ ਬਿਊਰੋ
ਏਅਰ ਇੰਡੀਆ ਦਾ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਇੱਕ ਹਵਾਈ ਜਹਾਜ਼, ਬੋਇੰਗ 787 ਡਰੀਮਲਾਈਨਰ ਏ.ਆਈ. 171 ਬੀਤੇ ਸ਼ੁਕਰਵਾਰ ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਇੱਕ ਦਮ ਬਾਅਦ ਹਾਦਸਾ ਗ੍ਰਸਤ ਹੋ ਗਿਆ। ਇਸ ਜਹਾਜ਼ ‘ਤੇ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਸਿਰਫ 1 ਬਚਿਆ ਹੈ। ਹਵਾਈ ਜਹਾਜ਼ ਦੇ ਦੋ ਪਾਇਲਟਾਂ ਸਮੇਤ 10 ਹੋਰ ਮੁਲਾਜ਼ਮ ਵੀ ਮਾਰੇ ਗਏ ਹਨ। ਜਿਸ ਇਮਾਰਤ ‘ਤੇ ਇਹ ਜਹਾਜ਼ ਡਿਗਿਆ, ਉਹ ਇੱਕ ਮੈਡੀਕਲ ਕਾਲਜ ਦੇ ਹੋਸਟਲ ਦੀ ਮੈਸ ਹੈ, ਜਿਸ ਵਿੱਚ ਟਰੇਨੀ ਡਾਕਟਰ ਅਤੇ ਹੋਰ ਸਟਾਫ ਰੋਟੀ ਖਾ ਰਹੇ ਸਨ। ਇਸ ਕਾਰਨ ਇੱਥੇ ਕੁਝ ਡਾਕਟਰਾਂ ਤੇ ਨਰਸਾਂ ਦੀ ਵੀ ਮੌਤ ਹੋਈ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚੋਂ ਕਈ ਗੰਭੀਰ ਜ਼ਖਮੀ ਹਨ।
ਏਅਰ ਇੰਡੀਆ ਦੇ ਜਹਾਜ਼ ਵਿੱਚ 169 ਭਾਰਤੀ, 53 ਬਰਤਾਨਵੀ, 7 ਪੁਰਤਗਾਲੀ ਅਤੇ ਕੁਝ ਕੈਨੇਡੀਅਨ ਨਾਗਰਿਕ ਸਵਾਰ ਸਨ। ਕੁਝ ਵਿਦੇਸ਼ੀ ਖ਼ਬਰ ਏਜੰਸੀਆਂ ਦੀ ਰਿਪੋਰਟ ਅਨੁਸਾਰ ਮੌਤਾਂ ਦੀ ਗਿਣਤੀ 300 ਦੇ ਕਰੀਬ ਹੋ ਸਕਦੀ ਹੈ। ਹਵਾਈ ਜਹਾਜ਼ ਵਿੱਚ ਸਵਾਰ ਬਚਣ ਵਾਲਾ ਵਿਅਕਤੀ ਭਾਰਤੀ ਮੂਲ ਦਾ ਬਰਤਾਨਵੀ ਨਾਗਰਿਕ ਰਮੇਸ਼ ਵਿਸ਼ਵਾਸ ਹੈ। ਯਾਦ ਰਹੇ, ਪਹਿਲਾਂ ਡੀਫੰਕਟ ਹੋਈ ਏਅਰ ਇੰਡੀਆ ਦੇ ਜਹਾਜ਼ਾਂ ਦਾ ਫਲੀਟ ਟਾਟਾ ਗਰੁੱਪ (ਰਤਨ ਟਾਟਾ) ਨੇ ਖਰੀਦ ਲਿਆ ਸੀ। ਹੁਣ ਇਸ ਏਅਰ ਲਾਈਨ ਦੇ ਜਹਾਜ਼ ਟਾਟਾ ਕੰਪਨੀ ਵੱਲੋਂ ਚਲਾਏ ਜਾ ਰਹੇ ਹਨ। ਇਸ ਹਾਦਸੇ ਨਾਲ ਨਾ ਸਿਰਫ ਇਨ੍ਹਾਂ ਜਹਾਜ਼ਾਂ ਨੂੰ ਬਣਾਉਣ ਵਾਲੀ ਕੰਪਨੀ ਬੋਇੰਗ ਦੀ ਸ਼ਾਖ ਦਾਅ ‘ਤੇ ਲੱਗ ਗਈ ਹੈ, ਸਗੋਂ ਟਾਟਾ ਕੰਪਨੀ ਦੇ ਮਾਲਕਾਂ ਵੱਲੋਂ ਇੱਕ ਸਦੀ ਤੋਂ ਵੱਧ ਸਮਾਂ ਲਾ ਕੇ ਬਣਾਈ ਗਈ ਭਰੋਸੇਯੋਗਤਾ ਵੀ ਤਾਕ ‘ਤੇ ਲੱਗ ਗਈ ਹੈ। ਹਾਦਸੇ ਤੋਂ ਬਾਅਦ ਬੋਇੰਗ ਕੰਪਨੀ ਦੇ ਸ਼ੇਅਰ ਡਿੱਗਣ ਦੀਆਂ ਖ਼ਬਰਾਂ ਵੀ ਮੀਡੀਏ ਵਿੱਚ ਸਾਹਮਣੇ ਆਈਆਂ ਹਨ। ਇਸ ਤੋਂ ਵੀ ਅੱਗੇ ਹਵਾਈ ਸਫਰ ਕਰਨ ਵਾਲੇ ਲੋਕਾਂ ਵਿੱਚ ਵੀ ਏਅਰ ਇੰਡੀਆ ਕੰਪਨੀ ਦੇ ਜਹਾਜ਼ਾਂ `ਤੇ ਭਰੋਸਾ ਘਟੇਗਾ। ਇਸ ਹਾਦਸੇ ਤੋਂ ਬਾਅਦ ਏਅਰ ਇੰਡੀਆ ਨੇ ਆਪਣੇ ਸਵਾ ਸੌ ਦੇ ਕਰੀਬ ਜਹਾਜ਼ ਖੜੇ੍ਹ (ਲੈਂਡ) ਕਰ ਦਿੱਤੇ ਹਨ। ਉਂਝ ਟਾਟਾ ਗਰੁੱਪ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਇੱਕ-ਇੱਕ ਕਰੋੜ ਰੁਪਏ ਦੇਣ ਅਤੇ ਜ਼ਖਮੀਆਂ ਦੇ ਇਲਾਜ਼ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਟਾਟਾ ਏਵੀਏਸ਼ਨ ਜਹਾਜ਼ ਹਾਦਸੇ ਦੇ ਕਾਰਨਾਂ ਨੂੰ ਪਾਰਦਰਸ਼ਤਾ ਨਾਲ ਜਨਤਕ ਕਰੇਗੀ।
ਇੱਥੇ ਜ਼ਿਕਰਯੋਗ ਹੈ ਕਿ ਉਡਾਣ ਭਰਨ ਤੋਂ ਬਾਅਦ ਮੰਦਭਾਗਾ ਜਹਾਜ਼ ਸਿਰਫ 53 ਸਕਿੰਟ ਬਾਅਦ ਮੈਡੀਕਲ ਕਾਲਜ ਦੇ ਹੋਸਟਲ ਦੀ ਮੈਸ ਦੀ ਇਮਾਰਤ ਵਿੱਚ ਧਸ ਗਿਆ। ਅੱਧੇ ਤੋਂ ਵੱਧ ਜਹਾਜ਼ ਇਮਾਰਤ ਦੇ ਅੰਦਰ ਧਸ ਗਿਆ ਅਤੇ ਪਰਾਂ ਤੋਂ ਪਿਛਲਾ ਹਿੱਸਾ ਟੁੱਟ ਕੇ ਬਾਹਰਲੇ ਪਾਸੇ ‘ਤੇ ਡਿੱਗ ਪਿਆ। ਇਸ ਹਿੱਸੇ ਦੇ ਧਰਤੀ ‘ਤੇ ਡਿੱਗਣ ਨਾਲ ਐਮਰਜੈਂਸੀ ਬੂਹਾ ਵੀ ਟੁੱਟ ਕੇ ਡਿੱਗ ਪਿਆ ਅਤੇ ਕਿਸਮਤ ਨਾਲ ਬਚਣ ਵਾਲਾ ਰਾਮੇਸ਼ ਵਿਸ਼ਵਾਸ ਇਸ ਬੂਹੇ ਰਾਹੀਂ ਬੁੜ੍ਹਕ ਕੇ ਬਾਹਰ ਜਾ ਡਿੱਗਾ। ਕੁਝ ਸੱਟਾਂ ਲੱਗਣ ਦੇ ਬਾਵਜੂਦ ਉਸ ਦੀ ਜਾਨ ਬਚ ਗਈ ਅਤੇ ਉਹ ਡਾਕਟਰਾਂ ਨਾਲ ਗੱਲਬਾਤ ਕਰਨ ਦੇ ਕਾਬਲ ਹੈ। ਜਿਸ ਇਮਾਰਤ ਵਿੱਚ ਡਿੱਗ ਕੇ ਜਹਾਜ਼ ਨੂੰ ਅੱਗ ਲੱਗੀ, ਉਹ ਐਹਮਦਾਬਾਦ ਦੇ ਮੇਘਾਨੀ ਨਗਰ ਵਿੱਚ ਪੈਂਦੀ ਹੈ। ਜਾਣਕਾਰਾਂ ਅਨੁਸਾਰ ਇੰਨੇ ਘੱਟ ਸਮੇਂ ਵਿੱਚ ਹਾਦਸਾ ਵਾਪਰਿਆ ਕਿ ਪਾਇਲਟਾਂ ਕੋਲ ਪ੍ਰਤੀਕਰਮ ਪ੍ਰਗਟ ਕਰਨ ਲਈ ਸਮਾਂ ਹੀ ਨਹੀਂ ਬਚਿਆ ਹੋਏਗਾ। ਜਹਾਜ਼ ਦਾ ਕੰਟਰੋਲ ਗੁਆਉਣ ਤੋਂ ਬਾਅਦ ਪਾਇਲਟ ਨੇ ਏਅਰ ਟਰੈਫਿਕ ਕੰਟਰੋਲ ਆਫ ਇੰਡੀਆ ਨੂੰ ਕਰੈਸ਼ ਤੋਂ ਪਹਿਲਾਂ ‘ਮੇਅ ਡੇਅ’ ਨਾਂ ਦਾ ਐਮਰਜੈਂਸੀ ਸੁਨੇਹਾ ਦਿੱਤਾ ਸੀ ਅਤੇ ਇਹ ਸ਼ਬਦ ਵੀ ਕਹੇ ਸਨ ਕੇ, ‘ਆਈ ਐਮ ਲੂਸਿੰਗ ਥਰਸਟ।’ ਜਾਣਕਾਰਾਂ ਦਾ ਆਖਣਾ ਹੈ ਕਿ ਇਸ ਤੋਂ ਇਹੋ ਲਗਦਾ ਹੈ ਕਿ ਉਡਾਣ ਭਰਨ ਤੋਂ ਇਕਦਮ ਬਾਅਦ ਜਹਾਜ਼ ਦੇ ਇੰਜਣ ਫੇਲ੍ਹ ਹੋ ਗਏ। ਕਿਉਂਕਿ ਤੇਜ਼ੀ ਨਾਲ ਉੱਪਰ ਉਡਾਣ ਭਰਨ ਤੋਂ ਜਹਾਜ਼ ਦੇ ਇੰਜਣ ਅਸਮਰੱਥ ਰਹੇ। ਜਹਾਜ਼ ਵਿੱਚ ਸਵਾ ਲੱਖ ਲਿਟਰ ਤੇਲ ਸੀ, ਜਿਸ ਕਾਰਨ ਇਹ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਅੱਗ ਦਾ ਗੋਲਾ ਬਣ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ ‘ਤੇ ਪੁਜੇ। ਪ੍ਰਧਾਨ ਮੰਤਰੀ ਨੇ ਜ਼ਖਮੀਆਂ ਦਾ ਹਾਲਚਾਲ ਵੀ ਪੁੱਛਿਆ। ਇਸ ਭਿਆਨਕ ਹਵਾਈ ਹਾਦਸੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਅਨੁਸਾਰ ਜਹਾਜ਼ ਦੇ ਦੋਨੋ ਬਲੈਕ ਬਾਕਸ ਮਿਲ ਗਏ ਹਨ, ਜਿਨ੍ਹਾਂ ਵਿੱਚ ਇੱਕ ਨੂੰ ਭਾਵੇਂ ਨੁਕਸਾਨ ਪੁੱਜਾ ਹੈ, ਪਰ ਹਾਲੇ ਵੀ ਉਸ ਵਿੱਚੋਂ ਕਾਫੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਅਧਿਕਾਰਕ ਤੌਰ ‘ਤੇ ਇਸ ਹਾਦਸੇ ਦੇ ਅਸਲ ਕਾਰਨਾਂ ਬਾਰੇ ਹਾਲੇ ਭਾਰਤ ਸਰਕਾਰ ਵੱਲੋਂ ਭਾਵੇਂ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ, ਪਰ ਇੱਕ ਸੀਨੀਅਰ ਪਾਇਲਟ ਨੇ ਕਿਹਾ ਕਿ ਜਾਪਦਾ ਹੈ, ਉਡਾਣ ਭਰਨ ਦੇ ਬਾਵਜੂਦ ਜਹਾਜ਼ ਦਾ ਲੈਂਡਿੰਗ ਗੇਅਰ ਲਿਫਟ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਹਾਦਸੇ ਤੋਂ ਬਾਅਦ ਜਾਰੀ ਹੋਈਆਂ ਕੁਝ ਵੀਡੀਓਜ਼ ਵਿੱਚ ਜਹਾਜ਼ ਉਡਾਣ ਭਰਨ ਸਮੇਂ ਅਜੀਬ ਹਰਕਤਾਂ ਕਰਦਾ ਵੇਖਿਆ ਗਿਆ।
ਉਂਝ ਇਥੇ ਇਹ ਵੀ ਦੱਸਣਯੋਗ ਹੈ ਕਿ ਟਾਟਾ ਕੰਪਨੀ ਦੇ ਖਰੀਦਣ ਤੋਂ ਬਾਅਦ ਇਸ ਕੰਪਨੀ ਦੇ ਜਹਾਜ਼ਾਂ ਵਿੱਚ ਜਿਸ ਨੇ ਵੀ ਸਫਰ ਕੀਤਾ, ਉਹ ਆਮ ਹੀ ਇਨ੍ਹਾਂ ਦੇ ਜਹਾਜ਼ਾਂ ਵਿੱਚ ਏਅਰ ਕੰਡੀਸ਼ਨ, ਖਾਣੇ, ਹੱਦੋਂ ਵੱਧ ਗੰਦੀਆਂ ਟਾਇਲਟਾਂ ਆਦਿ ਵਗੈਰਾ ਬਾਰੇ ਸ਼ਿਕਾਇਤਾਂ ਕਰਦੇ ਸਨ। ਇਹ ਸ਼ਿਕਾਇਤ ਵੀ ਆਮ ਸੀ ਕਿ ਫਲਾਈਟ ਦੇ ਉਡਾਣ ਭਰਨ ਵੇਲੇ ਅਤੇ ਉੱਤਰਨ ਵੇਲੇ ਕੰਪਨੀ ਦੇ ਜਹਾਜ਼ ਆਵਾਜ਼ ਬੜੀ ਕਰਦੇ ਹਨ। ਸਸਤੀਆਂ ਹੋਣ ਦੇ ਬਾਵਜੂਦ, ਸਟੂਡੈਂਟ ਵੀਜ਼ੇ ‘ਤੇ ਆਉਣ ਵਾਲੇ ਵਿਦਿਆਰਥੀ ਵੀ ਏਅਰ ਇੰਡੀਆ ਦੀਆਂ ਟਿਕਟਾਂ ਲੈਣ ਤੋਂ ਗੁਰੇਜ਼ ਕਰਦੇ ਹਨ। ਇਸ ਸਥਿਤੀ ਵਿੱਚ ਜਦੋਂ ਏਅਰ ਇੰਡੀਆ ਦੀ ਭਰੋਸੇ ਯੋਗਤਾ ਪਹਿਲਾਂ ਹੀ ਸ਼ੱਕੀ ਹੈ ਤਾਂ ਏਡਾ ਵੱਡਾ ਹਾਦਸਾ ਕੰਪਨੀ ਦੀ ਭਰੋਸੇ ਯੋਗਤਾ ਨੂੰ ਹੋਰ ਮਾੜੇ ਰੁਖ ਪ੍ਰਭਾਵਤ ਕਰ ਸਕਦਾ ਹੈ।
ਭਾਰਤੀ ਹਵਾਈ ਪੜਤਾਲੀਆ ਏਜੰਸੀ ਤੋਂ ਇਲਾਵਾ ਇਸ ਹਾਦਸੇ ਦੀ ਪੜਤਾਲ ਵਿੱਚ ਇੰਗਲੈਂਡ ਦੀ ਐਕਸੀਡੈਂਟ ਏਵੀਏਸ਼ਨ ਇਨਵੈਸਟੀਗੇਸ਼ਨ ਬ੍ਰਾਂਚ ਵੀ ਸਹਿਯੋਗ ਦੇਵੇਗੀ। ਇਸ ਤੋਂ ਇਲਾਵਾ ਅਮਰੀਕਾ ਦੀ ਬੋਇੰਗ ਜਹਾਜ਼ ਬਣਾਉਣ ਵਾਲੀ ਕੰਪਨੀ ਦੇ ਮਾਹਿਰ ਵੀ ਜਾਂਚ ਵਿੱਚ ਸਹਿਯੋਗ ਕਰਨਗੇ। ਇਸ ਪੜਤਾਲ ਦੌਰਾਨ ਸੀ.ਸੀ.ਟੀ.ਵੀ. ਕੈਮਰਿਆਂ, ਕੌਕਪਿਟ ਵਾਇਸ ਰਿਕਾਰਡਰ ਅਤੇ ਫਲਾਈਟ ਡੈਟਾਰਿਕਾਰਡਰ ਆਦਿ ਦੀ ਜਾਂਚ ਕੀਤੀ ਜਾਵੇਗੀ। ਉਂਝ ਏਵੀਏਸ਼ਨ ਬਾਰੇ ਮਾਹਿਰਾਂ ਦਾ ਆਖਣਾ ਹੈ ਕਿ ਕਿਸੇ ਜਹਾਜ਼ ਦੇ ਦੋ ਇੰਜਣ ਇਕੋ ਸਾਹੇ ਫੇਲ੍ਹ ਨਹੀਂ ਹੋ ਸਕਦੇ। ਯਾਦ ਰਹੇ, ਹਰ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਸੰਬੰਧਤ ਜਹਾਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ। ਇਹ ਪਤਾ ਕਰਨਾ ਵੀ ਜ਼ਰੂਰੀ ਹੋਏਗਾ ਕਿ ਭਾਰਤੀ ਏਵੀਏਸ਼ਨ ਵਿਭਾਗ ਦੇ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਕੋਈ ਅਣਗਹਿਲੀ ਕੀਤੀ ਹੈ? ਇਸ ਹਾਦਸੇ ਨਾਲ ਜੁੜ ਕੇ ਇਹ ਤੱਥ ਵੀ ਸਾਹਮਣੇ ਆ ਰਹੇ ਹਨ ਕਿ ਜਹਾਜ਼ਾਂ ਦੀ ਜਾਂਚ ਕਰਨ ਵਾਲੀ ਏਜੰਸੀ ਵਿੱਚ ਮੁਲਾਜ਼ਮਾਂ/ਇੰਜੀਨੀਅਰਾਂ ਦੀ ਵੱਡੀ ਕਮੀ ਹੈ। ਇਸ ਕਾਰਨ ਹੋ ਸਕਦਾ ਹੈ ਕਿ ਕੰਮ ਦਾ ਜ਼ਿਆਦਾ ਭਾਰ ਹੋਣ ਕਾਰਨ ਤਣਾਅ ਵਿੱਚ ਏਵੀਏਸ਼ਨ ਇੰਜੀਨੀਅਰਾਂ ਤੋਂ ਗਲਤੀ ਹੋ ਗਈ ਹੋਵੇ।
ਯਾਦ ਰਹੇ, ਇਸ ਤੋਂ ਪਹਿਲਾਂ 2009 ਵਿੱਚ ਇੱਕ ਅਮਰੀਕੀ ਜਹਾਜ਼ ਵੀ ਨਿਊ ਯਾਰਕ ਦੇ ਲਾਅ ਗਾਰਡੀਆ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਬੰਦ ਹੋ ਗਿਆ ਸੀ; ਪਰ ਉਸ ਕੇਸ ਵਿੱਚ ਪਾਵਰ ਫੇਲ੍ਹ ਹੋਣ ਤੋਂ ਪਹਿਲਾਂ ਜਹਾਜ਼ ਕਾਫੀ ਉੱਚਾ ਉਠ ਗਿਆ ਸੀ ਅਤੇ ਉਚਾਈ ਜ਼ਿਆਦਾ ਹੋਣ ਕਾਰਨ ਪਾਣੀ ਵਿੱਚ ਉਤਾਰ ਲਿਆ ਗਿਆ ਸੀ। ਇਸ ਜਹਾਜ਼ ਦੇ ਸਾਰੇ ਯਾਤਰੀ ਬਚਾ ਲਏ ਗਏ ਸਨ। ਕੋਵੈਂਟਰੀ ਯੂਨੀਵਰਸਿਟੀ ਵਿਖੇ ਏਵੀਏਸ਼ਨ ਸਿਕਿਉਰਿਟੀ ਦੇ ਵਿਜ਼ਿਟਿੰਗ ਪ੍ਰੋਫੈਸਰ ਨੇ ‘ਦਾ ਇੰਡੀਪੈਂਡੈਂਟ’ ਨਾਲ ਗੱਲਬਾਤ ਵਿੱਚ ਕਿਹਾ ਕਿ ਇਉਂ ਲਗਦਾ ਹੈ ਕਿ ਇਹ ਹਾਦਸਾ ਜਹਾਜ਼ ਦੇ ਬਹੁਤ ਸਾਰੇ ਸਿਸਟਮਾਂ ਦੇ ਫੇਲ੍ਹ ਹੋਣ ਕਾਰਨ ਵਾਪਰਿਆ ਹੈ। ਅਹਿਮਦਾਬਾਦ ਹਾਦਸੇ ਵਿੱਚ ਮਾਰੇ ਗਏ ਬਹੁਤੇ ਯਾਤਰੀਆਂ ਦੀਆਂ ਲਾਸ਼ਾਂ ਸੜਨ ਕਾਰਨ ਬੇਪਛਾਣ ਹੋ ਗਈਆਂ ਹਨ, ਇਸ ਲਈ ਉਨ੍ਹਾਂ ਦੀ ਜਿਨੈਟਿਕ ਪਛਾਣ ਕਰਨ ਤੋਂ ਬਾਅਦ ਹੀ ਵਾਰਸਾਂ ਨੂੰ ਸੌਂਪਿਆ ਜਾ ਰਿਹਾ। ਮਾਰੇ ਗਏ ਸਾਰੇ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਕੇਂਦਰ ਸਰਕਾਰ ਅਨੁਸਾਰ ਏਅਰਕਰਾਫਟ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਹਦਸੇ ਦੀ ਜਾਂਚ ਸਰਗਰਮੀ ਨਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਜਾਵੇਗਾ।