*ਇਰਾਨ ਦੇ ਛੇ ਸੀਨੀਅਰ ਕਮਾਂਡਰਾਂ ਦਾ ਕਤਲ
*ਅੱਧੀ ਦਰਜਨ ਪ੍ਰਮਾਣੂ ਵਿਗਿਆਨੀ ਮਾਰੇ
*ਇਰਾਨ ਦੇ ਪਰਤਵੇਂ ਹਮਲਿਆਂ ਨਾਲ ਹਿੱਲਿਆ ਇਜ਼ਰਾਇਲ
ਪੰਜਾਬੀ ਪਰਵਾਜ਼ ਬਿਊਰੋ
ਲੰਮੇ ਸਮੇਂ ਤੋਂ ਚਲਦੇ ਆ ਰਹੇ ਤਣਾਅ ਤੋਂ ਬਾਅਦ ਇਜ਼ਰਾਇਲ ਨੇ ਇਰਾਨ ਦੇ ਪ੍ਰਮਾਣੂ ਟਿਕਾਣਿਆਂ ‘ਤੇ ਹਮਲੇ ਕੀਤੇ ਅਤੇ ਇਰਾਨੀ ਮਿਲਟਰੀ ਕਮਾਂਡ ਦੇ ਚਾਰ ਮੁਖੀਆਂ ਅਤੇ ਦੋ ਹੋਰ ਕਮਾਂਡਰਾਂ ਦਾ ਕਤਲ ਕਰ ਦਿੱਤਾ ਹੈ। ਪਹਿਲੇ ਹੀ ਹਮਲੇ ਵਿੱਚ ਛੇ ਪ੍ਰਮਾਣੂ ਵਿਗਿਆਨੀ ਵੀ ਮਾਰੇ ਗਏ। ਇਸ ਨਾਲ ਮੱਧ-ਪੂਰਬ ਵਿੱਚ ਇੱਕ ਵੱਡੀ ਜੰਗ ਦਾ ਛੇੜਾ ਛਿੜ ਗਿਆ ਹੈ। ਇਰਾਨ ਨੇ ਇਨ੍ਹਾਂ ਹੱਤਿਆਵਾਂ ਤੋਂ ਬਾਅਦ ਇਜ਼ਰਾਇਲ ‘ਤੇ ਜ਼ਬਰਦਸਤ ਮਿਜ਼ਾਈਲ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਦੀਆਂ ਬਹੁਤੀਆਂ ਮਿਜ਼ਾਈਲਾਂ ਨੂੰ ਭਾਵੇਂ ਇਜ਼ਰਾਇਲ ਦੇ ਮਿਜ਼ਾਈਲ ਡਿਫੈਂਸ ਸਿਸਟਮ ਨੇ ਆਸਮਾਨ ਵਿੱਚ ਹੀ ਫਨਾਹ ਕਰ ਦਿੱਤਾ, ਪਰ ਇਨ੍ਹਾਂ `ਚੋਂ ਕਾਫੀ ਮਿਜ਼ਾਈਲਾਂ ਆਪਣੇ ਟਿਕਾਣਿਆਂ ‘ਤੇ ਜਾ ਲੱਗੀਆਂ।
ਇਨ੍ਹਾਂ ਵਿੱਚ ਕੁਝ ਫੌਜੀ ਅਤੇ ਤੇਲ ਭੰਡਾਰ ਨਾਲ ਸੰਬੰਧਤ ਟਿਕਾਣੇ ਵੀ ਸ਼ਾਮਲ ਹਨ। ਇਸ ਨਾਲ ਇਜ਼ਰਾਇਲ ਦੀ ਰਾਜਧਾਨੀ ਤਲਅਵੀਵ, ਯੋਰੋਸ਼ਲਮ ਅਤੇ ਵਿਤੀ ਸਰਗਰਮੀ ਲਈ ਜਾਣੇ ਜਾਂਦੇ ਸ਼ਹਿਰ ਹਾਈਫਾ ਵਿੱਚ ਵੱਡੀ ਤਬਾਹੀ ਹੋਈ ਹੈ। ਐਮਰਜੈਂਸੀ ਲੱਗੀ ਹੋਣ ਕਾਰਨ ਇਜ਼ਰਾਇਲ ਵਿੱਚੋਂ ਸਹੀ ਸੂਚਨਾਵਾਂ ਸਾਹਮਣੇ ਨਹੀਂ ਆ ਰਹੀਆਂ। ਦੂਜੇ ਦਰਜੇ ਦੇ ਸਮਿਆਂ ਤੋਂ ਨਿਕਲ ਕੇ ਆਈ ਜਾਣਕਾਰੀ ਅਨੁਸਾਰ ਇਰਾਨੀ ਹਮਲਿਆਂ ਵਿੱਚ 24 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 250 ਤੋਂ ਵੱਧ ਜਣੇ ਜ਼ਖਮੀ ਹੋ ਗਏ ਹਨ। ਦੂਜੇ ਪਾਸੇ ਇਜ਼ਰਾਇਲ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲਿਆਂ ਵਿੱਚ ਉਨ੍ਹਾਂ ਦੇ ਸੀਨੀਅਰ ਕਮਾਂਡਰਾਂ ਅਤੇ ਪ੍ਰਮਾਣੂ ਵਿਗਿਆਨੀਆਂ ਸਮੇਤ 224 ਵਿਅਕਤੀ ਮਾਰੇ ਗਏ ਹਨ।
ਐਤਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਇਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਏਨੇ ਜ਼ਬਰਦਸਤ ਸਨ ਕਿ ਇਨ੍ਹਾਂ ਨਾਲ ਇਜ਼ਰਾਇਲ ਹਿੱਲ ਗਿਆ। ਹੁਣ ਉਹ ਅਮਰੀਕਾ ਨੂੰ ਇਸ ਜੰਗ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੀ ਮੰਗ ਕਰ ਰਿਹਾ ਹੈ। ਮਿਜ਼ਾਈਲ ਹਮਲਿਆਂ ਨਾਲ ਇਜ਼ਰਾਇਲ ਦੇ ਲੋਕਾਂ ਵਿੱਚ ਵੀ ਭਗਦੜ ਮੱਚ ਗਈ। ਬਹੁਤੇ ਲੋਕ ਸ਼ੈਲਟਰਾਂ ਅਤੇ ਬੰਕਰਾਂ ਵਿੱਚ ਚਲੇ ਗਏ। ਇਸੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਇਲ ਅਤੇ ਇਰਾਨ ਨੂੰ ਗੱਲਬਾਤ ਦੀ ਮੇਜ ‘ਤੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦੋਹਾਂ ਮੁਲਕਾਂ ਵਿਚਕਾਰ ਸ਼ਾਂਤੀ ਹੋ ਜਾਵੇਗੀ। ਜੰਗ ਦੀ ਪਿੱਠ ਭੂਮੀ ਵਿੱਚ ਗੱਲਬਾਤ ਜਾਰੀ ਹੈ।
ਫਲਿਸਤੀਨੀਆਂ ਦੇ ਛੋਟੇ ਜਿਹੇ ਮੁਲਕ ਗਾਜ਼ਾ ਨੂੰ ਇਜ਼ਰਾਇਲ ਪਹਿਲਾਂ ਹੀ ਥੇਹ ਬਣਾ ਚੁਕਾ ਹੈ। ਅੱਜ ਕੱਲ੍ਹ ਉਥੋਂ ਦੇ ਥੇਹਾਂ ‘ਤੇ ਬੰਬਾਰੀ ਕਰਕੇ ਬੱਚਿਆਂ ਨੂੰ ਭੁੱਖਮਰੀ ਲਈ ਮਜਬੂਰ ਕਰ ਰਿਹਾ ਹੈ। ਇਜ਼ਰਾਇਲ ਨੇ ਬੀਤੇ ਸ਼ੁਕਰਵਾਰ ਸ਼ੁਰੂ ਕੀਤੀ ਅਚਨਚੇਤ ਕਾਰਵਾਈ ਵਿੱਚ ਇਰਾਨ ਦੇ 6 ਪ੍ਰਮਾਣੂ ਵਿਗਿਆਨੀ ਵੀ ਮਾਰ ਦਿੱਤੇ ਸਨ। ਇਹ ਘਿਨਾਉਣਾ ਜ਼ੁਰਮ ਇਰਾਨ ਲਈ ਵੱਡੀ ਸੱਟ ਹੈ। ਯਾਦ ਰਹੇ, ਬੀਤੇ ਕੁਝ ਸਮੇਂ ਤੋਂ ਇਰਾਨ ਅਤੇ ਅਮਰੀਕਾ ਵਿਚਾਲੇ ਪ੍ਰਮਾਣੂ ਸਮਝੌਤੇ ਲਈ ਵਾਰਤਾ ਚੱਲ ਰਹੀ ਸੀ, ਜਿਸ ਵਿੱਚ ਅਮਰੀਕਾ ਇਰਾਨ ਨੂੰ ਆਪਣਾ ਯੂਰੇਨੀਅਮ ਇਨਰਿਚਮੈਂਟ ਪ੍ਰੋਗਰਾਮ ਤਿਆਗਣ ਲਈ ਜ਼ੋਰ ਪਾ ਰਿਹਾ ਸੀ। ਦੋਹਾਂ ਮੁਲਕਾਂ ਵਿਚਕਾਰ ਅਗਲੇ ਗੇੜ ਦੀ ਗੱਲਬਾਤ ਬੀਤੇ ਐਤਵਾਰ ਉਮਾਨ ਵਿੱਚ ਹੋਣੀ ਸੀ, ਪਰ ਹੁਣ ਇਰਾਨ ਨੇ ਇਸ ਗੱਲਬਾਤ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਰਾਨ ਦਾ ਆਖਣਾ ਹੈ, ਇਜ਼ਰਾਇਲ ਵੱਲੋਂ ਉਸ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੂੰ ਮਾਰਨ ਅਤੇ ਪ੍ਰਮਾਣੂ ਟਿਕਾਣਿਆਂ ‘ਤੇ ਹਮਲੇ ਕੀਤੇ ਜਾਣ ਤੋਂ ਪਿੱਛੋਂ ਗੱਲਬਾਤ ਜਾਰੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਇਜ਼ਰਾਇਲ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਇਜ਼ਰਾਇਲ ਵੱਲੋਂ 200 ਜਹਾਜ਼ਾਂ ਨਾਲ ਇਰਾਨ ਦੇ 100 ਟਿਕਾਣਿਆਂ ‘ਤੇ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿੱਚ ਇਰਾਨ ਦੇ ਮੁੱਖ ਪ੍ਰਮਾਣੂ ਕੇਂਦਰ ‘ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ।
ਇੰਟਰਨੈਸ਼ਨਲ ਐਟਾਮਿਕ ਏਨਰਜੀ ਏਜੰਸੀ ਅਨੁਸਾਰ ਪ੍ਰਮਾਣੂ ਕੇਂਦਰ ‘ਤੇ ਕੀਤੇ ਗਏ ਹਮਲੇ ਨਾਲ ਕੁਝ ਲੀਕੇਜ ਵੀ ਹੋਈ ਹੈ, ਜੋ ਆਲੇ-ਦੁਆਲੇ ਦੀ ਆਬਾਦੀ ਨੂੰ ਪ੍ਰਭਾਵਤ ਕਰ ਸਕਦੀ ਹੈ। ਇਰਾਨੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਉਪਰੋਕਤ ਹਮਲਿਆਂ ਵਿੱਚ 224 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ 1000 ਵਿਅਕਤੀ ਜ਼ਖਮੀ ਹੋ ਗਏ ਹਨ। ਇਹ ਲੜਾਈ ਕਿਉਂਕਿ ਲਗਾਤਾਰ ਚੱਲ ਰਹੀ ਹੈ, ਇਸ ਲਈ ਦੋਨੋ ਹੀ ਪਾਸੇ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਪਹਿਲੇ ਅਤੇ ਅਚਨਚੇਤ ਕੀਤੇ ਗਏ ਇਜ਼ਰਾਇਲੀ ਹਮਲਿਆਂ ਵਿੱਚ ਮਾਰੇ ਗਏ ਵਿਅਕਤੀਆਂ ਵਿੱਚ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਦਾ ਮੁਖੀ ਜਨਰਲ ਹੁਸੈਨ ਸਲਾਮੀ, ਇਰਾਨ ਦੇ ਫੌਜੀ ਦਲਾਂ ਦੇ ਚੀਫ ਆਫ ਸਟਾਫ ਜਨਰਲ ਮੁਹੰਮਦ ਬਘੇਰੀ, ਬਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਮੁਖੀ ਜਨਰਲ ਅਮੀਰ ਅਲੀ ਹਾਜ਼ੀਜ਼ਾਦੇਹ ਸ਼ਾਮਲ ਹਨ। ਇਰਾਨੀ ਟੈਲੀਵਿਜ਼ਨ ‘ਤੇ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਰਾਨ ਦੇ ਸਰਵਉਚ ਨੇਤਾ ਆਯਤੁਲਾ ਖੁਮੈਨੀ ਵੱਲੋਂ ਜਨਰਲ ਬਘੇਰੀ ਦੀ ਥਾਂ ਜਨਰਲ ਅਬਦੁਲ ਰਹੀਮ ਮੁਸਾਵੀ ਨੂੰ ਹਥਿਆਰਬੰਦ ਬਲਾਂ ਦਾ ਨਵਾਂ ਚੀਫ ਆਫ ਸਟਾਫ ਨਿਯੁਕਤ ਕੀਤਾ ਹੈ। ਮੇਜਰ ਜਨਰਲ ਗੁਲਾਮ ਅਲੀ ਰਸ਼ੀਦ, ਕਮਾਂਡਰ ਮੁਹੰਮਦ ਪਾਕਪੌਰ ਇਰਾਨੀ ਰੈਵੋਲੀਊਸ਼ਨਰੀ ਗਾਰਡ ਦੇ ਨਵੇਂ ਮੁਖੀ ਹੋਣਗੇ। ਇਰਾਨੀ ਮੀਡੀਆ ਅਨੁਸਾਰ ਖੁਮੈਨੀ ਦੇ ਸਲਾਹਕਾਰ ਵਜੋਂ ਕੰਮ ਕਰਦੇ ਰੀਅਰ ਐਡਮਰਿਲ ਸ਼ਾਮਖਾਨੀ ਇਨ੍ਹਾਂ ਹਮਲਿਆਂ ਵਿੱਚ ਗੰਭੀਰ ਜ਼ਖਮੀ ਹੋਏ ਹਨ। ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਲਈ ਕੰਮ ਕਰਦੇ 6 ਪ੍ਰਮਾਣੂ ਵਿਗਿਆਨੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਦੀ ਪਛਾਣ ਫਿਰਦੌਨ ਅਬਾਸੀ, ਮੁਹੰਮਦ ਮਹਿਦੀ, ਅਹਿਮਦ ਰੇਜ਼ਾ ਜੁਲਫਗਾਰ ਅਲੀ ਅਤੇ ਅਮੀਰ ਹੁਸੈਨ ਫੇਕੀ ਵਜੋਂ ਹੋਈ ਹੈ। ਇਜ਼ਰਾਇਲ ਵੱਲੋਂ ਦੂਜੇ ਦਿਨ ਕੀਤੇ ਗਏ ਹਮਲਿਆਂ ਵਿੱਚ ਇਰਾਨ ਦੇ ਦੋ ਹੋਰ ਫੌਜੀ ਕਮਾਂਡਰ- ਡਿਪਟੀ ਇੰਟੈਲੀਜੈਂਸ ਚੀਫ ਆਫ ਜਨਰਲ ਸਟਾਫ ਗੁਲਮਰੇਜ਼ ਮਹਿਰਾਬੀ ਅਤੇ ਡਿਪਟੀ ਉਪਰੇਸ਼ਨ ਚੀਫ ਮੇਹਦੀ ਰਬਾਨੀ ਮਾਰੇ ਗਏ।
ਵਿਗਿਆਨੀਆਂ ਅਤੇ ਫੌਜੀ ਕਮਾਂਡਰਾਂ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਅਗਲੀ ਸਵੇਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਹਮਲਿਆਂ ਨੂੰ ‘ਐਕਸੇਲੈਂਟ’ ਦੱਸਿਆ, ਪਰ ਦੁਪਹਿਰੋਂ ਬਾਅਦ ਅਮਰੀਕਾ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਮਾਰਕੋ ਰੂਬੀਓ ਨੇ ਇਨ੍ਹਾਂ ਹਮਲਿਆਂ ਵਿੱਚ ਸਿੱਧੇ ਸ਼ਾਮਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਹਮਲਿਆਂ ਦੇ ਪ੍ਰਤੀਕਰਮ ਵਿੱਚ ਇਰਾਨ ਨੂੰ ਇਰਾਕ, ਕਤਰ, ਸਾਉਦੀ ਅਰਬ, ਜੌਰਡਨ ਆਦਿ ਵਿੱਚ ਅਮਰੀਕੀ ਟਿਕਾਣਿਆਂ ‘ਤੇ ਹਮਲੇ ਨਹੀਂ ਕਰਨੇ ਚਾਹੀਦੇ। ਉਨ੍ਹਾਂ ਇਸ ਪੱਖੋਂ ਇਰਾਨ ਨੂੰ ਚਿਤਾਵਨੀ ਵੀ ਦਿੱਤੀ। ਉਧਰ ਇਰਾਨ ਨੇ ਕਿਹਾ ਕਿ ਜਿਹੜਾ ਵੀ ਗੁਆਂਢੀ ਮੁਲਕ ਉਸ ‘ਤੇ ਕੀਤੇ ਜਾ ਰਹੇ ਹਮਲਿਆਂ ਵਿੱਚ ਇਜ਼ਰਾਇਲ ਦਾ ਸਾਥ ਦੇਵੇਗਾ, ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਵਿਚਕਾਰ ਇਰਾਕ ਵਿੱਚ ਮੌਜੂਦ ਇੱਕ ਅਮਰੀਕੀ ਏਅਰ ਬੇਸ ਉਤੇ ਡੋਰਨ ਹਮਲਾ ਕੀਤਾ ਗਿਆ ਹੈ। ਇਰਾਨ ਦੇ ਸੁਪਰੀਮ ਰੂਹਾਨੀ ਆਗੂ ਆਇਤੁਲਾ ਖੁਮੈਨੀ ਨੇ ਇਸ ਦੌਰਾਨ ਕਿਹਾ ਕਿ ਇਜ਼ਰਾਇਲ ਨੂੰ ਇਨ੍ਹਾਂ ਕਤਲਾਂ ਦੀ ਭਾਰੀ ਕੀਮਤ ਚੁਕਾਉਣੀ ਪਏਗੀ। ਉਨ੍ਹਾਂ ਕਿਹਾ ਕਿ ਬੱਚੇ ਖਾਣਾ ਜਿਓਨਿਸਟ ਮੁਲਕ ਆਪਣੇ ਆਪ ਲਈ ਨਰਕ ਦੇ ਬੂਹੇ ਖੋਲ੍ਹ ਰਿਹਾ ਹੈ।
ਉਧਰ ਇਰਾਨ ਵੱਲੋਂ ਕੀਤੇ ਗਏ ਬਲਿਸਟਕ ਮਿਜ਼ਾਈਲ ਹਮਲਿਆਂ ਵਿੱਚ ਇਜ਼ਰਾਇਲ ਦੀ ਰਾਜਧਾਨੀ ਤਲਅਵੀਵ, ਯੋਰੋਸ਼ਲਮ ਸਮੇਤ ਕਈ ਫੌਜੀ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਵਿੱਚ 10 ਲੋਕਾਂ ਦੇ ਮਰਨ ਅਤੇ 100 ਤੋਂ ਵੱਧ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਬੀਤੇ ਸ਼ੁੱਕਰਵਾਰ ਦੀ ਰਾਤ ਇਰਾਨ ਵੱਲੋਂ ਇਜ਼ਰਾਇਲ ‘ਤੇ ਕੀਤੇ ਗਏ ਹਮਲੇ ਜ਼ਿਆਦਾ ਮਾਰੂ ਸਿੱਧ ਹੋਏ। ਇਹ ਹਮਲੇ ਇਜ਼ਰਾਇਲ ਦੀ ਵਿੱਤੀ ਰਾਜਧਾਨੀ ਵਜੋਂ ਜਾਣੀ ਜਾਂਦੇ ਹਾਈਫਾ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ‘ਤੇ ਹੋਏ। ਯੋਰੋਸ਼ਲਮ ਵਿੱਚ ਵੀ ਕੁਝ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਯਾਦ ਰਹੇ, ਇਜ਼ਰਾਇਲ ਵੱਲੋਂ ਇਹ ਜੰਗ ਇਰਾਨ ਅਤੇ ਅਮਰੀਕਾ ਵਿਚਕਾਰ ਉਮਾਨ ਵਿੱਚ ਹੋਣ ਵਾਲੀ ਛੇਵੇਂ ਗੇੜ ਦੀ ਪ੍ਰਮਾਣੂ ਵਾਰਤਾ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ। ਇਰਾਨ ਦਾ ਇਹ ਵੀ ਮੰਨਣਾ ਹੈ ਕਿ ਇਜ਼ਰਾਇਲ ਵੱਲੋਂ ਇਹ ਹਮਲੇ ਅਮਰੀਕਾ ਦੀ ਮਦਦ ਨਾਲ ਕੀਤੇ ਗਏ ਹਨ ਅਤੇ ਇਹ ਇਰਾਨ ਨੂੰ ਦਬਕਾ ਕੇ ਪ੍ਰਮਾਣੂ ਮਾਮਲਿਆਂ ਵਿੱਚ ਆਪਣੀ ਗੱਲ ਮਨਵਾਉਣ ਦਾ ਯਤਨ ਹੈ।
ਅਮਰੀਕਾ ਅਤੇ ਇਜ਼ਰਾਇਲ ਨੂੰ ਸ਼ਾਇਦ ਇਰਾਨ ਦੇ ਏਡੇ ਵੱਡੇ ਪ੍ਰਤੀਕਰਮ ਦੀ ਤਵੱਕੋ ਨਹੀਂ ਸੀ। ਇਰਾਨ ਵੱਲੋਂ ਵੀ ਇਜ਼ਰਾਇਲ ਉਤੇ ਕੁਝ ਹੋਰ ਮਿਜ਼ਾਈਲ ਹਮਲੇ ਕੀਤੇ ਗਏ ਹਨ। ਸਮੁੱਚੇ ਹਾਲਤ ਤੋਂ ਲਗਦਾ ਹੈ ਕਿ ਫਲਿਸਤੀਨ ਤੋਂ ਬਾਅਦ ਹੁਣ ਇਰਾਨ ਅਤੇ ਇਜ਼ਰਾਇਲ ਵਿਚਕਾਰ ਇੱਕ ਵੱਡੀ ਜੰਗ ਦੇ ਆਸਾਰ ਬਣ ਗਏ ਹਨ। ਇਸ ਜੰਗ ਨੇ ਕੌਮਾਂਤਰੀ ਆਰਥਿਕ ਹਾਲਾਤ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇਲ ਦੀਆਂ ਕੀਮਤਾਂ ਦਸ ਫੀਸਦੀ ਵਧ ਗਈਆਂ ਹਨ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਗਾਚੀ ਨੇ ਕਿਹਾ ਕਿ ਇਰਾਨ ਇਜ਼ਰਾਇਲ ਨਾਲ ਜੰਗ ਨਹੀਂ ਸੀ ਚਾਹੁੰਦਾ। ਇਹ ਜੰਗ ਸਾਡੇ ‘ਤੇ ਥੋਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਰਸ਼ੀਅਨ ਖਾੜੀ ਬੜਾ ਸੰਵੇਦਨਸ਼ੀਲ ਖੇਤਰ ਹੈ। ਇੱਥੇ ਭੜਕੀ ਜੰਗ ਪੂਰੇ ਸੰਸਾਰ ਵਿੱਚ ਫੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਇਜ਼ਰਾਇਲ ਨੇ ਸਾਡੇ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ, ਜਵਾਬ ਵਿੱਚ ਅਸੀਂ ਵੀ ਫੌਜੀ ਟਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ; ਪਰ ਬਾਅਦ ਵਿੱਚ ਉਸ ਨੇ ਸਾਡੇ ਤੇਲ ਭੰਡਾਰਾਂ ਸਮੇਤ ਬਾਕੀ ਆਰਥਿਕ ਟਿਕਾਣਿਆਂ ‘ਤੇ ਹਮਲੇ ਕੀਤੇ, ਇਸ ਤੋਂ ਬਾਅਦ ਹੀ ਇਰਾਨ ਵੱਲੋਂ ਉਨ੍ਹਾਂ ਦੇ ਆਰਥਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਦਰਮਿਆਨ ਚੀਨ ਅਤੇ ਰੂਸ ਨੇ ਇਰਾਨ ‘ਤੇ ਇਜ਼ਰਾਇਲ ਵੱਲੋਂ ਕੀਤੇ ਗਏ ਹਮਲਿਆਂ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਦੋਹਾਂ ਮੁਲਕਾਂ ਨੇ ਕਿਹਾ ਕਿ ਇਜ਼ਰਾਇਲ ਨੇ ਕੌਮਾਂਤਰੀ ਕਾਨੂੰਨਾਂ ਅਤੇ ਇਰਾਨ ਦੀ ਪ੍ਰਭੂਸਤਾ ਦੀ ਉਲੰਘਣਾ ਕੀਤੀ ਹੈ। ਸਾਉਦੀ ਅਰਬ, ਉਮਾਨ, ਜੌਰਡਨ, ਕਤਰ ਆਦਿ ਮੁਲਕਾਂ ਨੇ ਮਲਵੀਂ ਜੀਭ ਨਾਲ ਇਰਾਨ ‘ਤੇ ਹਮਲੇ ਦੀ ਨਿੰਦਾ ਕੀਤੀ ਹੈ; ਪਰ ਚੀਨ ਅਤੇ ਰੂਸ ਖੁਲ੍ਹ ਕੇ ਇਰਾਨ ਦੇ ਪੱਖ ਵਿੱਚ ਆ ਗਏ ਹਨ। ਇਜ਼ਰਾਇਲ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਸਿਕਿਉਰਿਟੀ ਕੌਂਸਲ ਦੀ ਮੀਟਿੇੰਗ ਇਰਾਨ ਦੀ ਮੰਗ ‘ਤੇ ਬੁਲਾਈ ਗਈ ਸੀ, ਪਰ ਮੌਜੂਦ ਸੰਕਟ ਬਾਰੇ ਇਹ ਮੀਟਿੰਗ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀ। ਇੰਟਰਨੈਸ਼ਨਲ ਐਟਾਮਿਕ ਏਜੰਸੀ ਦੇ ਮੁਖੀ ਨੇ ਵੀ ਇਜ਼ਰਾਇਲ ਵੱਲੋਂ ਇਰਾਨ ਦੇ ਸਿਵਲ ਪ੍ਰਮਾਣੂ ਠਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਦੀ ਜੋLਰਦਾਰ ਨਿੰਦਾ ਕੀਤੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਲਾਦੀਮੀਰ ਪੂਤਿਨ ਵਿਚਕਾਰ ਇੱਕ ਲੰਮੀ ਗੱਲਬਾਤ ਵੀ ਹੋਈ ਹੈ। ਇਸ ਗੱਲਬਾਤ ਦੌਰਾਨ ਪੂਤਿਨ ਨੇ ਦੋਹਾਂ ਮੁਲਕਾਂ ਵਿਚਕਾਰ ਜੰਗ ਖ਼ਤਮ ਕਰਵਾਉਣ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ। ਚੀਨ ਨੇ ਵੀ ਕਿਹਾ ਹੈ ਕਿ ਉਹ ਦੋਹਾਂ ਮੁਲਕਾਂ ਵਿਚਕਾਰ ਸੁਲਾਹ ਕਰਵਾਉਣ ਲਈ ਤਿਆਰ ਹੈ; ਪਰ ਇਜ਼ਰਾਈਲ ਨੇ ਜਿਸ ਪੱਧਰ ‘ਤੇ ਹਮਲੇ ਕੀਤੇ ਹਨ, ਇਰਾਨੀ ਸਿਵਿਲੀਅਨ, ਅਟੌਮਿਕ ਵਿਗਿਆਨੀਆਂ ਤੱਕ ਨੂੰ ਮਾਰ ਦਿੱਤਾ ਹੈ, ਇਸ ਨਾਲ ਇਹ ਜੰਗ ਅਮੋੜ ਹੋ ਗਈ ਲਗਦੀ ਹੈ। ਇਰਾਨ ਦਾ ਆਖਣਾ ਹੈ ਕਿ ਉਹ ਲੰਮੀ ਚੱਲਣ ਵਾਲੀ ਲੜਾਈ ਦੀ ਤਿਆਰੀ ਕਰ ਰਿਹਾ ਹੈ। ਇਜ਼ਰਾਇਲ ਅਤੇ ਅਮਰੀਕਾ ਨੂੰ ਆਸ ਸੀ ਕਿ ਕੋਈ ਵੱਡਾ ਫੌਜੀ ਝਟਕਾ ਦੇ ਕੇ ਉਹ ਇਰਾਨ ਨੂੰ ਯੂਰੇਨੀਅਮ ਸ਼ੁਧੀਕਰਣ ਬਾਰੇ ਆਪਣੀ ਗੱਲ ਮਨਵਾ ਲੈਣਗੇ, ਪਰ ਬਾਜ਼ੀ ਪੁੱਠੀ ਪੈ ਗਈ ਲਗਦੀ ਹੈ। ਜੰਗ ਛਿੜਨ ਤੋਂ ਬਾਅਦ ਸਗੋਂ ਇਰਾਨ ਦੇ ਲੋਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੋਰ ਉਛਾਲੇ ਮਾਰਨ ਲੱਗਾ ਹੈ, ਜਦਕਿ ਇਜ਼ਰਾਇਲ ਦੇ ਰਾਸ਼ਟਰਪਤੀ ਬੈਂਜਾਮਿਨ ਨੇਤਨਯਾਹੂ ਇਰਾਨ ਦੇ ਲੋਕਾਂ ਨੂੰ ਇਰਾਨ ਵਿੱਚ ਸਰਕਾਰ ਦਾ ਤਖਤਾ ਪਲਟਣ ਦੇ ਸੱਦੇ ਦੇ ਰਿਹਾ ਹੈ। ਉਸ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਇਜ਼ਰਾਇਲ ਦੇ ਲੋਕ ਇਰਾਨੀ ਲੋਕਾਂ ਦੇ ਦੋਸਤ ਹਨ, ਇਸ ਲਈ ਇਰਾਨੀ ਲੋਕਾਂ ਨੂੰ ਆਪਣੇ ਮੁਲਕ ਦਾ ਤਾਨਾਸ਼ਾਹੀ ਨਿਜ਼ਾਮ ਪਲਟ ਦੇਣਾ ਚਾਹੀਦਾ ਹੈ; ਪਰ ਜਿਉਂ-ਜਿਉਂ ਜੰਗ ਤਿੱਖੀ ਹੋ ਰਹੀ ਹੈ, ਅਜਿਹੇ ਕਿਸੇ ਤਖਤਾ ਪਲਟ ਦੀ ਸੰਭਾਵਨਾ ਸਗੋਂ ਮੱਧਮ ਪੈ ਰਹੀ ਹੈ। ਲੋਕ ਆਪਣੀ ਸਰਕਾਰ, ਸੁਪਰੀਮ ਲੀਡਰ ਅਤੇ ਫੌਜ ਨਾਲ ਜੁੜ ਗਏ ਹਨ।